ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਆਪਣੀ ਗਾਇਕੀ ਰਾਹੀਂ ਅਮਰ ਹੈ ਅਮਰ ਸਿੰਘ ਚਮਕੀਲਾ

Posted On March - 4 - 2017

12102cd _chamkilaਸੁਰਜੀਤ ਸਿੰਘ ਜੱਸਲ
ਜਲੰਧਰ ਜ਼ਿਲ੍ਹੇ ਦੇ ਪਿੰਡ ਮਹਿਸਮਪੁਰਾ ਵਿੱਚ 8 ਮਾਰਚ 1988 ਦੀ ਦੁਪਹਿਰ ਨੂੰ ਪੰਜਾਬੀ ਗਾਇਕ ਜੋੜੀ ਅਮਰ ਸਿੰਘ ਚਮਕੀਲਾ, ਅਮਰਜੋਤ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿ ਇਹ ਜੋੜੀ ਉਨ੍ਹਾਂ ਦੀ ਸੋਚ ਮੁਤਾਬਿਕ ਲੱਚਰ ਗੀਤ ਗਾਉਂਦੀ ਸੀ। ਗਾਇਕੀ ਦੇ ਖੇਤਰ ਵਿੱਚ ਲੱਚਰਤਾ ਦਾ ਇਲਜ਼ਾਮ ਇਕੱਲੇ ਚਮਕੀਲੇ ’ਤੇ ਹੀ ਲੱਗਿਆ ਜਦੋਂਕਿ ਦੋਹਰੇ ਅਰਥਾਂ ਵਾਲੇ ਗੀਤ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਗਾਇਕਾਂ ਨੇ ਗਾਏ। ਨਾ ਹੀ ਉਸ ਨੇ ਅੱਜ ਦੀ ਗਾਇਕੀ ਵਾਂਗ ਡਾਂਸ ਕਰਨ ਲਈ ਕੁੜੀਆਂ ਨੂੰ ਨਿਰਵਸਤਰ ਕੀਤਾ ਸੀ। ਉਸ ਨੇ ਤਾਂ ਸਮਾਜ ਵਿਚਲੇ ਰਿਸ਼ਤਿਆਂ (ਜੀਜਾ-ਸਾਲੀ, ਜੇਠ-ਭਰਜਾਈ ਆਦਿ) ਦੀ ਆੜ ਵਿੱਚ ਛੁਪੀ ‘ਗੰਧਲੀ ਸੋਚ’ ਨੂੰ ਆਪਣੇ ਗੀਤਾਂ ਰਾਹੀਂ ਨੰਗਾ ਕਰਨ ਦਾ ਜ਼ੇਰਾ ਕੀਤਾ ਸੀ ਜੋ ਬਹੁਤਿਆਂ ਨੂੰ ਹਜ਼ਮ ਨਹੀਂ ਹੋਇਆ।
ਲੁਧਿਆਣਾ ਨੇੜਲੇ ਪਿੰਡ ਦੁੱਗਰੀ ਦਾ ‘ਚਮਕੀਲਾ’ ਇੱਕ ਅਤਿ ਗ਼ਰੀਬ ਪਰਿਵਾਰ ਵਿੱਚ ਜਨਮਿਆਂ। ਮਾਪਿਆਂ ਦਾ ਲਾਡਲਾ ਜੇਠਾ ਪੁੱਤ ਧਨੀ ਸਿੰਘ (ਘਰ ਦਾ ਨਾਂ) ਦੋ ਭੈਣਾਂ ਤੇ ਦੋ ਭਰਾਵਾਂ ਦਾ ਲਾਡਲਾ ਵੀਰ ਸੀ। ਛੋਟੀ ਉਮਰੇ ਮਾਂ ਦਾ ਸਾਇਆ ਸਿਰ ਤੋਂ ਉੱਠ ਜਾਣ ਕਰਕੇ ਉਹ ਮਸਾਂ ਛੇ ਜਮਾਤਾਂ ਹੀ ਪੜ੍ਹ ਸਕਿਆ। ਨਿਆਣੀਂ ਉਮਰੇ ਹੀ ਉਸਦਾ ਵਿਆਹ ਗੁਰਮੇਲ ਕੌਰ ਨਾਲ ਹੋ ਗਿਆ। ਵਿਆਹ ਤੋਂ ਬਾਅਦ ਦੋ ਲੜਕੀਆਂ ਅਮਨਦੀਪ ਤੇ ਕਮਲਦੀਪ ਨੇ ਜਨਮ ਲਿਆ ਤਾਂ ਉਸਦੇ ਸਿਰ ਪਈ ਕਬੀਲਦਾਰੀ ਦਾ ਬੋਝ ਹੋਰ ਭਾਰਾ ਹੋ ਗਿਆ। ਉਹ ਦਿਨ-ਰਾਤ ਹੱਡ-ਭੰਨਵੀਂ ਮਿਹਨਤ ਕਰਦਾ। ਜਿੱਥੇ ਉਹ ਦਿਨੇਂ ਚੁੰਨੀਆਂ ਰੰਗਦਾ, ਉੱਥੇ ਰਾਤ ਨੂੰ ਲੁਧਿਆਣਾ ਦੀਆਂ ਫੈਕਟਰੀਆਂ ਵਿੱਚ ਦੇਰ ਰਾਤ ਤਕ ਵਾਧੂ ਸਮਾਂ ਕੰਮ ਕਰਦਾ। ਇਸੇ ਸੰਘਰਸ਼ ਦੌਰਾਨ ਉਸ ਅੰਦਰੋਂ ਕਲਾ ਦਾ ਅਜਿਹਾ ਚਸ਼ਮਾ ਫੁੱਟਿਆ ਜਿਸ ਵਿੱਚ ਉਹ ਸਿਰ ਤੋਂ ਪੈਰਾਂ ਤਕ ਭਿੱਜ ਗਿਆ। ਉਹ ਆਪਣੀਆਂ ਮਨੋ ਭਾਵਨਾਵਾਂ ਨੂੰ ਸੁਰ ਲੈਅ ਨਾਲ ਸ਼ਬਦਾਂ ਵਿੱਚ ਪਿਰੋਣ ਲੱਗਿਆ। ਇੱਕ ਸੰਗੀਤ ਪਾਰਖੂ ਕੇਸਰ ਟਿੱਕੀ ਨੇ ਉਸ ਦਾ ਮੇਲ ਗਾਇਕ ਸੁਰਿੰਦਰ ਛਿੰਦਾ ਨਾਲ ਕਰਵਾ ਦਿੱਤਾ। ਇਸ ਨੂੰ ਗੁਰੂ ਧਾਰ ਕੇ ਧਨੀ ਸਿੰਘ ਨੇ ਢੋਲਕ ਅਤੇ ਹਰਮੋਨੀਅਮ ਵਜਾਉਣ ਵਿੱਚ ਮੁਹਾਰਤ ਹਾਸਲ ਕੀਤੀ। ਫਿਰ ਇੱਕ ਦਿਨ ਪ੍ਰੋਗਰਾਮ ਦੌਰਾਨ ਗੀਤਕਾਰ ਤੇ ਮੰਚ ਸੰਚਾਲਕ ਸਨਮੁੱਖ ਸਿੰਘ ਆਜ਼ਾਦ ਨੇ ਧਨੀ ਸਿੰਘ ਨੂੰ ਅਮਰ ਸਿੰਘ ਚਮਕੀਲਾ ਦਾ ਨਾਂ ਦੇ ਕੇ ਬਤੌਰ ਗਾਇਕ ਪੇਸ਼ ਕਰ ਦਿੱਤਾ। ਕੇਸਰ ਟਿੱਕੀ ਨੇ ਇੱਕ ਦਿਨ ਛਿੰਦੇ ਨੂੰ ਦੱਸਿਆ ਕਿ ਧਨੀ ਗੀਤ ਵੀ ਲਿਖਦੈ। ਛਿੰਦੇ ਨੂੰ ਪਹਿਲਾਂ ਇਹ ‘ਤੱਤੇ’ ਜਿਹੇ ਲੱਗੇ, ਪਰ ਵਧੀਆ ਸ਼ਬਦਾਬਲੀ ਨੇ ਗਾਉਣ ਲਈ ਮਜਬੂਰ ਕਰ ਦਿੱਤਾ। ਜਦ ਛਿੰਦੇ ਨੇ ਉਸ ਦੇ ਇਹ ਗੀਤ ‘ਨੀਂ ਮੈਂ ਡਿੱਗੀ ਤਿਲਕ ਕੇ, ਦੇ ਗਿਆ ਨੀਂ ਡੁੱਬ ਜਾਣੀ ਦਾ ਜੇਠ ਗੁੱਗਲ ਦੀ ਧੂਣੀ, ਮੇਰੀ ਮਾਂ ਭਰਮਾਂ ਦੀ ਮਾਰੀ ਆਦਿ ਰਿਕਾਰਡ ਕਰਵਾਏ ਤਾਂ ਉਸ ਦੀਆਂ ਗੱਲਾਂ ਹੋਣ ਲੱਗੀਆਂ। ਫਿਰ ਛਿੰਦੇ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੇ ਉਸਦੇ ਗੀਤ ਗਾਏ। ਜਦ ਛਿੰਦੇ ਨੇ ਗੀਤਾਂ ਦੇ ਪੈਸੇ ਦਿੱਤੇ ਤਾਂ ਚਮਕੀਲੇ ਨੇ ਆਪਣੀਆਂ ਭੈਣਾਂ ਦੇ ਹੱਥ ਪੀਲੇ ਕਰਕੇ ਕਬੀਲਦਾਰੀ ਦਾ ਬੋਝ ਹਲਕਾ ਕੀਤਾ।
ਗੀਤਕਾਰੀ ਵਿੱਚ ਪਛਾਣ ਬਣਨ ਮਗਰੋਂ ਗਾਇਕੀ ਦੇ ਖੇਤਰ ਵਿੱਚ ਚਮਕੀਲੇ ਦੀ ਆਮਦ ਸੁਰਿੰਦਰ ਸੋਨੀਆ ਨਾਲ ਪਹਿਲੇ ਈ ਪੀ ਰਿਕਾਰਡ ‘ਟਕੂਏ ’ਤੇ ਟਕੂਆ ਖੜਕੇ..’ ਨਾਲ ਹੋਈ। ਪਹਿਲੇ ਰਿਕਾਰਡ ਚਾਰ ਗੀਤਾਂ ਨਾਲ ਹੀ ਚਮਕੀਲੇ ਨੇ ਸਫਲਤਾ ਦਾ ਝੰਡਾ ਚੜ੍ਹਾ ਦਿੱਤਾ। ਇਸ ਜੋੜੀ ਦੇ ਅਖਾੜੇ ਲੱਗਣ ਲੱਗੇ। ਬਾਅਦ ਵਿੱਚ ਜਦੋਂ ਸੋਨੀਆ ਦੀ ਥਾਂ ਅਮਰਜੋਤ ਆਈ ਤਾਂ ਚਮਕੀਲੇ ਦੀ ਕਿਸਮਤ ਦਾ ਸਿਤਾਰਾ ਹੋਰ ਵੀ ਚਮਕ ਗਿਆ।
ਇਨ੍ਹਾਂ ਦੇ ਰਿਕਾਰਡ ਬਲੈਕ ’ਚ ਵਿਕਣ ਲੱਗੇ ਤੇ ਅਖਾੜਿਆਂ ਦੀਆਂ ਧੜਾਧੜ ਬੁਕਿੰਗਾਂ ਹੋਣ ਲੱਗੀਆਂ। ਬਾਅਦ ਵਿੱਚ ਉਨ੍ਹਾਂ ਦੋਵਾਂ ਨੇ ਵਿਆਹ ਕਰਵਾ ਲਿਆ। ਚਮਕੀਲੇ ਨੇ ਇੱਕ ਦਿਨ ਵਿੱਚ ਚਾਰ-ਚਾਰ ਅਖਾੜੇ ਵੀ ਲਾਏ। ਪੈਸੇ ਅਤੇ ਸ਼ੋਹਰਤ ਦੇ ਅੰਬਰਾਂ ’ਤੇ ਉਡਾਰੀਆਂ ਮਾਰਦੇ ਚਮਕੀਲੇ ਨੇ ਆਪਣੇ ਅਤੀਤ ਨੂੰ ਕਦੇ ਨਹੀਂ ਭੁਲਾਇਆ। ਉਸ ਨਾਲ ਅਮਰਜੋਤ ਤੋਂ ਇਲਾਵਾ ਕੁਝ ਸਮਾਂ ਅਮਰ ਨੂਰੀ, ਸੁਰਿੰਦਰ ਸੋਨੀਆ, ਹਰਨੀਤ ਨੀਤੂ ਤੇ ਊਸ਼ਾ ਕਿਰਨ ਨੇ ਬਤੌਰ ਸਹਿ ਗਾਇਕਾ ਸਟੇਜਾਂ ਕੀਤੀਆਂ।
ਜਿਉਂ-ਜਿਉਂ ਚਮਕੀਲੇ ਦੀ ਚੜ੍ਹਾਈ ਹੋ ਰਹੀ ਸੀ ਤਿਉਂ-ਤਿਉਂ ਮਾਰਨ ਦੀਆਂ ਧਮਕੀਆਂ ਮਿਲਣ ਕਰਕੇ ਉਹ ਅੰਦਰੋਂ-ਅੰਦਰੀ ਪ੍ਰੇਸ਼ਾਨ ਵੀ ਸੀ। 8 ਮਾਰਚ ਨੂੰ ਉਸ ਦਾ ਪ੍ਰੋਗਰਾਮ ’ਤੇ ਜਾਣ ਦਾ ਬਿਲਕੁਲ ਹੀ ਮਨ ਨਹੀਂ ਸੀ। ਅਮਰਜੋਤ ਦਾ ਜਣੇਪੇ ਤੋਂ ਬਾਅਦ ਪਹਿਲਾ ਪ੍ਰੋਗਰਾਮ ਸੀ, ਪਰ ਉਸ ਨੂੰ ਉਸ ਦਿਨ ਮਾਇਕ ਤਕ ਜਾਣਾ ਵੀ ਨਸੀਬ ਨਹੀਂ ਹੋਇਆ। ਜਿਵੇਂ ਹੀ ਇਹ ਜੋੜੀ ਆਪਣੀ ਕਾਰ ਵਿੱਚੋਂ ਉੱਤਰ ਕੇ ਸਟੇਜ ਵੱਲ ਜਾਣ ਲੱਗੀ ਤਾਂ ਘਾਤ ਲਾਈ ਬੈਠੀ ਮੌਤ ਨੇ ਗੋਲੀਆਂ ਰਾਹੀਂ ਕੁਝ ਸਾਜ਼ੀਆਂ ਸਮੇਤ ਇਨ੍ਹਾਂ ਦੀਆਂ ਆਵਾਜ਼ਾਂ ਸਦਾ ਲਈ ਬੰਦ ਕਰ ਦਿੱਤੀਆਂ।
ਚਮਕੀਲੇ ਨੂੰ ਮਰੇ ਨੂੰ 27 ਸਾਲ ਹੋ ਗਏ ਹਨ, ਪਰ ਉਸ ਦੇ ਸਰੋਤਿਆਂ ਦੀ ਗਿਣਤੀ ਬਿਲਕੁਲ ਵੀ ਨਹੀਂ ਘਟੀ। ਉਸ ਦੀਆਂ ਐਲਬਮਾਂ ਪਹਿਲਾਂ ਨਾਲੋਂ ਵੱਧ ਗਿਣਤੀ ਵਿੱਚ ਵਿਕ ਰਹੀਆਂ ਹਨ। ਚਮਕੀਲੇ ਨੂੰ ਮਾਰਨ ਵਾਲੇ ਤਾਂ ਮਰ ਗਏ, ਪਰ ਚਮਕੀਲਾ ਮਰ ਕੇ ਵੀ ਨਾ ਮਰਿਆ…। ਉਹ ਆਪਣੇ ਨਾਂ ਵਾਂਗ ਸਦਾ ਲਈ ਅਮਰ ਹੋ ਗਿਆ।
ਸੰਪਰਕ: 98146-07737


Comments Off on ਆਪਣੀ ਗਾਇਕੀ ਰਾਹੀਂ ਅਮਰ ਹੈ ਅਮਰ ਸਿੰਘ ਚਮਕੀਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.