ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਕਣਕ ਦੀ ਕਟਾਈ ਦੀਆਂ ਤਿਆਰੀਆਂ ਦਾ ਵੇਲਾ

Posted On March - 10 - 2017

ਡਾ. ਰਣਜੀਤ ਸਿੰਘ

Green wheat texture on fieldਗਰਮੀ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।  ਫ਼ਸਲਾਂ ਨੇ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ।  ਹੁਣ ਉਨ੍ਹਾਂ ਨੇ ਹਰਾ ਲਾਹ ਕੇ ਸੁਨਹਿਰੀ ਲਿਬਾਸ ਪਾ ਲਿਆ ਹੈ। ਉਂਜ ਤਾਂ  ਗਰਮੀਆਂ ਦੀਆਂ ਸਬਜ਼ੀਆਂ ਅਤੇ ਗੰਨੇ ਦੀ ਬਿਜਾਈ ਦਾ ਸਮਾਂ ਲੰਘ ਰਿਹਾ ਹੈ।  ਜੇਕਰ ਅਜੇ ਬਿਜਾਈ ਨਹੀਂ ਕੀਤੀ ਤਾਂ ਇਸ ਵਿੱਚ ਹੋਰ ਦੇਰ ਨਹੀਂ ਕਰਨੀ ਚਾਹੀਦੀ ਜਿੰਨੀ ਛੇਤੀ ਹੋ ਸਕੇ ਤਾਂ ਬਿਜਾਈ ਪੂਰੀ ਕਰ ਲਵੋ।  ਨਵੇਂ ਰੁੱਖ ਲਗਾਉਣ ਦਾ ਮੌਸਮ ਵੀ ਖ਼ਤਮ ਹੋ ਗਿਆ ਹੈ, ਪਰ ਜੇਕਰ ਇੱਕ ਦੋ ਬੂਟੇ ਲਾਉਣੇ ਹਨ ਤਾਂ ਜਲਦੀ ਹੀ ਲਗਾ ਲਵੋ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਪ੍ਰਯੋਗਾਂ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਰਾਜਮਾਂਹ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਪਰ ਇਨ੍ਹਾਂ ਦੀ ਕਾਸ਼ਤ ਲਈ ਫਰਵਰੀ ਦਾ ਮਹੀਨਾ ਵਧੇਰੇ ਢੁੱਕਵਾਂ ਹੈ।  ਇਸ ਕਰਕੇ ਜੇਕਰ ਹੁਣ ਛੋਟੇ ਪੱਧਰ ’ਤੇ ਜਾਂ ਘਰੇਲੂ ਵਰਤੋਂ ਲਈ ਰਾਜਮਾਂਹ ਦੀ ਕਾਸ਼ਤ ਕਰਨੀ ਹੈ ਤਾਂ ਇੱਕ ਦੋ ਕਿਆਰੇ ਬੀਜੇ ਜਾ ਸਕਦੇ ਹਨ।  ਪੰਜਾਬ ਚਿਤਰੇ ਅਤੇ ਲਾਲ ਦੋਵਾਂ ਕਿਸਮਾਂ ਦੀ ਕਾਸ਼ਤ ਹੋ ਸਕਦੀ ਹੈ।  ਇਕ ਏਕੜ ਲਈ 40 ਕਿਲੋ ਬੀਜ ਦੀ ਸਿਫ਼ਾਰਸ਼ ਹੈ।  ਭਾਰੀ ਜ਼ਮੀਨ ਵਿੱਚ ਇਸ ਕਾਸ਼ਤ ਵਧੇਰੇ ਸਫ਼ਲ ਹੈ।  ਜੇਕਰ ਵੱਟਾਂ ਬਣਾ ਕੇ ਇਨ੍ਹਾਂ ਦੀ ਕਾਸ਼ਤ ਕੀਤੀ ਜਾਵੇ ਤਾਂ ਹੋਰ ਵੀ ਵਧੀਆ ਹੋਵੇਗਾ। ਪੰਜਾਬ ਵਿੱਚ ਸਰਕਾਰ ਵੱਲੋਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਣਕ ਝੋਨੇ ਹੇਠ ਰਕਬੇ ਵਿੱਚ ਕਮੀ ਨਹੀਂ ਹੋ ਸਕੀ।  ਇਸ ਦਾ ਮੁੱਖ ਕਾਰਨ ਦੂਜੀਆਂ ਫ਼ਸਲਾਂ ਦੀ ਵਿਕਰੀ ਸਮੇਂ ਆਉਣ ਵਾਲੀਆਂ ਔਕੜਾਂ ਹਨ।  ਪਿਛਲੇ ਦਿਨੀਂ ਮਟਰ ਮੰਡੀਆਂ ਵਿੱਚ ਰੁਲਦੇ ਰਹੇ ਅਤੇ ਹੁਣ ਆਲੂਆਂ ਦਾ ਵੀ ਹਾਲ ਕੋਈ ਚੰਗਾ ਨਹੀਂ ਹੈ। ਆਲੂਆਂ ਦੀ ਕਾਸ਼ਤ ਉੱਤੇ ਖ਼ਰਚਾ ਆਮ ਫ਼ਸਲਾਂ ਦੇ ਮੁਕਾਬਲੇ ਵੱਧ ਆਉਂਦਾ ਹੈ। ਇਸ ਕਰਕੇ ਦੋ ਰੁਪਏ ਕਿਲੋ ਵਿਕ ਰਹੇ ਆਲੂ ਕਾਸ਼ਤ ਦਾ ਖ਼ਰਚਾ ਵੀ ਪੂਰਾ ਨਹੀਂ ਕਰਦੇ। ਜਿਹੜੇ ਕਿਸਾਨਾਂ ਨੇ ਠੇਕੇ ਉੱਤੇ ਜ਼ਮੀਨ ਲੈ ਕੇ ਆਲੂ ਬੀਜੇ ਹਨ, ਉਨ੍ਹਾਂ ਉੱਪਰ ਇਸ ਘੱਟ ਕੀਮਤ ਦਾ ਦੋਹਰਾ ਅਸਰ ਹੋਵੇਗਾ। ਇਸ ਵਾਰ ਪੰਜਾਬ ਐਗਰੋ ਵੱਲੋਂ ਕਿਸਾਨਾਂ ਤੋਂ ਪੰਜ ਰੁਪਏ ਕਿਲੋ ਆਲੂ ਖ਼ਰੀਦਣਾ ਚੰਗਾ ਕਦਮ ਹੈ। ਇਸ ਨਾਲ ਕਿਸਾਨ ਦੀ ਘੱਟੋ-ਘੱਟ ਲਾਗਤ ਪੂਰੀ ਹੋ ਸਕੇਗੀ।

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

ਜੇਕਰ ਗੰਨੇ ਦੀ ਬਿਜਾਈ ਅਜੇ ਕਰਨੀ ਹੈ ਤਾਂ ਇਸ ਦੇ ਸਿਆੜਾਂ ਵਿਚਕਾਰ ਮੂੰਗੀ ਜਾਂ ਮਾਂਹਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ।  ਇਸ ਨਾਲ ਵਾਧੂ ਆਮਦਨ ਪ੍ਰਾਪਤ ਹੁੰਦੀ ਹੈ ਅਤੇ ਧਰਤੀ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਨਾਲ ਪ੍ਰਤੀ ਏਕੜ ਰਕਬੇ ਵਿੱਚੋਂ ਕੋਈ ਡੇਢ ਕੁਇੰਟਲ ਦਾਲ ਪ੍ਰਾਪਤ ਹੋ ਜਾਂਦੀ ਹੈ। ਮੂੰਗੀ ਦਾ ਚਾਰ ਕਿਲੋ ਤੇ ਮਾਂਹਾਂ ਦਾ ਪੰਜ ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਇਸ ਮੌਸਮ ਵਿੱਚ ਬਿਜਾਈ ਲਈ ਮਾਹਾਂ ਦੀਆਂ ਮਾਸ਼ 1008 ਅਤੇ ਮਾਸ਼ 218 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।  ਐਸ ਐਮ ਐਲ-832 ਅਤੇ ਐਸ ਐਮ ਐਲ 668 ਮੂੰਗੀ ਦੀਆਂ ਉੱਨਤ ਕਿਸਮਾਂ ਹਨ।  ਬੀਜ ਹਮੇਸ਼ਾਂ ਰੋਗ ਰਹਿਤ ਨਰੋਆ ਬੀਜਣਾ ਚਾਹੀਦਾ ਹੈ। ਬਿਨਾਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ। ਇਸ ਨਾਲ ਜਿੱਥੇ ਕੀਟਾਂ ਦਾ ਹਮਲਾ ਵਧੇਰੇ ਹੁੰਦਾ ਹੈ, ਉੱਥੇ ਹੀ ਕਈ ਵਾਰ ਅਜਿਹੀਆਂ ਫ਼ਸਲਾਂ ਦਾ ਝਾੜ ਬੇਹੱਦ ਘੱਟ ਹੋ ਸਕਦਾ ਹੈ।
ਇਸ ਮੌਸਮ ਵਿੱਚ ਮਾਂਹ ਅਤੇ ਮੂੰਗੀ ਦੀ ਨਿਰੋਲ ਬਿਜਾਈ ਵੀ ਕੀਤੀ ਜਾ ਸਕਦੀ ਹੈ। ਆਲੂਆਂ ਪਿੱਛੋਂ ਇਹ ਦਾਲਾਂ ਬਿਨਾਂ ਕਿਸੇ ਖਾਦ ਪਾਉਣ ਤੋਂ ਬੀਜੀਆਂ ਜਾ ਸਕਦੀਆਂ ਹਨ। ਇਹ ਫ਼ਸਲ ਕੇਵਲ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਪੰਜ ਕੁਇੰਟਲ ਤਕ ਪ੍ਰਤੀ ਏਕੜ ਝਾੜ ਮਿਲ ਜਾਂਦਾ ਹੈ। ਇਸ ਮੌਸਮ ਦੀ ਫ਼ਸਲ ਬਰਸਾਤ ਨਾਲ ਖ਼ਰਾਬ ਵੀ ਨਹੀਂ ਹੁੰਦੀ। ਨਿਰੋਲ ਬਿਜਾਈ ਲਈ 15 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾ ਲੈਣਾ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਸਿਆੜਾਂ ਵਿਚਕਾਰ 22.5 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 7 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ।
ਮਾਂਹ ਦੀ ਬਿਜਾਈ ਲਈ ਇੱਕ ਏਕੜ ਵਿੱਚ 20 ਕਿਲੋ ਬੀਜ ਦੀ ਲੋੜ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 22.5 ਅਤੇ ਬੂਟਿਆਂ ਵਿਚਕਾਰ ਪੰਜ ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਮਾਂਹ ਅਤੇ ਮੂੰਗੀ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਥੀਰਮ (3 ਗ੍ਰਾਮ ਪ੍ਰਤੀ ਕਿਲੋ ਬੀਜ) ਜ਼ਹਿਰਾਂ ਨਾਲ ਸੋਧ ਲਿਆ ਜਾਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਾਲਾਂ ਧਰਤੀ ਦੀ ਸਿਹਤ ਠੀਕ ਕਰਦੀਆਂ ਹਨ ਪਰ ਫਿਰ ਵੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸੁਪਰਫਾਸਫੇਟ ਡਰਿੱਲ ਕਰੋ। ਨਦੀਨਾਂ ਦੀ ਰੋਕਥਾਮ ਲਈ ਮਹੀਨੇ ਪਿੱਛੋਂ ਇੱਕ ਗੋਡੀ ਕਰੋ। ਜਦੋਂ 80 ਫ਼ੀਸਦੀ ਫ਼ਲੀਆਂ ਪੱਕ ਜਾਣ ਤਾਂ ਵਾਢੀ ਕਰ ਲੈਣੀ ਚਾਹੀਦੀ ਹੈ।
ਹਰ ਸਾਲ ਵਾਂਗ ਇਸ ਵਾਰ ਵੀ ਪੰਜਾਬ ਵਿੱਚ ਕਣਕ ਦੀ ਫ਼ਸਲ ਚੰਗੀ ਖੜ੍ਹੀ ਹੈ। ਮੌਸਮ ਦੀ ਖ਼ਰਾਬੀ ਨੇ ਕਈ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਪਰ ਇਸ ਨਾਲ ਫ਼ਸਲ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਜੇਕਰ ਕੋਈ ਹੋਰ ਕੁਦਰਤੀ ਦੀ ਕਹਿਰ ਨਾ ਆਇਆ ਤਾਂ ਇਸ ਵਾਰ ਉਪਜ ਦਾ ਨਵਾਂ ਕੀਰਤੀਮਾਨ ਸਥਾਪਿਤ ਹੋ ਸਕਦਾ ਹੈ। ਕਿਸਾਨ ਖੇਤਾਂ ਵਿੱਚ ਖੜ੍ਹੀ ਇਸ ਫ਼ਸਲ ਦੀ ਸਾਂਭ-ਸੰਭਾਲ ਦੀ ਵਿਉਂਤਾਂ ਬਣਾਉਣ ਲੱਗ ਪਏ ਹਨ। ਜੇ ਵਾਢੀ ਹੱਥਾਂ ਨਾਲ ਕਰਨੀ ਹੈ ਤਾਂ ਵਾਢੀ ਲਈ ਦਾਤਰੀਆਂ ਦਾ ਪ੍ਰਬੰਧ ਜ਼ਰੂਰ ਕਰ ਲਵੋ। ਹੁਣ ਕਣਕ ਦੀ ਸਾਰੀ ਗਹਾਈ ਥਰੈਸ਼ਰ ਨਾਲ ਕੀਤੀ ਜਾਂਦੀ ਹੈ। ਜਿੱਥੇ ਥਰੈਸ਼ਰ ਨੇ ਗਹਾਈ ਦਾ ਕੰਮ ਸੌਖਾ ਕੀਤਾ, ਉੱਥੇ ਕਈ ਵਾਰ ਲਾਪਰਵਾਹੀ ਨਾਲ ਹਾਦਸੇ ਵੀ ਹੋ ਜਾਂਦੇ ਹਨ। ਕਾਮਿਆਂ ਦੇ ਹੱਥ ਅਤੇ ਬਾਹਵਾਂ ਵੱਢੀਆਂ ਜਾਂਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਥਰੈਸ਼ਰ ਉੱਤੇ ਕੰਮ ਕਰਨ ਸਮੇਂ ਕੁਝ ਸਾਵਧਾਨੀਆਂ ਰੱਖਣ ਦੀ ਹਦਾਇਤ ਕੀਤੀ ਹੈ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਹ ਹਦਾਇਤਾਂ ਇਸ ਪ੍ਰਕਾਰ ਹਨ:
* ਥਰੈਸ਼ਰਾਂ ’ਤੇ ਕੰਮ ਕਰਦੇ ਸਮੇਂ ਖੁੱਲ੍ਹੇ ਕਪੜੇ ਅਤੇ ਘੜੀ ਨਾ ਪਾਵੋ।
* ਨਸ਼ਾ ਕਰਕੇ ਕਦੇ ਵੀ ਥਰੈਸ਼ਰ ਉੱਤੇ ਕੰਮ ਨਾ ਕਰੋ।
* ਪਰਨਾਲੇ ਦੀ ਘੱਟੋ-ਘੱਟ ਲੰਬਾਈ 90 ਸੈਂਟੀਮੀਟਰ ਹੋਣੀ ਜ਼ਰੂਰੀ ਹੈ ਤੇ ਇਹ ਅੱਗੋਂ 45 ਸੈਂਟੀਮੀਟਰ ਤਕ ਢਕਿਆ ਹੋਵੇ। ਇਸ ਦੀ ਢਾਲ ਅਗਿਉਂ ਪੰਜ ਡਿਗਰੀ ਕੋਣ ਦੀ ਹੋਵੇ।
* ਇੱਕ ਕਾਮੇ ਨੂੰ ਥਰੈਸ਼ਰ ਉੱਤੇ 10 ਘੰਟੇ ਤੋਂ ਵੱਧ ਕੰੰਮ ਨਹੀਂ ਕਰਨਾ ਚਾਹੀਦਾ।
* ਥਰੈਸ਼ਰ ਉੱਤੇ ਕੰਮ ਕਰਦਿਆਂ ਗੱਲਾਂ ਨਾ ਕੀਤੀਆਂ ਜਾਣ।
* ਘੁੰਡੀਆਂ ਥਰੈਸ਼ਰ ਵਿੱਚ ਨਾ ਪਾਈਆਂ ਜਾਣ। ਗਿੱਲੀ ਫ਼ਸਲ ਵੀ ਥਰੈਸ਼ਰ ਵਿੱਚ ਨਹੀਂ ਪਾਉਣੀ ਚਾਹੀਦੀ।
* ਰੁਗ ਲਗਾਉਣ ਲੱਗਿਆਂ ਸਾਵਧਾਨ ਰਿਹਾ ਜਾਵੇ।
* ਜੇਕਰ ਟਰੈਕਟਰ ਨਾਲ ਥਰੈਸ਼ਰ ਚਲਾਇਆ ਜਾ ਰਿਹਾ ਹੈ ਤਾਂ ਧੂੰਏਂ ਵਾਲੇ ਪਾਈਪ ਦਾ ਮੂੰਹ ਉੱਪਰ ਨੂੰ ਰੱਖੋ।
* ਬਿਜਲੀ ਦੀ ਮੋਟਰ ਵਾਲਾ ਸਵਿੱਚ ਨੇੜੇ ਰੱਖੋ ਤਾਂ ਜੋ ਹਾਦਸੇ ਸਮੇਂ ਮੋਟਰ ਨੂੰ ਬੰਦ ਕੀਤਾ ਜਾ ਸਕੇ।
* ਪਟੇ ਦੇ ਉਪਰੋਂ ਜਾਂ ਨੇੜੇ ਦੀ ਨਾ ਲੰਘੋ।
* ਮੱਲ੍ਹਮ-ਪੱਟੀ ਦਾ ਸਾਮਾਨ ਕੋਲ ਰੱਖੋ।
* ਥਰੈਸ਼ਰ ਨੂੰ ਬਿਜਲੀ ਦੀਆਂ ਤਾਰਾਂ ਤੋਂ ਦੂਰ ਫਿੱਟ ਕਰੋ।
ਜੇਕਰ ਵਾਢੀ ਕੰਬਾਈਨ ਨਾਲ ਕੀਤੀ ਜਾਣੀ ਹੈ ਤਾਂ ਨਾੜ ਨੂੰ ਇਕੱਠਾ ਕਰਕੇ ਤੂੜੀ ਬਣਾਈ ਜਾਵੇ। ਨਾੜ ਨੂੰ ਖੇਤ ਵਿੱਚ ਅੱਗ ਨਾ ਲਗਾਈ ਜਾਵੇ। ਅੱਗ ਨਾਲ ਕੇਵਲ ਵਾਤਾਵਰਣ ਹੀ ਪ੍ਰਦੂਸ਼ਿਤ ਨਹੀਂ ਹੁੰਦਾ ਸਗੋਂ ਧਰਤੀ ਦੀ ਸਿਹਤ ਵੀ ਖ਼ਰਾਬ ਹੁੰਦੀ ਹੈ। ਧਰਤੀ ਵਿਚਲੇ ਮਿਤਰ ਕੀੜੇ ਤੇ ਕੀਟਾਣੂ ਮਰ ਜਾਂਦੇ ਹਨ। ਕਣਕ ਨੂੰ ਸਮੇਂ ਸਿਰ ਕੱਟ ਲੈਣਾ ਚਾਹੀਦਾ ਹੈ। ਦੇਰੀ ਨਾਲ ਮੌਸਮ ਦੀ ਖ਼ਰਾਬੀ ਦੀ ਮਾਰ ਝੱਲਣੀ ਪੈ ਸਕਦੀ ਹੈ ਤੇ ਸਿੱਟੇ ਵੀ ਝੜ ਸਕਦੇ ਹਨ। ਫ਼ਸਲ ਨੂੰ ਪੂਰੀ ਤਰ੍ਹਾਂ ਪੱਕਣ ਤੋਂ ਪੰਜ  ਦਿਨ ਪਹਿਲਾਂ ਕੱਟਿਆ ਜਾ ਸਕਦਾ ਹੈ। ਕੰਬਾਈਨ ਦੀ ਵਰਤੋਂ ਕਰਨ ਲਈ ਆਖ਼ਰੀ ਪਾਣੀ ਦੇ ਕੇ ਖੇਤ ਦੀਆਂ ਵੱਟਾਂ ਢਾਹ ਦੇਣੀਆਂ ਚਾਹੀਦੀਆਂ ਹਨ। ਮੰਡੀ ਵਿੱਚ ਕਣਕ ਨੂੰ ਸਾਫ਼ ਕਰਕੇ ਲਿਜਾਇਆ ਜਾਵੇ। ਵੱਖੋ-ਵੱਖਰੀਆਂ ਕਿਸਮਾਂ ਦੇ ਦਾਣਿਆਂ ਨੂੰ ਆਪੋ ਵਿੱਚ ਰਲਣ ਨਾ ਦਿੱਤਾ ਜਾਵੇ। ਜਿਹੜੀ ਕਣਕ ਦਾ ਭੰਡਾਰ ਕਰਨਾ ਹੈ, ਉਸ ਨੂੰ ਸੁਕਾ ਕੇ ਭੰਡਾਰ ਕੀਤਾ ਜਾਵੇ। ਹਰੇ ਚਾਰੇ ਦੀ ਬਿਜਾਈ ਵੀ   ਜ਼ਰੂਰ ਕਰੋ ਤਾਂ ਜੋ ਗਰਮੀ ਦੇ ਦਿਨਾਂ   ਵਿੱਚ ਚਾਰੇ ਦੀ ਘਾਟ ਨਾ ਆਵੇ। ਪਹਿਲਾਂ ਬੀਜੇ ਹਰੇ ਚਾਰੇ ਨੂੰ ਸਮੇਂ ਸਿਰ ਪਾਣੀ   ਦਿੰਦੇ ਰਹੋ ਤਾਂ ਜੋ ਗਰਮੀ ਕਰਕੇ ਸੋਕਾ   ਨਾ ਲੱਗ ਸਕੇ।


Comments Off on ਕਣਕ ਦੀ ਕਟਾਈ ਦੀਆਂ ਤਿਆਰੀਆਂ ਦਾ ਵੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.