ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ

Posted On February - 25 - 2017

ਪੁਸ਼ਪਿੰਦਰ ਜੈ ਰੂਪ

11402cd _huanaini pidda for tribuneਸੰਪਰਕ: 98140-05552
ਇੱਕ ਦਿਨ ਅਸੀਂ ਆਪਣੇ ਪਰਿਵਾਰ ਨਾਲ ਕਾਲੇ ਹਿਰਨ ਦੇਖਣ ਪਿੰਡ ਸੀਤੋਗੁੰਨੋਂ ਜਾ ਰਹੇ ਸੀ ਤਾਂ ਮੇਰੀ ਨਜ਼ਰ ਉੱਥੇ ਪਾਣੀ ਦੀ ਇੱਕ ਛੱਪੜੀ ਕੋਲ ਛੜੱਪੇ ਮਾਰਦੀ ਛੋਟੀ ਜਿੰਨੀ ਭੂਰੀ ਜਿਹੀ ਚਿੜੀ ’ਤੇ ਪਈ ਜਿਹੜੀ ਰੁਕ-ਰੁਕ ਕੇ ਜ਼ਮੀਨ ਉੱਤੇ ਪਏ ਪੱਤਿਆਂ ਨੂੰ ਫਰੋਲ ਰਹੀ ਸੀ। ਉਸ ਚਿੜੀ ਦੀ ਮੇਰੇ ਵੱਲ ਪਿੱਠ ਸੀ ਪਰ ਕੁਝ ਦੇਰ ਬਾਅਦ ਉਸ ਨੇ ਇੱਕ ਛੜੱਪਾ ਮਾਰਿਆ ਅਤੇ ਮੇਰੇ ਵੱਲ ਮੂੰਹ ਕਰ ਲਿਆ। ਉਸ ਭੂਰੀ ਚਿੜੀ ਦੀ ਗ਼ਰਦਨ ਅਤੇ ਛਾਤੀ ਉੱਤੇ ਬਿਲਕੁਲ ਛੋਟੇ ਬੱਚਿਆਂ ਦੇ ਬਿੱਬ ਵਰਗਾ ਇੱਕ ਗੂੜ੍ਹੀ ਨੀਲੀ ਭਾ ਵਾਲਾ ਫ਼ਿਰੋਜ਼ੀ ਰੰਗ ਦਾ ਗੋਲ ਚੱਕਰ ਸੀ ਜਿਸ ਦਾ ਘੇਰਾ ਪਹਿਲਾਂ ਕਾਲੇ, ਫੇਰੇ ਚਿੱਟੇ ਅਤੇ ਫੇਰ ਲਾਖੇ ਰੰਗ ਦਾ ਸੀ। ਘਰ ਵਾਪਸ ਆ ਕੇ ਮੈਂ ਉਸ ਚਿੜੀ ਬਾਰੇ ਜਾਣਕਾਰੀ ਇਕੱਠੀ ਕੀਤੀ ਕਿਉਂਕਿ ਮੈਂ ਉਹ ਚਿੜੀ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੀ ਸੀ। ਉਸ ਛੋਟੀ ਚਿੜੀ ਨੂੰ ਠੀਕ ਹੀ ‘ਹੁਸਨੈਨੀ ਪਿੱਦਾ’ ਉਸ ਦੇ ਸੋਹਣੇ ਸਰੂਪ ਕਰਕੇ ਸੱਦਦੇ ਹਨ। ਇਸ ਦੀ ਨੀਲੀ ਛਾਤੀ ਕਰਕੇ ‘ਨੀਲ ਕੰਠੀ ਪਿੱਦਾ’ ਵੀ ਕਹਿੰਦੇ ਹਨ। ਇਸ ਦਾ ਤਕਨੀਕੀ ਨਾਮ ‘ਲੁਸੀਨੀਆਂ ਸਵੀਸੀਕਾ’ ਹੈ। ਇਨ੍ਹਾਂ ਛੋਟੀਆਂ-ਛੋੋਟੀਆਂ ਕੀੜੇ ਖਾਣ ਵਾਲੇ ਪੰਛੀਆਂ ਦੇ ਪਰਿਵਾਰ ਨੂੰ ‘ਮੁਸੀਕੈਪੀਡੇਈ’ ਕਹਿੰਦੇ ਹਨ ਜਿਸ ਵਿੱਚ 320 ਜਾਤੀਆਂ ਦੇ ਪੰਛੀ ਸ਼ਾਮਲ ਹਨ।
ਇੱਕ ਥਾਂ ਟਿੱਕ ਕੇ ਨਾ ਬੈਠਣ ਵਾਲੇ ‘ਹੁਸਨੈਨੀ ਪਿੱਦੇ’ ਇਕੱਲਮ-ਇਕੱਲੇ ਸਿੱਲੀਆਂ ਥਾਵਾਂ ਜਿਵੇਂ ਦਲਦਲਾਂ ਦੇ ਕੋਲ, ਛੰਭਾਂ ਦੇ ਕਿਨਾਰਿਆਂ, ਗੰਨੇ ਦੇ ਖੇਤਾਂ, ਝੀਲਾਂ ਦੇ ਪਾਸਿਆਂ ਅਤੇ ਝਾੜੀਆਂ ਹੇਠ ਜ਼ਮੀਨ ਉੱਤੇ ਆਪਣੀ ਪੂਛ ਨੂੰ ਖੜ੍ਹਾ ਕਰਕੇ ਟਪੂਸੀਆਂ ਮਾਰਦੇ ਫਿਰਦੇ ਹਨ। ਇਹ ਟਪੂਸੀਆਂ ਮਾਰਦੇ ਰੁਕ-ਰੁਕ ਕੇ ਜ਼ਮੀਨ ਉੱਤੇ ਆਪਣੀ ਚੁੰਝ ਨਾਲ ਡਿੱਗੇ ਸੁੱਕੇ ਪੱਤਿਆਂ ਨੂੰ ਫਰੋਲਦੇ ਅਤੇ ਕੀੜੇ-ਮਕੌੜੇ, ਸੁੰਡੀਆਂ ਆਦਿ ਨੂੰ ਫੜ ਕੇ ਖਾਂਦੇ ਰਹਿੰਦੇ ਹਨ। ਬਹੁਤ ਸ਼ੱਕੀ ਅਤੇ ਚੌਕੰਨੇ ਸੁਭਾ ਦੇ ਇਹ ਪੰਛੀ ਆਪਣੇ ਇਲਾਕੇ ਵਿੱਚ ਆਏ ਘੁਸਪੈਠੀਏ ਨੂੰ ਖਦੇੜਨ ਦੀ ਕੋਸ਼ਿਸ਼ ਵਿੱਚ ਉਸ ਵੱਲ ਦੌੜਦੇ ਹਨ। ਇੱਕ ਵਾਰ ਤਾਂ ਇੰਜ ਲੱਗਦਾ ਹੈ ਜਿਵੇਂ ਮੋਰਚਾ ਫ਼ਤਹਿ ਕਰਕੇ ਹੀ ਮੁੜਨਗੇ, ਪਰ ਰਸਤੇ ਵਿੱਚ ਹੀ ਨੀਵੇਂ ਹੋ ਕੇ ਭੱਜ ਕੇ ਕਿਸੇ ਪਾਸੇ ਦੀ ਝਾੜੀ ਵਿੱਚ ਵੜ ਕੇ ਲੁੱਕ ਜਾਂਦੇ ਹਨ। ਇਹ ‘ਹੁਸਨੈਨੀ ਪਿੱਦੇ’ ਸਾਰੇ ਹਿੰਦ ਮਹਾਂਦੀਪ ਵਿੱਚ ਮਿਲ ਜਾਂਦੇ ਹਨ। ਇੱਥੋਂ ਦੇ ਮੈਦਾਨੀ ਇਲਾਕਿਆਂ ਵਿੱਚ ਇਹ ਸਰਦੀਆਂ ਵਿੱਚ ਹੀ ਆਉਂਦੇ ਹਨ। ਗਰਮੀਆਂ ਵਿੱਚ ਬੱਚੇ ਦੇਣ ਲਈ ਇਹ ਠੰਢੇ ਇਲਾਕਿਆਂ ਵਿੱਚ ਜਿਵੇਂ ਕਸ਼ਮੀਰ, ਬਲੋਚਿਸਤਾਨ, ਲੱਦਾਖ਼ ਆਦਿ ਵੱਲ ਚਲੇ ਜਾਂਦੇ ਹਨ।

ਪੁਸ਼ਪਿੰਦਰ ਜੈ ਰੂਪ

ਪੁਸ਼ਪਿੰਦਰ ਜੈ ਰੂਪ

ਇਸ ਦੀ ਲੰਬਾਈ ਸਿਰਫ਼ 13-15 ਸੈਂਟੀਮੀਟਰ ਹੁੰਦੀ ਹੈ। ਪਿੱਠ ਵਾਲੇ ਪਾਸਿਓਂ ਇਸ ਦਾ ਰੰਗ ਅਤੇ ਖੜ੍ਹੇ ਹੋਣ ਦਾ ਢੰਗ ‘ਕਲਚੂਹੀ’ ਵਰਗਾ ਭੂਰਾ ਹੀ ਹੁੰਦਾ ਹੈ ਪਰ ਢਿੱਡ ਵਾਲਾ ਪਾਸਾ ਘਸਮੈਲਾ ਜਿਹਾ ਚਿੱਟਾ ਹੁੰਦਾ ਹੈ। ਆਕੜ ਕੇ ਅਤੇ ਪੂਛ ਚੁੱਕ ਕੇ ਖੜ੍ਹਨ ਵਾਲੇ ਚੁਲਬੁਲੇ ‘ਹੁਸਨੈਨੀ ਪਿੱਦਿਆਂ’ ਨੂੰ ਸਾਹਮਣੇ ਪਾਸਿਓਂ ਦੇਖ ਕੇ ਇਨਸਾਨ ਦੰਗ ਰਹਿ ਜਾਂਦਾ ਹੈ ਅਤੇ ਕੁਦਰਤ ਉੱਤੇ ਵਾਰਿਆ ਜਾਂਦਾ ਹੈ। ਇਨ੍ਹਾਂ ਦੇ ਨਰਾਂ ਦੀ ਧੌਣ ਅਤੇ ਛਾਤੀ ਉੱਤੇ ਚਮਕਦਾਰ ਮੋਰ ਦੀ ਗ਼ਰਦਨ ਵਾਲੇ ਨੀਲੇ-ਫ਼ਿਰੋਜ਼ੀ ਰੰਗ ਦਾ ਇੱਕ ਅੱਧਗੋਲ ਚੱਕਰ ਹੁੰਦਾ ਹੈ। ਮਾਦਾ ਦੀ ਧੋਣ ਉੱਤੇ ਨੀਲੇ ਰੰਗ ਦੀ ਥਾਂ ਸਿਰਫ਼ ਚਿੱਟਾ ਜਾਂ ਫਿੱਕਾ ਕਿਰਮਚੀ ਰੰਗ ਹੀ ਹੁੰਦਾ ਹੈ ਜਿਸ ਦੇ ਕਿਨਾਰਿਆਂ ਉੱਤੇ ਭੂਰੇ ਰੰਗ ਦੀਆਂ ਬਿੰਦੀਆਂ ਹੁੰਦੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਸ ਨੇ ਭੂਰੇ ਮੋਤੀਆਂ ਦਾ ਹਾਰ ਪਾਇਆ ਹੋਵੇ। ਨਰਾਂ ਦੇ ਭਰਵੱਟੇ ਅਤੇ ਮੁੱਛਾਂ ਉੱਪਰ ਚਿੱਟੀਆਂ ਪੱਟੀਆਂ ਹੁੰਦੀਆਂ ਹਨ, ਪਰ ਮਾਦਾ ਦੀਆਂ ਚਿੱਟੀਆਂ ਮੁੱਛਾਂ ਦੇ ਉੱਪਰ ਇੱਕ ਕਾਲੀ ਪੱਟੀ ਹੁੰਦੀ ਹੈ। ਇਨ੍ਹਾਂ ਦੀ ਲੰਬੀ-ਤਿੱਖੀ ਚੁੰਝ ਕਾਲੀ ਹੁੰਦੀ ਹੈ ਜਿਸ ਦੇ ਹੇਠਲੇ ਜਬਾੜੇ ਦਾ ਸਿਰਾ ਪੀਲਾ ਹੁੰਦਾ ਹੈ। ‘ਹੁਸਨੈਨੀ ਪਿੱਦਿਆਂ’ ਦੀਆਂ ਲੱਤਾਂ ਅਤੇ ਪੰਜੇ ਸਲੇਟੀ ਭਾ ਵਾਲੇ ਭੂਰੇ ਹੁੰਦੇ ਹਨ। ਇਨ੍ਹਾਂ ਦੀ ਪੂਛ ਦਾ ਸਿਰਾ ਕਾਲਾ ਅਤੇ ਪੂਛ ਦੀ ਜੜ੍ਹ ਦੇ ਹੇਠ ਛੋਟੇ-ਛੋਟੇ ਸੰਗਤਰੀ ਭਾ ਵਾਲੇ ਅਖਰੋਟੀ ਰੰਗ ਦੇ ਖੰਭ ਹੁੰਦੇ ਹਨ ਜਿਹੜੇ ਉੱਡਣ ਸਮੇਂ ਜ਼ਿਆਦਾ ਦਿਸਦੇ ਹਨ। ਇਨ੍ਹਾਂ ਉੱਤੇ ਬਹਾਰ ਜੂਨ ਤੋਂ ਜੁਲਾਈ ਵਿੱਚ ਆਉਂਦੀ ਹੈ। ਉਸ ਵੇਲੇ ਨਰ ਅਤੇ ਮਾਦਾ ਰਲ ਕੇ ਸੁੱਕੇ ਘਾਹਫੂਸ ਨਾਲ ਕਿਸੇ ਸਿੱਲੀ ਥਾਂ ਉੱਤੇ ਝਾੜੀਆਂ ਵਿੱਚ ਲੁਕਵਾਂ ਜਿਹਾ ਆਲ੍ਹਣਾ ਪਾਉਂਦੇ ਹਨ। ਮਾਦਾ ਆਲ੍ਹਣੇ ਵਿੱਚ 3 ਤੋਂ 4 ਪਿਲਤਣ ਵਾਲੀ ਹਰੀ ਭਾ ਵਾਲੇ ਚਿੱਟੇ ਅੰਡੇ ਦਿੰਦੀ ਹੈ ਜਿਨ੍ਹਾਂ ਉੱਤੇ ਲਾਖੇ ਚਟਾਕ ਹੁੰਦੇ ਹਨ। ਇਕੱਲੀ ਮਾਦਾ ਅੰਡਿਆਂ ਨੂੰ 10 ਤੋਂ 11 ਦਿਨ ਸੇਕ ਕੇ ਬੋਟ ਕੱਢ ਲੈਂਦੀ ਹੈ। ਜਵਾਨ ਬੱਚਿਆਂ ਦੇ ਸਰੀਰ ਉੱਤੇ ਗੂੜ੍ਹੇ ਭੂਰੇ ਚਟਾਕ ਹੁੰਦੇ ਹਨ। ਇਨ੍ਹਾਂ ਦੇ ਨਰ ਅਤੇ ਮਾਦਾ ਇੱਕ ਦੂਸਰੇ ਲਈ ਬਹੁਤ ਵਫ਼ਾਦਾਰ ਹੁੰਦੇ ਹਨ, ਪਰ ਸ਼ੱਕੀ ਸੁਭਾ ਦੇ ਨਰ ਹਰ ਵੇਲੇ ਮਾਦਾ ਦਾ ਪਿੱਛਾ ਕਰਦੇ ਹੋਏ ਉਸ ਤੋਂ ਇੱਕ ਮੀਟਰ ਦੇ ਫ਼ਾਸਲੇ ਉੱਤੇ ਹੀ ਰਹਿੰਦੇ ਹਨ। ਜਦੋਂ ਤਕ ਮਾਦਾ ਅੰਡੇ ਨਹੀਂ ਦੇ ਦਿੰਦੀ, ਨਰ ਉਸ ਦੀ ਦੂਸਰੇ ਨਰਾਂ ਤੋਂ ਰਾਖੀ ਕਰਦੇ ਹਨ।
‘ਹੁਸਨੈਨੀ ਪਿੱਦੇ’ ਆਪਣੇ ਗਾਣੇ ਗਾਉਣ ਦੇ ਨਾਲ-ਨਾਲ ਦੂਸਰੀਆਂ ਚਿੜੀਆਂ ਦੇ ਗਾਣਿਆਂ ਦੀ ਨਕਲ ਵੀ ਬਾਖੂਬੀ ਕਰ ਲੈਂਦੇ ਹਨ। ਆਪਣੇ ਸੋਹਣੇ ਰੰਗਾਂ ਅਤੇ ਮਿੱਠੇ ਗਾਣਿਆਂ ਨਾਲ ਇਹ ਕੁਦਰਤ ਦੀ ਸੁੰਦਰਤਾ ਨੂੰ ਚਾਰ ਚੰਦ ਲਾਉਂਦੇ ਹਨ। ਇਹ ਕੀੜੇ-ਮਕੌੜੇ ਖਾ ਕੇ ਕਿਸਾਨਾਂ ਦੀ ਮੱਦਦ ਵੀ ਕਰਦੇ ਹਨ।


Comments Off on ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.