ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਪਤਾਨ ਤੇ ਉਸਦੀ ਟੀਮ

Posted On March - 16 - 2017

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਨੌਂ ਮੈਂਬਰੀ ਮੰਤਰੀਆਂ ਦੀ ਟੀਮ ਵੱਲੋਂ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕਣ ਨਾਲ ਪੰਜਾਬ ਵਿੱਚ ਵਜੂਦ ’ਚ ਆਈ ਨਵੀਂ ਸਰਕਾਰ ਦਾ ਸ਼ੁਭ ਆਗਾਜ਼ ਹੋਇਆ ਹੈ। ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਸੀਨੀਅਰ ਆਗੂਆਂ ਦੀ ਹਾਜ਼ਰੀ ਤੋਂ ਜਾਪਦਾ ਹੈ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਕੈਪਟਨ ਅਮਰਿੰਦਰ ਸਿੰਘ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਹਾਈਕਮਾਂਡ ਦਾ ਪੂਰਾ ਸਹਿਯੋਗ ਪ੍ਰਾਪਤ ਹੈ। ਕੌਮੀ ਨੇਤਾਵਾਂ ਦੀ ਆਮਦ ਇਹ ਸੰਕੇਤ ਵੀ ਦੇ ਰਹੀ ਹੈ ਕਿ ਕੌਮੀ ਆਗੂ ਕੈਪਟਨ ਦੀ ਚੋਣ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋਣ ਦੇ ਨਾਲ ਨਾਲ ਬਾਗ਼ੋਬਾਗ਼ ਵੀ ਹਨ। ਮੰਤਰੀਆਂ ਦੀ ਸੂਚੀ ਅਤੇ ਦਰਜਾਬੰਦੀ ਵੀ ਇਹ ਦਸਦੀ ਹੈ ਕਿ ਹਾਈਕਮਾਂਡ ਨੇ ਕੁਝ ਮਾਮੂਲੀ ਰੱਦੋਬਦਲ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਝਾਏ ਗਏ ਨਾਵਾਂ ਅਤੇ ਵਿਭਾਗਾਂ ਦੀ ਵੰਡ ਉੱਤੇ ਹੀ ਮੋਹਰ ਲਾਈ ਹੈ। ਇਸ ਤੋਂ ਸਪਸ਼ਟ ਹੈ ਕਿ ਹਾਈਕਮਾਂਡ ਨੇ ਕੈਪਟਨ ਨੂੰ ਇਨ੍ਹਾਂ ਮਾਮਲਿਆਂ ਵਿੱਚ ਕਾਫ਼ੀ ਹੱਦ ਤਕ ਖੁੱਲ੍ਹੀ ਛੁੱਟੀ ਦਿੱਤੀ ਹੈ। ਇਹ ਇੱਕ ਖ਼ੁਸ਼ਗਵਾਰ ਰੁਝਾਨ ਹੈ।
ਉਪ ਮੁੱਖ ਮੰਤਰੀ ਅਤੇ ਸੰਸਦੀ ਸਕੱਤਰਾਂ ਦੇ ਗ਼ੈਰ-ਸੰਵਿਧਾਨਿਕ ਅਹੁਦਿਆਂ ਨੂੰ ਤਿਲਾਂਜਲੀ ਦੇਣੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਹੋਰ ਵੱਡਾ ਅਤੇ ਦਰੁਸਤ ਕਦਮ ਹੈ। ਅਕਾਲੀ-ਭਾਜਪਾ ਸਰਕਾਰ ਦੇ ਜੰਬੂ ਮੰਤਰੀ ਮੰਡਲ ਦੇ ਮੁਕਾਬਲੇ ਆਪਣੀ ਵਜ਼ਾਰਤ ਦਾ ਆਕਾਰ ਛੋਟਾ ਰੱਖ  ਕੇ ਕੈਪਟਨ ਵੱਲੋਂ ਪੰਜਾਬ ਨੂੰ ਦਰਪੇਸ਼ ਆਰਥਿਕ ਚੁਣੌਤੀਆਂ ਦੇ ਸਨਮੁੱਖ ਸੰਜਮ ਅਤੇ ਸੰਕੋਚ ਦਾ ਪ੍ਰਗਟਾਵਾ ਕੀਤਾ ਜਾਣਾ ਵੀ ਸ਼ੁੱਭ ਸੰਕੇਤ ਹੈ। ਛੋਟੇ ਮੰਤਰੀ ਮੰਡਲ ਦੇ ਬਾਵਜੂਦ ਆਪਣੀ ਟੀਮ ਦੀ ਚੋਣ ਵਿੱਚ ਦਲਿਤਾਂ, ਔਰਤਾਂ ਅਤੇ ਘੱਟਗਿਣਤੀਆਂ ਸਮੇਤ ਸਮਾਜ ਦੇ ਲਗਪਗ ਸਾਰੇ ਵਰਗਾਂ ਅਤੇ ਇਲਾਕਿਆਂ ਨੂੰ ਲੋੜੀਂਦੀ ਪ੍ਰਤੀਨਿਧਤਾ ਦੇਣੀ ਕੈਪਟਨ ਦੀ ਦੂਰਅੰਦੇਸ਼ੀ ਅਤੇ ਸਿਆਸੀ ਸੂਝ ਦਾ ਹੋਰ ਵੱਡਾ ਹਾਸਲ ਹੈ। ਹਰ ਪੱਖੋਂ ਸੰਤੁਲਿਤ ਮੰਤਰੀ ਮੰਡਲ ਦੀ ਸਿਰਜਣਾ ਕੈਪਟਨ ਦੀ ਸਮੁੱਚੀ ਪ੍ਰਬੰਧਕੀ ਕਾਰਜਕੁਸ਼ਲਤਾ ਦਾ ਬਾਖ਼ੂਬੀ ਪ੍ਰਗਟਾਵਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਸਸਤੀ ਸ਼ੋਹਰਤ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਕੀਤੇ ਜਾਂਦੇ ਰਹੇ ਬੇਲੋੜੇ ਵਿਸ਼ਾਲ ਇਕੱਠਾਂ ਅਤੇ ਖ਼ਰਚੇ ਵਾਲੇ ਸਹੁੰ-ਚੁੱਕ ਸਮਾਗਮ ਦੇ ਮੁਕਾਬਲੇ ਕੈਪਟਨ ਨੇ ਆਪਣੀ ਵਜ਼ਾਰਤ ਦੇ ਹਲਫ਼ਦਾਰੀ ਸਮਾਗਮ ਨੂੰ ਸੰਖੇਪ, ਸੀਮਤ ਅਤੇ ਸਾਦਾ ਰੱਖ ਕੇ ਸਿਆਣਪ ਦਾ ਸਬੂਤ ਦਿੱਤਾ ਹੈ। ਵਿਰੋਧੀ ਧਿਰ ਦੇ ਵਿਧਾਇਕਾਂ ਅਤੇ ਕੁਝ ਮਹੱਤਵਪੂਰਨ ਸ਼ਖ਼ਸੀਅਤਾਂ ਨੂੰ ਕੁਰਸੀਆਂ ਨਾ ਮਿਲ ਸਕਣ ਦੀ ਪ੍ਰਬੰਧਕੀ ਘਾਟ ਨੂੰ ਛੱਡ ਕੇ ਕੈਪਟਨ ਦੀ ਦੂਜੀ ਪਾਰੀ ਦਾ ਸਹੁੰ ਚੁੱਕ ਸਮਾਗਮ ਸਮੁੱਚੇ ਰੂਪ ’ਚ ਪ੍ਰਭਾਵਸ਼ਾਲੀ ਰਿਹਾ ਕਿਹਾ ਜਾ ਸਕਦਾ ਹੈ।
ਹਾਈਕਮਾਂਡ ਨਾਲ ਸਲਾਹ ਮਸ਼ਵਰੇ ਉਪਰੰਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸਾਥੀ ਮੰਤਰੀਆਂ ਦੀ ਕੀਤੀ ਗਈ ਚੋਣ ਵੀ ਉਸ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਾਫ਼-ਸੁਥਰਾ ਰਾਜ ਪ੍ਰਬੰਧ ਮੁਹੱਈਆ ਕਰਵਾਉਣ ਦੇ ਕੀਤੇ ਗਏ ਵਾਅਦੇ ਪ੍ਰਤੀ ਵਚਨਬੱਧਤਾ ਦੀ ਨਿਸ਼ਾਨਦੇਹੀ ਕਰ ਰਹੀ ਹੈ। ਚੁਣੇ ਗਏ ਮੰਤਰੀਆਂ ਦਾ ਕਿਰਦਾਰ ਅਤੇ ਦਾਮਨ ਪਿਛਲੀ ਸਰਕਾਰ ਦੇ ਮੰਤਰੀਆਂ ਦੇ ਮੁਕਾਬਲੇ ਕਾਫ਼ੀ ਹੱਦ ਤਕ ਸਾਫ਼-ਸੁਥਰਾ ਹੈ। ਮੰਤਰੀਆਂ ਨੂੰ ਵਿਭਾਗਾਂ ਦੀ ਕੀਤੀ ਗਈ ਸੁਚੱਜੀ ਵੰਡ ਵੀ ਜਿੱਥੇ ਉਨ੍ਹਾਂ ਦੀ ਯੋਗਤਾ ਦੇ ਅਨੁਕੂਲ ਹੋਣ ਦੀ ਸ਼ਾਹਦੀ ਭਰਦੀ ਹੈ, ਉੱਥੇ ਪੰਜਾਬ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵੱਲ ਸੇਧਿਤ ਜਾਪਦੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ‘ਲਾਲ ਬੱਤੀ’ ਨੂੰ ਨਾਂਹ ਕਰਕੇ ਵੀਆਈਪੀ ਸੱਭਿਆਚਾਰ ਤੋਂ ਪਰਹੇਜ਼ ਕਰਨ ਦੇ ਆਪਣੇ ਵਾਅਦੇ ਦੀ ਪੂਰਤੀ ਦੀ ਸ਼ੁਰੂਆਤ ਕਰ ਦਿੱਤੀ ਹੈ। ਕੁਲ ਮਿਲਾ ਕੇ ਕੈਪਟਨ ਦਾ ਵਜ਼ਾਰਤੀ ਆਗਾਜ਼ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਸੰਜੀਦਗੀ ਤੇ ਸੁਹਿਰਦਤਾ ਵਾਲੇ ਵਰਤਾਰੇ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਜੇਕਰ ਆਉਣ ਵਾਲੇ ਸਮੇਂ ਵਿੱਚ ਕੈਪਟਨ ਸਰਕਾਰ ਆਪਣਾ ਇਹ ਅਕਸ ਕਾਇਮ ਰੱਖਦੀ ਹੈ ਤਾਂ ਪੰਜਾਬ ਦੇ ਲੋਕ ਵੀ ਉਸ ਨੂੰ ਨਿਰਾਸ਼ ਨਹੀਂ ਕਰਨਗੇ। ਪਰ ਜੇ ਉਹ ਆਪਣੀ ਕਹਿਣੀ ਤੇ ਕਰਨੀ ’ਤੇ ਖ਼ਰੇ ਉਤਰਨ ਵਿੱਚ ਸਫ਼ਲ ਨਾ ਹੋਏ ਤਾਂ ਲੋਕ ਵੀ ਅਕਾਲੀ-ਭਾਜਪਾ ਗੱਠਜੋੜ ਨੂੰ ਦਿਖਾਏ ਗਏ ਰੋਹ ਭਰਪੂਰ ਤੇਵਰ ਕੈਪਟਨ ਸਰਕਾਰ ਨੂੰ ਵੀ ਦਿਖਾਉਣ ਤੋਂ ਗੁਰੇਜ਼ ਨਹੀਂ ਕਰਨਗੇ।


Comments Off on ਕਪਤਾਨ ਤੇ ਉਸਦੀ ਟੀਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.