ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਹਿੰਦੀ ਸਿਨਮਾ ਦੀ ਖ਼ੂਬਸੂਰਤ ਅਦਾਕਾਰਾ ਮਧੂਬਾਲਾ

Posted On February - 25 - 2017

11402cd _madhubala_1ਸ਼ਮਸ਼ੇਰ ਸਿੰਘ ਸੋਹੀ
ਭਾਰਤੀ ਸਿਨਮਾ ਵਿੱਚ ਉੱਚਾ ਸਥਾਨ ਰੱਖਦੀ ਮਧੂਬਾਲਾ ਨੂੰ ਲੋਕ ਦੇਖਣ ਲਈ ਪਾਗਲ ਹੋ ਜਾਂਦੇ ਸਨ। ਉਸ ਦਾ ਜਨਮ 14 ਫਰਵਰੀ, 1933 ਨੂੰ ਨਵੀਂ ਦਿੱਲੀ ਵਿਖੇ ਜਨਾਬ ਅਤਾਉੱਲਾ ਖ਼ਾਨ ਦੇ ਘਰ ਹੋਇਆ। ਬਚਪਨ ਵਿੱਚ ਹੀ ਮੁਮਤਾਜ ਜਹਾਂ ਬੇਗਮ ਦੇਹਲਵੀ ਉਰਫ਼ ਮਧੂਬਾਲਾ ਨੂੰ ਆਪਣੇ ਪੰਜ ਭੈਣ ਭਰਾਵਾਂ ਦੀ ਮੌਤ ਦਾ ਦੁੱਖ ਝੱਲਣਾ ਪਿਆ। ਬਚਪਨ ਵਿੱਚ ਹੀ ਅਦਾਕਾਰੀ ਦਾ ਸ਼ੌਕ, ਘਰ ਦੀ ਗ਼ਰੀਬੀ ਤੇ ਇੰਨੇ ਵੱਡੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ 9 ਸਾਲ ਦੀ ਛੋਟੀ ਉਮਰ ਵਿੱਚ ਹੀ ਮਧੂਬਾਲਾ ਨੇ ਬਤੌਰ ਬਾਲ ਕਲਾਕਾਰ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। 1942 ਵਿੱਚ ਬਣੀ ‘ਬਸੰਤ’ ਫ਼ਿਲਮ ਮਧੂਬਾਲਾ ਦੀ ਪਹਿਲੀ ਫ਼ਿਲਮ ਸੀ। ਅਦਾਕਾਰ ਰਾਜ ਕਪੂਰ ਤੇ ਨਿਰਮਾਤਾ ਨਿਰਦੇਸ਼ਕ ਕੇਦਾਰ ਸ਼ਰਮਾ ਨੇ 1947 ਵਿੱਚ ਬਣਾਈ ਫ਼ਿਲਮ ‘ਨੀਲ ਕਮਲ’ ਰਾਹੀਂ ਮਧੂਬਾਲਾ ਨੂੰ ਬਤੌਰ ਨਾਇਕਾ ਪੇਸ਼ ਕੀਤਾ। ਇਸ ਫ਼ਿਲਮ ਸਮੇਤ ਕਈ ਹੋਰ ਛੋਟੇ ਬਜਟ ਦੀਆਂ ਫ਼ਿਲਮਾਂ ਫਲਾਪ ਰਹੀਆਂ। ਬੰਬੇ ਟਾਕੀਜ਼ ਦੀ ਮਾਲਕਣ ਤੇ ਅਦਾਕਾਰਾ ਦੇਵਿਕਾ ਰਾਣੀ ਨੇ ਉਸ ਦਾ ਨਾਂ ਬੇਬੀ ਮੁਮਤਾਜ ਤੋਂ ਬਦਲ ਕੇ ਮਧੂਬਾਲਾ ਰੱਖ ਦਿੱਤਾ।
1948 ਵਿੱਚ ਕਮਲ ਅਮਰੋਹੀ ਵੱਲੋਂ ਬਣਾਈ ਗਈ ਫ਼ਿਲਮ ‘ਮਹਿਲ’ ਜੋ ਸਸਪੈਂਸ ਤੇ ਰਹੱਸ ’ਤੇ ਆਧਾਰਿਤ ਸੀ, ਵਿੱਚ ਮਧੂਬਾਲਾ ਨੇ ਇੱਕ ਰਹੱਸਮਈ ਨਾਇਕਾ ਦੀ ਭੂਮਿਕਾ ਨਿਭਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਫ਼ਿਲਮ ਵਿੱਚ ਉਸ ਦੀ ਅਦਾਕਾਰੀ ਇੰਨੀ ਪਸੰਦ ਕੀਤੀ ਗਈ ਸੀ ਕਿ ਲੋਕ ਇਸ ਫ਼ਿਲਮ ਦੇ ਨਾਇਕ ਅਸ਼ੋਕ ਕੁਮਾਰ ਦੀ ਭੂਮਿਕਾ ਨੂੰ ਵੀ ਭੁੱਲ ਗਏ ਸਨ। ਇਸ ਤੋਂ ਬਾਅਦ ਹਲਕੀ ਫੁਲਕੀ ਕਾਮੇਡੀ ਤੇ ਨਾਇਕ ਗੁਰੂ ਦੱਤ ਦੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 55’ ਵਿੱਚ ਉਸ ਦੀਆਂ ਅਦਾਵਾਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਫ਼ਿਲਮ ਤਰਾਨਾ ਦੇ ਸੈਂਟ ਤੋਂ ਸ਼ੁਰੂ ਹੋਈ ਮਧੂਬਾਲਾ ਤੇ ਦਿਲੀਪ ਕੁਮਾਰ ਦੇ ਪਿਆਰ ਦੀ ਕਹਾਣੀ ਮਧੂਬਾਲਾ ਦੇ ਸਖ਼ਤ ਮਿਜ਼ਾਜ ਵਾਲੇ ਪਿਤਾ ਦੇ ਨਾਂਹ ਕਰਨ ਕਰਕੇ ਵਿਆਹ ਵਿੱਚ ਨਹੀਂ ਬਦਲ ਸਕੀ। ਬਾਅਦ ਵਿੱਚ ਕਿਸ਼ੋਰ ਕੁਮਾਰ ਨਾਲ ਫ਼ਿਲਮ ਕਰਦੇ ਸਮੇਂ ਇੱਕ ਚੰਗਾ ਹਮਸਫਰ ਲੱਭਦਿਆਂ ਮਧੂਬਾਲਾ ਨੇ 16 ਨਵੰਬਰ, 1960 ਨੂੰ ਗਾਇਕ ਕਲਾਕਾਰ ਕਿਸ਼ੋਰ ਕੁਮਾਰ ਨਾਲ ਵਿਆਹ ਕਰਵਾ ਲਿਆ, ਪਰ ਉਸ ਨਾਲ ਦਿਲੀਪ ਕੁਮਾਰ ਜਿੰਨਾ ਪਿਆਰ ਨਹੀਂ ਕਰ ਸਕੀ। ਬੌਲੀਵੁੱਡ ਦੇ ਨਾਲ ਨਾਲ ਹੌਲੀਵੁੱਡ ਵਿੱਚ ਵੀ ਮਧੂਬਾਲਾ ਇੰਨੀ ਮਸ਼ਹੂਰ ਸੀ ਕਿ ਅਮਰੀਕੀ ਮੈਗਜ਼ੀਨ ‘ਥਿਏਟਰ ਆਰਟ’ ਵਿੱਚ ‘ਦਿ ਬਿਗੈਸਟ ਸਟਾਰ ਇਨ ਦਿ ਵਰਲਡ’ ਸਿਰਲੇਖ ਹੇਠ ਉਸ ਦੀ ਪੂਰੇ ਪੰਨੇ ਦੀ ਤਸਵੀਰ ਛਾਪੀ ਗਈ ਸੀ। ਪ੍ਰਸਿੱਧ ਅਮਰੀਕੀ ਫ਼ਿਲਮ ਨਿਰਦੇਸ਼ਕ ਫਰੈਂਕ ਕਾਪਰਾ ਤਾਂ ਮਧੂਬਾਲਾ ਨੂੰ ਸਾਈਨ ਕਰਨ ਲਈ ਮੁੰਬਈ ਵੀ ਆਇਆ ਸੀ, ਪਰ ਮਧੂਬਾਲਾ ਦੇ ਪਿਤਾ ਨੇ ਇਸ ਫ਼ਿਲਮ ਨੂੰ ਸਾਈਨ ਕਰਨ ਤੋਂ ਨਾਂਹ ਕਰਕੇ ਮਧੂਬਾਲਾ ਨੂੰ ਸਿਰਫ਼ ਬੌਲੀਵੁੱਡ ਤਕ ਹੀ ਸੀਮਤ ਕਰ ਦਿੱਤਾ।
5 ਅਗਸਤ 1960 ਨੂੰ ਰਿਲੀਜ਼ ਹੋਈ ਸੁਪਰ ਹਿੱਟ ਫ਼ਿਲਮ ‘ਮੁਗਲ-ਏ-ਆਜ਼ਮ’ ਜੋ ਕਰੀਮੂਦੀਨ ਆਸਿਫ਼ ਵੱਲੋਂ ਸ਼ਹਿਜ਼ਾਦਾ ਸਲੀਮ ਤੇ ਅਨਾਰਕਲੀ ਦੀ ਮੁਹੱਬਤ ਨੂੰ ਅਮਰ ਕਰਨ ਲਈ ਬਣਾਈ ਗਈ ਸੀ, ਵਿੱਚ ਮਧੂਬਾਲਾ ਨੇ ਅਨਾਰਕਲੀ ਦੇ ਕਿਰਦਾਰ ਨੂੰ ਸਿਹਤ ਖਰਾਬ ਹੋਣ ਦੇ ਬਾਵਜੂਦ ਸਖ਼ਤ ਮਿਹਨਤ ਨਾਲ ਫ਼ਿਲਮੀ ਪਰਦੇ ’ਤੇ ਜਿੰਦਾ ਕਰ ਦਿੱਤਾ। ‘ਮੁਗਲ-ਏ-ਆਜ਼ਮ’  ਨੂੰ ਦੁਬਾਰਾ ਰੰਗੀਨ ਬਣਾ ਕੇ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ ਵਿਚਲੇ ਮਸ਼ਹੂਰ ਗੀਤ ‘ਪਿਆਰ ਕੀਆ ਤੋਂ ਡਰਨਾ ਕਿਆ’ ’ਤੇ ਨਾਚ ਕਰਨ ਲਈ ਮਧੂਬਾਲਾ ਨੂੰ ਬਹੁਤ ਮਿਹਨਤ ਕਰਨੀ ਪਈ ਸੀ। ਦਿਲੀਪ ਕੁਮਾਰ ਦਾ ਮਧੂਬਾਲਾ ਨਾਲ ਵਿਆਹ ਨਹੀਂ ਹੋ ਸਕਿਆ, ਪਰ ਉਨ੍ਹਾਂ ਵਿਚਾਲੇ ਪਿਆਰ ਹੀ ਸੀ ਕਿ ਖ਼ਰਾਬ ਸਿਹਤ ਦੇ ਬਾਵਜੂਦ ਵੀ ਮਧੂਬਾਲਾ ਦੀ ਇੱਛਾ ਸੀ ਕਿ ਉਹ ਦਿਲੀਪ ਕੁਮਾਰ ਨਾਲ ਕੋਈ ਫ਼ਿਲਮ ਵਿੱਚ ਕੰਮ ਕਰੇ।
ਸੁੰਦਰਤਾ ਦੀ ਇਸ ਦੇਵੀ ਨੇ ਫ਼ਿਲਮ ਵਿੱਚ ਹਰ ਪ੍ਰਕਾਰ ਦੇ ਰੋਲ ਕਰਕੇ ਉਨ੍ਹਾਂ ਅਲੋਚਕਾਂ ਦਾ ਮੂੰਹ ਵੀ ਬੰਦ ਕੀਤਾ ਜੋ ਕਹਿੰਦੇ ਸਨ ਕਿ ਮਧੂਬਾਲਾ ਤਾਂ ਸਿਰਫ਼ ਆਪਣੀ ਖ਼ੂਬਸੂਰਤੀ ਕਰਕੇ ਹੀ ਪ੍ਰਸਿੱਧੀ ਹਾਸਲ ਕਰ ਰਹੀ ਹੈ। ਫਾਗੁਨ, ਲਾਲ ਦੁਪੱਟਾ, ਕੱਲ੍ਹ ਹਮਾਰਾ, ਮਹਿਲ, ਅਪਰਾਧੀ, ਦੌਲਤ, ਨਾਦਾਨ, ਸਾਕੀ, ਤੀਰ ਅੰਦਾਜ਼, ਜਾਅਲੀ ਨੋਟ, ਮਿਸਟਰ ਐਂਡ ਮਿਸਿਜ਼ 55, ਬਾਦਲ, ਤਰਾਨਾ, ਸ਼ੀਰੀਂ ਫਰਹਾਦ, ਬਰਸਾਤ ਕੀ ਰਾਤ, ਚਲਤੀ ਕਾ ਨਾਮ ਗਾੜੀ, ਪਾਸਪੋਰਟ, ਝੂਮਰੂ, ਕਾਲਾ ਪਾਨੀ, ਹਾਵੜਾ ਬ੍ਰਿਜ, ਅਮਰ ਤੇ ਦੋ ਉਸਤਾਦ ਜਿਹੀਆਂ ਹਿੱਟ ਫ਼ਿਲਮਾਂ ਦੇਣ ਵਾਲੀ ਮਧੂਬਾਲਾ ਨੇ ਬਤੌਰ ਨਿਰਮਾਤਾ ਕਈ ਫ਼ਿਲਮਾਂ ਬਣਾਈਆਂ ਤੇ ਬਿਮਾਰੀ ਨਾਲ ਲੜਦਿਆਂ ਬਤੌਰ ਨਿਰਦੇਸ਼ਕ ਵੀ ਫ਼ਿਲਮ ਸ਼ੁਰੂ ਕੀਤੀ ਜੋ ਪੂਰੀ ਨਹੀਂ ਹੋ ਸਕੀ।
ਫ਼ਿਲਮੀ ਸਫਰ ਦੌਰਾਨ ਦਿਲ ਵਿੱਚ ਛੇਦ ਹੋਣ ਕਰਕੇ ਮਧੂਬਾਲਾ ਦੀ ਸਿਹਤ ਸਦਾ ਹੀ ਵਿਗੜੀ ਰਹੀ। ਮਦਰਾਸ ਵਿਖੇ ਫ਼ਿਲਮ ‘ਬਹੁਤ ਦਿਨ ਹੁਏ’ ਦੇ ਸੈੱਟ ’ਤੇ ਆਈ ਖੂਨ ਦੀ ਉਲਟੀ ਨੇ ਉਸ ਦੀ ਵਿਗੜਦੀ ਜਾ ਰਹੀ ਹਾਲਤ ਦਾ ਖੁਲਾਸਾ ਫ਼ਿਲਮੀ ਜਗਤ ਵਿੱਚ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਰਹਿਣ ਲੱਗ ਪਈ ਅਤੇ ਲੰਡਨ ਵਿਖੇ ਇਲਾਜ ਦੌਰਾਨ ਉਸਨੂੰ ਪਤਾ ਲੱਗਾ ਕਿ ਉਹ ਕਦੇ ਠੀਕ ਨਹੀਂ ਹੋਵੇਗੀ ਕਿਉਂਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਸਮਾਂ ਗੁਜ਼ਰਨ ਨਾਲ ਉਸ ਦੀ ਬਿਮਾਰੀ ਹੋਰ ਵਧਣ ਲੱਗੀ ਤੇ ਉਸ ਨੂੰ ਕਿਸੇ ਦੇ ਸਹਾਰੇ ਦੀ ਸਖ਼ਤ ਜ਼ਰੂਰਤ ਸੀ, ਪਰ ਕਿਸ਼ੋਰ ਕੁਮਾਰ ਨੇ ਇਸ ਸਮੇਂ ਮਧੂਬਾਲਾ ਦਾ ਸਾਥ ਨਹੀਂ ਦਿੱਤਾ। ਕਿਹਾ ਜਾਂਦਾ ਹੈ ਕਿ ਕਿਸ਼ੋਰ ਕੁਮਾਰ ਉਸ ਦਾ ਇਲਾਜ ਕਰਵਾਉਣਾ ਚਾਹੁੰਦਾ ਸੀ, ਪਰ ਡਾਕਟਰਾਂ ਦੇ ਨਾਂਹ ਕਰਨ ’ਤੇ ਉਹ ਉਸ ਦੇ ਠੀਕ ਨਾ ਹੋਣ ਤੋਂ ਪ੍ਰੇਸ਼ਾਨ ਰਹਿਣ ਲੱਗਾ। ਉਹ ਉਸਤੋਂ ਦੂਰੀ ਰੱਖਣ ਲੱਗ ਪਿਆ ਅਤੇ ਉਸ ਨੂੰ ਉਸਦੀ ਮਾਂ ਦੇ ਘਰ ਛੱਡ ਆਇਆ। ਆਪਣੀ ਜ਼ਿੰਦਗੀ ਦੇ ਅੰਤਿਮ 9 ਸਾਲ ਮਧੂਬਾਲਾ ਨੇ ਬੇਬਸੀ, ਲਾਚਾਰੀ ਤੇ ਇਕੱਲਤਾ ਵਿੱਚ ਹੀ ਗੁਜ਼ਾਰੇ। 23 ਫਰਵਰੀ 1969 ਦੀ ਰਾਤ ਹਿੰਦੀ ਸਿਨਮਾ ਦੀ ਇਹ ਖ਼ੂਬਸੂਰਤ ਅਦਾਕਾਰਾ ਲੰਬੀ ਬਿਮਾਰੀ ਕਾਰਨ 36 ਵਰ੍ਹਿਆਂ ਦੀ ਉਮਰ ਭੋਗ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਗਈ। ਉਸ ਸਮੇਂ ਦੇ ਕਈ ਮੈਗਜ਼ੀਨਾਂ ਨੇ ਕਿਸ਼ੋਰ ਕੁਮਾਰ ਤੇ ਕੇ. ਆਸਿਫ਼ ਨੂੰ ਮਧੂਬਾਲਾ ਦੀ ਮੌਤ ਦਾ ਦੋਸ਼ੀ ਠਹਿਰਾਇਆ ਸੀ ਕਿਉਂਕਿ ਫ਼ਿਲਮ ‘ਮੁਗਲ-ਏ-ਆਜ਼ਮ’ ਵਿੱਚ ਖ਼ਰਾਬ ਸਿਹਤ ਦੇ ਬਾਵਜੂਦ ਸ਼ੂਟਿੰਗ ਸਮੇਂ ਮਧੂਬਾਲਾ ਨੂੰ ਅਸਲੀ ਲੋਹੇ ਦੀਆਂ ਜ਼ੰਜੀਰਾਂ ਪਹਿਨਾਈਆਂ ਗਈਆਂ ਸਨ।
ਮਧੂਬਾਲਾ ਨੂੰ ਅੱਜ ਵੀ ਹਿੰਦੀ ਕਲਾਸੀਕਲ ਸਿਨਮਾ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾ ਮੰਨਿਆ ਜਾਂਦਾ ਹੈ। ਉਹ ਆਪਣੇ ਚਿਹਰੇ ਦੇ ਹਾਵ ਭਾਵ, ਖ਼ੂਬਸੂਰਤ ਅੱਖਾਂ ਤੇ ਕੁਦਰਤ ਵੱਲੋਂ ਬਖ਼ਸ਼ੀ ਖ਼ੂਬਸੂਰਤੀ ਕਰਕੇ ਫ਼ਿਲਮ ਨਗਰੀ ਦੇ ਕਈ ਨਾਇਕਾਂ ਤੇ ਦਰਸ਼ਕਾਂ ਦੇ ਦਿਲ ਵਿੱਚ ਵਸ ਗਈ ਸੀ। ਮਧੂਬਾਲਾ ਦਾ ਮੇਕਅੱਪ ਨਾ ਕਰਨਾ ਤੇ ਬਿਊਟੀ ਪਾਰਲਰ ਤੋਂ ਦੂਰ ਰਹਿਣਾ ਹੀ ਉਸਨੂੰ ਖ਼ੂਬਸੂਰਤ ਬਣਾਉਂਦਾ ਸੀ। ਉਸ ਸਮੇਂ ਦੀਆਂ ਨਾਇਕਾਵਾਂ ਵਿੱਚੋਂ ਸਭ ਤੋਂ ਵੱਧ ਲੋਕ ਮਧੂਬਾਲਾ ਨੂੰ ਪਸੰਦ ਕਰਦੇ ਸਨ। ਹਿੰਦੀ ਸਿਨਮਾ ਜਗਤ ਵਿੱਚ ਅਹਿਮ ਸਥਾਨ ਰੱਖਣ ਵਾਲੀ ਮਧੂਬਾਲਾ ਨੂੰ ਅਦਾਕਾਰੀ ਤੇ ਖ਼ੂਬਸੂਰਤੀ ਲਈ ਰਹਿੰਦੀ ਦੁਨੀਆਂ ਤਕ ਯਾਦ ਕੀਤਾ ਜਾਵੇਗਾ।
ਸੰਪਰਕ: 98764-74671


Comments Off on ਹਿੰਦੀ ਸਿਨਮਾ ਦੀ ਖ਼ੂਬਸੂਰਤ ਅਦਾਕਾਰਾ ਮਧੂਬਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.