ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

Posted On February - 17 - 2017

ਪ੍ਰਭਜੋਧ ਸਿੰਘ ਸੰਧੂ ਅਤੇ ਸਰਵਣ ਕੁਮਾਰ*
11702cd _Canola_fieldਸਰ੍ਹੋਂ, ਹਾੜ੍ਹੀ ਦੀ ਇੱਕ ਪ੍ਰਮੁੱਖ ਤੇਲ ਬੀਜ ਫ਼ਸਲ ਹੈ। ਸਰ੍ਹੋਂ ਦੀ ਸਫ਼ਲ ਕਾਸ਼ਤ ਲਈ ਵੇਲੇ ਸਿਰ ਇਸ ਦੀ ਸਾਂਭ-ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਫਰਵਰੀ ਮਹੀਨੇ ਤਾਪਮਾਨ ਵਧਣ ਕਰਕੇ ਇਸ ਉੱਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ। ਇਨ੍ਹਾਂ ’ਤੇ ਕਾਬੂ ਪਾ ਕੇ ਫ਼ਸਲ ਤੋਂ ਪੂਰਾ ਝਾੜ ਲਿਆ ਜਾ ਸਕਦਾ ਹੈ। ਫਰਵਰੀ ਵਿੱਚ ਇਸ ਫ਼ਸਲ ਉੱਪਰ ਚੇਪੇ ਦਾ ਹਮਲਾ ਹੋ ਸਕਦਾ ਹੈ। ਚੇਪਾ ਆਕਾਰ ਵਿੱਚ ਕਾਫ਼ੀ ਛੋਟਾ ਅਤੇ ਹਰੇ ਰੰਗ ਦਾ ਹੁੰਦਾ ਹੈ ਜੋ ਕਿ ਬੂਟਿਆਂ ਦਾ ਰਸ ਚੂਸਦਾ ਹੈ। ਸਿੱਟੇ ਵਜੋਂ ਬੂਟੇ ਪੀਲੇ ਪੈ ਕੇ ਮੁਰਝਾਅ ਜਾਂਦੇ ਹਨ ਅਤੇ ਅੰਤ ਵਿੱਚ ਸੁੱਕ ਜਾਂਦੇ ਹਨ। ਜੇ ਸਮੇਂ ਸਿਰ ਇਸ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਝਾੜ ’ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਚੇਪੇ ਦੀ ਰੋਕਥਾਮ ਬੂਟਿਆਂ ’ਤੇ ਇਸ ਦੀ ਗਿਣਤੀ ਅਤੇ ਇਸ ਦੀ ਨੁਕਸਾਨ ਕਰਨ ਦੀ ਸਮੱਰਥਾ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਅਜਿਹਾ ਕਰਨ ਲਈ ਖੇਤ ਵਿੱਚ ਦੂਰ ਦੂਰ ਥਾਂ ਵਾਲੇ 3-4 ਬੂਟੇ ਚੁਣੋ ਅਤੇ ਉਨ੍ਹਾਂ ਦੀ ਵਿਚਕਾਰਲੀ ਸ਼ਾਖ ’ਤੇ ਚੇਪੇ ਦੀ ਗਿਣਤੀ ਕਰੋ। ਜੇ ਸ਼ਾਖ ਦੇ ਉੱਪਰਲੇ 10 ਸੈਂਟੀਮੀਟਰ ਹਿੱਸੇ ’ਤੇ ਚੇਪੇ ਦੀ ਗਿਣਤੀ 50-60 ਕੀੜੇ ਪ੍ਰਤੀ ਬੂਟਾ ਹੋਵੇ, ਸ਼ਾਖ ਦਾ ਉੱਪਰਲਾ 0.5 ਤੋਂ 1 ਸੈਂਟੀਮੀਟਰ ਹਿੱਸਾ ਚੇਪੇ ਨਾਲ ਢਕਿਆ ਹੋਵੇ ਜਾਂ ਖੇਤ ਵਿੱਚ 40-50 ਫ਼ੀਸਦੀ ਬੂਟਿਆਂ ’ਤੇ ਚੇਪੇ ਦਾ ਹਮਲਾ ਨਜ਼ਰ ਆਵੇ (ਅਜਿਹਾ ਕਰਨ ਲਈ ਖੇਤ ਵਿੱਚ ਦੂਰ-ਦੂਰ ਫੈਲੇ ਹੋਏ ਕੋਈ 100 ਬੂਟਿਆਂ ਦਾ ਨਿਰੀਖਣ ਕਰੋ) ਤਾਂ ਕੀਟਨਾਸ਼ਕ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਸਿਫ਼ਾਰਸ਼ ਕੀਤੇ ਇਨ੍ਹਾਂ ਕੀਟਨਾਸ਼ਕਾਂ ਵਿੱਚੋਂ ਕਿਸੇ ਇੱਕ ਦਾ ਛਿੜਕਾਅ ਕਰਕੇ ਅਸੀਂ ਚੇਪੇ ਦੀ ਰੋਕਥਾਮ ਕਰ ਸਕਦੇ ਹਾਂ: 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੀਥੋਕਸਮ), 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ)/ ਐਕਾਲਕਸ 25 ਈ ਸੀ (ਕੁਇਨਲਫਾਸ), 600 ਮਿਲੀਲਿਟਰ ਡਰਸਬਾਨ/ਕੋਰੋਬਾਨ (ਕਲੋਰਪਾਈਰੀਫਾਸ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ’ਚ ਘੋਲ ਕੇ ਛਿੜਕਾਅ ਕਰੋ। ਜੇ ਲੋੜ ਪਵੇ ਤਾਂ 15 ਦਿਨਾਂ ਬਾਅਦ ਮੁੜ ਛਿੜਕਾਅ ਕਰੋ।
ਆਮ ਕਰਕੇ ਇਹ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਕੁਝ ਕੁ ਬੂਟਿਆਂ ’ਤੇ ਚੇਪੇ ਦਾ ਹਮਲਾ ਦੇਖ ਕੇ ਜਾਂ ਇੱਕ-ਦੂਜੇ ਦੀ ਦੇਖਾ-ਦੇਖੀ ਕੀਟਨਾਸ਼ਕਾਂ ਦਾ ਛਿੜਕਾਅ ਸ਼ੁਰੂ ਕਰ ਦਿੰਦੇ ਹਨ ਜਦੋਂਕਿ ਅਸਲ ਵਿੱਚ ਛਿੜਕਾਅ ਦੀ ਲੋੜ ਨਹੀਂ ਹੁੰਦੀ। ਚੇਪੇ ’ਤੇ ਕਾਬੂ ਪਾਉਣ ਦੇ ਢੰਗ ਅਤੇ ਸਮੇਂ ਬਾਰੇ ਫ਼ੈਸਲਾ ਕਰਨ ਲਈ ਸਮੇਂ-ਸਮੇਂ ’ਤੇ ਬੂਟਿਆਂ ਉੱਪਰ ਇਸ ਦੀ ਗਿਣਤੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਛਿੜਕਾਅ ਕੇਵਲ ਉਦੋਂ ਹੀ ਕਰਨਾ ਚਾਹੀਦਾ ਹੈ ਜਦੋਂ ਚੇਪੇ ਦੀ ਗਿਣਤੀ ਉੱਪਰ ਦਿੱਤੇ ਹੋਏ ਆਰਥਿਕ ਨੁਕਸਾਨ ਪੱਧਰ ’ਤੇ ਪਹੁੰਚ ਜਾਵੇ।
ਫਰਵਰੀ-ਮਾਰਚ ਦੇ ਮਹੀਨੇ ਪੱਤਿਆਂ ’ਤੇ ਚਿੱਟੇ ਰੰਗ ਦੀਆਂ ਟੇਢੀਆਂ-ਮੇਢੀਆਂ ਧਾਰੀਆਂ ਉੱਭਰ ਆਉਂਦੀਆਂ ਹਨ ਜੋ ਕਿ ਸੁਰੰਗੀ ਕੀੜੇ ਦੇ ਹਮਲੇ ਕਾਰਨ ਹੁੰਦੀਆਂ ਹਨ। ਇਹ ਕੀੜਾ ਪੱਤਿਆਂ ’ਚ ਸੁਰੰਗਾਂ ਬਣਾ ਕੇ ਉਨ੍ਹਾਂ ਵਿਚਲਾ ਹਰਾ ਮਾਦਾ ਖਾਂਦਾ ਹੈ। ਸਿੱਟੇ ਵਜੋਂ ਬੂਟਿਆਂ ਦੀ ਭੋਜਨ ਬਣਾਉਣ ਵਾਲੀ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ’ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਜ਼ਿਆਦਾ ਹਮਲੇ ਦੀ ਸੂਰਤ ਵਿੱਚ ਝਾੜ ਉੱਪਰ ਅਸਰ ਪੈਂਦਾ ਹੈ। ਚੇਪੇ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੇ ਅੰਤਰਪ੍ਰਵਾਹੀ ਕੀਟਨਾਸ਼ਕਾਂ ਜਿਵੇਂ ਕਿ ਰੋਗਰ 30 ਈ ਸੀ ਦੇ ਪ੍ਰਯੋਗ ਨਾਲ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਫਰਵਰੀ-ਮਾਰਚ ਵਿੱਚ ਜੇ ਸਰ੍ਹੋਂ ਦੇ ਪੱਤੇ ਖਾਧੇ ਨਜ਼ਰ ਆਉਣ ਤਾਂ ਇਹ ਬੰਦਗੋਭੀ ਦੀ ਸੁੰਡੀ ਦਾ ਹਮਲਾ ਹੋ ਸਕਦਾ ਹੈ। ਇਹ ਸੁੰਡੀਆਂ ਝੁੰਡਾਂ ਦੀ ਸ਼ਕਲਾਂ ਵਿੱਚ ਬੂਟਿਆਂ ਦੇ ਪੱਤੇ, ਫੁੱਲ ਅਤੇ ਫਲੀਆਂ ਖਾ ਜਾਂਦੀਆਂ ਹਨ। ਜ਼ਿਆਦਾ ਨੁਕਸਾਨ ਦੀ ਸੂਰਤ ਵਿੱਚ ਸਿਰਫ਼ ਡੰਡੀਆਂ ਹੀ ਰਹਿ ਜਾਂਦੀਆਂ ਹਨ। ਛੋਟੀਆਂ ਸੁੰਡੀਆਂ ਪੀਲੇ ਰੰਗ ਦੀਆਂ ਹੁੰਦੀਆਂ ਹਨ ਜਦੋਂਕਿ ਵੱਡੀਆਂ ਸੁੰਡੀਆਂ ਹਰੇ-ਪੀਲੇ ਰੰਗ ਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਸਰੀਰ ਤੇ ਕਾਲੇ ਨਿਸ਼ਾਨ ਹੁੰਦੇ ਹਨ। ਛੋਟੀਆਂ ਸੁੰਡੀਆਂ ਝੁੰਡਾਂ ਦੀ ਸ਼ਕਲ ਵਿੱਚ ਪੱਤੇ ਖਾਂਦੀਆਂ ਹਨ ਅਤੇ ਅਜਿਹੀ ਅਵਸਥਾ ਵਿੱਚ ਹਮਲੇ ਵਾਲੇ ਪੱਤਿਆਂ ਨੂੰ ਤੋੜ ਕੇ ਖ਼ਤਮ ਕਰਨ ਨਾਲ ਇਨ੍ਹਾਂ ਨੂੰ ਬਿਨਾਂ ਕਿਸੇ ਛਿੜਕਾਅ ਅਤੇ ਖ਼ਰਚੇ ਦੇ ਕਾਬੂ ਕੀਤਾ ਜਾ ਸਕਦਾ ਹੈ। ਲੋੜ ਕੇਵਲ ਇਸ ਗੱਲ ਦੀ ਹੈ ਕਿ ਅਸੀਂ ਸਮੇਂ-ਸਮੇਂ ’ਤੇ ਆਪਣੇ ਖੇਤ ਦਾ ਸਰਵੇਖਣ ਕਰਦੇ ਰਹੀਏ। ਵੱਡੀਆਂ ਸੁੰਡੀਆਂ ’ਤੇ 200 ਮਿਲੀਲਿਟਰ ਨੂਵਾਨ 85 ਐਸ ਐਲ (ਡਾਈਕਲੋਰਵਾਸ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਕੇ ਕਾਬੂ ਪਾਇਆ ਜਾ ਸਕਦਾ ਹੈ। ਛਿੜਕਾਅ ਦੁਪਹਿਰ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ ਕਿਉਂਕਿ ਇਸ ਵੇਲੇ ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ (ਸ਼ਹਿਦ ਦੀਆਂ ਮੱਖੀਆਂ ਆਦਿ) ਘੱਟ ਹਰਕਤ ਵਿੱਚ ਹੁੰਦੇ ਹਨ।
ਫਰਵਰੀ ਦੇ ਮਹੀਨੇ ਹੀ ਝੁਲਸ ਰੋਗ ਅਤੇ ਚਿੱਟੀ ਕੁੰਗੀ ਉੱਪਰਲੇ ਪੱਤਿਆਂ ਅਤੇ ਫਲੀਆਂ ’ਤੇ ਪਹੁੰਚਦੀ ਹੈ ਅਤੇ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਝੁਲਸ ਰੋਗ ਦੇ ਚੱਕਰਦਾਰ ਧੱਬੇ ਆਕਾਰ ਵਿੱਚ ਵੱਡੇ ਹੋ ਜਾਂਦੇ ਹਨ ਅਤੇ ਇਨ੍ਹਾਂ ਦੀ ਗਿਣਤੀ ਬਹੁਤ ਵਧ ਜਾਂਦੀ ਹੈ। ਪੱਤੇ ਝੁਲਸ ਕੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਫਲੀਆਂ ਉੱਪਰ ਵੀ ਕਾਲੇ ਧੱਬੇ ਦਿਖਾਈ ਦੇਣ ਲਗਦੇ ਹਨ ਜਿਸ ਨਾਲ ਫਲੀਆਂ ਵਿੱਚ ਦਾਣੇ ਨਹੀਂ ਬਣਦੇ। ਫਲੀਆਂ ਸੁੱਕ ਜਾਂਦੀਆਂ ਹਨ ਅਤੇ ਦਾਣਿਆਂ ’ਚੋਂ ਤੇਲ ਘੱਟ ਨਿਕਲਦਾ ਹੈ। ਇਸ ਮੌਕੇ ਜੇ ਫ਼ਸਲ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਝਾੜ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਚਿੱਟੀ ਕੁੰਗੀ ਦੇ ਹਮਲੇ ਕਾਰਣ ਫੁੱਲਾਂ ਦੀ ਥਾਂ ਤੇ ਸਿੰਙ ਜਿਹੇ ਬਣ ਜਾਂਦੇ ਹਨ ਅਤੇ ਫਲੀਆਂ ਨਹੀਂ ਬਣਦੀਆਂ ਜਿਸ ਕਾਰਨ ਝਾੜ ਵਿੱਚ ਕਮੀ ਆਉਂਦੀ ਹੈ।
ਝੁਲਸ ਰੋਗ ਅਤੇ ਚਿੱਟੀ ਕੁੰਗੀ ਕਾਬੂ ਹੇਠ ਰੱਖਣ ਲਈ ਸਿਫ਼ਾਰਸ਼ ਕੀਤੇ ਉੱਲੀਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਆਮ ਕਰਕੇ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਦਸੰਬਰ-ਜਨਵਰੀ ਦੇ ਮਹੀਨੇ ਜਦੋਂ ਇਨ੍ਹਾਂ ਬਿਮਾਰੀਆਂ ਦੀ ਸ਼ੁਰੂਆਤ ਹੇਠਲੇ ਪੱਤਿਆਂ ’ਤੇ ਹੁੰਦੀ ਹੈ ਇਸ ਨੂੰ ਅਣਗੌਲਿਆ ਕਰ ਦਿੰਦੇ ਹਨ ਜਿਸ ਕਾਰਨ ਇਹ ਬਿਮਾਰੀਆਂ ਫਲੀਆਂ ਤਕ ਪਹੁੰਚ ਜਾਂਦੀਆਂ ਹਨ। ਸਿਫ਼ਾਰਸ਼ ਅਨੁਸਾਰ ਉੱਲੀਨਾਸ਼ਕ ਦਾ ਪਹਿਲਾ ਛਿੜਕਾਅ 70 ਦਿਨਾਂ ਦੀ ਫ਼ਸਲ ’ਤੇ ਕਰ ਦੇਣਾ ਚਾਹੀਦਾ ਹੈ ਅਤੇ 15 ਤੋਂ 20 ਦਿਨਾਂ ਦੇ ਵਕਫ਼ੇ ’ਤੇ ਦੋ ਛਿੜਕਾਅ ਹੋਰ ਕਰਨੇ ਚਾਹੀਦੇ ਹਨ। ਬਿਮਾਰੀ ਪਹਿਲਾਂ ਹੇਠਲੇ ਪੱਤਿਆਂ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਅਣਦੇਖੀ ਰਹਿ ਜਾਂਦੀ ਹੈ, ਇਸ ਕਰਕੇ ਕਿਸਾਨ 70 ਦਿਨਾਂ ’ਤੇ ਛਿੜਕਾਅ ਸ਼ੁਰੂ ਨਹੀਂ ਕਰਦੇ। ਪਹਿਲਾ ਛਿੜਕਾਅ ਇੰਡੋਫਿਲ ਐਮ 45 ਜਾਂ ਬਲਾਈਟੋਕਸ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ’ਚ ਘੋਲ ਕੇ ਕਰਨਾ ਚਾਹੀਦਾ ਹੈ। ਦੂਜਾ ਛਿੜਕਾਅ ਸਕੋਰ 25 ਈ ਸੀ (ਡਾਈਫੈਨਕੋਨਾਜ਼ੋਲ) 100 ਮਿਲੀਲਿਟਰ ਪ੍ਰਤੀ ਏਕੜ 15-20 ਦਿਨਾਂ ਦੇ ਵਕਫ਼ੇ ’ਤੇ ਅਤੇ ਤੀਜਾ ਛਿੜਕਾਅ ਮੁੜ ਇੰਡੋਫਿਲ ਐਮ 45 ਜਾਂ ਬਲਾਈਟੋਕਸ ਦਾ ਕਰਨਾ ਚਾਹੀਦਾ ਹੈ।
ਕਈ ਖੇਤਾਂ ਵਿੱਚ ਫਰਵਰੀ ਦੇ ਮਹੀਨੇ ਬੂਟੇ ਚਿੱਟੇ ਰੰਗ ਦੇ ਅਤੇ ਸੁੱਕਦੇ ਨਜ਼ਰ ਆਉਂਦੇ ਹਨ ਅਤੇ ਜੇ ਹਰ ਸਾਲ ਇਨ੍ਹਾਂ ਖੇਤਾਂ ਵਿੱਚ ਸਰ੍ਹੋਂ ਬੀਜੀ ਜਾਵੇ ਤਾਂ ਅਜਿਹੇ ਬੂਟਿਆਂ ਦੀ ਗਿਣਤੀ ਵਿੱਚ ਹਰ ਸਾਲ ਵਾਧਾ ਹੁੰਦਾ ਰਹਿੰਦਾ ਹੈ। ਇਸ ਦਾ ਕਾਰਨ ਤਣਾ ਗਲਣ ਦਾ ਰੋਗ ਹੈ ਜਿਸ ਦੇ ਬਿਮਾਰੀ ਵਾਲੇ ਕਣ ਕਟਾਈ ਮੌਕੇ ਦੁਬਾਰਾ ਖੇਤ ਵਿੱਚ ਚਲੇ ਜਾਂਦੇ ਹਨ, ਇਸ ਨਾਲ ਇਨ੍ਹਾਂ ਬੂਟਿਆਂ ਦੀ ਗਿਣਤੀ ਲਗਾਤਾਰ ਵਧਦੀ ਰਹਿੰਦੀ ਹੈ ਅਤੇ ਝਾੜ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਅਜਿਹੇ ਬੂਟੇ ਜੜ੍ਹ ਨੇੜਿਓਂ ਕੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ ਤਾਂ ਕਿ ਬਿਮਾਰੀ ਖੇਤ ਵਿੱਚ ਵਧ ਨਾ ਸਕੇ। ਅਜਿਹੇ ਖੇਤ ਜਿਨ੍ਹ੍ਹਾਂ ਵਿੱਚ ਇਹ ਬਿਮਾਰੀ ਜ਼ਿਆਦਾ ਵਧ ਜਾਂਦੀ ਹੈ ਝੋਨਾ, ਮੱਕੀ ਜਾਂ ਜੌਂ ਦੀ ਕਾਸ਼ਤ ਹੇਠ ਲਿਆਉਣੇ ਚਾਹੀਦੇ ਹਨ ਤਾਂ ਜੋ ਜ਼ਮੀਨ ਵਿੱਚੋਂ ਬਿਮਾਰੀ ਨੂੰ ਖ਼ਤਮ ਕੀਤਾ ਜਾ ਸਕੇ। ਹਰੀ ਖਾਦ ਅਤੇ ਦੇਸੀ ਰੂੜੀ ਵੀ ਇਸ ਰੋਗ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਹੋ ਸਕੇ ਤਾਂ 25 ਦਸੰਬਰ ਤੋਂ 15 ਜਨਵਰੀ ਤਕ ਫ਼ਸਲ ਨੂੰ ਪਾਣੀ ਨਾ ਲਗਾਇਆ ਜਾਵੇ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਇਸ ਬਿਮਾਰੀ ਦਾ ਪੁੰਗਾਰਾ ਸ਼ੁਰੂ ਹੁੰਦਾ ਹੈ। ਇਸ ਲਈ ਬਿਮਾਰੀ ਦੇ ਕਣਾਂ ਨੂੰ ਜ਼ਮੀਨ ਵਿੱਚ ਸਿੱਲ੍ਹ ਅਤੇ ਘੱਟ ਤਾਪਮਾਨ ਚਾਹੀਦਾ ਹੈ।
ਅਗਲੇ ਸਾਲ ਦੀ ਫ਼ਸਲ ਦਾ ਬੀਜ ਰੱਖਣ ਲਈ ਖੇਤ ਦੇ ਵਿਚਕਾਰੋਂ ਲੋੜ ਅਨੁਸਾਰ ਚੰਗੇ ਤੰਦਰੁਸਤ ਅਤੇ ਵੱਧ ਸ਼ਾਖਾਵਾਂ ਵਾਲੇ ਬੂਟੇ ਵੱਖਰੇ ਝਾੜ ਲੈਣੇ ਚਾਹੀਦੇ ਹਨ। ਫਿਰ ਬਾਰੀਕ ਛਾਨਣੇ ਵਿੱਚੋਂ ਛਾਣ ਕੇ ਮੋਟੇ ਬੀਜ ਰੱਖ ਲਓ। ਇਸ ਬੀਜ ਨੂੰ ਮਈ-ਜੂਨ ਵਿੱਚ 2-3 ਧੁੱਪਾਂ ਲੁਆ ਕੇ ਸਾਂਭ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਖ਼ੁਦ ਵਧੀਆ ਅਤੇ ਬਿਮਾਰੀ ਤੋਂ ਰਹਿਤ ਬੀਜ ਤਿਆਰ ਕਰ ਸਕਦੇ ਹਾਂ।
*ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ, ਲੁਧਿਆਣਾ।


Comments Off on ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.