ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਆਪਣੇ ਦਿਲ ਦੀ ਆਵਾਜ਼ ਸੁਣਦੀ ਹੈ: ਅਨੁਸ਼ਕਾ ਸ਼ਰਮਾ

Posted On March - 18 - 2017

ਸੰਜੀਵ ਕੁਮਾਰ ਝਾਅ
11003cd _phillauriਅਨੁਸ਼ਕਾ ਸ਼ਰਮਾ ਆਪਣੇ ਨੌਂ ਸਾਲ ਦੇ ਲੰਬੇ ਕਰੀਅਰ ਵਿੱਚ ਇੱਕ ਅਭਿਨੇਤਰੀ ਅਤੇ ਇੱਕ ਨਿਰਮਾਤਾ ਦੇ ਤੌਰ ’ਤੇ ਸਫਲ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਹ ਸਫਲਤਾ ਇਸ ਲਈ ਹੈ ਕਿਉਂਕਿ ਉਹ ਇੱਕ ਹੀ ਦਿਸ਼ਾ ਵਿੱਚ ਚਲਣ ’ਤੇ ਵਿਸ਼ਵਾਸ ਨਹੀਂ ਕਰਦੀ। ਅਨੁਸ਼ਕਾ ਨੇ ਸਾਲ 2008 ਵਿੱਚ ਫ਼ਿਲਮ ‘ਰੱਬ ਨੇ ਬਣਾ ਦੀ ਜੋੜੀ’ ਵਿੱਚ ਇੱਕ ਅਭਿਨੇਤਰੀ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ‘ਪੀਕੇ’, ‘ਸੁਲਤਾਨ’ ਅਤੇ ‘ਐ ਦਿਲ ਹੈ ਮੁਸ਼ਕਿਲ’ ਵਰਗੀਆਂ ਸਫਲ ਫ਼ਿਲਮਾਂ ਵਿੱਚ ਕੰਮ ਕੀਤਾ। ਅਨੁਸ਼ਕਾ ਨੇ ਇੱਕ ਨਿਰਮਾਤਾ ਦੇ ਤੌਰ ’ਤੇ ਸਾਲ 2015 ਵਿੱਚ ਆਪਣੀ ਪਹਿਲੀ ਫ਼ਿਲਮ ‘ਐੱਨਐੱਚ-10’ ਬਣਾਈ ਸੀ। ਅੱਜਕੱਲ੍ਹ ਉਹ ਆਪਣੇ ਬੈਨਰ ‘ਕਲੀਨ ਸਲੇਟ ਫ਼ਿਲਮਜ਼’ ਵਿੱਚ ਬਣੀ ਫ਼ਿਲਮ ‘ਫਿਲੌਰੀ’ ਨੂੰ ਲੈ ਕੇ ਚਰਚਾ ਵਿੱਚ ਹੈ। ਪੇਸ਼ ਹੈ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼:
-ਆਪਣੇ ਹੋਮ ਪ੍ਰੋਡਕਸ਼ਨ ਦੀ ਦੂਜੀ ਫ਼ਿਲਮ ‘ਫਿਲੌਰੀ’ ਬਾਰੇ ਦੱਸੋ?
-‘ਫਿਲੌਰੀ’ 24 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਰੁਮਾਂਟਿਕ-ਕਾਮੇਡੀ ਫ਼ਿਲਮ ਦਾ ਨਿਰਦੇਸ਼ਨ ਅਨਸ਼ਈ ਲਾਲ ਨੇ ਕੀਤਾ ਹੈ। ਫ਼ਿਲਮ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ‘ਲਾਈਫ ਆਫ ਪਾਈ’ ਦੇ ਅਭਿਨੇਤਾ ਸੂਰਜ ਸ਼ਰਮਾ ਅਹਿਮ ਕਿਰਦਾਰ ਵਿੱਚ ਹਨ। ਮੈਂ ਮੁੱਖ ਭੂਮਿਕਾ ਵਿੱਚ ਦਿਖਾਂਗੀ।
-ਇਸ ਵਿੱਚ ਤੁਹਾਡਾ ਕਿਰਦਾਰ ਕਿਸ ਤਰ੍ਹਾਂ ਦਾ ਹੈ?
-ਬਹੁਤ ਖ਼ਾਸ ਹੈ ਕਿਉਂਕਿ ‘ਫਿਲੌਰੀ’ ਵਿੱਚ ਮੈਂ ਇੱਕ ਭੂਤ ਦੇ ਰੂਪ ਵਿੱਚ ਦੁਲਹਨ ਦਾ ਕਿਰਦਾਰ ਨਿਭਾਇਆ ਹੈ। ਮੈਨੂੰ ਇਹ ਕਹਿਣ ਵਿੱਚ ਝਿਜਕ ਨਹੀਂ ਹੈ ਕਿ ਭੂਤ ਦਾ ਕਿਰਦਾਰ ਨਿਭਾਉਣ ਵਿੱਚ ਮੈਨੂੰ ਬੇਹੱਦ ਮਜ਼ਾ ਆਇਆ। ਮੇਰੇ ਲਈ ਇੱਕ ਭੂਤ ਦਾ ਕਿਰਦਾਰ ਨਿਭਾਉਣਾ ਇਸ ਲਈ ਮਜ਼ੇਦਾਰ ਰਿਹਾ ਕਿਉਂਕਿ ਆਮਤੌਰ ’ਤੇ ਹਰ ਫ਼ਿਲਮ ਵਿੱਚ ਜੀਵਤ ਚਰਿੱਤਰ ਦਾ ਕਿਰਦਾਰ ਨਿਭਾਉਣਾ ਅਕਾਊ ਹੋ  ਜਾਂਦਾ ਹੈ। ਸਾਨੂੰ ਹਮੇਸ਼ਾਂ ਕੁਝ ਅਲੱਗ ਕਰਦੇ ਰਹਿਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਇਸ ਫ਼ਿਲਮ ਵਿੱਚ ਭੂਤ ਭਾਈਚਾਰੇ ਦੀ ਚੰਗੀ ਤਰ੍ਹਾਂ ਪ੍ਰਤੀਨਿਧਤਾ ਕੀਤੀ ਹੈ।
-ਅਦਾਕਾਰੀ ਦੇ ਨਾਲ ਪ੍ਰੋਡਕਸ਼ਨ… ਦੋਨਾਂ ਦੇ ਵਿਚਕਾਰ ਅੰਤਰ ਅਤੇ ਜ਼ਿੰਮੇਵਾਰ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹੋ?
11003cd _anushka_sharma_glorious_hd_images-ਦੋਨੋਂ ਜ਼ਿੰਮੇਵਾਰੀ ਵਾਲੇ ਕੰਮ ਹਨ। ਅਦਾਕਾਰੀ ਵਿੱਚ ਤੁਸੀਂ ਕੇਵਲ ਆਪਣੇ ਕਿਰਦਾਰ ਤਕ ਹੀ ਕੇਂਦਰਿਤ ਰਹਿੰਦੇ ਹੋ, ਜਦੋਂਕਿ ਪ੍ਰੋਡਕਸ਼ਨ ਦੌਰਾਨ ਪੂਰੀ ਫ਼ਿਲਮ ਅਤੇ ਉਸ ਦੇ ਹਰ ਪੱਖ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ। ਇਸਦੀ ਆਪਣੀ ਇੱਕ ਅਲੱਗ ਹੀ ਜ਼ਿੰਮੇਵਾਰੀ ਹੁੰਦੀ ਹੈ। ਇੱਕ ਅਦਾਕਾਰ ਦੇ ਤੌਰ ’ਤੇ ਆਪਣੀ ਅਲੱਗ ਜ਼ਿੰਮੇਵਾਰੀ ਹੁੰਦੀ ਹੈ, ਪਰ ਇੱਕ ਨਿਰਮਾਤਾ ਲਈ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਦਾ ਬੋਝ ਤੁਹਾਡੇ ਮੋਢੇ ’ਤੇ ਹੁੰਦਾ ਹੈ ਅਤੇ ਤੁਹਾਨੂੰ ਹਰ ਚੀਜ਼ ਵਿੱਚ ਖ਼ੁਦ ਨੂੰ ਸਾਬਤ ਕਰਨਾ ਹੁੰਦਾ ਹੈ। ਨਾਲ ਹੀ ਜੇਕਰ ਤੁਹਾਡੀ ਫ਼ਿਲਮ ਵਿੱਚ ਕੋਈ ਪੈਸਾ ਲਗਾਉਂਦਾ ਹੈ ਤਾਂ ਉਸ ਦਾ ਮੁਨਾਫ਼ਾ ਕਮਾਉਣ ਵੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਦਰਅਸਲ, ਪ੍ਰੋਡਕਸ਼ਨ ਹਕੀਕਤ ਵਿੱਚ ਲੋਕਾਂ ਦਾ ਪ੍ਰਬੰਧ ਹੁੰਦਾ ਹੈ। ਇਸ ਲਈ ਮੈਂ ਇਹ ਜ਼ਿੰਮੇਵਾਰੀ ਆਪਣੇ ਭਰਾ ਨੂੰ ਸੌਂਪ ਦਿੱਤੀ ਹੈ। ਪ੍ਰੋਡਕਸ਼ਨ ਦੀ ਸਾਰੀ ਜ਼ਿੰਮੇਵਾਰੀ ਉਹ ਹੀ ਉਠਾਉਂਦਾ ਹੈ  ਜਦੋਂਕਿ ਮੈਂ ਰਚਨਾਤਮਕ ਕੰਮਾਂ ਦੀ ਤਰਫ਼ ਧਿਆਨ ਦਿੰਦੀ ਹਾਂ। ਹਾਲਾਂਕਿ ਦੋਨੋਂ ਕੰਮ ਰਚਨਾਤਮਕ ਹਨ, ਪਰ ਦੋਨਾਂ ਦੀਆਂ ਜ਼ਿੰਮੇਵਾਰੀਆਂ ਅਤੇ ਜਵਾਬਦੇਹੀਆਂ ਬਿਲਕੁਲ ਅਲੱਗ ਹਨ।
-ਮਤਲਬ, ਤੁਹਾਡੇ ਲਈ ਇੱਕ ਨਿਰਮਾਤਾ ਬਣਨਾ ਵਧੀਆ ਸਾਬਤ ਹੋਇਆ?
-ਬਿਲਕੁਲ, ਇੱਕ ਨਿਰਮਾਤਾ ਬਣਨਾ ਮੇਰੇ ਲਈ ਚੰਗਾ ਸਾਬਤ ਹੋਇਆ ਕਿਉਂਕਿ ਮੈਂ ਖ਼ੁਦ ਨੂੰ ਇਸ ਗੱਲ ਤੋਂ ਪ੍ਰਭਾਵਿਤ ਨਹੀਂ ਹੋਣ ਦਿੰਦੀ ਕਿ ਦੂਜੇ ਲੋਕ ਕੀ ਸੋਚਣਗੇ। ਮੈਂ ਇੱਕ ਹੀ ਦਿਸ਼ਾ ਵਿੱਚ ਨਹੀਂ ਚਲਦੀ। ਜਦੋਂ ਗੱਲ ਕੋਈ ਫ਼ਿਲਮ ਕਰਨ ਦੀ ਜਾਂ ਕਿਸੇ ਫ਼ਿਲਮ ਦੇ ਨਿਰਮਾਣ ਦੀ ਆਉਂਦੀ ਹੈ ਤਾਂ ਮੈਂ ਆਪਣੇ ਅੰਦਰ ਦੀ ਆਵਾਜ਼ ਸੁਣਦੀ ਹਾਂ ਅਤੇ ਇੱਕ ਚੰਗੀ ਕਹਾਣੀ ਦਾ ਹਿੱਸਾ ਬਣਨ ’ਤੇ ਧਿਆਨ ਕੇਂਦਰਿਤ ਕਰਦੀ ਹਾਂ। ਮੈਂ ਖ਼ੁਦ ਵਿੱਚ ਵਿਸ਼ਵਾਸ ਕਰਦੀ ਹਾਂ, ਇਸ ਲਈ ਇੱਕ ਨਿਰਮਾਤਾ ਬਣਨਾ ਮੇਰੇ ਲਈ ਚੰਗਾ ਸਾਬਤ ਹੋਇਆ ਹੈ।
-ਅੱਜਕੱਲ੍ਹ ਤੁਹਾਡਾ ਧਿਆਨ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰਾਂ ’ਤੇ ਹੈ। ਕੋਈ ਖ਼ਾਸ ਕਾਰਨ?
-ਸਭ ਤੋਂ ਮਹੱਤਵਪੂਰਨ ਕਾਰਨ ਤਾਂ ਇਹ ਹੈ ਕਿ ਇੱਕ ਹੀ ਤਰ੍ਹਾਂ ਦੇ ਕਿਰਦਾਰ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਹੁੰਦਾ ਹੈ। ਅਜਿਹੇ ਕਿਰਦਾਰ ਵਿੱਚ ਤੁਸੀਂ ਕਦੋਂ ਤਕ ਕੁਝ ਖ਼ਾਸ ਜਾਂ ਅਲੱਗ ਕਰ ਸਕੋਗੇ। ਅਜਿਹਾ ਹਮੇਸ਼ਾਂ ਸੰਭਵ ਨਹੀਂ ਹੋ ਸਕਦਾ ਜਦੋਂਕਿ ਮੇਰੀ ਹਮੇਸ਼ਾਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਨੂੰ ਪਰਦੇ ’ਤੇ ਕੁਝ ਅਲੱਗ ਕਰਨ ਦਾ ਮੌਕਾ ਮਿਲੇ ਤਾਂ ਕਿ ਲੋਕਾਂ ਨੂੰ ਮੇਰਾ ਅਦਾਕਾਰੀ ਦਾ ਪੱਧਰ ਪਤਾ ਲੱਗ ਸਕੇ ਅਤੇ ਮੈਨੂੰ ਵੀ ਰਚਨਾਤਮਕ ਸੰਤੁਸ਼ਟੀ ਮਿਲ ਸਕੇ। ਇਸੇ ਕਾਰਨ ਅਲੱਗ ਅਲੱਗ ਕਿਰਦਾਰਾਂ ਨੂੰ ਤਵੱਜੋ ਦਿੰਦੀ ਹਾਂ। ਵੈਸੇ ਵੀ ਮੇਰਾ ਸ਼ੌਕ ਹਮੇਸ਼ਾਂ ਕੁਝ ਨਵਾਂ ਕਰਨ ਅਤੇ ਸਿੱਖਣ ਦਾ ਰਿਹਾ ਹੈ। ਅਲੱਗ ਕਿਰਦਾਰ ਕਰਨ ਵਿੱਚ ਵੀ ਮੈਨੂੰ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ।
-ਤੁਹਾਡੀ ਸ਼ਾਹਰੁਖ਼ ਖ਼ਾਨ ਨਾਲ ਬਣਨ ਵਾਲੀ ਫ਼ਿਲਮ ਦੀ ਤਿਆਰੀ ਕਿੱਥੋਂ ਤਕ ਪਹੁੰਚੀ ਹੈ?
-ਅਸੀਂ ਇਸ ਨਵੀਂ ਫ਼ਿਲਮ ਦੀ ਤਿਆਰੀ ਵਿੱਚ ਜੁਟ ਗਏ ਹਾਂ। ਇਸ ਫ਼ਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਕਰ ਰਹੇ ਹਨ। ਸ਼ਾਹਰੁਖ਼ ਦੀ ਸਰਪ੍ਰਸਤੀ ਵਿੱਚ ਹੀ ਮੈਂ ‘ਰੱਬ ਨੇ ਬਨਾ ਦੀ ਜੋੜੀ’ ਨਾਲ ਬੌਲੀਵੁੱਡ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਬਾਅਦ ਵਿੱਚ ਵੀ ਉਨ੍ਹਾਂ ਨਾਲ ਫ਼ਿਲਮ ਕੀਤੀ ਹੈ ਤਾਂ ਉਨ੍ਹਾਂ ਨਾਲ ਇੱਕ ਅਲੱਗ ਹੀ ਰਿਸ਼ਤਾ ਬਣ ਗਿਆ ਹੈ। ਇਹ ਵੀ ਇੱਕ ਰੁਮਾਂਟਿਕ ਫ਼ਿਲਮ ਹੋਏਗੀ, ਜਿਸ ਵਿੱਚ ਮੈਂ ਇੱਕ ਵਾਰ ਫਿਰ ਬੌਲੀਵੁੱਡ ਦੇ ਬਾਦਸ਼ਾਹ ਨਾਲ ਰੁਮਾਂਸ ਕਰਦੀ ਦਿਖਾਈ ਦੇਵਾਂਗੀ।
-ਅੱਜਕੱਲ੍ਹ ਫ਼ਿਲਮਾਂ ਨੂੰ ਲੈ ਕੇ ਸੈਂਸਰ ਬੋਰਡ ਦਾ ਰੁਖ਼ ਟਕਰਾਅ ਵਾਲਾ ਬਣਦਾ ਜਾ ਰਿਹਾ ਹੈ। ਤੁਸੀਂ ਕੀ ਕਹੋਗੇ ?
-ਮੇਰਾ ਮੰਨਣਾ ਹੈ ਕਿ ਰਚਨਾਤਮਕਤਾ ’ਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਸੈਂਸਰਸ਼ਿਪ ਨਹੀਂ, ਬਲਕਿ ਪ੍ਰਮਾਣੀਕਰਨ ਹੋਣਾ ਚਾਹੀਦਾ ਹੈ ਅਤੇ ਇਸੀ ਤਰੀਕੇ ਨਾਲ ਕਿਸੇ ਸਮੱਸਿਆ ਦਾ ਹੱਲ ਹੋ ਸਕਦਾ ਹੈ। ਰਚਨਾਤਮਕਤਾ ਵਿਚਾਰਾਂ ਦਾ ਪ੍ਰਗਟਾਵਾ ਹੈ। ਜੇਕਰ ਤੁਸੀਂ ਕਿਸੇ ਨੂੰ ਕੁਝ ਦੱਸਣਾ ਚਾਹੁੰਦੇ ਹੋ ਤਾਂ ਇਹ ਨਾ ਸੱਚੋ ਕਿ ਇਸ ਤਰ੍ਹਾਂ ਦੱਸਣਾ ਚਾਹੀਦਾ ਹੈ ਜਾਂ ਉਸ ਤਰ੍ਹਾਂ ਨਾਲ। ਨਹੀਂ ਤਾਂ ਤੁਸੀਂ ਕੁਝ ਵੱਡਾ ਜਾਂ ਅਹਿਮ ਨਹੀਂ ਕਰ ਸਕੋਗੇ। ਸੁਤੰਤਰਤਾ ਦੇਣੀ ਚਾਹੀਦੀ ਹੈ। ਮੈਨੂੰ ਵੀ ਆਪਣੇ ਹੋਮ ਪ੍ਰੋਡਕਸ਼ਨ ਦੀ ਪਹਿਲੀ ਫ਼ਿਲਮ ‘ਐੱਨਐੱਚ 10’ ਨੂੰ ਲੈ ਕੇ ਸੈਂਸਰ ਬੋਰਡ ਨਾਲ ਕੁਝ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਦੇ ਲੋਕ ਬਹੁਤ ਬੁੱਧੀਮਾਨ ਹਨ। ਉਹ ਬਾਲਗ ਇਸ ਲਈ ਕਹਾਉਂਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਕੀ ਸਹੀ ਅਤੇ ਕੀ ਗ਼ਲਤ ਹੈ। ਸੈਂਸਰ ਬੋਰਡ ਇਹੀ ਨਾ ਸੋਚੇ ਕਿ ਇੱਕ ਬਾਲਗ ਵਿਅਕਤੀ ਮੂਰਖ ਹੈ ਕਿਉਂਕਿ ਉਹ ਬੱਚੇ ਨਹੀਂ ਹਨ।
-ਸੋਸ਼ਲ ਮੀਡੀਆ ’ਤੇ ਉੱਠਣ ਵਾਲੇ ਵਿਵਾਦਾਂ ਸਬੰਧੀ ਤੁਹਾਡੀ ਕੀ ਰਾਇ ਹੈ?
-ਸੋਸ਼ਲ ਮੀਡੀਆ ’ਤੇ ਵਿਵਾਦਾਂ ਨੂੰ ਉਠਾਉਣ ਵਾਲੇ ਲੋਕ ਬਹੁਤ ਬੇਕਾਰ ਕਿਸਮ ਦੇ ਹੁੰਦੇ ਹਨ, ਅਸਲ ਵਿੱਚ ਉਨ੍ਹਾਂ ਵਿੱਚ ਹਿੰਮਤ ਨਹੀਂ ਹੁੰਦੀ। ਉਹ ਸਿਰਫ਼ ਆਪਣੀ ਭੜਾਸ ਹੀ ਕੱਢਦੇ ਰਹਿੰਦੇ ਹਨ। ਉਨ੍ਹਾਂ ਦੇ ਲਿਖੇ ਸੰਦੇਸ਼ ਵਿੱਚ ਨਜ਼ਰ ਆਉਂਦਾ ਹੈ ਕਿ ਉਹ ਬਗੈਰ ਕਿਸੇ ਮਤਲਬ ਦੇ ਸਾਹਮਣੇ ਵਾਲੇ ’ਤੇ ਫਾਲਤੂ ਦੀ ਹੀ ਟਿੱਪਣੀ ਕਰ ਰਹੇ ਹਨ। ਪਹਿਲਾਂ ਤਾਂ ਮੈਂ ਉਸ ਤਰਫ਼ ਥੋੜ੍ਹਾ ਧਿਆਨ ਵੀ ਦਿੰਦੀ ਸੀ, ਪਰ ਅੱਜ ਮੈਂ ਉਨ੍ਹਾਂ ਬਾਰੇ ਕੁਝ ਨਹੀਂ ਸੋਚਦੀ ਕਿਉਂਕਿ ਉਨ੍ਹਾਂ ਕੋਲ ਕੋਈ ਸੱਚ ਨਹੀਂ ਹੁੰਦਾ। ਉਹ ਸਿਰਫ਼ ਖ਼ੁਦ ਨੂੰ ਹੀ ਹਾਈਲਾਈਟ ਕਰਨ ਵਿੱਚ ਲੱਗੇ ਰਹਿੰਦੇ ਹਨ।
-ਤੁਹਾਡੀਆਂ ਹਮਉਮਰ ਪ੍ਰਿਅੰਕਾ ਚੋਪੜਾ ਅਤੇ ਦੀਪਿਕਾ ਪਾਦੂਕੋਣ ਹੌਲੀਵੁੱਡ ਪਹੁੰਚ ਗਈਆਂ ਹਨ। ਤੁਸੀਂ ਕਦੋਂ ਜਾਓਗੇ?
-ਪ੍ਰਿਅੰਕਾ ਚੋਪੜਾ ਅਤੇ ਦੀਪਿਕਾ ਪਾਦੂਕੋਣ ਵਿਦੇਸ਼ੀ ਧਰਤੀ ’ਤੇ ਜੋ ਕੁਝ ਕਰ ਰਹੀਆਂ ਹਨ, ਉਹ ਅਦਭੁੱਤ ਹੈ ਕਿਉਂਕਿ ਦੋਨਾਂ ਨੂੰ ਪੱਛਮ ਵਿੱਚ ਕਾਫ਼ੀ ਚੰਗੇ ਪ੍ਰੋਜੈਕਟਾਂ ਦਾ ਠੇਕਾ ਮਿਲਿਆ ਹੈ। ਦੋਨੋਂ ਇੱਕ ਤਰਫ਼ ਤੋਂ ਸਾਡੇ ਦੇਸ਼ ਦੀ ਪ੍ਰਤੀਨਿਧਤਾ ਕਰ ਰਹੀਆਂ ਹਨ। ਮੈਂ ਵਿਅਕਤੀਗਤ ਤੌਰ ’ਤੇ ਹੌਲੀਵੁੱਡ ਪ੍ਰੋਜੈਕਟਾਂ ਦੀ ਦਿਸ਼ਾ ਵਿੱਚ ਕੋਈ ਕੰਮ ਨਹੀਂ ਕਰ ਰਹੀ ਹਾਂ। ਵੈਸੇ ਮੈਂ ਇੱਕ ਅਭਿਨੇਤਰੀ ਦੇ ਰੂਪ ਵਿੱਚ ਜੋ ਕੁਝ ਵੀ ਕਰਾਂਗੀ, ਉਸ ਵਿੱਚ ਇਹ ਨਹੀਂ ਹੁੰਦਾ ਕਿ ਕੰਮ ਕਿੱਥੋਂ ਆ ਰਿਹਾ ਹੈ। ਉਹ ਸਿਰਫ਼ ਦਿਲਚਸਪ ਹੋਣਾ ਚਾਹੀਦਾ ਹੈ। ਮੈਂ ਉੱਥੇ ਜਾ ਕੇ ਘਸੀ ਪਿਟੀ ਭਾਰਤੀ ਲੜਕੀ ਨਹੀਂ ਬਣਨਾ ਚਾਹੁੰਦੀ।
-ਖ਼ਾਨ ਬ੍ਰਿਗੇਡ ਤੋਂ ਬਾਅਦ ਕੀ ਕੋਈ ਅਜਿਹਾ ਅਦਾਕਾਰ ਹੈ, ਜਿਸ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ?
– ਜੇਕਰ ਬਿਹਤਰੀਨ ਸਕ੍ਰਿਪਟ ਮਿਲੇ ਤਾਂ ਮੈਂ ਰਿਤਿਕ ਰੌਸ਼ਨ ਨਾਲ ਕੰਮ ਕਰਨਾ ਚਾਹਾਂਗੀ। ਉਸਦਾ ਅਹਿਮ ਕਾਰਨ ਹੈ ਕਿ ਰਿਤਿਕ ਦਾ ਆਪਣਾ ਇੱਕ ਪੱਧਰ ਹੈ ਅਤੇ ਉਹ ਲੀਕ ਤੋਂ ਹਟ ਕੇ ਫ਼ਿਲਮਾਂ ਕਰਨ ਲਈ ਜਾਣੇ ਜਾਂਦੇ ਹਨ।
-ਸੰਜੈ ਦੱਤ ਦੀ ਬਾਇਓਪਿਕ ਵਿੱਚ ਕੰਮ ਕਰਨ ਦੀ ਖ਼ਬਰ ਵਿੱਚ ਕਿੰਨੀ ਸਚਾਈ ਹੈ?
-ਇਹ ਪੂਰੀ ਤਰ੍ਹਾਂ ਸੱਚ ਹੈ ਕਿ ਰਾਜਕੁਮਾਰ ਹਿਰਾਨੀ ਨਿਰਦੇਸ਼ਿਤ ਸੰਜੈ ਦੱਤ ਦੀ ਬਾਇਓਪਿਕ ਫ਼ਿਲਮ ਵਿੱਚ ਮੈਂ ਕੰਮ ਕਰਨ ਜਾ ਰਹੀ ਹਾਂ। ਹਾਲਾਂਕਿ ਇਸ ਬਾਇਓਪਿਕ ਵਿੱਚ ਮੈਂ ਕੈਮਿਓ ਕਰਨ ਵਾਲੀ ਹਾਂ। ਫ਼ਿਲਮ ਵਿੱਚ ਰਣਬੀਰ ਕਪੂਰ ਸੰਜੈ ਦੱਤ ਦੇ ਕਿਰਦਾਰ ਵਿੱਚ ਦਿਖਾਈ ਦੇਣਗੇ, ਜਦੋਂਕਿ ਮੈਂ ਉਸ ਦੀ ਪਤਨੀ ਮਾਨਿਅਤਾ ਦੇ ਕਿਰਦਾਰ ਵਿੱਚ ਨਜ਼ਰ ਆਵਾਂਗੀ। ਇਸ ਤੋਂ ਅੱਗੇ ਇਸ ਸਬੰਧੀ ਕੁਝ ਹੋਰ ਨਾ ਪੁੱਛੋ।
-ਸੰਜੈ ਦੱਤ ਨਾਲ ਬੇਸ਼ੱਕ ਤੁਸੀਂ ਕੰਮ ਨਹੀਂ ਕੀਤਾ ਹੈ, ਪਰ ਤੁਹਾਡੇ ਦੋਨਾਂ ਦੇ ਵਿਚਕਾਰ ਤਾਲਮੇਲ ਤਾਂ ਹੈ ਹੀ?
-ਜੀ ਬਿਲਕੁਲ, ਦਰਅਸਲ ਘੱਟ ਲੋਕ ਜਾਣਦੇ ਹਨ ਕਿ ਮੈਂ ‘ਮੁੰਨਾਭਾਈ ਐੱਮਬੀਬੀਐੱਸ’ ਦੇ ਇੱਕ ਦ੍ਰਿਸ਼ ਵਿੱਚ ਨਜ਼ਰ ਆਈ ਸੀ। ਇਸ ਦ੍ਰਿਸ਼ ਵਿੱਚ ਮੁੰਨਾ ਮਤਲਬ ਸੰਜੈ ਦੱਤ ਰਸਤੇ ’ਤੇ ਜਾ ਰਿਹਾ ਹੈ ਤਾਂ ਸਾਈਡ ਵਿੱਚ ਇੱਕ ਪੋਸਟਰ ਲੱਗਿਆ ਹੁੰਦਾ ਹੈ। ਉਸ ਪੋਸਟਰ ਵਿੱਚ ਜੋ ਚਿਹਰਾ ਦਿਖਾਈ ਦਿੰਦਾ ਹੈ, ਉਹ ਮੇਰਾ ਹੈ। ਮਤਲਬ ਸੰਜੂ ਬਾਬਾ ਦੇ ਕਰੀਅਰ ਦੀ ਅਹਿਮ ਫ਼ਿਲਮ ਵਿੱਚ ਮੈਂ ‘ਪੋਸਟਰ ਗਰਲ’ ਦੇ ਰੂਪ ਵਿੱਚ ਮੌਜੂਦ ਸੀ, ਜਦੋਂਕਿ ਹੁਣ ਉਨ੍ਹਾਂ ਦੀ ਜ਼ਿੰਦਗੀ ’ਤੇ ਬਣ ਰਹੀ ਫ਼ਿਲਮ ਵਿੱਚ ਛੋਟਾ ਰੋਲ (ਕੇਮੀਓ) ਕਰ ਰਹੀ ਹਾਂ।
-ਕੀ ਰਾਜਕੁਮਾਰ ਹਿਰਾਨੀ ਨਾਲ ਵਧੀਆ ਤਾਲਮੇਲ ਵੀ ਤਾਂ ਵਜ੍ਹਾ ਨਹੀਂ?
-ਕਿਉਂ ਨਹੀਂ! ਰਾਜੂ ਹਿਰਾਨੀ ਨਾਲ ਮੇਰੇ ਚੰਗੇ ਸਬੰਧ ਬਣ ਚੁੱਕੇ ਹਨ। ਉਨ੍ਹਾਂ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ‘ਪੀਕੇ’ ਵਿੱਚ ਮੈਂ ਫੀਮੇਲ ਲੀਡ ਰੋਲ ਨਿਭਾਇਆ ਸੀ। ਉਸ ਤੋਂ ਪਹਿਲਾਂ ‘3 ਇਡੀਅਟਸ’ ਲਈ ਵੀ ਮੈਂ ਆਡੀਸ਼ਨ ਦਿੱਤਾ ਸੀ, ਪਰ ਉਹ ਕਿਰਦਾਰ ਕਰੀਨਾ ਕਪੂਰ ਦੇ ਕੋਲ ਚਲਾ ਗਿਆ ਸੀ। ਅੱਜ ਸੰਜੈ ਦੱਤ ਬਾਰੇ ਬਾਇਓਪਿਕ ਵਿੱਚ ਮੈਂ ਅਹਿਮ ਕਿਰਦਾਰ ਨਿਭਾ ਰਹੀ ਹਾਂ। .


Comments Off on ਆਪਣੇ ਦਿਲ ਦੀ ਆਵਾਜ਼ ਸੁਣਦੀ ਹੈ: ਅਨੁਸ਼ਕਾ ਸ਼ਰਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.