ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਸੋਸ਼ਲ ਮੀਡੀਆ ਲਈ ਜ਼ਾਬਤੇ ਦੀ ਲੋੜ

Posted On February - 19 - 2017

ਬਿੰਦਰ ਸਿੰਘ ਖੁੱਡੀ ਕਲਾਂ

twiter-1000ਸੋਸ਼ਲ ਮੀਡੀਆ ਦੀ ਵਰਤੋਂ ਦਾ ਜਾਦੂ ਹਰ ਲਿੰਗ ਅਤੇ ਹਰ ਉਮਰ ਦੇ ਇਨਸਾਨ ’ਤੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਨਸਾਨੀ ਜ਼ਿੰਦਗੀ ਵਿੱਚ ਇਸ ਦੀ ਵਧਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਹਰ ਇਨਸਾਨ ਸਵੇਰੇ ਉੱਠਣ ਸਾਰ ਸਭ ਤੋਂ ਪਹਿਲਾਂ ਆਪਣਾ ਵਟਸਐਪ ਅਤੇ ਫੇਸਬੁੱਕ ਚੈੱਕ ਕਰਦਾ ਹੈ। ਸੋਸ਼ਲ ਮੀਡੀਆ ਨੇ ਸਾਰਾ ਅਖ਼ਬਾਰ ਪੜ੍ਹਨ ਜਾਂ ਟੈਲੀਵੀਜ਼ਨ ਵੇਖਣ ਦੀ ਜ਼ਰੂਰਤ ਵੀ ਲਗਭਗ ਖ਼ਤਮ ਕਰ ਦਿੱਤੀ ਹੈ। ਹਰ ਵਿਅਕਤੀ ਆਪਣੇ ਪੇਸ਼ੇ, ਸੋਚ ਅਤੇ ਰਾਜਨੀਤਕ ਝੁਕਾਅ ਅਨੁਸਾਰ ਵਟਸਐਪ ਦੇ ਵੱਖ ਵੱਖ ਗਰੁੱਪਾਂ ਦਾ ਮੈਂਬਰ ਹੈ। ਉਸ ਨੂੰ ਆਪਣੀ ਜ਼ਰੂਰਤ ਦੀਆਂ ਖ਼ਬਰਾਂ ਅਤੇ ਜਾਣਕਾਰੀਆਂ ਵਟਸਐਪ ਤੋਂ ਮੁਹੱਈਆਂ ਹੋ ਜਾਂਦੀਆਂ ਹਨ। ਸੋਸ਼ਲ ਮੀਡੀਆ ਸਰਕਾਰੀ ਸੁਨੇਹੇ ਭੇਜਣ ਦਾ ਵੀ ਸਭ ਤੋਂ ਤੇਜ਼ ਅਤੇ ਸਸਤਾ ਸਾਧਨ ਹੋ ਨਿੱਬੜਿਆ ਹੈ। ਹੋਰ ਤਾਂ ਹੋਰ ਇਹ ਵਸਤੂਆਂ ਦੀ ਮਸ਼ਹੂਰੀ ਦਾ ਵੀ ਮਾਧਿਅਮ ਹੋ ਨਿੱਬੜਿਆ ਹੈ। ਇਸ ਨੇ ਚਿੱਠੀ ਪੱਤਰ   ਅਤੇ ਟੈਕਸਟ ਮੈਸੇਜ ਦੀ ਤਾਂ ਹੋਂਦ ਹੀ ਖ਼ਤਮ ਕਰਕੇ ਰੱਖ ਦਿੱਤੀ ਹੈ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੋਸ਼ਲ ਮੀਡੀਆ ਨੇ ਅਜੋਕੀ ਇਨਸਾਨੀ ਜ਼ਿੰਦਗੀ ਨੂੰ ਕ੍ਰਾਂਤੀਕਾਰੀ ਤਬਦੀਲੀ ਨਾਲ ਪ੍ਰਭਾਵਿਤ ਕੀਤਾ ਹੈ, ਪਰ ਨਾਲ ਹੀ ਇਸ ਦੇ ਨਾਕਾਰਤਮਕ ਪ੍ਰਭਾਵ ਵੀ ਵਿਸਾਰੇ ਨਹੀਂ ਜਾ ਸਕਦੇ। ਕੰਪਿਊਟਰੀ ਤਕਨੀਕ ਦੀ ਮੱਦਦ ਨਾਲ ਕਿਸੇ ਵੀ ਸੁਨੇਹੇ, ਪੱਤਰ ਜਾਂ ਵੀਡੀਓ ਨੂੰ ਤਬਦੀਲ ਕਰਕੇ ਅਪਲੋਡ ਕਰਨ ਦਾ ਮਾੜਾ ਰੁਝਾਨ ਪਿਛਲੇ ਸਮੇਂ ਤੋਂ ਕਾਫ਼ੀ ਜ਼ੋਰ ਫੜ ਚੁੱਕਿਆ ਹੈ। ਸਰਕਾਰੀ ਵਿਭਾਗਾਂ ਜਾਂ ਸੰਸਥਾਵਾਂ ਵੱਲੋਂ ਜਾਰੀ ਪੱਤਰਾਂ ਨਾਲ ਛੇੜਛਾੜ ਕਰਕੇ ਵਟਸਐਪ ਉੱਪਰ ਸ਼ੇਅਰ ਕੀਤੇ ਜਾਣ ਦੀਆਂ ਘਟਨਾਵਾਂ ਪਿਛਲੇ ਦਿਨਾਂ ਵਿੱਚ ਤੇਜ਼ੀ ਨਾਲ ਵਾਪਰੀਆਂ ਹਨ। ਇਸ ਪ੍ਰਕਾਰ ਦੀਆਂ ਘਟਨਾਵਾਂ ਜਿੱਥੇ ਭੰਬਲਭੂਸਾ ਪੈਦਾ ਕਰਕੇ ਸਬੰਧਿਤ ਵਿਅਕਤੀਆਂ ਨੂੰ ਚੱਕਰ ਵਿੱਚ ਪਾਉਂਦੀਆਂ ਹਨ, ਉੱਥੇ ਇਸ ਦੇ ਸੁਨੇਹਿਆਂ ਦੀ ਭਰੋਸੇਯੋਗਤਾ ਨੂੰ ਵੀ ਠੇਸ ਪਹੁੰਚਾਈ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ ਦਾ ਬੋਲਬਾਲਾ ਵੇਖਣ ਵਾਲਾ ਸੀ। ਇਸ ਦੇ ਵਧਦੇ ਪ੍ਰਭਾਵ ਨੂੰ ਕਬੂਲਦਿਆਂ ਤਕਰੀਬਨ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੇ ਆਪਣੇ ਹੋਰ ਵਿੰਗਾਂ ਦੀ ਤਰ੍ਹਾਂ ਆਈ.ਟੀ. ਵਿੰਗ ਬਣਾ ਕੇ ਨਿਯੁਕਤੀਆਂ ਕੀਤੀਆਂ ਅਤੇ ਵਟਸਐਪ ਗਰੁੱਪਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਤਕ ਪਾਰਟੀ ਦੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕੀਤੀ। ਇਸ ਸਾਰੇ ਵਰਤਾਰੇ ਦੌਰਾਨ ਵੀਡੀਓ, ਫੋਟੋਆਂ ਅਤੇ ਸੁਨੇਹਿਆਂ ਨੂੰ ਇੰਨੀ ਕੁ ਜ਼ਿਆਦਾ ਛੇੜਛਾੜ ਨਾਲ ਸ਼ੇਅਰ ਕੀਤਾ ਜਾਂਦਾ ਰਿਹਾ ਕਿ ਆਮ ਇਨਸਾਨ ਦਾ ਸੋਸ਼ਲ ਮੀਡੀਆਂ ਦੇ ਸੁਨੇਹਿਆਂ ਤੋਂ ਵਿਸ਼ਵਾਸ ਹੀ ਉੱਡ ਗਿਆ। ਇੱਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਕੀਤੀ ਇਸ ਪ੍ਰਕਾਰ ਦੀ ਛੇੜਛਾੜ ਨੇ ਸੱਚ ਅਤੇ ਝੂਠ ਦਾ ਨਿਰਣਾ ਕਰਨਾ ਹੀ ਮੁਸ਼ਕਿਲ ਬਣਾ ਦਿੱਤਾ। ਚੋਣਾਂ ਦੌਰਾਨ ਪ੍ਰਚਾਰ ਦਾ ਜਬਰਦਸਤ ਸਾਧਨ ਬਣਿਆ ਰਿਹਾ ਸੋਸ਼ਲ ਮੀਡੀਆ ਚੋਣਾਂ ਤੋਂ ਬਾਅਦ ਵੀ ਲੋਕਾਂ ਦੀ ਦਿਲਚਸਪੀ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਸਿੱਧ ਹੋ ਰਿਹਾ ਹੈ। ਅੱਜਕੱਲ੍ਹ ਇਸ ’ਤੇ ਫਰਜ਼ੀ ਚੋਣ ਨਤੀਜਾ ਸਰਵੇਖਣਾਂ ਦਾ ਹੜ੍ਹ ਆਇਆ ਹੋਇਆ ਹੈ। ਸੀ.ਆਈ.ਡੀ. ਦੀ ਲੈਟਰ ਹੈੱਡ ਬਣਾ ਕੇ ਬਕਾਇਦਾ ਹਲਕਿਆਂ ਮੁਤਾਬਿਕ ਚੋਣ ਨਤੀਜੇ ਦਰਸਾਉਂਦੇ ਸੁਨੇਹੇ ਇਸ ’ਤੇ ਬਿਨਾਂ ਖੌਫ਼ ਸ਼ੇਅਰ ਕੀਤੇ ਜਾ ਰਹੇ ਹਨ। ਇਨ੍ਹਾਂ ਚੋਣ ਨਤੀਜਿਆਂ ਦੇ ਸਰਵੇਖਣਾਂ ਨੂੰ ਹਰ ਰਾਜਨੀਤਕ ਪਾਰਟੀ ਦੇ ਲੋਕ ਆਪੋ ਆਪਣੇ ਪੱਖ ਅਨੁਸਾਰ ਛੇੜਛਾੜ ਕਰਕੇ ਅੱਗੇ ਸ਼ੇਅਰ ਕਰੀ ਜਾ ਰਹੇ ਹਨ। ਸੋਸ਼ਲ ਮੀਡੀਆ ਦੇ ਇਨ੍ਹਾਂ ਫਰਜ਼ੀ ਸਰਵੇਖਣਾਂ ਨੇ ਚੋਣ ਉਮੀਦਵਾਰਾਂ ਦੀ ਜਾਨ ਮੁੱਠੀ ਵਿੱਚ ਲਿਆ ਕੇ ਰੱਖੀ ਹੋਈ ਹੈ। ਬੇਸ਼ੱਕ ਸੋਸ਼ਲ ਮੀਡੀਆ ਦੇ ਸੁਨੇਹਿਆਂ ਨਾਲ ਛੇੜਛਾੜ ਕਰਨ ਅਤੇ ਇਸ ਦਾ ਦੁਰਉਪਯੋਗ ਕਰਨ ਵਾਲੇ ਵਿਅਕਤੀ ਨੂੰ ਸਾਈਬਰ ਕਰਾਈਮ ਅਧੀਨ ਸਜ਼ਾ ਦਾ ਭਾਗੀਦਾਰ ਬਣਾਇਆ ਜਾ ਸਕਦਾ ਹੈ, ਪਰ ਇਸ ਦੀ ਮਿਸਾਲ ਘੱਟ ਹੀ ਵੇਖਣ ਜਾਂ ਸੁਨਣ ਨੂੰ ਮਿਲਦੀ ਹੈ।
ਮੁੱਕਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ਨੂੰ ਕਾਇਮ ਰੱਖਣ ਲਈ ਜ਼ਾਬਤੇ ਦੀ ਸਖ਼ਤ ਜ਼ਰੂਰਤ ਹੈ। ਇਹ ਜ਼ਾਬਤਾ ਸਵੈ ਅਤੇ ਕਾਨੂੰਨੀ ਦੋਵੇਂ ਤਰ੍ਹਾਂ ਨਾਲ ਲਾਗੂ ਕੀਤਾ ਜਾਣਾ ਜ਼ਰੂਰੀ ਹੈ। ਜੇਕਰ ਇਸ ਦੇ ਜ਼ਾਬਤੇ ਵੱਲ ਸਮਾਂ ਰਹਿੰਦੇ ਧਿਆਨ ਨਾ ਦਿੱਤਾ ਤਾਂ ਇਸ ਦੇ ਬਹੁਤ ਦੁਰਪ੍ਰਭਾਵ ਵੇਖਣ ਨੂੰ ਮਿਲਣਗੇ।

ਸੰਪਰਕ: 98786-05965


Comments Off on ਸੋਸ਼ਲ ਮੀਡੀਆ ਲਈ ਜ਼ਾਬਤੇ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.