ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਪ੍ਰਮਾਣ ਹੈ ਛੋਟਾ ਘੱਲੂਘਾਰਾ

Posted On February - 28 - 2017

12802CD _GHALLUGHARAਬਲਰਾਜ ਸਿੰਘ ਸਿੱਧੂ ਐਸ.ਪੀ.

ਸਿੱਖ ਕੌਮ ਨੂੰ ਨਸ਼ਟ ਕਰਨ ਲਈ ਦੋ ਵੱਡੇ ਕਾਂਡ ਛੋਟਾ ਤੇ ਵੱਡਾ ਘੱਲੂਘਾਰਾ ਹੋਏ ਹਨ। ਛੋਟੇ ਘੱਲੂਘਾਰੇ ਦਾ ਸੂਤਰਧਾਰ ਲਾਹੌਰ ਦਾ ਦੀਵਾਨ ਲਖਪਤ ਰਾਏ ਸੀ। ਲਖਪਤ ਰਾਏ ਤੇ ਉਸ ਦਾ ਛੋਟਾ ਭਰਾ ਜਸਪਤ ਰਾਏ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਦੇ ਖੱਤਰੀ ਸਨ। ਮੁਗ਼ਲ ਰਾਜ ਵਿੱਚ ਉਨ੍ਹਾਂ ਦੀ ਬਹੁਤ ਚੜ੍ਹਤ ਸੀ। ਲਖਪਤ ਰਾਏ, ਜ਼ਕਰੀਆ ਖ਼ਾਨ ਅਧੀਨ 1726 ਤੋਂ 1745 ਤੇ ਉਸ ਦੇ ਪੁੱਤਰ ਯਾਹੀਆ ਖ਼ਾਨ ਅਧੀਨ 1745 ਤੋਂ 1747 ਤਕ ਲਾਹੌਰ ਦਾ ਦੀਵਾਨ ਰਿਹਾ। ਜਸਪਤ ਰਾਏ ਪਹਿਲਾਂ ਜਲੰਧਰ ਦੁਆਬ ਤੇ ਮਗਰੋਂ ਜ਼ਕਰੀਆ ਖ਼ਾਨ ਦੁਆਰਾ ਏਮਨਾਬਾਦ ਦਾ ਫ਼ੌਜਦਾਰ ਲਾ ਦਿੱਤਾ ਗਿਆ ਸੀ।
1746 ਦੀ ਫ਼ਰਵਰੀ ਦੇ ਅਖ਼ੀਰ ਜਾਂ ਮਾਰਚ ਦੇ ਸ਼ੁਰੂ ਵਿੱਚ ਸਿੱਖਾਂ ਦਾ ਇੱਕ ਜਥਾ ਸ਼ਾਹੀ ਫ਼ੌਜਾਂ ਦਾ ਧੱਕਿਆ ਏਮਨਾਬਾਦ ਦੇ ਇਲਾਕੇ ਵੱਲ ਜਾ ਪੁੱਜਾ। ਏਮਨਾਬਾਦ ਦੇ ਫ਼ੌਜਦਾਰ ਜਸਪਤ ਰਾਏ ਨੂੰ ਸਿੱਖਾਂ ਦੀ ਆਮਦ ਬਾਰੇ ਪਤਾ ਲੱਗਾ ਤਾਂ ਉਸ ਨੇ ਹਰਕਾਰਾ ਭੇਜਿਆ ਕਿ ਫੌਰਨ ਇਲਾਕਾ ਖਾਲੀ ਕਰ ਦੇਣ। ਸਿੱਖਾਂ ਨੇ ਵਾਪਸ ਸੁਨੇਹਾ ਭੇਜਿਆ ਕਿ ਫ਼ੌਜਾਂ ਥੱਕੀਆਂ ਤੇ ਦੋ ਦਿਨ ਤੋਂ ਭੁੱਖੀਆਂ ਹਨ, ਲੰਗਰ ਛਕ ਕੇ ਤੇ ਥੋੜ੍ਹਾ ਆਰਾਮ ਕਰ ਕੇ ਅਗਲੇ ਦਿਨ ਕੂਚ ਕਰ ਲੈਣਗੀਆਂ ਪਰ ਜਸਪਤ ਰਾਏ ਨਾ ਮੰਨਿਆ। ਉਸ ਨੇ ਆਪਣੀ ਫ਼ੌਜ ਤੇ ਇਲਾਕੇ ਦੀ ਧਾੜ ਇਕੱਠੀ ਕਰ ਕੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ। ਸਿੱਖ ਲੜਨਾ ਨਹੀਂ ਸਨ ਚਾਹੁੰਦੇ ਪਰ ਲੜਾਈ ਬਦੋਬਦੀ ਗਲ ਪੈ ਗਈ। ਉਹ ਲੜਦੇ ਲੜਦੇ ਪਿੱਛੇ ਹਟਦੇ ਹੋਏ ਪਿੰਡ ਬੱਦੋਕੀ ਗੁਸਾਈਆਂ ਦੀ ਜੂਹ ਵਿੱਚ ਪਹੁੰਚ ਗਏ। ਜਸਪਤ ਰਾਏ ਹਾਥੀ ਉੱਤੇ ਬੈਠਾ ਆਪਣੀ ਫ਼ੌਜ ਦੀ ਅਗਵਾਈ ਕਰ ਰਿਹਾ ਸੀ ਕਿ ਇੱਕ ਸਿੱਖ ਨਿਬਾਹੂ ਸਿੰਘ ਦੀ ਨਿਗਾਹ ਚੜ੍ਹ ਗਿਆ। ਨਿਬਾਹੂ ਸਿੰਘ ਪੂਛ ਫੜ ਕੇ ਹਾਥੀ ’ਤੇ ਜਾ ਚੜ੍ਹਿਆ ਤੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਦਿੱਤਾ। ਫ਼ੌਜਦਾਰ ਦੇ ਡਿੱਗਦਿਆਂ ਹੀ ਉਸ ਦੀਆਂ ਫ਼ੌਜਾਂ ਹਰਨ ਹੋ ਗਈਆਂ। ਸਿੱਖਾਂ ਨੇ ਹੱਲਾ ਕਰ ਕੇ ਏਮਨਾਬਾਦ ਵੀ ਲੁੱਟ ਲਿਆ। ਜਸਪਤ ਦੇ ਗੁਰੂੁ ਕਿਰਪਾ ਰਾਮ ਨੇ ਬੇਨਤੀ ਕਰ ਕੇ ਸਿੱਖਾਂ ਤੋਂ ਜਸਪਤ ਰਾਏ ਦਾ ਸਿਰ ਲਿਆ ਤੇ ਅੰਤਿਮ ਸੰਸਕਾਰ ਕੀਤਾ। ਏਮਨਾਬਾਦ ਨੂੰ ਲੁੱਟ ਕੇ ਸਿੱਖ ਰਾਵੀ ਦੀਆਂ ਝੱਲਾਂ ਵਿੱਚ ਜਾ ਵੜੇ।
12802CD _BALRAJ SINGH SIDHUਆਪਣੇ ਭਰਾ ਦੇ ਕਤਲ ਦੀ ਖ਼ਬਰ ਸੁਣ ਕੇ ਲਖਪਤ ਰਾਏ ਨੂੰ ਅੱਗ ਲੱਗ ਗਈ। ਉਸ ਨੇ ਪੱਗ ਲਾਹ ਕੇ ਯਾਹੀਆ ਖ਼ਾਨ ਦੇ ਪੈਰਾਂ ਵਿੱਚ ਸੁੱਟ ਕੇ ਸਹੁੰ ਖਾਧੀ ਕਿ ਜਦ ਤਕ ਸਿੱਖ ਪੰਥ ਖ਼ਤਮ ਨਹੀਂ ਹੋ ਜਾਂਦਾ, ਉਹ ਪੱਗ ਨਹੀਂ ਬੰਨ੍ਹੇਗਾ। ਉਸ ਨੇ ਯਾਹੀਆ ਖ਼ਾਨ ਕੋਲੋਂ ਸਿੱਖਾਂ ਦੇ ਕਤਲੇਆਮ ਦਾ ਹੁਕਮ ਲੈ ਲਿਆ। ਇਸ ਤੋਂ ਪਹਿਲਾਂ ਸਿਰਫ਼ ਜੰਗੀ ਸਿੱਖ ਹੀ ਸਰਕਾਰ ਦੇ ਬਾਗ਼ੀ ਸਮਝੇ ਜਾਂਦੇ ਸਨ, ਪਰ ਲਖਪਤ ਨੇ ਇੱਕ ਪਾਸਿਉਂ ਹੀ ਵਾਢਾ ਰੱਖ ਲਿਆ। ਲਾਹੌਰ ਅਤੇ ਆਸ-ਪਾਸ ਵੱਸਦੇ ਤੇ ਸਰਕਾਰੀ ਨੌਕਰੀ ਕਰਦੇ ਸਾਰੇ ਸਿੱਖ ਗ੍ਰਿਫ਼ਤਾਰ ਕਰ ਕੇ ਸ਼ਹੀਦ ਕਰ ਦਿੱਤੇ ਗਏ। ਲਾਹੌਰ ਦੇ ਕੋਤਵਾਲ ਸੁਬੇਗ ਸਿੰਘ ਤੇ ਉਸ ਦੇ ਬੇਟੇ ਸ਼ਹਿਬਾਜ਼ ਸਿੰਘ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਸਾਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ। ਸ਼ਹਿਰ ਦੇ ਪਤਵੰਤੇ ਹਿੰਦੂਆਂ ਨੇ ਦੀਵਾਨ ਕੌੜਾ ਮੱਲ ਦੀ ਅਗਵਾਈ ਹੇਠ ਲਖਪਤ ਨੂੰ ਇਹ ਜ਼ੁਲਮ ਨਾ ਕਰਨ ਦੀ ਬੇਨਤੀ ਕੀਤੀ। ਉਸ ਦੇ ਗੁਰੂ ਜਗਤ ਭਗਤ ਮਾਣਕ ਵਾਲੇ ਤੋਂ ਵੀ ਅਖਵਾਇਆ ਗਿਆ ਪਰ ਲਖਪਤ ਨੇ ਕਿਸੇ ਦੀ ਨਾ ਮੰਨੀ। ਸਾਰੇ ਸਿੱਖ ਮੱਸਿਆ ਵਾਲੇ ਦਿਨ 10 ਮਾਰਚ 1946 ਨੂੰ ਸ਼ਹੀਦ ਕੀਤੇ ਗਏ। ਮੁਨਾਦੀ ਕਰਵਾ ਦਿੱਤੀ ਕਿ ਕੋਈ ਵਾਹਿਗੁਰੂ ਦਾ ਜਾਪ ਜਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਾ ਕਰੇ। ਆਮ ਗ੍ਰੰਥਾਂ ਨੂੰ ਪੋਥੀ ਕਿਹਾ ਜਾਵੇ। ਹੁਕਮ ਅਦੂਲੀ ਕਰਨ ਵਾਲੇ ਨੂੰ ਮੁਸਲਮਾਨ ਕੀਤਾ ਜਾਵੇਗਾ ਜਾਂ ਕਤਲ ਕੀਤਾ ਜਾਵੇਗਾ। ਜਿਹੜਾ ਵੀ ਧਾਰਮਿਕ ਗ੍ਰੰਥ ਤੇ ਕਿਤਾਬ ਹੱਥ ਲੱਗੀ, ਸਾੜ ਦਿੱਤੀ ਗਈ। ਸਿੱਖਾਂ ਦੇ ਸਿਰ ਦਾ ਇਨਾਮ ਪੰਜ ਰੁਪਏ ਰੱਖਿਆ ਗਿਆ। ਉਸ ਵੇਲੇ ਕਣਕ ਦਾ ਭਾਅ ਚਾਰ ਆਨੇ ਤੋਂ ਛੇ ਆਨੇ ਮਣ ਸੀ।
ਮਗਰੋਂ ਲਖਪਤ ਰਾਏ ਨੇ ਦਲ ਖ਼ਾਲਸਾ ਦਾ ਖ਼ਾਤਮਾ ਕਰਨ ਲਈ ਕੂਚ ਕੀਤਾ। ਮੁਖ਼ਬਰਾਂ ਨੇ ਖ਼ਬਰ ਦਿੱਤੀ ਕਿ ਸਿੱਖ ਕਾਹਨੂੰਵਾਨ ਛੰਬ ਵਿੱਚ ਡੇਰਾ ਲਾਈ ਬੈਠੇ ਹਨ। ਉਸ ਵੇਲੇ ਝੱਲ ਵਿੱਚ ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ, ਗੁਰਦਿਆਲ ਸਿੰਘ ਡੱਲੇਵਾਲੀਆ, ਹਰੀ ਸਿੰਘ ਭੰਗੀ ਤੇ ਨੌਧ ਸਿੰਘ ਸ਼ੁਕਰਚੱਕੀਆ ਆਦਿ ਦੇ ਜਥੇ ਹਾਜ਼ਰ ਸਨ। ਲਖਪਤ ਰਾਏ ਨਾਲ ਲਾਹੌਰ ਦੀ ਸਾਰੀ ਫ਼ੌਜ ਸਮੇਤ ਤੋਪਖ਼ਾਨਾ, ਇਲਾਕੇ ਦੇ ਸਾਰੇ ਚੌਧਰੀ, ਫ਼ੌਜਦਾਰ ਤੇ ਜੇਹਾਦ ਦੇ ਨਾਂ ’ਤੇ ਇਕੱਠੇ ਕੀਤੇ ਗਾਜ਼ੀ ਸਨ। ਤਕਰੀਬਨ 50000 ਦੀ ਫ਼ੌਜ ਲੈ ਕੇ ਲਖਪਤ ਰਾਏ ਨੇ ਝੱਲਾਂ ਨੂੰ ਘੇਰਾ ਪਾ ਲਿਆ। ਟਿਕਾਣਿਆਂ ’ਤੇ ਤੋਪਾਂ ਬੀੜ ਕੇ ਤੋਪਚੀਆਂ ਨੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਗੋਲਾਬਾਰੀ ਦਾ ਸਿੱਖਾਂ ’ਤੇ ਬਹੁਤਾ ਅਸਰ ਨਾ ਹੋਇਆ। ਉਹ ਤੋਪਾਂ ਦੀ ਮਾਰ ਵੇਖ ਕੇ ਜਗ੍ਹਾ ਬਦਲ ਲੈਂਦੇ ਸਨ। ਸ਼ਾਹੀ ਫ਼ੌਜਾਂ ਦੇ ਜਰਨੈਲ ਝੱਲਾਂ ਦੇ ਭੇਤੀ ਨਹੀਂ ਸਨ, ਇਸ ਲਈ ਉਹ ਅੰਦਰ ਵੜਨ ਤੋਂ ਕਤਰਾਉਂਦੇ ਸਨ। ਇਹ ਵੇਖ ਕੇ ਲਖਪਤ ਨੇ ਝੱਲਾਂ ਨੂੰ ਅੱਗ ਲਗਵਾ ਦਿੱਤੀ। ਸਿੱਖਾਂ ਨੇ ਛਾਪਾਮਾਰ ਯੁੱਧ ਨਾਲ ਵੈਰੀ ਦੀ ਜਾਨ ਤੰਗ ਕਰ ਦਿੱਤੀ।
ਇੱਕ ਦਿਨ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਨੇ ਸਿੱਖਾਂ ਨੂੰ ਵੰਗਾਰ ਕੇ ਵੈਰੀ ’ਤੇ ਹਮਲਾ ਕਰ ਦਿੱਤਾ। ਉਸ ਨੇ ਲਖਪਤ ਦੇ ਹਾਥੀ ਨੂੰ ਜਾ ਘੇਰਿਆ ਪਰ ਉਸੇ ਵੇਲੇ ਇੱਕ ਜੰਬੂਰਚੇ ਦਾ ਗੋਲਾ ਉਸ ਦੇ ਪੱਟ ’ਤੇ ਆ ਵੱਜਾ ਤੇ ਲੱਤ ਟੁੱਟ ਗਈ। ਉਸ ਨੇ ਪੀੜ ਨੂੰ ਨਾ ਗੌਲਿਆ ਤੇ ਪੱਗ ਪਾੜ ਕੇ ਲੱਤ ਹੰਨੇ ਨਾਲ ਬੰਨ੍ਹ ਲਈ। ਲਖਪਤ ਰਾਏ ਦੀ ਮਦਦ ਲਈ ਉਸ ਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ ਆਦਿ ਪਹੁੰਚ ਗਏ। ਭਾਈ ਸੁੱਖਾ ਸਿੰਘ ਦੀ ਮਦਦ ਵਾਸਤੇ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਸਰਦਾਰ ਪੁੱਜ ਗਏ। ਬੜੀ ਲਹੂ ਡੋੋਲਵੀਂ ਲੜਾਈ ਹੋਈ। ਲਖਪਤ ਰਾਏ ਦੇ ਪੁੱਤਰ ਹਰਭਜ ਰਾਏ ਅਤੇ ਯਾਹੀਆ ਖ਼ਾਨ ਦੇ ਪੁੱਤਰ ਨਾਹਰ ਖ਼ਾਨ ਸਮੇਤ ਕਈ ਯੋਧੇ ਮਾਰੇ ਗਏ। ਭਰਾ ਤੋਂ ਬਾਅਦ ਪੁੱਤਰ ਦੀ ਮੌਤ ਕਾਰਨ ਲਖਪਤ ਰਾਏ ਗੁੱਸੇ ਵਿੱਚ ਪਾਗਲ ਹੋ ਗਿਆ। ਉਹ ਹੋਰ ਕਰੜਾਈ ਨਾਲ ਗੋਲਾਬਾਰੀ ਕਰਨ ਲੱਗਾ। ਸਿੱਖਾਂ ਦੀ ਰਸਦ, ਪਾਣੀ ਤੇ ਗੋਲੀ ਸਿੱਕਾ ਖ਼ਤਮ ਹੋ ਗਿਆ। ਸਰਕਾਰੀ ਮਦਦ ਤੇ ਗੋਲੀ ਸਿੱਕਾ ਮਿਲਣ ਕਾਰਨ ਲਖਪਤ ਦਾ ਪੱਲੜਾ ਭਾਰੀ ਹੋਣ ਲੱਗ ਪਿਆ।
ਅਖ਼ੀਰ ਜਥੇਦਾਰਾਂ ਨੇ ਰਾਵੀ ਪਾਰ ਕਰ ਕੇ ਪਹਾੜਾਂ ਨੂੰ ਨਿਕਲਣ ਦਾ ਗੁਰਮਤਾ ਕੀਤਾ। ਰਾਵੀ ਪਾਰ ਕਰ ਕੇ ਉਹ ਬਸ਼ੋਹਲੀ ਦੀਆਂ ਪਹਾੜੀਆਂ ਵੱਲ ਚੱਲ ਪਏ। ਸਿੱਖਾਂ ਨੂੰ ਉਮੀਦ ਸੀ ਕਿ ਇਸ ਧਰਮ ਯੁੱਧ ਵਿੱਚ ਪਹਾੜੀ ਰਾਜੇ ਉਨ੍ਹਾਂ ਦੀ ਮਦਦ ਕਰਨਗੇ ਪਰ ਲਖਪਤ ਦੇ ਹੁਕਮ ਪਹਿਲਾਂ ਹੀ ਪਹੁੰਚ ਜਾਣ ਕਾਰਨ ਪਹਾੜੀਆਂ ਨੇ ਉਲਟਾ ਹਮਲਾ ਕਰ ਦਿੱਤਾ। ਸਿੱਖ ਕੁਥਾਵੇਂ ਫਸ ਗਏ। ਅਖ਼ੀਰ ਫ਼ੈਸਲਾ ਲਿਆ ਗਿਆ ਕਿ ਪੈਦਲ ਫ਼ੌਜ ਪਹਾੜੀਆਂ ’ਤੇ ਹਮਲਾ ਕਰੇ ਤੇ ਘੋੜ ਸਵਾਰ ਵਾਪਸ ਲਖਪਤ ਦੇ ਟਿੱਡੀ ਦਲ ਨੂੰ ਚੀਰ ਕੇ ਰਾਵੀ ਟੱਪ ਕੇ ਦੁਆਬੇ ਮਾਲਵੇ ਨੂੰ ਨਿਕਲ ਜਾਣ। ਪੈਦਲ ਫ਼ੌਜ ਨੇ ਪਹਾੜੀਆਂ ’ਤੇ ਹਮਲਾ ਕਰ ਦਿੱਤਾ ਤੇ ਪਹਾੜਾਂ ਉੱਤੇ ਜਾ ਚੜ੍ਹੇ। ਉਹ ਕਈ ਮਹੀਨਿਆਂ ਦਾ ਸਫ਼ਰ ਕਰ ਕੇ ਕੀਰਤਪੁਰ ਪਹੁੰਚੇ। ਘੋੜਸਵਾਰ ਲਖਪਤ ਦੀ ਧਾੜ ’ਤੇ ਟੁੱਟ ਪਏ ਤੇ ਫ਼ੌਜ ਨੂੰ ਚੀਰ ਕੇ ਰਾਵੀ ਦੇ ਲਹਿੰਦੇ ਕੰਢੇ-ਕੰਢੇ ਲਾਹੌਰ ਵੱਲ ਨੂੰ ਚੱਲ ਪਏ। ਰਾਵੀ ਦਾ ਪਾਣੀ ਚੜ੍ਹਿਆ ਹੋਇਆ ਸੀ। ਵਹਾਅ ਦੀ ਥਾਹ ਲੈਣ ਲਈ ਗੁਰਦਿਆਲ ਸਿੰਘ ਡੱਲੇਵਾਲੀਏ ਦੇ ਦੋ ਭਰਾਵਾਂ ਨੇ ਘੋੜੇ ਪਾਣੀ ਵਿੱਚ ਸੁੱਟੇ ਪਰ ਤੇਜ਼ ਵਹਿਣ ਕਾਰਨ ਨਾ ਸਵਾਰ ਲੱਭੇ ਤੇ ਨਾ ਘੋੜੇ। ਦੋਵਾਂ ਸੂਰਮਿਆਂ ਨੇ ਆਪਣੀ ਕੁਰਬਾਨੀ ਦੇ ਕੇ ਹਜ਼ਾਰਾਂ ਸਿੱਖਾਂ ਦੀ ਜਾਨ ਬਚਾ ਲਈ।
ਅਖ਼ੀਰ ਇੱਕ ਜਗ੍ਹਾ ਪਾਣੀ ਦਾ ਘੱਟ ਵਹਾਅ ਵੇਖ ਕੇ ਦੱਭ ਤੇ ਕਾਨਿਆਂ ਦੇ ਤੁਲ੍ਹੇ ਬਣਾ ਕੇ ਰਾਵੀ ਪਾਰ ਕੀਤੀ ਗਈ। ਅੱਗੇ ਚੌਧਰੀ ਰਾਮਾ ਰੰਧਾਵਾ ਆਪਣੀਆਂ ਧਾੜਾਂ ਲੈ ਕੇ ਰਸਤਾ ਰੋਕੀ ਖੜ੍ਹਾ ਸੀ। ਉਸ ਨੂੰ ਸਿੱਖਾਂ ਨੇ ਪਹਿਲੇ ਹੱਲੇ ਹੀ ਅੱਗੇ ਲਾ ਲਿਆ। ਸ੍ਰੀ ਹਰਗੋਬਿੰਦਪੁਰ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰ ਕੇ ਦੁਆਬੇ ਵਿੱਚ ਵੜੇ ਤਾਂ ਜਲੰਧਰ-ਦੁਆਬ ਦੇ ਫ਼ੌਜਦਾਰ ਅਦੀਨਾ ਬੇਗ ਨੇ ਰਸਤਾ ਰੋਕ ਲਿਆ। ਉਸ ਨਾਲ ਅਜੇ ਟੱਕਰ ਸ਼ੁਰੂ ਹੀ ਹੋਈ ਸੀ ਕਿ ਖ਼ਬਰ ਮਿਲੀ ਕਿ ਲਖਪਤ ਰਾਏ ਪਿੱਛੇ ਆ ਰਿਹਾ ਹੈ। ਅਦੀਨਾ ਬੇਗ ਨਾਲ ਝੜਪਾਂ ਲੈਂਦੇ ਲੈਂਦੇ ਸਿੱਖ ਆਲੀਵਾਲ ਦੇ ਪੱਤਣ ਤੋਂ ਸਤਲੁਜ ਟੱਪ ਕੇ ਮਾਲਵੇ ਵਿੱਚ ਜਾ ਵੜੇ। ਜੱਸਾ ਸਿੰਘ ਕੋਟਕਪੂਰਾ, ਹਰੀ ਸਿੰਘ ਭੰਗੀ ਦਿਆਲਪੁਰਾ, ਨੌਧ ਸਿੰਘ ਪਥਰਾਲਾ ਤੇ ਭਾਈ ਸੁੱਖਾ ਸਿੰਘ ਦਾ ਜਥਾ ਜੈਤੋ ਜਾ ਉਤਰਿਆ। ਉਥੇ ਉਸ ਨੇ ਆਪਣੀ ਲੱਤ ਦਾ ਇਲਾਜ ਕਰਾਇਆ ਤੇ ਪੰਜ ਛੇ ਮਹੀਨੇ ਮੰਜੀ ’ਤੇ ਪਿਆ ਰਿਹਾ।
ਸੈਂਕੜੇ ਸਿੱਖ ਪਹਾੜੀਆਂ ਨੇ ਗ੍ਰਿਫ਼ਤਾਰ ਕਰ ਕੇ ਲਖਪਤ ਦੇ ਹਵਾਲੇ ਕੀਤੇ ਤੇ ਸੈਂਕੜੇ ਹੀ ਲਖਪਤ ਦੀ ਫ਼ੌਜ ਨੇ ਫੜ ਲਏ। ਉਹ ਸਾਰੇ ਲਾਹੌਰ ਲਿਆ ਕੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ। ਉਨ੍ਹਾਂ ਦੇ ਸਿਰ ਵੱਢ ਕੇ ਲਾਹੌਰ ਦੇ ਦਰਵਾਜ਼ਿਆਂ ਅੱਗੇ ਮੀਨਾਰ ਉਸਾਰੇ ਗਏ। ਮਾਰਚ ਦੇ ਅਖ਼ੀਰ ਵਿੱਚ ਲਖਪਤ ਰਾਏ ਨੇ ਸਿੱਖਾਂ ਖ਼ਿਲਾਫ਼ ਚੜ੍ਹਾਈ ਸ਼ੁਰੂ ਕੀਤੀ ਤੇ ਜੂਨ 1746 ਦੇ ਅਖ਼ੀਰ ਵਿੱਚ ਉਹ ਵਾਪਸ ਮੁੜਿਆ। ਇਨ੍ਹਾਂ ਢਾਈ ਮਹੀਨਿਆਂ ਵਿੱਚ ਹਜ਼ਾਰਾਂ ਸਿੱਖ ਸ਼ਹੀਦ ਹੋਏ। ਸਿੱਖ ਇਤਿਹਾਸਕਾਰ ਗੰਡਾ ਸਿੰਘ ਮੁਤਾਬਿਕ ਦਸ-ਬਾਰਾਂ ਹਜ਼ਾਰ ਸਿੱਖ ਸ਼ਹੀਦ ਹੋਏ। ਛੋਟੇ ਘੱਲੂਘਾਰੇ ਤੋਂ ਜਲਦ ਬਾਅਦ ਯਾਹੀਆ ਖ਼ਾਨ ਦੇ ਛੋਟੇ ਭਰਾ ਮੁਲਤਾਨ ਦੇ ਹਾਕਮ ਸ਼ਾਹਨਵਾਜ਼ ਨੇ ਲਾਹੌਰ ’ਤੇ ਹਮਲਾ ਕਰ ਦਿੱਤਾ। ਭਰਾਵਾਂ ਦੀ ਆਪਸੀ ਲੜਾਈ ਕਾਰਨ ਸਿੱਖਾਂ ਨੂੰ ਵਧਣ ਫੁਲਣ ਦਾ ਮੌਕਾ ਮਿਲ ਗਿਆ।
ਲਖਪਤ ਰਾਏ ਦਾ ਅੰਤ ਬਹੁਤ ਬੁਰਾ ਹੋਇਆ। 11 ਮਾਰਚ 1748 ਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਮਾਣੂੰਪੁਰ ਦੀ ਜੰਗ ਵਿੱਚ ਹਰਾ ਕੇ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਬਣ ਗਿਆ। ਉਸ ਨੇ ਸਿੱਖਾਂ ਦੇ ਹਮਦਰਦ ਕੌੜਾ ਮੱਲ ਨੂੰ ਲਾਹੌਰ ਦਾ ਦੀਵਾਨ ਥਾਪ ਦਿੱਤਾ। ਮੀਰ ਮੰਨੂ ਨੇ ਦੀਵਾਨ ਲਖਪਤ ਰਾਏ ਨੂੰ ਕੈਦ ਕਰ ਕੇ ਉਸ ’ਤੇ ਤਿੰਨ ਲੱਖ ਦਾ ਜਰਮਾਨਾ ਠੋਕ ਦਿੱਤਾ। ਜਦੋਂ ਲਖਪਤ ਰਾਏ ਜਰਮਾਨਾ ਨਾ ਦੇ ਸਕਿਆ ਤਾਂ ਕੌੜਾ ਮੱਲ ਨੇ ਇਸ ਸ਼ਰਤ ’ਤੇ ਪੈਸੇ ਭਰ ਦਿੱਤੇ ਕਿ ਲਖਪਤ ਰਾਏ ਨੂੰ ਉਸ ਦੇ ਹਵਾਲੇ ਕਰ ਦਿੱਤਾ ਜਾਵੇ। ਮੀਰ ਮੰਨੂ ਮੰਨ ਗਿਆ। ਤਿੰਨ ਲੱਖ ਤਾਰ ਕੇ  ਕੌੜਾ ਮੱਲ ਨੇ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ। ਸਿੱਖਾਂ ਨੇ ਉਸ ਨੂੰ ਗੰਦਗੀ ਨਾਲ ਭਰੇ ਕਮਰੇ ਵਿੱਚ ਕੈਦ ਕਰ ਦਿੱਤਾ, ਜਿੱਥੇ ਉਹ ਛੇ ਮਹੀਨੇ ਨਰਕ ਭੋਗ ਕੇ ਮਰਿਆ।

ਸੰਪਰਕ: 98151-24449 


Comments Off on ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਪ੍ਰਮਾਣ ਹੈ ਛੋਟਾ ਘੱਲੂਘਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.