ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਅਨਮੋਲ ਖ਼ਜ਼ਾਨਾ ਸਬਰ, ਸੰਤੋਖ ਤੇ ਸੰਜਮ

Posted On March - 11 - 2017

ਕੈਲਾਸ਼ ਚੰਦਰ ਸ਼ਰਮਾ
12802cd _beautiful_baby_girl_flowerਕੁਦਰਤ ਨੇ ਮਨੁੱਖ ਨੂੰ ਅਨੇਕਾਂ ਗੁਣਾਂ ਨਾਲ ਨਿਵਾਜਿਆ ਹੈ ਜੋ ਉਸਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਇਨ੍ਹਾਂ ਵਿੱਚੋਂ ਸਬਰ-ਸੰਤੋਖ ਅਤੇ ਸੰਜਮ ਸਭ ਤੋਂ ਸ਼੍ਰੇਸ਼ਠ ਤੇ ਵਿਲੱਖਣ ਗੁਣ ਹਨ। ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹਨ। ਈਸ਼ਵਰ ਦੀ ਅਰਾਧਨਾ ਦੀ ਪਹਿਲੀ ਪੌੜੀ, ਖੁਸ਼ੀ ਦਾ ਕਾਰਨ ਅਤੇ ਸਫਲਤਾ ਦੀ ਰਾਹ। ਜਿਸ ਵਿਅਕਤੀ ਕੋਲ ਇਹ ਗੁਣ ਹਨ, ਸਮਝੋ ਉਸ ਕੋਲ ਅਨਮੋਲ ਖ਼ਜ਼ਾਨਾ ਹੈ। ਅਜਿਹੇ ਆਦਮੀ ਕਦੇ ਵੀ ਉਦਾਸ ਜਾਂ ਨਿਰਾਸ਼ ਨਹੀਂ ਹੁੰਦੇ ਕਿਉਂਕਿ ਜੀਵਨ ਦੀਆਂ ਖੁਸ਼ੀਆਂ ਅਤੇ ਆਨੰਦ ਆਪਣੇ ਆਪ ਹੀ ਉਸ ਦੇ ਆਲੇ-ਦੁਆਲੇ ਆਪਣਾ ਟਿਕਾਣਾ ਬਣਾ ਲੈਂਦੇ ਹਨ। ਅਜਿਹੇ ਵਿਅਕਤੀ ਸਾਦਗੀ ਪਸੰਦ ਅਤੇ ਨਿਮਰ ਹੁੰਦੇ ਹਨ। ਉਹ ਕਦੇ ਵੀ ਭਟਕਣਾ ਦਾ ਸ਼ਿਕਾਰ ਨਹੀਂ ਹੁੰਦੇ।
ਸਬਰ ਇਨਸਾਨ ਦੀ ਬਹੁਪੱਖੀ ਸ਼ਖ਼ਸੀਅਤ ਦਾ ਇੱਕ ਅਹਿਮ ਤੱਤ ਹੈ। ਇਹ ਇੱਕ ਅਜਿਹੇ ਘੋੜੇ ਵਾਂਗ ਹੁੰਦਾ ਹੈ ਜੋ ਕਦੇ ਵੀ ਆਪਣੇ ਸਵਾਰ ਨੂੰ ਡਿੱਗਣ ਨਹੀਂ ਦਿੰਦਾ, ਨਾ ਕਿਸੇ ਦੀਆਂ ਨਜ਼ਰਾਂ ਵਿੱਚ ਅਤੇ ਨਾ ਹੀ ਕਿਸੇ ਦੇ ਕਦਮਾਂ ਵਿੱਚ। ਸਬਰ ਵਾਲਾ ਬੰਦਾ ਮਿਹਨਤ ਤੋਂ ਨਹੀਂ ਡਰਦਾ।  ਦੁਨੀਆਂ ਦਾ ਕੋਈ ਵੀ ਅਜਿਹਾ ਕੰਮ ਨਹੀਂ ਜੋ ਸਬਰ ਅਤੇ ਉਡੀਕ ਦਾ ਨਤੀਜਾ ਨਾ ਹੋਵੇ। ਵਿਅਕਤੀ ਦਾ ਸਬਰ ਔਕੜ ਸਮੇਂ ਜਾਂ ਕਿਸੇ ਵੱਲੋਂ ਲੋਕਾਂ ਦੀ ਮੌਜੂਦਗੀ ਵਿੱਚ ਉਸ ਨਾਲ ਕੀਤੇ ਦੁਰਵਿਵਹਾਰ ਵੇਲੇ ਹੀ ਪਛਾਣਿਆ ਜਾਂਦਾ ਹੈ। ਸਬਰ ਦੀ ਘਾਟ ਵਾਲੇ ਲੋਕ ਆਪਣੇ ਵਿਰੁੱਧ ਛੋਟੀ ਜਿਹੀ ਗੱਲ ਵੀ ਨਹੀਂ ਸੁਣ ਸਕਦੇ। ਇਸ ਹਾਲਤ ਵਿੱਚ ਕਈ ਵਾਰ ਉਹ ਗ਼ਲਤ ਸ਼ਬਦ ਬੋਲ ਜਾਂਦੇ ਹਨ, ਜੋ ਬਾਅਦ ਵਿੱਚ ਉਨ੍ਹਾਂ ਲਈ ਪਛਤਾਵੇ ਦਾ ਕਾਰਨ ਬਣਦਾ ਹੈ। ਹੋਰ ਅਨੇਕਾਂ ਵਧੀਆ ਗੁਣ ਹੁੰਦਿਆਂ ਹੋਇਆਂ ਵੀ ਸਬਰ ਦੀ ਘਾਟ ਵਾਲੇ ਵਿਅਕਤੀ ਦੀ ਸ਼ਖ਼ਸੀਅਤ ਦਾ ਪ੍ਰਤੀਬਿੰਬ ਲੋਕਾਂ ਉੱਪਰ ਵਧੀਆ ਪ੍ਰਭਾਵ ਨਹੀਂ ਛੱਡਦਾ। ਆਮ ਤੌਰ ’ਤੇ ਅਜਿਹੇ ਲੋਕ ਕਾਹਲੀ-ਕਾਹਲੀ ਵਿੱਚ ਕੰਮ ਕਰਦੇ ਹਨ ਅਤੇ ਕਾਹਲੀ ਵਿੱਚ ਕਈ ਵਾਰ ਅਜਿਹੀਆਂ ਗ਼ਲਤੀਆਂ ਕਰ ਬੈਠਦੇ ਹਨ ਜੋ ਉਨ੍ਹਾਂ ਦੇ ਤਣਾਅ ਦਾ ਕਾਰਨ ਬਣ ਜਾਂਦੀਆਂ ਹਨ। ਘਰ ਵਿੱਚ ਸ਼ਾਂਤੀ ਬਣਾਈ ਰੱਖਣ, ਸਮਾਜ ਵਿੱਚ ਵਿਚਰਨ, ਆਪਣੇ ਕਾਰਜ ਸਥਾਨ ’ਤੇ ਪ੍ਰਭਾਵਸ਼ਾਲੀ ਦਿਸਣ ਅਤੇ ਆਪਣੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ ਇਨਸਾਨ ਵਿੱਚ ਸਬਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਸਫਲ ਵਿਆਹੁਤਾ ਜੀਵਨ ਜਿਊਣ ਅਤੇ ਤਕਰਾਰ ਤੋਂ ਬਚਣ ਲਈ ਸਬਰ ਦਾ ਗੁਣ ਪੈਦਾ ਕੀਤਾ ਜਾਵੇ। ਸਾਥੀ ਨੂੰ ਸਮਝੋ, ਥੋੜ੍ਹਾ ਜਿਹਾ ਖ਼ੁਦ ਝੁਕੋ, ਥੋੜ੍ਹਾ ਜਿਹਾ ਉਸ ਨੂੰ ਝੁਕਾਓ। ਇਹ ਔਰਤ ਦਾ ਸਬਰ ਹੀ ਹੁੰਦਾ ਹੈ ਜੋ ਉਸ ਦੇ ਘਰ ਦੀ ਸ਼ਾਂਤੀ ਨੂੰ ਬਣਾ ਕੇ ਰੱਖਦਾ ਹੈ। ਸ਼ਖ਼ਸ ਬਣ ਕੇ ਨਹੀਂ ਸ਼ਖ਼ਸੀਅਤ ਬਣ ਕੇ ਜੀਓ ਕਿਉਂਕਿ ਸ਼ਖ਼ਸੀਅਤ ਸਦਾ ਜਿੰਦਾ ਰਹਿੰਦੀ ਹੈ, ਸ਼ਖ਼ਸ ਖ਼ਤਮ ਹੋ ਜਾਂਦਾ ਹੈ।
ਸੰਤੋਖ ਦਾ ਅਰਥ ਹੈ ਕੋਈ ਇੱਛਾ ਨਾ ਹੋਣਾ। ਜੋ ਕੁਝ ਤੁਹਾਡੇ ਕੋਲ ਹੈ ਉਸ ਨਾਲ ਹੀ ਖੁਸ਼ ਰਹਿਣਾ। ਇੱਛਾ ਬੁਰੀ ਬਲਾ ਹੈ, ਪੂਰੀ ਨਾ ਹੋਵੇ ਤਾਂ ਕ੍ਰੋਧ ਵਧਦਾ ਹੈ ਅਤੇ ਜੇਕਰ ਪੂਰੀ ਹੋ ਜਾਵੇ ਤਾਂ ਲਾਲਚ ਵਧਦਾ ਹੈ। ਸੰਤੋਖ ਤੋਂ ਮਿੱਠੀ ਕੋਈ ਚੀਜ਼ ਨਹੀਂ। ਇਹ ਲੋਭ ਅਤੇ ਮੋਹ ਦਾ ਨਾਸ ਕਰਦਾ ਹੈ। ਜੋ ਸੁੱਖ ਅਤੇ ਸ਼ਾਂਤੀ, ਸੰਤੋਖ ਰੂਪੀ ਅੰਮ੍ਰਿਤ ਨਾਲ ਤ੍ਰਿਪਤ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਉਹ ਧਨ ਦੇ ਲਾਲਚੀਆਂ ਨੂੰ ਇੱਧਰ-ਉਧਰ ਦੌੜਨ ਨਾਲ ਨਹੀਂ ਮਿਲਦੀ। ਗੁੱਸੇ ਅਤੇ ਲਾਲਚ ਨੂੰ ਖ਼ਤਮ ਕਰਨ ਲਈ, ਮਨੁੱਖ ਨੂੰ ਸਿਹਤਮੰਦ ਰੱਖਣ ਲਈ ਸਭ ਤੋਂ ਅਸਰਦਾਇਕ ਹਥਿਆਰ ਸੰਤੋਖ ਹੈ। ਸੰਤੋਖ, ਸਫਲਤਾ ਨਾਲੋਂ ਵੀ ਵਧੀਆ ਹੈ ਕਿਉਂਕਿ ਸਫਲਤਾ ਦਾ ਫ਼ੈਸਲਾ ਲੋਕ ਕਰਦੇ ਹਨ ਜਦੋਂ ਕਿ ਸੰਤੋਖ ਦਾ ਫ਼ੈਸਲਾ ਵਿਅਕਤੀ ਖ਼ੁਦ ਕਰਦਾ ਹੈ।
ਆਧੁਨਿਕਤਾ ਦੀ ਸੋਚ ਕੋਲ ਨਫ਼ਰਤ ਅਤੇ ਈਰਖਾ ਦੀ ਬਦਬੂ ਦਾ ਜਮ੍ਹਾਂ ਹੋਣਾ ਅਤੇ ਨਜ਼ਦੀਕੀਆਂ ਨਾਲ ਧੋਖੇ ਅਤੇ ਕਤਲ ਕਰਨ ਵਾਲੀ ਮਾਨਸਿਕਤਾ ਵੀ ਸਬਰ-ਸੰਤੋਖ ਦੀ ਕਮੀ ਕਾਰਨ ਹੀ ਪੈਦਾ ਹੁੰਦੀ ਹੈ। ਛੋਟੀਆਂ-ਛੋਟੀਆਂ ਗੱਲਾਂ ਨੂੰ ਨਾ ਵਧਾਉਣ ਦੀ ਕਲਾ ਸਬਰ-ਸੰਤੋਖ ਦੇ ਗੁਣ ਵਾਲੇ ਵਿਅਕਤੀਆਂ ਕੋਲ ਹੀ ਹੁੰਦੀ ਹੈ। ਸਬਰ-ਸੰਤੋਖ ਦਾ ਗੁਣ ਪੈਦਾ ਕਰਨ ਲਈ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਵਿੱਚ ਸਾਦਗੀ, ਧੀਰਜ ਅਤੇ ਸਿਦਕ ਜਿਹੇ ਗੁਣ ਪੈਦਾ ਕਰਨੇ ਪੈਂਦੇ ਹਨ, ਤ੍ਰਿਸ਼ਨਾਵਾਂ ਨੂੰ ਛੱਡਣਾ ਪੈਂਦਾ ਹੈ। ਪਦਾਰਥਾਂ ਦੀ ਹੋਂਦ ਜਾਂ ਅਣਹੋਂਦ ਦਾ ਸਬਰ-ਸੰਤੋਖ  ਵਾਲੇ ਬੰਦੇ ’ਤੇ ਕੋਈ ਅਸਰ ਨਹੀਂ ਹੁੰਦਾ। ਸਬਰ-ਸੰਤੋਖ ਵਾਲਾ ਵਿਅਕਤੀ ਲੋੜ ਤੋਂ ਵਧ ਕਦੇ ਮੰਗਦਾ ਹੀ ਨਹੀਂ ਤੇ ਪ੍ਰਮਾਤਮਾ ਉਸ ਨੂੰ ਲੋੜ ਤੋਂ ਘੱਟ ਕਦੇ ਦਿੰਦਾ ਨਹੀਂ। ਸਬਰ-ਸੰਤੋਖ ਦੀ ਕਮਜ਼ੋਰੀ ਹੀ ਰਿਸ਼ਵਤਖੋਰੀ ਨੂੰ ਜਨਮ ਦਿੰਦੀ ਹੈ। ਸਬਰ-ਸੰਤੋਖ ਉਹ ਢਾਲ ਹੈ ਜਿਸ ਨਾਲ ਬੰਦਾ ਸਾਰੇ ਹਮਲੇ ਸਫਲਤਾ ਨਾਲ ਬਰਦਾਸ਼ਤ ਕਰ ਲੈਂਦਾ ਹੈ।
ਸੰਜਮ ਦਾ ਅਰਥ ਹੈ ਮਨੁੱਖੀ ਇੰਦਰੀਆਂ ’ਤੇ ਕਾਬੂ ਕਰਨਾ। ਸੰਕਟ ਵਿੱਚ ਸੰਜਮ ਹੀ ਸਭ ਤੋਂ ਵੱਡਾ ਸਹਾਰਾ ਹੁੰਦਾ ਹੈ। ਜ਼ਿੰਦਗੀ ਵਿੱਚ ਸੰਜਮ ਨਾਲ ਹੀ ਪੈਸੇ ਦੀ ਬੱਚਤ ਕਰਕੇ ਜ਼ਿੰਦਗੀ ਨੂੰ ਚਿੰਤਾ-ਮੁਕਤ ਬਣਾਇਆ ਜਾ ਸਕਦਾ ਹੈ। ਸੰਜਮ ਦੀ ਸਿਆਣਪ ਨਾਲ ਹੀ ਮੁਸੀਬਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਸੰਜਮੀ ਮਨੁੱਖ ਦੀ ਆਤਮ-ਸ਼ਕਤੀ ਏਨੀ ਮਜ਼ਬੂਤ ਹੋ ਜਾਂਦੀ ਹੈ ਕਿ ਉਹ ਕਿਸੇ ਵੀ ਸੰਕਟ ਤੋਂ ਨਹੀਂ ਡਰਦਾ। ਸੰਜਮ ਦੀ ਸ਼ਕਤੀ ਜੀਵਨ ਨੂੰ ਸੁਗੰਧੀਆਂ ਨਾਲ ਭਰ ਦਿੰਦੀ ਹੈ। ਸੰਜਮ ਹੋਵੇ ਤਾਂ ਹੰਕਾਰ, ਕ੍ਰੋਧ, ਕਾਮ ਦੀ ਥਾਂ ਧੀਰਜ, ਖਿਮਾ ਅਤੇ ਮਰਿਆਦਾ ਬੰਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ ਜਿਸ ਨਾਲ ਜੀਵਨ ਵਿੱਚ ਆਨੰਦ ਅਤੇ ਸੁਗੰਧ ਭਰ ਜਾਂਦੇ ਹਨ। ਖ਼ੁਦ ਤੇ ਸੰਜਮ ਰੱਖਣ ਵਾਲਾ ਹੀ ਸ਼ਕਤੀਸ਼ਾਲੀ ਹੁੰਦਾ ਹੈ। ਸੰਜਮ ਨਾਲ ਬੋਲਣਾ ਅਤੇ ਸੰਜਮ ਨਾਲ ਖਾਣਾ ਕਿਸੇ ਦਾ ਨੁਕਸਾਨ ਨਹੀਂ ਕਰਦੇ। ਜੋ ਵਿਅਕਤੀ ਆਪਣੇ ਮੂੰਹ ਅਤੇ ਜ਼ੁਬਾਨ ’ਤੇ ਸੰਜਮ ਰੱਖਦੇ ਹਨ, ਉਹ ਆਪਣੇ ਆਪ ਨੂੰ ਵੱਖੋ-ਵੱਖਰੇ ਸੰਤਾਪਾਂ ਤੋਂ ਬਚਾ ਕੇ ਰੱਖਦੇ ਹਨ। ਮਨੁੱਖ ਨੂੰ ਹਰ ਪ੍ਰਸਥਿਤੀ ਵਿੱਚ ਸੰਜਮ ਬਣਾਈ ਰੱਖ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ ਤਾਂ ਹੀ ਅਸੀਂ ਸਿਹਤਮੰਦ ਜ਼ਿੰਦਗੀ ਦੀ ਕਲਪਨਾ ਕਰ ਸਕਦੇ ਹਾਂ। ਜਿਸ ਵਿਅਕਤੀ ਨੇ ਆਪਣੇ ਆਪ ’ਤੇ ਸੰਜਮ ਪਾ ਲਿਆ, ਸਮਝੋ ਉਸ ਨੇ ਸਭ ਕੁਝ ਪਾ ਲਿਆ।
ਅੱਜ ਦਾ ਮਨੁੱਖ ਕਿੰਨੀ ਤਰੱਕੀ ਕਰ ਗਿਆ ਹੈ। ਕਿੰਨੀਆਂ ਸੁਖ-ਸਹੂਲਤਾਂ ਉਸ ਨੂੰ ਮਿਲ ਰਹੀਆਂ ਹਨ, ਪਰ ਮਨੁੱਖ ਵਿੱਚੋਂ ਸਬਰ, ਸੰਤੋਖ ਤੇ ਸੰਜਮ ਨਾਂ ਦੀ ਚੀਜ਼ ਗਾਇਬ ਹੋ ਰਹੀ ਹੈ ਜਿਸ ਕਾਰਨ ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਹਾਸਾ ਉਸ ਤੋਂ ਆਪਣਾ ਕਿਨਾਰਾ ਕਰੀ ਬੈਠਾ ਹੈ। ਸਬਰ-ਸੰਤੋਖ ਤੋਂ ਬਿਨਾਂ ਰੱਜਿਆ ਮਨੁੱਖ ਵੀ ਭੁੱਖਾ ਹੀ ਦਿਖਾਈ ਦਿੰਦਾ ਹੈ। ਸੰਸਾਰ ਵਿੱਚ ਕਈ ਸੁੱਖ ਹਨ ਪਰ ਸਬਰ -ਸੰਤੋਖ- ਸੰਜਮ ਸਭ ਤੋਂ ਵਧੀਆ ਸੁੱਖ ਹਨ। ਇਹ ਮਨੁੱਖ ਦਾ ਅਨਮੋਲ ਖ਼ਜ਼ਾਨਾ ਹਨ ਕਿਉਂਕਿ ਅਜਿਹੇ ਗੁਣਾਂ ਨਾਲ ਤ੍ਰਿਪਤ ਮਨੁੱਖ ਹਰ ਹਾਲ ਵਿੱਚ ਖ਼ੁਸ਼ ਹੀ ਰਹਿੰਦਾ ਹੈ, ਉਹ ਕਦੇ ਵੀ ਉਦਾਸ ਜਾਂ ਨਿਰਾਸ਼ ਨਹੀਂ ਹੁੰਦਾ। ਮਨੁੱਖ ਨੂੰ ਸਿਹਤਮੰਦ ਰੱਖਣ ਲਈ ਇਹ ਸਰਵੋਤਮ ਦਵਾਈ ਹੈ। ਸਿਆਣੇ ਕਹਿੰਦੇ ਹਨ ਕਿ ਜਦੋਂ ਸਬਰ-ਸੰਤੋਖ ਤੇ ਸੰਜਮ ਤਿੰਨੇ ਆਪਸ ਵਿੱਚ ਗਲਵਕੜੀ ਪਾ ਲੈਣ ਤਾਂ ਕਿਸਮਤ ਮਹਿਮਾਨ ਬਣ ਕੇ ਖ਼ੁਦ ਦਰ ’ਤੇ ਆ ਜਾਂਦੀ ਹੈ। ਇਸ ਲਈ ਜ਼ਿੰਦਗੀ ਦਾ ਮਜ਼ਾ ਲੈਣ ਲਈ ਸਬਰ-ਸੰਤੋਖ ਅਤੇ ਸੰਜਮ ਦਾ ਪੱਲਾ ਕਦੇ ਨਾ ਛੱਡੀਏ ਕਿਉਂਕਿ ਇਹ ਉਹ ਗੁਣ ਹਨ ਜਿਸ ਨਾਲ ਅਸੀਂ ਇਨਸਾਨ ਕਹਾਉਣ ਦੇ ਕਾਬਲ ਬਣਦੇ ਹਾਂ।
ਸੰਪਰਕ: 80540-16816


Comments Off on ਅਨਮੋਲ ਖ਼ਜ਼ਾਨਾ ਸਬਰ, ਸੰਤੋਖ ਤੇ ਸੰਜਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.