ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਉਡਦੀ ਖ਼ਬਰ

Posted On March - 13 - 2017

Amrinder singh-1ਪੁਲੀਸ ਅਫਸਰਾਂ ਨੇ ਬਦਲੇ ਰੰਗ
ਪੰਜਾਬ ’ਚ ਅਕਾਲੀਆਂ ਦੇ ਰਾਜ ਦੌਰਾਨ ਪੂਰੀ ਪੈਂਠ ਨਾਲ ਵਿਚਰਨ ਵਾਲੇ ਪੁਲੀਸ ਅਫ਼ਸਰ ਸੱਤਾ ਤਬਦੀਲੀ ਤੋਂ ਤੁਰੰਤ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸ਼ਰਨ ’ਚ ਪਹੁੰਚ ਗਏ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਘਰ ਅਫਸਰਾਂ ਨੇ ਵਹੀਰਾਂ ਘੱਤ ਦਿੱਤੀਆਂ ਸਨ। ਸੋਸ਼ਲ ਮੀਡੀਆ ’ਤੇ ਫੋਟੋਆਂ ਨਸ਼ਰ ਹੋਈਆਂ ਤਾਂ ਦੇਖਿਆ ਗਿਆ ਕਿ ਅਕਾਲੀ -ਭਾਜਪਾ ਸਰਕਾਰ ਦੌਰਾਨ ਅਹਿਮ ਅਹੁਦਿਆਂ ’ਤੇ ਰਹਿਣ ਵਾਲੇ ਵਿਵਾਦਤ  ਅਫਸਰ ਪਰਮਰਾਜ ਸਿੰਘ ਉਮਰਾਨੰਗਲ, ਜਤਿੰਦਰ ਜੈਨ ਅਤੇ ਹੋਰ ਕਈ ਕੈਪਟਨ ਨੂੰ ਮਿਲਣ ਪਹੁੰਚੇ ਹੋਏ ਸਨ। ਪੁਲੀਸ ਅਫਸਰਾਂ ਵੱਲੋਂ ਗਿਰਗਿਟ ਵਾਂਗ ਬਦਲੇ ਰੰਗ ਦੀ ਭਾਰੀ ਚਰਚਾ ਹੋ ਰਹੀ ਹੈ। ਪ੍ਰਸ਼ਾਸਕੀ ਹਲਕਿਆਂ ਨੂੰ ਉਸ ਸਮੇਂ ਵੀ ਹੈਰਾਨੀ ਹੋਈ ਜਦੋਂ ਪੰਜਾਬ ਪੁਲੀਸ ਦਾ ਇੱਕ ਆਈ ਜੀ., ਜੋ ਅਕਸਰ ਆਮ ਆਦਮੀ ਪਾਰਟੀ ਦੇ ਆਗੂ ਭਗੰਵਤ ਮਾਨ ਦੀ ਹਾਜ਼ਰੀ ਭਰਦਾ ਸੀ, ਨਤੀਜੇ ਆਉਣ ਤੋਂ ਝੱਟ ਬਾਅਦ ਅਮਰਿੰਦਰ ਸਿੰਘ ਨੂੰ ਵਧਾਈ ਦੇਣ ਪਹੁੰਚ ਗਿਆ।
ਅਫ਼ਸਰ ਦਾ ਬਨਵਾਸ ਮੁੱਕਿਆ
ਪੰਜਾਬ ਸਰਕਾਰ ਦੇ ਇੱਕ ਮਹੱਤਵਪੂਰਨ ਮਹਿਕਮੇ ਦੇ ਮੁਹਾਲੀ ਸਥਿਤ ਦਫਤਰ ’ਚ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਹੀ ਬਾਦਲਾਂ ਦੇ ਜਾਣ ਅਤੇ ਬਿਕਰਮ ਮਜੀਠੀਆ ਦੀ ਦਹਿਸ਼ਤ ਦਾ  ਖਾਤਮਾ ਹੋਣ ਦੀ ਚਰਚਾ ਛਿੜ ਪਈ ਸੀ। ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਦਸ ਮਹੀਨਿਆਂ ਦੇ ਬਨਵਾਸ ਜਿਹੀ ਲੰਬੀ ਛੁੱਟੀ ਤੋਂ ਵਾਪਸ ਆਉਣ ’ਤੇ ਵੱਡੇ ਸਾਹਿਬ ਨੂੰ ਹਾਜ਼ਰੀ ਰਿਪੋਰਟ ਦਿੰਦਿਆਂ ਕਿਹਾ, ‘ਸਰ, ਭਲਕੇ ਬਾਦਲਾਂ ਦੇ ਹਾਰਨ ਨਾਲ ਹੀ ਮਜੀਠੀਆ ਦਾ ਦੌਰ ਵੀ ਮੁੱਕ ਜਾਣਾ ਹੈ। ਪਰ ਮੈਂ ਅੱਜ ਦਫਤਰ ਆਉਣ ਤੋਂ ਪਹਿਲਾਂ ਮਨ ’ਚ ਧਾਰ ਕੇ ਆਇਆ ਹਾਂ ਕਿ ਨਵੀਂ ਸਰਕਾਰ ਆਉਂਦਿਆਂ ਹੀ ਮਜੀਠੀਆ ਖ਼ਿਲਾਫ਼ ਵਿਜੀਲੈਂਸ ਨੂੰ ਸ਼ਿਕਾਇਤ ਕਰਕੇ ਹੀ ਦਮ ਲਵਾਂਗਾ।’ ਉੱਡਦੀ ਖ਼ਬਰ ਹੈ ਕਿ ਇਸ ਅਫਸਰ ਨੂੰ ਮਹਿਕਮੇ ਦੇ ਕੁਝ ਰਾਜ਼ ‘ਲੀਕ’ ਹੋਣ ਦੇ ਦੋਸ਼ਾਂ ਕਾਰਨ ਮਜੀਠੀਆ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ ਸੀ। ਮੰਤਰੀ ਦੇ ਦਬਕੇ ਦੀ ਦਹਿਸ਼ਤ ਕਾਰਨ ਉਸ ਨੂੰ ਹਸਪਤਾਲ ਭਰਤੀ ਹੋਣਾ ਪਿਆ ਸੀ। ਫਿਰ ਉਸ ਨੇ 10 ਮਹੀਨਿਆਂ ਲਈ ਛੁੱਟੀ ਜਾਣਾ ਹੀ ਵਾਜਬ ਸਮਝਿਆ।
ਪਹਿਲਾ ਵੀ ਗੁਆਇਆ…
ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਸਟਾਰ ਪ੍ਰਚਾਰਕ ਬਣੇ ਨਵਜੋਤ ਸਿੱਧੂ ਖਟੋਲੇ ਰਾਹੀਂ ਉਡਾਰੀ ਭਰ ਕੇ ਹਲਕਾ ਭਦੌੜ ਦੇ ਉਮੀਦਵਾਰ ਜੋਗਿੰਦਰ ਸਿੰਘ ਪੰਜਗਰਾਈਆਂ ਦੇ ਹੱਕ ਵਿੱਚ ਤਪਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਉਤਰੇ ਸਨ ਤਾਂ ਠਾਠਾਂ ਮਾਰਦੇ ਇਕੱਠ ਨੂੰ ਤੱਕ ਕੇ ਗ਼ਦਗ਼ਦ ਹੋ ਗਏ ਸਨ। ਜਦੋਂ ਉਹ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਉੱਠੇ ਤਾਂ ਉਨ੍ਹਾਂ ਨੇ ਨਿਰਮਲ ਸਿੰਘ ਨਿੰਮਾ (ਜਿਨ੍ਹਾਂ ਦੀ ਟਿਕਟ ਕੱਟ ਕੇ ਪੰਜਗਰਾਈਆਂ ਨੂੰ ਦੇ ਦਿੱਤੀ ਗਈ ਸੀ) ਨੂੰ ਵੀ ਇਸ਼ਾਰਾ ਕਰਕੇ ਆਪਣੇ ਖੱਬੇ ਹੱਥ ਖੜ੍ਹਾ ਲਿਆ ਸੀ। ਉਨ੍ਹਾਂ ਦੇ ਸੱਜੇ ਪਾਸੇ ਪੰਜਗਰਾਈਆਂ ਪਹਿਲਾਂ ਹੀ ਖੜ੍ਹੇ ਸਨ। ਆਪਣੇ ਰਵਾਇਤੀ ਟੋਟਕਿਆਂ ਦੌਰਾਨ ਸਿੱਧੂ ਕਹਿ ਗਏ ‘ਭਦੌੜ ਆਲਿਓ, ਕੇਰਾਂ ਪੰਜਾਗਰਾਈਆਂ ਨੂੰ ਐਮ ਐਲ ਏ ਬਣਾ ਦਿਓ, ਫੇਰ ਦੇਖਿਓ ਥੋਨੂੰ ਇੱਕ ਨਾਲ ਇੱਕ ਫਰੀ ਐਮ ਐਲ ਏ ਦੇ ਦਿਆਂਗੇ? ਸ਼ਨਿਚਰਵਾਰ ਨੂੰ ਜਦੋਂ ਭਦੌੜ ਹਲਕੇ ਦਾ ਨਤੀਜਾ ਆਇਆ ਤਾਂ ਪੰਜਗਰਾਈਆਂ ਤੀਜੇ ਨੰਬਰ ’ਤੇ ਰਹੇ। ਇਸ ’ਤੇ ਇੱਕ ਮੁਕਾਮੀ ਕਾਂਗਰਸੀ ਆਗੂ ਨੇ ਤਲਖ਼ ਲਹਿਜੇ ਵਿੱਚ ਟਿੱਪਣੀ ਕੀਤੀ: ‘ਸਾਨੂੰ ਇੱਕ ਹੋਰ ਐਮ ਐਲ ਏ ਫਰੀ ਤਾਂ ਕੀ ਮਿਲਣਾ, ਜੋ ਕੋਲ ਸੀ ਉਹ ਵੀ ਖੁੱਸ ਗਿਆ।’
ਪਟਿਆਲਾ ਦੀ ਛੱਬ ਪਰਤੀ
ਸ਼ਾਹੀ ਸ਼ਹਿਰ ਪਟਿਆਲਾ ਦੀ ਰਾਜਸੀ ਛਬ ਪਰਤ ਆਈ ਹੈ। ਚੁਣਾਵੀ ਕਰਵਟ ਨੇ ਜਿੱਥੇ ਪਟਿਆਲਾ ਵਾਸੀ ਕੈਪਟਨ ਅਮਰਿੰਦਰ ਸਿੰਘ ਨੂੰ ਦੂਜੀ ਵਾਰ ਮੁੱਖ ਮੰਤਰੀ ਦਾ ਤਾਜ ਪਹਿਨਣ ਦੇ ਸਮਰਥ ਬਣਾਇਆ ਹੈ, ਉੱਥੇ ਇਹ ਸੰਭਾਵਨਾ ਵੀ ਪ੍ਰਬਲ ਹੋ ਰਹੀ ਹੈ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਵੀ ਪਟਿਆਲਵੀ ਸ਼ਖ਼ਸੀਅਤ ਨਵਜੋਤ ਸਿੰਘ ਸਿੱਧੂ ਦੇ ਹਿੱਸੇ ਆ ਸਕਦੀ ਹੈ। ਕੁਝ ਹੋਰ ਮੰਤਰੀ ਵੀ ਪਟਿਆਲਾ ਜ਼ਿਲ੍ਹੇ ਤੋਂ ਬਣਨੇ ਯਕੀਨੀ ਹਨ। ਉਂਜ, ਸਿਆਸਤ ਦੀ ਅਜਿਹੀ ਕਰਵਟ ਤੋਂ ਕੁਝ ਚਿਰ ਪਹਿਲਾਂ ਧਾਰਮਿਕ ਖੇਤਰ ’ਚ ਵੀ ਪਟਿਆਲਾ ਦੀਆਂ ਸ਼ਖ਼ਸੀਅਤਾਂ ਨੇ ਅਹਿਮ ਅਹੁਦੇ ਸੰਭਾਲੇ ਸਨ। ਇਨ੍ਹਾਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਤੇ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਵਜੋਂ ਐਡਵੋਕੇਟ ਸਤਨਾਮ ਸਿੰਘ ਕਲੇਰ ਸ਼ਾਮਲ ਹਨ।
ਯੋਗਦਾਨ: ਦਵਿੰਦਰ ਪਾਲ, ਕਮਲਜੀਤ ਬਨਵੈਤ, ਸੀ. ਮਾਰਕੰਡਾ ਤੇ ਰਵੇਲ ਸਿੰਘ ਭਿੰਡਰ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.