ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਆਸਾਨ ਨਹੀਂ ਹੈ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ

Posted On March - 6 - 2017

10603CD _VOTING MACHINEਵੋਟਿੰਗ ਮਸ਼ੀਨਾਂ ਦੀ ਭਾਰਤ ਵਿੱਚ ਪੂਰੀ ਤਰ੍ਹਾਂ ਸ਼ੁਰੂਆਤ 2004 ਵਿੱਚ ਹੋਈ ਸੀ, ਭਾਵੇਂ ਕਿ ਇਸ ਤੋਂ ਪਹਿਲਾਂ ਵੀ ਕੁਝ ਖ਼ਾਸ ਖੇਤਰਾਂ ਵਿੱਚ ਤਜਰਬੇ ਦੇ ਆਧਾਰ ਉੱਤੇ ਇਹ ਸ਼ੁਰੂ ਹੋ ਚੁੱਕੀਆਂ ਸਨ। ਇਹ ਵੋਟਿੰਗ ਪ੍ਰਣਾਲੀ ਵਿੱਚ ਇੱਕ ਇਨਕਲਾਬੀ ਕਦਮ ਸੀ ਕਿਉਂਕਿ ਇਨ੍ਹਾਂ ਨਾਲ ਇੱਕ ਤਾਂ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਦੂਸਰਾ ਅਨਪੜ੍ਹ ਅਤੇ ਬਜ਼ੁਰਗ ਵੋਟਰਾਂ ਲਈ ਇਹ ਢੰਗ ਪੁਰਾਣੀ ਪ੍ਰਣਾਲੀ ਨਾਲੋਂ ਕਿਤੇ ਵੱਧ ਸੁਖਾਲਾ ਹੈ। ਪੁਰਾਣੀ ਪ੍ਰਣਾਲੀ ਵਿੱਚ ਇੱਕ ਬੈਲਟ ਪੇਪਰ ਉੱਤੋਂ ਆਪਣੀ ਪਸੰਦ ਦਾ ਉਮੀਦਵਾਰ ਲੱਭ ਕੇ ਉਸਦੇ ਚੋਣ ਨਿਸ਼ਾਨ ਉੱਤੇ ਮੋਹਰ ਲਗਾਉਣੀ ਪੈਂਦੀ ਸੀ। ਅਨਪੜ੍ਹ ਅਤੇ ਬਜ਼ੁਰਗ ਵੋਟਰਾਂ ਤੋਂ ਅਕਸਰ ਹੀ ਮੋਹਰ ਅੱਗੇ-ਪਿੱਛੇ ਹੋ ਜਾਂਦੀ ਸੀ, ਜਿਸ ਨਾਲ ਵੋਟ ਰੱਦ ਹੋ ਜਾਂਦੀ ਸੀ, ਪਰ ਵੋਟਿੰਗ ਮਸ਼ੀਨਾਂ ਵਿੱਚ ਇਹ ਗ਼ਲਤੀਆਂ ਹੋਣ ਦੀ ਸੰਭਾਵਨਾ ਖ਼ਤਮ ਹੀ ਹੋ ਜਾਂਦੀ ਹੈ। ਇਨ੍ਹਾਂ ਨਾਲ ਵੋਟਾਂ     ਦੀ ਗਿਣਤੀ ਕਰਨੀ ਬਹੁਤ ਸੁਖਾਲਾ ਅਤੇ ਤੇਜ਼ ਗਤੀ ਵਾਲਾ ਕਾਰਜ ਬਣ ਗਿਆ ਹੈ।
ਮੌਜੂਦਾ ਸਮੇਂ ਵਿੱਚ ਜਦੋਂ ਹਰ ਤਰ੍ਹਾਂ ਦੇ ਇਲੈੱਕਟ੍ਰਾਨਿਕ ਯੰਤਰਾਂ ਦੀ ਹੈਕਿੰਗ ਵਧਦੀ ਜਾ ਰਹੀ ਹੈ ਤਾਂ ਵੋਟਿੰਗ ਮਸ਼ੀਨਾਂ ਦੀ ਸੁਰੱਖਿਅਤਾ ਉੱਤੇ ਵੀ ਸਵਾਲ ਉੱਠਣੇ ਲਾਜ਼ਮੀ ਹੋ ਗਏ ਹਨ। ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਕੰਪਿਊਟਰ ਅਤੇ ਵੈੱਬਸਾਈਟਾਂ ਹੈਕ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਵਰਗੇ ਦੇਸ਼ ਦੀ ਸਰਕਾਰ ਦਾ ਗੁਪਤ ਡਾਟਾ ਵਿਕੀਲੀਕਸ ਵਰਗੀਆਂ ਸੰਸਥਾਵਾਂ ਰਾਹੀਂ ਲੀਕ ਹੋ ਰਿਹਾ ਹੈ ਤਾਂ ਫਿਰ ਕਿਸੇ ਵੀ ਇਲੈੱਕਟ੍ਰਾਨਿਕ ਯੰਤਰ ਦੀ ਭਰੋਸੇਯੋਗਤਾ ਉੱਤੇ ਸਵਾਲ ਤਾਂ ਜ਼ਰੂਰ ਉੱਠਣਗੇ। ਇਸ ਲਈ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਵੀ ਸ਼ੱਕ ਦੇ ਘੇਰੇ ਵਿੱਚ ਹੈ। ਖ਼ਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚ ਵਿਰੋਧੀ ਪਾਰਟੀਆਂ ਨੂੰ ਮੌਜੂਦਾ ਸਰਕਾਰ ਅਤੇ ਅਫ਼ਸਰਸ਼ਾਹੀ ਉੱਤੇ ਅਜਿਹੇ ਸ਼ੱਕ ਹੋਣੇ ਕੋਈ ਅਣਹੋਣੀ ਗੱਲ ਨਹੀਂ ਹੈ ਕਿਉਂਕਿ ਦੇਸ਼ ਵਿੱਚ ਅਫ਼ਸਰਸ਼ਾਹੀ ਦਾ ਇੱਕ ਵੱਡਾ ਹਿੱਸਾ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲਾ ਹੀ ਹੁੰਦਾ ਹੈ। ਫਿਰ ਕਿਵੇਂ ਮੰਨਿਆ ਜਾਵੇ ਕਿ ਅਜਿਹੇ ਅਫ਼ਸਰਾਂ ਨੇ ਆਪਣੀ ਚਹੇਤੀ ਸਿਆਸੀ ਪਾਰਟੀ ਨੂੰ ਗ਼ੈਰਵਾਜਬ ਲਾਭ ਪਹੁੰਚਾਉਣ ਲਈ ਆਪਣੇ ਅਹੁਦੇ ਅਤੇ ਅਫ਼ਸਰੀ ਰਸੂਖ਼ ਦੀ ਵਰਤੋਂ ਨਹੀਂ ਕੀਤੀ ਹੋਵੇਗੀ ? ਅਜਿਹੀਆਂ ਘਟਨਾਵਾਂ ਵੇਖ ਕੇ ਆਮ ਲੋਕਾਂ ਦਾ ਵਿਸ਼ਵਾਸ ਅਕਸਰ ਡੋਲਦਾ ਰਹਿੰਦਾ ਹੈ।

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

ਫਿਰ ਵੀ ਸਾਨੂੰ ਵੋਟਿੰਗ ਮਸ਼ੀਨਾਂ ਦੇ ਤਕਨੀਕੀ ਪੱਖ ਅਤੇ ਵਰਤੋਂ ਦੇ ਢੰਗ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਜ਼ਰੂਰੀ ਹੈ। ਸਿਰਫ਼ ਸ਼ੱਕ ਦੇ ਆਧਾਰ ਉੱਤੇ ਹੀ ਅਸੀਂ ਇੱਕ ਨਵੀਂ ਤਕਨੀਕ ਨੂੰ ਗ਼ਲਤ ਨਹੀਂ ਸਿੱਧ ਕਰ ਸਕਦੇ। ਇਹ ਵੀ ਵੇਖਣ ਦੀ ਲੋੜ ਹੈ ਕਿ ਜੇਕਰ ਇਹ ਮਸ਼ੀਨਾਂ ਇੰਨੀਆਂ ਹੀ ਕਮਜ਼ੋਰ ਹੁੰਦੀਆਂ ਤਾਂ ਕੇਂਦਰ ਵਿੱਚ ਇੰਨੀ ਤਾਕਤਵਰ ਭਾਜਪਾ ਸਰਕਾਰ ਦੇ ਹੁੰਦੇ ਹੋਏ ਦਿੱਲੀ, ਬਿਹਾਰ ਜਾਂ ਬੰਗਾਲ ਵਿੱਚ ਇੰਨੇ ਵੱਡੇ ਫਰਕ ਨਾਲ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨਾ ਆ ਸਕਦੀਆਂ। ਅਜੇ ਤਕ ਸ਼ਾਇਦ ਹੀ ਕਿਤੇ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਹੋਵੇ ਕਿ ਇਨ੍ਹਾਂ ਮਸ਼ੀਨਾਂ ਨਾਲ ਰਿਮੋਟ ਜਾਂ ਰੇਡੀਓ ਤਰੰਗਾਂ ਰਾਹੀਂ ਕੋਈ ਛੇੜਛਾੜ ਹੋਈ ਹੋਵੇ। ਕਿਸੇ ਹੋਰ ਤਕਨੀਕੀ ਯੰਤਰ ਨੂੰ ਇਨ੍ਹਾਂ ਨਾਲ ਜੋੜ ਕੇ ਤਾਂ ਸ਼ਾਇਦ ਅਜਿਹਾ ਸੰਭਵ ਹੋ ਸਕਦਾ ਹੋਵੇ, ਪਰ ਮਸ਼ੀਨਾਂ ਦੇ ਨਿਰਮਾਤਾ ਇੰਜੀਨੀਅਰ ਕਹਿੰਦੇ ਹਨ ਕਿ ਅਜਿਹੀ ਸੂਰਤ ਵਿੱਚ ਇਨ੍ਹਾਂ ਅੰਦਰਲਾ ਸਾਰਾ ਡਾਟਾ ਖ਼ਤਮ ਹੋ ਜਾਵੇਗਾ।
ਵੋਟਿੰਗ ਮਸ਼ੀਨਾਂ ਦੀ ਵਰਤੋਂ ਨੂੰ ਨੇੜੇ ਤੋਂ ਵੇਖਣ ਨਾਲ ਪਤਾ ਲੱਗਦਾ ਹੈ ਕਿ ਇਨ੍ਹਾਂ ਨਾਲ ਛੇੜਛਾੜ ਕਰਨ ਲਈ ਇੱਕ ਬਹੁਤ ਵੱਡੀ ਟੀਮ ਦੀ ਜ਼ਰੂਰਤ ਹੋਵੇਗੀ। ਇਸ ਕੰਮ ਲਈ ਇੰਨੇ ਕੁ ਲੋਕਾਂ ਨੂੰ ਆਪਣੇ ਨਾਲ ਗੰਢਣ ਦੀ ਲੋੜ ਹੋਵੇਗੀ, ਪਰ ਅਜਿਹੀ ਹਿਮਾਕਤ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਪੈ ਸਕਦੀ। ਉਦਾਹਰਣ ਵਜੋਂ ਜਦੋਂ ਵੀ ਕਿਤੇ ਚੋਣਾਂ ਹੋਣੀਆਂ ਹੁੰਦੀਆਂ ਹਨ ਤਾਂ ਉਸ ਇਲਾਕੇ ਵਿੱਚ ਲਿਜਾਈਆਂ ਜਾਣ ਵਾਲੀਆਂ ਮਸ਼ੀਨਾਂ ਦੀ ਚੋਣ ਜਾਣਬੁੱਝ ਕੇ ਬੇਤਰਤੀਬੇ ਢੰਗ ਨਾਲ ਕੀਤੀ ਜਾਂਦੀ ਹੈ। ਕੰਪਿਊਟਰ ਪ੍ਰਣਾਲੀ ਨਾਲ ਬੇਤਰਤੀਬੇ ਲੜੀ ਨੰਬਰਾਂ ਵਾਲੀਆਂ ਮਸ਼ੀਨਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਚੋਣਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ। ਫਿਰ ਉਨ੍ਹਾਂ ਨੂੰ ਅੱਗੇ ਚੋਣ ਬੂਥਾਂ ਉੱਤੇ ਲਿਜਾਣ ਵੇਲੇ ਵੀ ਇਸੇ ਤਰ੍ਹਾਂ ਨਾਲ ਹੀ ਚੋਣ ਹੁੰਦੀ ਹੈ ਤਾਂ ਕਿ ਕਿਸੇ ਨੂੰ ਵੀ ਪਤਾ ਨਾ ਹੋਵੇ ਕਿ ਕਿਹੜੀਆਂ ਮਸ਼ੀਨਾਂ ਕਿੱਥੇ ਜਾ ਰਹੀਆਂ ਹਨ। ਇੰਜ ਹੀ, ਕਿਹੜੇ ਉਮੀਦਵਾਰ ਨੂੰ ਕਿਹੜੇ ਨੰਬਰ ਦਾ ਬਟਨ ਮਿਲੇਗਾ, ਇਹ ਵੀ ਚੋਣਾਂ ਵਾਲੇ ਦਿਨ ਦੇ ਕਾਫ਼ੀ ਨੇੜੇ    ਆ ਕੇ ਹੀ ਪਤਾ ਲੱਗਦਾ ਹੈ। ਇਸ ਤਰ੍ਹਾਂ ਜਦੋਂ ਤਕ ਕਿਸੇ ਉਮੀਦਵਾਰ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਕਿਹੜੇ ਨੰਬਰ ਵਾਲਾ ਬਟਨ ਮਿਲਣਾ ਹੈ, ਉਦੋਂ ਤਕ ਸਾਰੀਆਂ ਮਸ਼ੀਨਾਂ ਸਖ਼ਤ ਸੁਰੱਖਿਆ ਦੇ ਘੇਰੇ ਵਿੱਚ ਆ ਚੁੱਕੀਆਂ ਹੁੰਦੀਆਂ ਹਨ। ਇਸ ਲਈ ਕਿਸੇ ਖ਼ਾਸ ਬਟਨ ਨਾਲ ਛੇੜਛਾੜ ਦੀ ਸੰਭਾਵਨਾ ਤਕਰੀਬਨ ਨਾਂਹ ਦੇ ਬਰਾਬਰ ਹੈ।
ਚੋਣਾਂ ਵਾਲੇ ਦਿਨ ਸਾਰੀਆਂ ਮਸ਼ੀਨਾਂ ਚੋਣ ਏਜੰਟਾਂ ਨੂੰ ਚਲਾ ਕੇ ਵਿਖਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਅੰਦਰਲਾ ਸਾਰਾ ਡਾਟਾ ਸਾਫ਼ ਕਰਕੇ, ਨਕਲੀ ਵੋਟਾਂ ਪਵਾ ਕੇ (ਮੌਕ ਪੋਲ) ਨਕਲੀ ਨਤੀਜਾ ਵਿਖਾ ਕੇ ਫਿਰ ਮਸ਼ੀਨਾਂ ਦੇ ਅੰਦਰਲਾ ਡਾਟਾ ਦੁਬਾਰਾ ਸਾਫ਼ ਕਰਕੇ ਚੋਣ ਏਜੰਟਾਂ ਦੇ ਸਾਹਮਣੇ ਮਸ਼ੀਨਾਂ ਸੀਲ ਕੀਤੀਆਂ ਜਾਂਦੀਆਂ ਹਨ। ਸੀਲਾਂ ਨਾਲ ਲੱਗੇ ਟੈਗ ਉੱਤੇ ਚੋਣ ਏਜੰਟਾਂ ਦੇ ਦਸਤਖ਼ਤ ਕਰਵਾਏ ਜਾਂਦੇ ਹਨ ਤਾਂ ਕਿ ਉਨ੍ਹਾਂ ਸੀਲਾਂ ਨਾਲ ਕੋਈ ਛੇੜਛਾੜ ਨਾ ਕਰ ਸਕੇ। ਵੋਟਾਂ ਪੈਣ ਦੇ ਦੌਰਾਨ ਕੁੱਲ ਵੋਟਾਂ ਦੀ ਗਿਣਤੀ ਰਜਿਸਟਰ 17-ਏ ਦੇ ਨਾਲ ਵਾਰੀ-ਵਾਰੀ ਮਿਲਾਈ ਜਾਂਦੀ ਹੈ ਅਤੇ ਚੋਣ ਏਜੰਟਾਂ ਨੂੰ ਚੈੱਕ ਕਰਵਾਈ ਜਾਂਦੀ ਹੈ। ਇਸ ਨਾਲ ਕੁੱਲ ਵੋਟਾਂ ਦੀ ਗਿਣਤੀ ਵਿੱਚ ਫਰਕ ਆ ਹੀ ਨਹੀਂ ਸਕਦਾ।
ਇਸ ਤੋਂ ਇਲਾਵਾ ਮਸ਼ੀਨ ਦੀ ਸਪੀਡ ਮੁਤਾਬਿਕ ਇੱਕ ਮਿੰਟ ਵਿੱਚ ਵੱਧ ਤੋਂ ਵੱਧ ਪੰਜ ਵੋਟਾਂ ਹੀ ਪੈ ਸਕਦੀਆਂ ਹਨ। ਇਸ ਲਈ ਚੋਣ ਬੂਥਾਂ ਉੱਤੇ ਕਬਜ਼ਾ ਕਰਕੇ ਅੰਨ੍ਹੇਵਾਹ ਵੋਟਾਂ ਭੁਗਤਾਉਣ ਵਾਲਾ ਕੰਮ ਵੀ ਸੰਭਵ ਨਹੀਂ ਹੈ। ਜੇਕਰ ਕਿਸੇ ਵੀ ਤਰ੍ਹਾਂ ਦੀ ਗੜਬੜ ਵਾਲਾ ਮਾਹੌਲ ਬਣਦਾ ਲੱਗੇ ਤਾਂ ਚੋਣ ਅਫ਼ਸਰ ਕਲੋਜ਼ ਵਾਲਾ ਬਟਨ ਦਬਾ ਕੇ ਮਸ਼ੀਨ ਨੂੰ ਲੌਕ ਕਰ ਸਕਦਾ ਹੈ। ਵੋਟਿੰਗ ਖ਼ਤਮ ਹੋਣ ਉਪਰੰਤ ਵੀ ਸਾਰੇ ਚੋਣ ਏਜੰਟਾਂ ਦੇ ਸਾਹਮਣੇ ਸਾਰੀਆਂ ਮਸ਼ੀਨਾਂ ਪੂਰੀ ਤਰ੍ਹਾਂ ਸੀਲ ਕੀਤੀਆਂ ਜਾਂਦੀਆਂ ਹਨ। ਸਾਰੇ ਚੋਣ ਏਜੰਟਾਂ ਅਤੇ ਚੋਣ ਸਟਾਫ ਦੇ ਸੀਲਾਂ ਉੱਤੇ ਦਸਤਖ਼ਤ ਹੁੰਦੇ ਹਨ। ਫਿਰ ਜਦੋਂ ਮਸ਼ੀਨਾਂ ਸਟਰਾਂਗ ਰੂਮ ਵਿੱਚ ਰੱਖੀਆਂ ਜਾਂਦੀਆਂ ਹਨ ਤਾਂ ਉੱਥੇ ਤਿੰਨ ਸਟੇਜਾਂ ਦੀ ਸੁਰੱਖਿਆ ਹੁੰਦੀ ਹੈ। ਬਾਹਰਲੇ ਰਾਜਾਂ ਦੇ ਨੀਮ ਫ਼ੌਜੀ ਦਲਾਂ ਦਾ ਸਖ਼ਤ ਪਹਿਰਾ ਹੁੰਦਾ ਹੈ ਅਤੇ ਦਫ਼ਾ 144 ਲੱਗੀ ਹੋਣ ਕਾਰਨ ਬਿਨਾਂ ਸਖ਼ਤ ਚੈਕਿੰਗ ਦੇ ਕੋਈ ਅੰਦਰ ਨਹੀਂ ਜਾ ਸਕਦਾ। ਸੀਸੀਟੀਵੀ ਕੈਮਰਿਆਂ ਰਾਹੀਂ 24 ਘੰਟੇ ਨਿਗਰਾਨੀ ਹੁੰਦੀ ਹੈ ਅਤੇ ਬਾਹਰ ਲੱਗੀ ਸਕਰੀਨ ਉੱਤੇ ਅੰਦਰਲਾ ਸਭ ਕੁਝ ਨਜ਼ਰ ਆਉਂਦਾ ਰਹਿੰਦਾ ਹੈ। ਵੋਟਾਂ ਦੀ ਗਿਣਤੀ ਵਾਲੇ ਦਿਨ ਪਹਿਲਾਂ ਸਾਰੇ ਉਮੀਦਵਾਰਾਂ ਅਤੇ ਏਜੰਟਾਂ ਨੂੰ ਸਾਰੀਆਂ ਸੀਲਾਂ ਵਿਖਾਈਆਂ ਜਾਂਦੀਆਂ ਹਨ। ਚੋਣ ਏਜੰਟਾਂ ਦੇ ਦਸਤਖ਼ਤ ਚੈੱਕ ਕਰਵਾਏ ਜਾਂਦੇ ਹਨ। ਉਨ੍ਹਾਂ ਸਾਰਿਆਂ ਦੀ ਤਸੱਲੀ ਹੋਣ ਉਪਰੰਤ ਹੀ ਮਸ਼ੀਨਾਂ ਖੋਲ੍ਹ ਕੇ ਗਿਣਤੀ ਸ਼ੁਰੂ ਕੀਤੀ ਜਾਂਦੀ ਹੈ।
ਵੋਟਿੰਗ ਮਸ਼ੀਨਾਂ ਨਾਲ ਕੰਪਿਊਟਰ ਵਰਗਾ ਕੋਈ ਯੰਤਰ ਜੋੜ ਕੇ ਤਾਂ ਸ਼ਾਇਦ ਕੁਝ ਛੇੜਛਾੜ ਕੀਤੀ ਜਾ ਸਕਦੀ ਹੋਵੇ, ਪਰ ਇਹ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਹੋ ਸਕਦਾ ਕਿਉਂਕਿ ਸੁਰੱਖਿਆ ਬਹੁਤ ਸਖ਼ਤ ਹੁੰਦੀ ਹੈ। ਰਿਮੋਟ, ਬਲਿਊਟੂਥ ਜਾਂ ਰੇਡਿਓ ਤਰੰਗਾਂ ਆਦਿ ਰਾਹੀਂ ਛੇੜਛਾੜ ਕਰਨ ਬਾਰੇ ਸ਼ੱਕ ਤਾਂ ਜ਼ਰੂਰ ਹੋ ਸਕਦਾ ਹੈ, ਪਰ ਅਜੇ ਤਕ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆ ਸਕਿਆ। ਉਂਜ ਵੀ ਅਜਿਹਾ ਕੁਝ ਵੋਟਿੰਗ ਹੋਣ ਦੇ ਦੌਰਾਨ ਹੀ ਸੰਭਵ ਹੋ ਸਕਦਾ ਹੈ, ਪਰ ਉਸ ਸਮੇਂ ਮਸ਼ੀਨਾਂ ਦੇ ਨੇੜੇ ਸਿਰਫ਼ ਚੋਣ ਸਟਾਫ ਜਾਂ ਚੋਣ ਏਜੰਟ ਹੀ ਰਹਿ ਸਕਦੇ ਹਨ। ਚੋਣ ਸਟਾਫ ਵਿੱਚ ਸਰਕਾਰੀ ਮੁਲਾਜ਼ਮ ਹੁੰਦੇ ਹਨ ਜਿਹੜੇ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਚੋਣ ਏਜੰਟਾਂ ਵਿੱਚ ਆਮ ਸਥਾਨਕ ਲੋਕ ਹੁੰਦੇ ਹਨ ਜਿਨ੍ਹਾਂ ਉੱਤੇ ਅਜਿਹਾ ਤਕਨੀਕੀ ਹੇਰਾਫੇਰੀ ਦਾ ਸ਼ੱਕ ਕਰਨਾ ਹਵਾ ਵਿੱਚ ਤੀਰ ਮਾਰਨ ਵਾਂਗ ਹੀ ਹੈ। ਫਿਰ ਵੀ ਆਉਣ ਵਾਲੇ ਸਮੇਂ ਵਿੱਚ ਚੋਣ ਬੂਥਾਂ ਉੱਤੇ ਚੰਗੀ ਗੁਣਵੱਤਾ ਵਾਲੇ ਜੈਮਰ ਜ਼ਰੂਰ ਲਗਾ ਦੇਣੇ ਚਾਹੀਦੇ ਹਨ ਤਾਂ ਕਿ ਰੇਡਿਓ ਤਰੰਗਾਂ ਆਦਿ ਵਰਗੇ ਖ਼ਤਰਿਆਂ ਨਾਲ ਨਜਿੱਠਿਆ ਜਾ ਸਕੇ। ਜੇਕਰ ਇਨ੍ਹਾਂ ਨਾਲ ਅੱਜ ਤਕ ਕੋਈ ਛੇੜਛਾੜ ਦੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਤਾਂ ਇਸ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਅਵੇਸਲੇ ਹੀ ਰਹੀਏ।
ਸੰਪਰਕ: 94171-93193


Comments Off on ਆਸਾਨ ਨਹੀਂ ਹੈ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.