ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਅਲਬੇਲਾ ਗਾਇਕ ਸੀ ਆਸਾ ਸਿੰਘ ਮਸਤਾਨਾ

Posted On March - 18 - 2017

10703cd _asa singh mastanaਹਰਦਿਆਲ ਸਿੰਘ ਥੂਹੀ

ਪੰਜਾਬੀ ਸਮਾਜ ਅਤੇ ਸੱਭਿਆਚਾਰ ਨੂੰ ਗਾਇਕੀ ਰਾਹੀਂ ਪੇਸ਼ ਕਰਕੇ ਇਸ ਦੇ ਭੰਡਾਰ ਨੂੰ ਪ੍ਰਫੁੱਲਤ ਕਰਨ ਅਤੇ ਪੰਜਾਬੀ ਗਾਇਕੀ ਨੂੰ ਸਦਾਬਹਾਰ ਗੀਤ ਦੇਣ ਵਾਲੇ ਜਿਨ੍ਹਾਂ ਕੁਝ ਇੱਕ ਗਿਣਤੀ ਦੇ ਗਾਇਕਾਂ ਦਾ ਨਾਂ ਲਿਆ ਜਾ ਸਕਦਾ ਹੈ, ਉਨ੍ਹਾਂ ਵਿੱਚੋਂ ਇੱਕ ਉੱਭਰਵਾਂ ਨਾਂ ਹੈ -ਆਸਾ ਸਿੰਘ ਮਸਤਾਨਾ। ਇਸ ਅਲਬੇਲੇ ਗਾਇਕ ਦੇ ਗਾਏ ਗੀਤਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਜੋ ਤਸਵੀਰ ਝਲਕਦੀ ਹੈ ਉਹ ਸਾਨੂੰ ਸਾਡੇ ਵਿਰਸੇ ਨਾਲ ਜੋੜਦੀ ਹੈ।
ਮਸਤਾਨੇ ਦੇ ਕਾਫ਼ੀ ਗਿਣਤੀ ਵਿੱਚ ਗੀਤ ਰਿਕਾਰਡ ਹੋਏ ਮਿਲਦੇ ਹਨ। ਉਸਦੀ ਗਾਇਕੀ ਕੇਵਲ ਗਿਣਤੀ ਪੱਖੋਂ ਹੀ ਨਹੀਂ, ਸਗੋਂ ਗੁਣਾਂ ਪੱਖੋਂ ਵੀ ਖ਼ਾਸ ਮਹੱਤਵ ਰੱਖਦੀ ਹੈ। ਉਸਨੇ ਗਾਇਕੀ ਵਿੱਚ ਕੁਝ ਅਜਿਹੀਆਂ ਲੀਹਾਂ ਪਾਈਆਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣਨ ਦੇ ਯੋਗ ਹਨ। ਉਸਦੀ ਗਾਈ ਵਾਰਿਸ ਸ਼ਾਹ ਦੀ ‘ਹੀਰ’ ਦਾ ਕੋਈ ਤੋੜ ਨਹੀਂ। ਇਸੇ ਤਰ੍ਹਾਂ ਨੰਦ ਲਾਲ ਨੂਰਪੁਰੀ ਦੀ ਰਚਨਾ ‘ਪੰਜਾਬਣ’ ਨੂੰ ਜਿਸ ਅੰਦਾਜ਼ ਅਤੇ ਪੁਖ਼ਤਗੀ ਨਾਲ ਮਸਤਾਨੇ ਨੇ ਗਾਇਆ ਹੈ, ਉਹ ਆਪਣੀ ਮਿਸਾਲ ਆਪ ਹੈ। ਇਸੇ ਤਰ੍ਹਾਂ ਉਸਦੇ ਗਾਏ ‘ਅਰਥੀ’ ਗੀਤ ਦਾ ਕੋਈ ਜਵਾਬ ਨਹੀਂ।
10903cd _hardyal singh_fਮਸਤਾਨੇ ਦਾ ਜਨਮ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਸ਼ੇਖੂਪੁਰੇ (ਅੱਜਕੱਲ੍ਹ ਪਾਕਿਸਤਾਨ ਵਿੱਚ) ਵਿਖੇ 23 ਅਗਸਤ 1926 ਨੂੰ ਪਿਤਾ ਸ. ਪ੍ਰੀਤਮ ਸਿੰਘ ਦੇ ਘਰ ਮਾਤਾ ਅੰਮ੍ਰਿਤ ਕੌਰ ਦੀ ਕੁੱਖੋਂ ਹੋਇਆ। ਘਰਦਿਆਂ ਨੇ ਉਸਦਾ ਨਾਂ ਆਸਾ ਸਿੰਘ ਰੱਖਿਆ। ਚੰਗਾ ਸਰਦਾ ਪੁੱਜਦਾ ਪਰਿਵਾਰ ਹੋਣ ਕਾਰਨ ਆਸਾ ਸਿੰਘ ਦੀ ਪਰਿਵਰਸ਼ ਵਧੀਆ ਤਰੀਕੇ ਨਾਲ ਹੋਈ। ਉਨ੍ਹਾਂ ਸਮਿਆਂ ਵਿੱਚ ਉਸਨੂੰ ਪੜ੍ਹਨ ਦੇ ਮੌਕੇ ਮਿਲੇ। ਉਸਨੇ ਸਿੱਖ ਨੈਸ਼ਨਲ ਕਾਲਜ ਲਾਹੌਰ ਤੋਂ ਬੀ.ਏ. ਪਾਸ ਕੀਤੀ।
ਆਸਾ ਸਿੰਘ, ‘ਮਸਤਾਨਾ’ ਕਿਵੇਂ ਬਣਿਆ! ਇਹ ਵੀ ਇੱਕ ਦਿਲਚਸਪ ਘਟਨਾ ਹੈ। ਛੋਟੀਆਂ ਜਮਾਤਾਂ ਵਿੱਚ ਪੜ੍ਹਦਿਆਂ ਇੱਕ ਦਿਨ ਜਮਾਤ ਵਿੱਚ ਬੈਠਾ ਉਹ ਸ਼ਰਾਰਤੀ ਲਹਿਜੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਰਿਹਾ ਸੀ। ਅਧਿਆਪਕ ਨੇ ਫੜ ਲਿਆ ਤੇ ਕਿਹਾ,‘ਓਏ ਆਸਿਆ ਤੂੰ ਤਾਂ ਬੜੀਆਂ ਮਸਤਾਨਿਆਂ ਵਾਲੀਆਂ ਗੱਲਾਂ ਕਰਦੈਂ ਓਏ’। ਉਸੇ ਦਿਨ ਤੋਂ  ਉਸਦੇ ਸਾਥੀ ਉਸਨੂੰ ‘ਮਸਤਾਨਾ’ ਆਖਣ ਲੱਗ ਪਏ। ਇਸ ਤਰ੍ਹਾਂ ਮਸਤਾਨਾ ਉਸਦੇ ਨਾਂ ਨਾਲ ਅਜਿਹਾ ਜੁੜਿਆ ਕਿ ਉਸਨੇ ਇਸ ਨੂੰ ਹੀ ਆਪਣਾ ਤਖ਼ੱਲਸ ਬਣਾ ਲਿਆ।
ਦੇਸ਼ ਦੀ ਵੰਡ ਤੋਂ ਪਹਿਲਾਂ ਉਸਨੇ ਬੀ.ਏ. ਪਾਸ ਕਰ ਲਈ ਸੀ। ਕਾਲਜ ਵਿੱਚ ਪੜ੍ਹਦਿਆਂ ਉਹ ਰੇਡੀਓ ’ਤੇ ਵੀ ਜਾ ਆਇਆ ਸੀ। ਵੰਡ ਕਾਰਨ ਉਸਨੂੰ ਪਰਿਵਾਰ ਸਮੇਤ ਲਾਹੌਰ ਛੱਡ ਕੇ ਇੱਧਰ ਆਉਣਾ ਪਿਆ। ਇੱਧਰ ਦਿੱਲੀ ਟਿਕਾਣਾ ਮਿਲਿਆ। ਇੱਥੇ ਰਿਜ਼ਰਵ ਬੈਂਕ ਆਫ ਇੰਡੀਆ ਵਿੱਚ ਉਸਨੂੰ ਨੌਕਰੀ ਮਿਲੀ, ਜਿੱਥੋਂ ਉਹ ਬਾਅਦ ਵਿੱਚ ਇੱਕ ਉੱਚੇ ਆਹੁਦੇ ਤੋਂ ਰਿਟਾਇਰ ਹੋਇਆ।
ਸਕੂਲ ਸਮੇਂ ਦੌਰਾਨ ਹੀ ਮਸਤਾਨੇ ਨੂੰ ਗਾਇਕੀ ਦਾ ਸ਼ੌਕ ਪੈ ਗਿਆ ਸੀ। ਕਾਲਜ ਤਕ ਪਹੁੰਚਦਿਆਂ ਉਸਦਾ ਇਹ ਸ਼ੌਕ ਵਧਦਾ ਗਿਆ। ਲਾਹੌਰ ਗਾਇਕੀ ਦਾ ਘਰ ਹੋਣ ਕਾਰਨ ਉਸਨੂੰ ਸਿੱਖਣ ਦੇ ਮੌਕੇ ਵੀ ਮਿਲਦੇ ਰਹੇ। ਉਸਨੇ 1944 ਵਿੱਚ ਪੰਡਿਤ ਦੁਰਗਾ ਪ੍ਰਸ਼ਾਦ ਨੂੰ ਉਸਤਾਦ ਧਾਰਿਆ ਤੇ ਉਨ੍ਹਾਂ ਤੋਂ ਗਾਇਕੀ ਦੀ ਦੀਖਿਆ ਪ੍ਰਾਪਤ ਕੀਤੀ। ਇੱਧਰ ਆ ਕੇ 1949 ਵਿੱਚ ਪਹਿਲੀ ਵਾਰ ਦਿੱਲੀ ਰੇਡੀਓ ਤੋਂ ਗਾਇਆ। ਗੀਤ ਦੇ ਬੋਲ ਸਨ ‘ਠੰਢੀਏ ਹਵਾਏ ਕਿਹੜੇ ਪਾਸਿਓਂ ਤੂੰ ਆਈ ਏਂ’ ਫੇਰ ਚੱਲ ਸੋ ਚੱਲ, ਮਸਤਾਨੇ ਨੇ ਪਿੱਛੇ ਮੁੜਕੇ ਨਹੀਂ ਵੇਖਿਆ, ਗਾਇਕੀ ਵਿੱਚ ਅੱਗੇ ਹੀ ਅੱਗੇ ਵਧਦਾ ਗਿਆ। 1954 ਵਿੱਚ ਜਦੋਂ ਭਾਰਤੀ ਕਲਾਕਾਰਾਂ ਦਾ ਪਹਿਲਾ ਗਰੁੱਪ ਸੋਵੀਅਤ ਸੰਘ, ਚੈਕਸਲੋਵਾਕੀਆ, ਪੋਲੈਂਡ ਆਦਿ ਦੇਸ਼ਾਂ ਵਿੱਚ ਗਿਆ ਤਾਂ ਮਸਤਾਨਾ ਇਸ ਗਰੁੱਪ ਦਾ ਮੈਂਬਰ ਸੀ। ਉਸਤੋਂ ਬਾਅਦ ਵੀ ਉਹ ਸਰਕਾਰੀ ਤੌਰ ’ਤੇ ਅਮਰੀਕਾ, ਕੈਨੇਡਾ, ਇੰਗਲੈਂਡ, ਜਪਾਨ, ਰੂਸ ਆਦਿ ਦੇਸ਼ਾਂ ਵਿੱਚ ਗਿਆ ਤੇ ਆਪਣੀ ਕਲਾ ਰਾਹੀਂ ਵਿਦੇਸ਼ੀਆਂ ਤੇ ਉੱਥੇ ਵਸਦੇ ਪੰਜਾਬੀ ਪਰਵਾਸੀਆਂ ਦੇ ਦਿਲ ਜਿੱਤੇ।
ਮਸਤਾਨੇ ਦੀ ਜ਼ਿਆਦਾਤਰ ਰਿਕਾਰਡਿੰਗ ਸੋਲੋ ਰੂਪ ਵਿੱਚ ਹੀ ਮਿਲਦੀ ਹੈ, ਉਸਦੇ ਗਾਏ ਹਰ ਗੀਤ ਦੀ ਆਪਣੀ ਵੱਖਰੀ ਪਛਾਣ ਹੈ। ਲੋਕ ਗੀਤਾਂ ਤੋਂ ਇਲਾਵਾ ਮਸਤਾਨੇ ਨੇ ਨੰਦ ਲਾਲ ਨੂਰਪੁਰੀ, ਇੰਦਰਜੀਤ ਸਿੰਘ ਤੁਲਸੀ, ਚਮਨ ਲਾਲ ਸ਼ੁਗਲ, ਹਰਚਰਨ ਸਿੰਘ ਪਰਵਾਨਾ, ਪ੍ਰਕਾਸ਼ ਸਾਥੀ, ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ ਬਟਾਲਵੀ, ਕੁਲਦੀਪ ਦੀਪ ਆਦਿ ਗੀਤਕਾਰਾਂ ਤੋਂ ਇਲਾਵਾ ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ ਆਦਿ ਦੇ ਕਲਾਮਾਂ ਨੂੰ ਆਵਾਜ਼ ਦਿੱਤੀ ਹੈ। ਉਸਦੇ ਗਾਏ ਸੋਲੋ ਗੀਤਾਂ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ-
* ਮੇਲੇ ਨੂੰ ਚੱਲ ਮੇਰੇ ਨਾਲ ਕੁੜੇ
* ਇੱਧਰ ਕਣਕਾਂ ਓਧਰ ਕਣਕਾਂ
ਵਿੱਚ ਕਣਕਾਂ ਦੇ ਬੂਰ ਪਿਆ
ਮੁਟਿਆਰੇ ਜਾਣਾ ਦੂਰ ਪਿਆ
* ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
* ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
* ਗੱਲਾਂ ਗੱਲਾਂ ਵਿੱਚ ਗਲ ਪਿਆਰ ਪੈ ਗਿਆ
* ਪੇਕੇ ਜਾਣ ਵਾਲੀਏ, ਹਾਏ ਨੀ ਕਿੰਨੀ ਦੇਰ ਲਾਏਂਗੀ
* ਮਿੱਤਰਾਂ ਨੇ ਫੁੱਲ ਮਾਰਿਆ
* ਕੁੰਡਲਾਂ ਤੋਂ ਪੁੱਛ ਗੋਰੀਏ
* ਚੀਚੋ ਚੀਚ ਗਨੇਰੀਆ, ਦੋ ਤੇਰੀਆਂ, ਦੋ ਮੇਰੀਆਂ
* ਆਈ ਜਵਾਨੀ ਰੁੜਪੁੜ ਜਾਣੀ
* ਨੱਥੂ ਬਾਬਾ ਮੰਗਿਆ ਗਿਆ
* ਹੀਰ
* ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ
ਮਸਤਾਨੇ ਨੇ ਕਈ ਗਾਇਕਾਵਾਂ ਨਾਲ ਦੋਗਾਣੇ ਵੀ ਗਾਏ। ਸਟੇਜਾਂ ਉੱਤੇ ਉਸਨੇ ਜ਼ਿਆਦਾਤਰ ਸੁਰਿੰਦਰ ਕੌਰ ਨਾਲ ਹੀ ਗਾਇਆ। ਪੰਜਾਬੀਆਂ ਨੇ ਇਨ੍ਹਾਂ ਨੂੰ ਗਾਇਕ ਜੋੜੀ ਵਜੋਂ ਮਾਣਤਾ ਦਿੱਤੀ। ਸੁਰਿੰਦਰ ਕੌਰ ਨਾਲ ਗਾਏ ਉਸਦੇ ਦੋਗਾਣੇ ਬਹੁਤ ਹਰਮਨ ਪਿਆਰੇ ਹੋਏ। ‘ਪੰਡਤ ਜੀ ਕੀ ਇਹ ਲਾਲ ਮੇਰਾ, ਮਾਂ ਪਿਓ ਦਾ ਨਾਂ ਚਮਕਾਏਗਾ’ ਅੱਜ ਵੀ ਰੇਡੀਓ ਤੋਂ ਫਰਮਾਇਸ਼ ਨਾਲ ਸੁਣਿਆ ਜਾਂਦਾ ਹੈ। ਇਸ ਜੋੜੀ ਦੇ ਗਾਏ ਲੋਕ ਗੀਤ ‘ਮਾਹੀਏ’ ਦੇ ਟੱਪੇ ਵੀ ਯਾਦਗਾਰੀ ਹਨ। ਜਗਜੀਤ ਕੌਰ ਨਾਲ ਗਾਈ ਉਸਦੀ ‘ਹੀਰ’ ਬਾਕਮਾਲ ਹੈ। ਮਸਤਾਨੇ ਦੇ ਦੋਗਾਣਿਆਂ ਦੇ ਕੁਝ ਮੁੱਖੜੇ ਹਨ-
* ਤੈਨੂੰ ਬੇਰੀਆਂ ਦੇ ਝੁੰਡ ਚੋਂ ਬੁਲਾਵਾਂ
* ਬੀ.ਏ.ਪਾਸ ਦੇ ਨਸੀਬ ਅੱਜ ਸੜ ਗਏ
* ਇਹ ਮੁੰਡਾ ਨਿਰਾ ਸ਼ਨਿੱਚਰ ਏ           (ਸੁਰਿੰਦਰ ਕੌਰ)
* ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ
* ਸੁਣ ਸੈਹਿਤੀਏ ਵੈਰਨੇ ਕਹਿਰਨੇ ਨੀ   (ਜਗਜੀਤ ਕੌਰ)
ਦੂਰਦਰਸ਼ਨ ਤੋਂ ਵੀ ਮਸਤਾਨੇ ਦੀ ਗਾਇਕੀ ਦਾ ਪ੍ਰਦਰਸ਼ਨ ਸਮੇਂ ਸਮੇਂ ’ਤੇ ਹੁੰਦਾ ਰਿਹਾ ਹੈ। ਆਸਾ ਸਿੰਘ ਮਸਤਾਨੇ ਦੀ ਗਾਇਕੀ ਦੀ ਕਦਰ ਜਿੱਥੇ ਪੰਜਾਬੀ ਲੋਕਾਂ ਨੇ ਕੀਤੀ ਹੈ, ਉੱਥੇ ਸਰਕਾਰਾਂ ਨੇ ਵੀ ਉਸਦੀ ਕਲਾ ਦਾ ਮੁੱਲ ਪਾਇਆ ਹੈ। 1965 ਵਿੱਚ ਪੰਜਾਬ ਸਰਕਾਰ ਵੱਲੋਂ ਉਸਨੂੰ ਵਧੀਆ ਗਾਇਕ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਭਾਰਤ ਸਰਕਾਰ ਵੱਲੋਂ ਉਸਨੂੰ 1985 ਵਿੱਚ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਸੰਗੀਤ ਦੇ ਖੇਤਰ ਦਾ ਸਭ ਤੋਂ ਵੱਡਾ ਪੁਰਸਕਾਰ ‘ਭਾਰਤੀ ਸੰਗੀਤ ਨਾਟਕ ਅਕਾਦਮੀ ਪੁਰਸਕਾਰ’, ‘ਸੋਭਨਾ ਐਵਾਰਡ’ ਤੇ ਹੋਰ ਅਨੇਕਾਂ ਐਵਾਰਡ ਸਮੇਂ ਸਮੇਂ ’ਤੇ ਉਸਦੀ ਝੋਲੀ ਪਏ।
ਸਮੇਂ ਦੇ ਅਨੁਸਾਰ ਮਸਤਾਨਾ ਗ੍ਰਹਿਸਥ ਦੀ ਗੱਡੀ ’ਤੇ ਸਵਾਰ ਹੋਇਆ।  ਸ਼੍ਰੀਮਤੀ ਸ਼ੀਲਾ ਉਸਦੀ ਜੀਵਨ ਸਾਥਣ ਬਣੀ। ਇਸ ਜੋੜੇ ਦੇ ਦੋ ਬੱਚੇ, ਇੱਕ ਲੜਕਾ ਅਤੇ ਇੱਕ ਲੜਕੀ ਹੋਏ। ਇਨ੍ਹਾਂ ਦੋਵਾਂ ਦਾ ਸੰਗੀਤ ਨਾਲ ਕੋਈ ਲਗਾਓ ਨਹੀਂ। ਸ੍ਰੀਮਤੀ ਸ਼ੀਲਾ ਕਾਫ਼ੀ ਸਮਾਂ ਪਹਿਲਾਂ ਮਸਤਾਨੇ ਦਾ ਸਾਥ ਛੱਡ ਗਈ ਸੀ। ਇਕੱਲਤਾ ਕਾਰਨ ਮਸਤਾਨੇ ਦਾ ਝੁਕਾਅ ਸ਼ਰਾਬ ਵੱਲ ਵਧਦਾ ਗਿਆ। ਜ਼ਿਆਦਾ ਪੀਣ ਕਾਰਨ ਉਹ ਬਿਮਾਰ ਰਹਿਣ ਲੱਗ ਪਿਆ। ਡਾਕਟਰਾਂ ਨੇ ਉਸਨੂੰ ਸ਼ਰਾਬ ਛੱਡਣ ਲਈ ਕਿਹਾ। ਇਸ ’ਤੇ ਉਸਨੇ ਪੀਣੀ ਘੱਟ ਤਾਂ ਕਰ ਦਿੱਤੀ, ਪਰ ਪੂਰੀ ਤਰ੍ਹਾਂ ਛੱਡੀ ਨਹੀਂ।
23 ਮਈ 1999 ਨੂੰ 72 ਕੁ ਬਹਾਰਾਂ ਹੰਢਾ ਕੇ ਇਹ ਮਸਤਾਨਾ ਗਾਇਕ ਸਦਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਪਿਛੇ ਛੱਡ ਗਿਆ ਆਪਣੀਆਂ ਅਮਿੱਟ ਯਾਦਾਂ ਅਤੇ ਯਾਦਗਾਰੀ ਗੀਤਾਂ ਦਾ ਵੱਡਾ ਭੰਡਾਰ ਜੋ ਪੰਜਾਬੀ ਗਾਇਕੀ ਦਾ ਅਮੁੱਲ ਖ਼ਜ਼ਾਨਾ ਹੈ। ਪੰਜਾਬੀ ਗਾਇਕੀ ਦੀ ਗੱਲ ਮਸਤਾਨੇ ਦੇ ਜ਼ਿਕਰ ਤੋਂ ਬਿਨਾਂ ਹਮੇਸ਼ਾਂ ਅਧੂਰੀ ਰਹੇਗੀ ਜਿਸਨੇ ਸਾਰੀ ਉਮਰ ਦਿੱਲੀ ਵਿੱਚ ਰਹਿ ਕੇ ਵੀ ਮਾਂ ਬੋਲੀ ਪੰਜਾਬੀ ਦਾ ਲੜ ਨਹੀਂ ਛੱਡਿਆ।

ਸੰਪਰਕ: 84271-00341


Comments Off on ਅਲਬੇਲਾ ਗਾਇਕ ਸੀ ਆਸਾ ਸਿੰਘ ਮਸਤਾਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.