ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਪੁਰਾਤਨ ਰੰਗ

Posted On March - 7 - 2017

ਡਾ. ਗੁਰਦੇਵ ਸਿੰਘ ਸਿੱਧੂ

Triple Horse Riding stunts at the Hola Mohalla Festival, Anandpur Sahib, Punjab

ਗੁਰੂ ਗੋਬਿੰਦ ਸਿੰਘ ਜੀ ਦੁਆਰਾ ਹੋਲੀ ਦੇ ਤਿਉਹਾਰ ਦੀਆਂ ਰੋਮਾਂਚਕ ਬਿਰਤੀਆਂ ਦੀ ਥਾਂ ਸੂਰਮਗਤੀ ਦੀਆਂ ਭਾਵਨਾਵਾਂ ਉਜਾਗਰ ਕਰਨ ਲਈ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ ਗਿਆ।
ਗੁਰੂ ਸਾਹਿਬ ਵੱਲੋਂ ਮਨਾਏ ਪਹਿਲੇ ਹੋਲੇ ਮਹੱਲੇ ਬਾਰੇ ਹਰਜਿੰਦਰ ਸਿੰਘ ਦਿਲਗੀਰ ਨੇ ਪੁਸਤਕ ‘ਅਨੰਦਪੁਰ ਸਾਹਿਬ’ ਵਿੱਚ ਇਹ ਜਾਣਕਾਰੀ ਦਿੱਤੀ ਹੈ, ‘‘24 ਫਰਵਰੀ ਤੋਂ 2 ਮਾਰਚ 1702 ਤਕ ਅਨੰਦਪੁਰ ਸਾਹਿਬ ਵਿੱਚ ਬਹੁਤ ਰੌਣਕਾਂ ਰਹੀਆਂ। ਇਨ੍ਹਾਂ ਦਿਨਾਂ ਵਿੱਚ ਹਿੰਦੂ ਹੋਲੀ ਦਾ ਤਿਉਹਾਰ ਮਨਾ ਰਹੇ ਸਨ। ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸ ਬੇਮਾਅਨਾ ਰਸਮ ਤੋਂ ਬਚਣ ਵਾਸਤੇ ਸਿੱਖਿਆ ਦਿੱਤੀ। ਉਨ੍ਹਾਂ ਨੇ 3 ਮਾਰਚ 1702 ਦੇ ਦਿਨ ਹੋਲਾ ਮਹੱਲਾ ਮਨਾਇਆ। ਇਸ ਦਿਨ ਸਾਰੇ ਸਿੱਖ ਕਿਲ੍ਹਾ ਅਨੰਦਗੜ੍ਹ ਆ ਪੁੱਜੇ। ਇੱਥੇ ਆ ਕੇ ਅਰਦਾਸ ਕਰਨ ਮਗਰੋਂ ਸ਼ਬਦ ਪੜ੍ਹਦੇ ਹੋਏ ਸਿੰਘ ਕਿਲ੍ਹਾ ਹੋਲਗੜ੍ਹ ਤਕ ਪੁੱਜੇ। ਸੁਰਮਈ ਦਸਤਾਰਾਂ ਦਾ ਜਲੂਸ ਕਾਲੀਆਂ ਘਟਾਵਾਂ ਵਾਂਗ ਸਜਿਆ ਹੋਇਆ ਜਾਪਦਾ ਸੀ। ਜਲੂਸ ਨੇ ਹੋਲਗੜ੍ਹ ਪਹੁੰਚ ਕੇ ਸ਼ਬਦ ਪੜ੍ਹੇ ਤੇ ਫੇਰ ਵਾਪਸੀ ਅਨੰਦਗੜ੍ਹ ਵੱਲ ਕੀਤੀ। ਉਸ ਦਿਨ ਘੋੜ ਸਵਾਰੀ, ਨੇਜੇਬਾਜ਼ੀ, ਤਲਵਾਰਬਾਜ਼ੀ, ਗਤਕਾ, ਗੁਰੀਲਾ ਲੜਾਈ ਅਤੇ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਉਸ ਦਿਨ ਤੋਂ ਸਿੰਘਾਂ ਨੇ ਹਰ ਸਾਲ ਹੋਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ, ਜੋ ਅੱਜ ਤਕ ਜਾਰੀ ਹੈ।’’
ਉਸ ਸਮੇਂ ਇਸ ਉਤਸਵ ਦਾ ਕੇਂਦਰੀ ਸਥਾਨ ਕਿਲ੍ਹਾ ਹੋਲਗੜ੍ਹ ਸੀ। ਸਰੂਪ ਸਿੰਘ ਕਸ਼ਿਸ਼ ਰਚਿਤ ‘ਗੁਰੂ ਕੀਆਂ ਸਾਖੀਆਂ’ ਵਿੱਚ ਹੋਲਾ ਮਹੱਲਾ ਮਨਾਉਣ ਦਾ ਬਿਆਨ ਇਉਂ ਕੀਤਾ ਗਿਆ ਹੈ, ‘‘ਇਸੀ ਵਰਖ ਪਿਛਲੇ ਸਾਲ ਕੀ ਤਰਹ ਹੋਲੀਆਂ ਕੇ ਦਿਹੁੰ ਮੇਂ ਕਿਲ੍ਹਾ ਹੋਲਗੜ੍ਹ ਕੇ ਨਜ਼ਦੀਕ ਬੜੀ ਚਹਿਲ ਪਹਿਲ ਹੂਈ। ਖ਼ਾਲਸਾ ਆਪਸ ਮੇਂ ਟੋਲੀਆਂ ਬਨਾਇ ਫਲਗੁਨ ਸੁਦੀ ਅਸ਼ਟਮੀ ਸੇ ਪੂਰਨਮਾਂ ਤੀਕ ਸ਼ਸ਼ ਕਿਲ੍ਹਾ ਅਨੰਦਗੜ੍ਹ ਸੇ ਬਾਹਰ ਕਿਲਾ ਲੋਹਗੜ੍ਹ ਕੇ ਨਜ਼ਦੀਕ ਬੜੀਆਂ ਰੌਣਕਾਂ ਰਹੀਆਂ। ਇਸ ਉਪਰੰਤ ਖ਼ਾਲਸਾ ਹੋਲਗੜ੍ਹ ਕੀ ਤਰਫ ਆਇਆ। ਪਿਰਥਮੈਂ ਪਾਂਚ ਨਿਸ਼ਾਨਚੀ ਇਨ ਕੈ ਪੀਛੇ ਪਾਂਚ ਪਿਆਰੇ, ਜਿਨ ਕੇ ਹਾਥੋਂ ਮੇਂ ਲੰਮੀਆਂ ਕਿਰਪਾਨਾਂ ਪਕੜੀਆਂ ਹੋਈਆਂ ਸਨ… ਇਸ ਤਰਹ ਖ਼ਾਲਸਈ ਦਰਿਆ ਠਾਠਾਂ ਮਾਰਦਾ ਹੋਇਆ ਪੂਰੇ ਜੋਬਨ ਸੇ ਹੋਲਗੜ੍ਹ ਕੇ ਮੈਦਾਨ ਮੇਂ ਜਾਇ ਪਹੁੰਚਾ।’’
‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਅਨੁਸਾਰ, ‘‘ਹੋਲੇ ਮਹੱਲੇ ਵਾਲੇ ਦਿਨ ਖ਼ਾਲਸੇ ਨੂੰ ਦੋ ਦਲਾਂ ਵਿੱਚ ਵੰਡ ਕੇ, ਦਸਮ ਪਾਤਸ਼ਾਹ ਮਸਨੂਈ (ਨਕਲੀ) ਯੁੱਧ ਕਰਵਾਇਆ ਕਰਦੇ ਸਨ। ਇੱਕ ਦਲ ਨਿਸ਼ਚਿਤ ਸਥਾਨ ਉੱਤੇ ਕਾਬਜ਼ ਹੋ ਜਾਂਦਾ, ਦੂਜਾ ਉਸ ਉੱਤੇ ਹਮਲਾ ਕਰ ਕੇ ਕਿਲ੍ਹਾ ਖੋਹਣ ਦਾ ਯਤਨ ਕਰਦਾ। ਇਸ ਤਰ੍ਹਾਂ ਨਕਲੀ ਯੁੱਧ ਦੁਆਰਾ ਯੁੱਧ-ਜੁਗਤੀ ਤੇ ਪੈਂਤਰੇਬਾਜ਼ੀ ਦਾ ਅਭਿਆਸ ਹੁੰਦਾ। ਯੁੱਧ ਦੇ ਨਗਾਰੇ ਵੱਜਦੇ, ਹਥਿਆਰਾਂ ਦਾ ਟਕਰਾਓ ਹੁੰਦਾ, ਜੈਕਾਰੇ ਗੂੰਜਦੇ ਅਤੇ ਫ਼ਤਹਿ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ।’’
ਦਸੰਬਰ 1704 ਵਿੱਚ ਪਹਾੜੀ ਰਾਜਿਆਂ ਤੇ ਮੁਗ਼ਲ ਸੈਨਾ ਦੀਆਂ ਸਹੁੰਆਂ ਉੱਤੇ ਭਰੋਸਾ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਤੋਂ ਚਲੇ ਗਏ ਤਾਂ ਮੁਗ਼ਲ ਸੈਨਿਕਾਂ ਦੇ ਡਰ ਕਾਰਨ ਇੱਥੋਂ ਦੇ ਵਸਨੀਕਾਂ ਨੇ ਵੀ ਅਨੰਦਪੁਰ ਵਿੱਚੋਂ ਚਲੇ ਜਾਣ ਵਿੱਚ ਭਲਾਈ ਸਮਝੀ। ਇੰਜ ਇੱਕ ਵਾਰ ਹੋਲਾ ਮਹੱਲਾ ਮਨਾਉਣ ਦੀ ਨਿਰੰਤਰਤਾ ਵਿੱਚ ਵਿਘਨ ਤਾਂ ਪੈ ਗਿਆ ਪਰ ਸਿੱਖ ਇਸ ਉਤਸਵ ਨੂੰ ਭੁੱਲੇ ਨਹੀਂ। ਔਖੇ ਸਮਿਆਂ ਵਿੱਚ ਵੀ ਜੋਂਦ ਦਾਅ ਲੱਗਦਾ, ਉਹ ਹੋਲਾ ਮਹੱਲਾ ਮਨਾਉਂਦੇ ਰਹੇ। ਗਿਆਨੀ ਗਿਆਨ ਸਿੰਘ ਨੇ ‘‘ਤਵਾਰੀਖ ਗੁਰੂ ਖਾਲਸਾ’’ ਵਿੱਚ ਲਿਖਿਆ, ‘‘ਸਰਹੰਦ ਦੇ ਸੂਬੇਦਾਰ ਸਦੀਕ ਬੇਗ ਨੂੰ ਭਾਂਜ ਦੇ ਕੇ ਅਤੇ ਰੋਪੜੀਏ ਪਠਾਣਾਂ ਤੇ ਨਾਲਾਗੜ੍ਹੀਏ ਰਾਜਾ ਤੋਂ ਨਜ਼ਰਾਨਾ ਲੈ ਕੇ ਸਿੰਘਾਂ ਨੇ ਸੰਮਤ 1813 ਬਿਕਰਮੀ ਨੂੰ ਅਨੰਦਪੁਰ ਦੇ ਹੋਲੇ ਮੇਲੇ ਵਿੱਚ ਗੁਲਾਲ ਤੇ ਗੁਟਕੇ ਜਾ ਉਡਾਏ।’’
ਮਾਰਚ 1763 ਦੇ ਹੋਲੇ ਸਮੇਂ ਵੀ ਅਨੰਦਪੁਰ ਵਿੱਚ ਰੌਣਕਾਂ ਲੱਗੀਆਂ, ਜਦੋਂ ਸਰਦਾਰ ਤਾਰਾ ਸਿੰਘ ਗੈਬਾ ਸਰਹੰਦ ਵੱਲ ਜਾ ਰਹੀ ਸ਼ਾਹੀ ਸੈਨਿਕ ਟੋਲੀ ਨੂੰ ਮੋਰਿੰਡੇ ਦੇ ਸਥਾਨ ਉੱਤੇ ਹਰਾ ਕੇ ਇਸ ਉਤਸਵ ਵਿੱਚ ਸ਼ਾਮਲ ਹੋਇਆ ਸੀ। ਇਸ ਅਰਸੇ ਦੌਰਾਨ ਅਨੰਦਪੁਰ ਆ ਵਸੇ ਗੁਰੂ-ਅੰਸ਼ ਸੋਢੀ ਸ਼ਾਮ ਸਿੰਘ ਦੇ ਚਾਰ ਪਰਿਵਾਰਾਂ ਨੇ ਅਨੰਦਪੁਰ ਦੀ ਖੁੱਸ ਚੁੱਕੀ ਸ਼ਾਨੋ ਸ਼ੌਕਤ ਨੂੰ ਬਹਾਲ ਕਰਨ ਵੱਲ ਧਿਆਨ ਦਿੱਤਾ ਪਰ ਕਿਸੇ ਕਾਰਨ ਹੋਲੇ ਮਹੱਲੇ ਦੇ ਜਲੂਸ ਦਾ ਰਸਤਾ ਬਦਲ ਦਿੱਤਾ ਗਿਆ। ਹੁਣ ਇਹ ਮਹੱਲਾ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਨਦੀ ਚਰਨ ਗੰਗਾ ਦੇ ਕਿਨਾਰੇ ਖੁੱਲ੍ਹੇ ਮੈਦਾਨ ਵਿੱਚ ਪੁੱਜਦਾ ਤੇ ਉੱਥੇ ਸ਼ਸਤਰ ਵਿੱਦਿਆ ਦੇ ਹੁਨਰ ਦੀ ਪ੍ਰਦਰਸ਼ਨੀ ਕਰਨ ਪਿੱਛੋਂ ਵਾਪਸ ਸ੍ਰੀ ਕੇਸਗੜ੍ਹ ਸਾਹਿਬ ਆ ਕੇ ਸਮਾਪਤ ਹੁੰਦਾ। ਸਿੱਖ ਸਰਦਾਰਾਂ ਵੱਲੋਂ ਮਿਲੀ ਸਰਪ੍ਰਸਤੀ ਕਾਰਨ ਅਨੰਦਪੁਰ ਵਾਸੀ ਸੋਢੀਆਂ ਦੀ ਜਾਇਦਾਦ ਵਿੱਚ ਬੇਅੰਤ ਵਾਧਾ ਹੋਇਆ। 1845-46 ਦੌਰਾਨ ਸਿੱਖਾਂ ਤੇ ਅੰਗਰੇਜ਼ਾਂ ਦਰਮਿਆਨ ਹੋਏ ਪਹਿਲੇ ਯੁੱਧ ਵਿੱਚ ਸੋਢੀਆਂ ਵੱਲੋਂ ਲਾਹੌਰ ਦਰਬਾਰ ਦਾ ਪੱਖ ਪੂਰਨ ਤੋਂ ਨਾਰਾਜ਼ ਹੋਏ ਅੰਗਰੇਜ਼ ਹਾਕਮਾਂ ਨੇ ਜੰਗ ਜਿੱਤਣ ਪਿੱਛੋਂ ਉਨ੍ਹਾਂ ਦੀ ਚੋਖੀ ਜਾਇਦਾਦ ਜ਼ਬਤ ਕਰ ਲਈ ਪਰ ਸਿੱਖ ਜਗਤ ਵਿੱਚ ਉਨ੍ਹਾਂ ਪ੍ਰਤਿ ਸ਼ਰਧਾ ਭਾਵਨਾ ਨੂੰ ਦੇਖਦਿਆਂ ਉਨ੍ਹਾਂ ਦੀ ਇੱਜ਼ਤ-ਬਹਾਲੀ ਕਰ ਦਿੱਤੀ ਗਈ।
ਸਿੱਖ ਸਰਦਾਰਾਂ ਵਿੱਚ ਪ੍ਰਚਲਿਤ ਵਿਰਾਸਤੀ ਵੰਡ ਦੇ ਅਸੂਲ ਅਨੁਸਾਰ ਪਿਤਾ ਦੇ ਮਰਨ ਪਿੱਛੋਂ ਉਸ ਦੇ ਸਭ ਤੋਂ ਵੱਡੇ ਪੁੱਤਰ ਨੂੰ ਹੀ ਮੁਖੀ ਮੰਨਿਆ ਜਾਂਦਾ ਸੀ। ਇਸ ਲਈ ਅਨੰਦਪੁਰ ਦੇ ਸਭਨਾਂ ਸੋਢੀਆਂ ਵਿੱਚੋਂ ਵੱਡੀ ਸਰਕਾਰ ਦੇ ਲਕਬ ਨਾਲ ਜਾਣੇ ਜਾਂਦੇ ਗੁਰੂ-ਵੰਸ਼ਜਾਂ ਨੂੰ ਵਧੇਰੇ ਮਾਣ-ਸਤਿਕਾਰ ਪ੍ਰਾਪਤ  ਸੀ। ਫ਼ਲਸਰੂਪ ਵੱਡੀ ਸਰਕਾਰ ਪਰਿਵਾਰ ਦਾ ਮੁਖੀ ਹੀ ਹਾਥੀ ਉੱਤੇ ਸਵਾਰ ਹੋ ਕੇ ਹੋਲੇ ਮਹੱਲੇ ਦੇ ਉਤਸਵ ਦੌਰਾਨ ਸਿੱਖ ਸੰਗਤਾਂ ਦੀ ਅਗਵਾਈ ਕਰਦਾ ਸੀ। ਇੰਜ ਸਿੱਖ ਧਰਮ ਦੀਆਂ ਹੋਰਨਾਂ ਰਸਮਾਂ ਦੀ ਪੁਨਰ ਸਥਾਪਨਾ ਹੋਣ ਦੇ ਨਾਲ ਨਾਲ ਹੋਲੇ ਮਹੱਲੇ ਦਾ ਪੁਰਬ ਵੀ ਸ਼ਾਨੌ ਸ਼ੌਕਤ ਨਾਲ ਮਨਾਇਆ ਜਾਣ ਲੱਗਾ। ਹੋਲੇ-ਮਹੱਲੇ ਦੀ ਸ਼ਾਨੌ ਸ਼ੌਕਤ ਦਾ ਬਿਆਨ ਜ਼ਿਲ੍ਹਾ ਗਜ਼ਟੀਅਰ, ਹੁਸ਼ਿਆਰਪੁਰ (1904) ਵਿੱਚ ਇੰਜ ਕੀਤਾ ਗਿਆ ਹੈ:
‘‘ਅਨੰਦਪੁਰ ਦਾ ਹੋਲਾ ਮੇਲਾ ਦੋ ਦਿਨ ਭਰਦਾ ਹੈ। ਦੂਜੇ ਦਿਨ ਦੁਪਹਿਰ ਪਿੱਛੋਂ ਵੱਖ ਵੱਖ ਗੁਰਦੁਆਰਿਆਂ ਦੇ ਸ਼ਰਧਾਲੂ ਆਪੋ ਆਪਣੇ ਵਿਸ਼ੇਸ਼ ਨਿਸ਼ਾਨ ਸਾਹਿਬ ਲੈ ਕੇ ਕੀਰਤਨ ਕਰਦੇ ਹੋਏ ਨਜ਼ਦੀਕ ਵਾਲੇ ਚੋ ਉੱਤੇ ਪੁੱਜਦੇ ਹਨ। ਸਾਰੇ ਨਿਸ਼ਾਨ ਸਾਹਿਬ ਇਕੱਠੇ ਹੋਣ ਦਾ ਨਜ਼ਾਰਾ ਬੜਾ ਦਿਲਚਸਪ ਤੇ ਚਿਤਰਮਈ ਹੁੰਦਾ ਹੈ। ਆਪੋ ਆਪਣੇ ਨਿਸ਼ਾਨ ਸਾਹਿਬ ਦੁਆਲੇ ਝੁਰਮਟ ਪਾਈ ਪੁਜਾਰੀਆਂ ਅਤੇ ਸ਼ਰਧਾਲੂਆਂ ਦੇ ਜਲੂਸ ਭੇਟਾ ਪ੍ਰਾਪਤ ਕਰਦੇ ਅਤੇ ਲੋਕਾਂ ਨੂੰ ਅਸੀਸਾਂ ਦਿੰਦੇ ਹੋਏ ਹੌਲੀ ਹੌਲੀ ਚੱਲਦੇ ਹਨ। ਗੂੜੇ ਨੀਲੇ ਵਸਤਰ ਪਹਿਨ ਕੇ ਅਤੇ ਸ਼ੰਕੂ-ਰੂਪ ਪਗੜੀਆਂ ਦੇ ਦੁਆਲੇ ਸਟੀਲ ਦੇ ਚੱਕਰ ਸਜਾਈ ਨਿਹੰਗ ਅਨੰਦਪੁਰ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਲਈ ਜਾਂਦੇ ਵੇਖਣ ਯੋਗ ਹੁੰਦੇ ਹਨ। ਬਹੁਤ ਸਾਰੇ ਨਿਹੰਗ ਘੋੜਿਆਂ ਉੱਤੇ ਸਵਾਰ ਹੁੰਦੇ ਹਨ ਅਤੇ ਆਪ ਮੁਹਾਰੇ ਹੱਲਾ ਕਰਦੇ, ਜੋਸ਼ੀਲੇ ਹਾਵ-ਭਾਵ ਪ੍ਰਗਟਾਉਂਦੇ ਅਤੇ ਜੈਕਾਰੇ ਬੁਲਾਉਂਦੇ  ਇਉਂ ਵਿਚਰਦੇ ਹਨ ਜਿਵੇਂ ਕਿਸੇ ਦੁਸ਼ਮਣ ਪਾਸੋਂ ਆਪਣੇ ਨਿਸ਼ਾਨ ਸਾਹਿਬ ਦੀ ਰੱਖਿਆ ਕਰ ਰਹੇ ਹੋਣ। ਕਦੇ ਕਦਾਈਂ ਕਿਸੇ ਇੱਕ ਟੋਲੀ ਵੱਲੋਂ ਗੁਰੂ ਦਾ ਜਸ ਗਾਇਨ ਕਰਨ ਲਈ ਸ਼ਬਦ ਦੀ ਡੂੰਘੀ ਧੁਨੀ ਉਠਦੀ ਹੈ। ਸੋਢੀ ਆਪਣੇ ਹਾਥੀਆਂ ਤੇ ਸਜੇ ਹੋਏ ਘੋੜਿਆਂ ਉੱਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਹਜੂਮ ਵਿੱਚੋਂ ਲੰਘਦੇ ਹਨ। ਹਾਥੀ ਉੱਤੇ ਸਵਾਰ ਵੱਡੀ ਸਰਕਾਰ ਸਿਰ ਉੱਤੇ ਚੌਰੀ ਝੁਲਾਉਂਦਿਆਂ, ਜਨਤਾ ਪਾਸੋਂ ਸਤਿਕਾਰ ਅਤੇ ਭੇਟਾ ਪ੍ਰਾਪਤ ਕਰਦੀ ਹੈ। ਇਸ ਅਵਸਰ ਉੱਤੇ ਇਕੱਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਪਗ ਤੀਹ ਹਜ਼ਾਰ ਹੁੰਦੀ ਹੈ।
‘‘ਸ਼ਾਮ ਵੇਲੇ ਨਿਸ਼ਾਨ ਸਾਹਿਬ ਧੀਮੀ ਗਤੀ ਨਾਲ ਅਤੇ ਜੇਤੂਆਂ ਵਾਲੀ ਸ਼ਾਨ ਨਾਲ ਕਸਬੇ ਵੱਲ ਲਿਆਏ ਜਾਂਦੇ ਹਨ। ਸੂਰਜ ਛਿਪਦੇ ਭੀੜ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਬਹੁਤੇ ਸ਼ਰਧਾਲੂ ਆਪਣੇ ਘਰਾਂ ਨੂੰ ਚਾਲੇ ਪਾ ਦਿੰਦੇ ਹਨ। ਬਹੁਤ ਸਾਰੇ ਕੱਟੜ ਨਿਹੰਗਾਂ ਦੀ ਹਾਜ਼ਰੀ ਸਦਕਾ ਇਸ ਮੇਲੇ ਨੂੰ ਸਦਾ ਹੀ ਕੁਝ ਰਾਜਸੀ ਮਹੱਤਵ ਵਾਲਾ ਸਮਝਿਆ ਜਾਂਦਾ ਹੈ। ਇਕ ਮੌਕੇ 1864 ਵਿੱਚ ਇਕ ਕੱਟੜ ਸਿੱਖ ਨੇ ਲੁਧਿਆਣਾ ਮਿਸ਼ਨ ਦੇ ਇੱਕ ਪ੍ਰਚਾਰਕ ਨੂੰ ਮਾਰ ਦਿੱਤਾ ਸੀ। ਇੱਕ ਤਜਰਬੇਕਾਰ ਮੈਜਿਸਟ੍ਰੇਟ ਅਤੇ ਸ਼ਕਤੀਸ਼ਾਲੀ ਪੁਲੀਸ ਬਲ ਦੇ ਨਾਲ ਪੁਲੀਸ ਦੇ ਜ਼ਿਲ੍ਹਾ ਸੁਪਰਡੈਂਟ ਦੀ ਮੌਕੇ ਉੱਤੇ ਤਾਇਨਾਤੀ ਹਮੇਸ਼ਾ ਹੀ ਲਾਹੇਵੰਦੀ ਸਮਝੀ ਗਈ ਹੈ। ਇਸ ਮੇਲੇ ਤੋਂ ਤੁਰੰਤ ਪਹਿਲਾਂ ਵੀਹ-ਤੀਹ ਹਜ਼ਾਰ ਦੇ ਲਗਪਗ ਵੱਡੀ ਗਿਣਤੀ ਵਿੱਚ ਲੋਕ ਅਨੰਦਪੁਰ ਤੋਂ ਛੇ ਮੀਲ ਦੂਰ ਸਥਿਤ ਕੀਰਤਪੁਰ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਉਂਦੇ ਅਤੇ ਉਥੋਂ ਅਨੰਦਪੁਰ ਪੁੱਜਦੇ ਹਨ।’’
ਹੋਲੇ ਮਹੱਲੇ ਦੇ ਇਸ ਧਾਰਮਿਕ ਪੱਖ ਦੇ ਨਾਲ ਨਾਲ ਇਸ ਦਾ ਦੂਜਾ ਪੱਖ ਵੀ ਸੀ। ਛੋਟੇ ਕਸਬੇ ਵਿੱਚ ਬੇਅੰਤ ਸੰਗਤ ਦੇ ਆਉਣ ਕਾਰਨ ਉਤਪੰਨ ਹੋ ਸਕਦੀ ਸੰਭਾਵੀ ਭਗਦੜ ਤੋਂ ਬਚਣ ਵਾਸਤੇ ਸਰਕਾਰ ਵਿਸ਼ੇਸ਼ ਪੁਲੀਸ ਦਲ ਤਾਇਨਾਤ ਕਰਦੀ। ਭਾਵੇਂ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸਿੱਖ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਅੰਮ੍ਰਿਤ ਛਕਣ ਵਾਸਤੇ ਆਉਂਦੇ ਪਰ ਇਸ ਉਤਸਵ ਨੂੰ ਮੇਲਾ ਸਮਝ ਕੇ ਮਨੋਰੰਜਨ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਸੀ ਹੁੰਦੀ। ਸਰਕਾਰ ਪਿੰਡਾਂ ਤੋਂ ਮਨੋਰੰਜਨ ਕਰਨ ਦੇ ਮਕਸਦ ਲਈ ਆਏ ਅਜਿਹੇ ਲੋਕਾਂ ਲਈ ਗਿਣਤੀ ਦੇ ਦਿਨਾਂ ਲਈ ਸ਼ਰਾਬ ਦਾ ਠੇਕਾ ਖੋਲ੍ਹ ਦਿੰਦੀ, ਜੋ ਸ਼ਰਾਬ ਪੀ ਕੇ ਇਧਰ ਉਧਰ ਘੁੰਮਦੇ। ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭਿਕ ਦੌਰ ਵਿੱਚ ਹੀ ਅਕਾਲੀਆਂ ਨੇ ਅਜਿਹੀ ਖਰਮਸਤੀ ਨੂੰ ਰੋਕਣ ਵਾਸਤੇ ਹੋਲੇ ਮਹੱਲੇ ਦੇ ਪ੍ਰਬੰਧ ਵਿੱਚ ਦਖ਼ਲਅੰਦਾਜ਼ੀ ਕਰਨੀ ਸ਼ੁਰੂ ਕੀਤੀ। ਫ਼ਲਸਰੂਪ 1921 ਤੋਂ ਇਨ੍ਹਾਂ ਕੁਰੀਤੀਆਂ ਨੂੰ ਠੱਲ੍ਹ ਪੈਣੀ ਸ਼ੁਰੂ ਹੋਈ ਅਤੇ 1925 ਵਿੱਚ ਗੁਰਦੁਆਰਾ ਐਕਟ ਬਣਨ ਪਿੱਛੋਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਆਉਣ ਪਿੱਛੋਂ ਹੋਲੇ ਮਹੱਲੇ ਦਾ ਸਰੂਪ ਉੱਕਾ ਹੀ ਬਦਲ ਗਿਆ।
ਸੰਪਰਕ: 94170-49417


Comments Off on ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਪੁਰਾਤਨ ਰੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.