ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕਵਾਫ਼ੀ ਦੀ ਕਵਿਤਾ ਅਤੇ ਇੰਦੇ ਦਾ ਅਨੁਵਾਦ ਇਲਾਕਾ

Posted On March - 4 - 2017
ਸੀਪੀ ਕਵਾਫ਼ੀ

ਸੀਪੀ ਕਵਾਫ਼ੀ

ਜਸਵੀਰ ਸਮਰ
ਸਿਰੇ ਦੇ ਬੰਦਿਆਂ ਦਾ ਕੰਮ ਸਿਰੇ ਦਾ ਹੁੰਦਾ। ਪ੍ਰੋਫੈਸਰ ਇੰਦੇ ਨੇ ਮਿਸਰ ਵਿਚ ਜੰਮੇ ਯੂਨਾਨੀ ਸ਼ਾਇਰ ਸੀ ਪੀ ਕਵਾਫ਼ੀ ਦੀ ਕਵਿਤਾ ਦਾ ਜਿਹੜਾ ਅਨੁਵਾਦ ‘ਕਵਾਫ਼ੀ ਦੀ ਕਵਿਤਾ’ ਉਨਵਾਨ ਤਹਿਤ ਕੀਤਾ ਹੈ, ਉਸ ਦੀ ਇਕ ਕਵਿਤਾ ‘ਇਹ ਜੇ ਬੰਦਾ ਸਿਰੇ ਦਾ’ ਵਿੱਚ ਯੂਨਾਨੀ ਲਿਖਾਰੀ ਲੂਸੀਅਨ ਦਾ ਜ਼ਿਕਰ-ਏ-ਖ਼ੈਰ ਹੈ। ਕਵਿਤਾ ਵਿੱਚ ਸਿਰਜਣਾ ਦੇ ਸਫ਼ਰ ਵਿੱਚੋਂ ਲੰਘੇ ਸਿਰਜਕ ਦਾ ਅੰਗ ਅੰਗ ਹੰਭਿਆ ਪਿਆ ਹੈ। ਕੋਈ ਤੌਖ਼ਲਾ, ਖੌਫ਼ ਦੀ ਸ਼ਕਲ ਅਖ਼ਤਿਆਰ ਕਰ ਕੇ ਆਲੇ-ਦੁਆਲੇ ਮੰਡਰਾ ਰਿਹਾ ਹੈ। ਕਵਿਤਾ ਦੀਆਂ ਅਗਲੀਆਂ ਸਤਰਾਂ ਇਉਂ ਹਨ:
ਇਕ ਸੋਚ ਅਚੇਤੇ
ਉਹਨੂੰ ਉਹਦੀ ਉਦਾਸੀ ’ਚੋਂ ਕੱਢ ਲਿਆਉਂਦੀ ਹੈ
‘‘ਇਹ ਜੇ ਬੰਦਾ ਸਿਰੇ ਦਾ”-
ਲੂਸੀਅਨ ਨੇ ਇਕ ਵਾਰ ਸੁੱਤਿਆਂ ਇਹ ਬੋਲ ਸੁਣੇ ਸਨ।
‘ਕਵਾਫ਼ੀ ਦੀ ਕਵਿਤਾ’ ਪੜ੍ਹਦਿਆਂ ਦੂਜੀ ਸਦੀ ਦੌਰਾਨ ਹੋਏ ਇਸ ਯੂਨਾਨੀ ਲਿਖਾਰੀ ਲੂਸੀਅਨ (117-180 ਈਸਵੀ) ਦੇ ਚੇਤੇ ਵਾਲੀ ਕਵਿਤਾ ‘ਇਹ ਜੇ ਬੰਦਾ ਸਿਰੇ ਦਾ’ ਦੀਆਂ ਇਹ ਸਤਰਾਂ ਵਾਰ-ਵਾਰ ਜ਼ਿਹਨ ਅੰਦਰ ਟੁਣਕਦੀਆਂ ਹਨ। ਕਵਾਫ਼ੀ ਵਰਗਾ ਕੋਈ ‘ਸਿਰੇ ਦਾ ਬੰਦਾ’ ਹੀ ਆਪਣੀਆਂ ਕਵਿਤਾਵਾਂ ਰਾਹੀਂ ਬੰਦੇ ਨੂੰ ਇਉਂ ਇਤਿਹਾਸ ਦੇ ਸਫ਼ਰ ‘ਤੇ ਲਿਜਾ ਸਕਦਾ ਹੈ। ਇਹ ਸਫ਼ਰ ਸਹਿਜ 10403CD _INDE BOOKਨਹੀਂ। ਇਸ ਵਿੱਚ ਵੱਢੇ-ਟੁੱਕੇ ਵਕਤ ਦੀਆਂ ਛਿਲਤਾਂ ਪੁੜੀਆਂ ਹੋਈਆਂ ਹਨ ਅਤੇ ਢੱਠੇ ਹੋਏ ਮਹਿਲਾਂ ਦੇ ਕਿੰਗਰੇ ਬੰਦੇ ਦੀ ਮਨਫ਼ੀ ਹੋ ਚੁੱਕੀ ਹਸਤੀ ਤੇ ਹੋਣੀ ਦੀ ਕਹਾਣੀ ਬਿਆਨ ਕਰ ਰਹੇ ਹਨ। ਹਰ ਮੋੜ ’ਤੇ ਸਿਆਸਤ ਦੀਆਂ ਤਣੀਆਂ ਇੰਨੀਆਂ ਕੱਸੀਆਂ ਕੱਸੀਆਂ ਨਜ਼ਰੀਂ ਚੜ੍ਹਦੀਆਂ ਹਨ, ਜਾਪਦਾ ਹੈ ਕਿ ਹੁਣ ਟੁੱਟੀਆਂ ਕਿ ਹੁਣ! ਇਸ ਸਫ਼ਰ ਦੀ ਸਿਖ਼ਰ ਮਹਿਜ਼ ਦੋ ਸਫ਼ਿਆਂ ’ਤੇ ਸਿਮਟੀ ਸ਼ਾਹਕਾਰ ਕਵਿਤਾ ‘ਇਥਾਕਾ’ ਹੈ। ਇਹ ਕਵਿਤਾ ਜ਼ਿੰਦਗੀ ਦੀ ਮਹਾਂ ਯਾਤਰਾ ਦਾ ਕੋਈ ਤਸੱਵੁਰ ਹੈ ਜਿਸ ਦੀਆਂ ਮੌਲ਼ਦੀਆਂ ਲਗ਼ਰਾਂ ਦਾ ਕੋਈ ਅੰਤ ਸਿਰਾ ਨਹੀਂ ਹੈ। ਕਵਿਤਾ ਦਾ ਪ੍ਰਸੰਗ ਹੋਮਰ ਦਾ ਮਹਾਂ-ਕਾਵਿ ‘ਉਡੀਸੀ’ ਹੈ। ਉਡੀਸੀਅਸ ਵੀਹ ਵਰ੍ਹਿਆਂ ਬਾਅਦ ਆਪਣੇ ਇਥਾਕਾ ਵੱਲ ਪਰਤ ਰਿਹਾ ਹੈ। ਉਹ ਯੂਨਾਨੀ ਮਰਿਆਦਾ ਦੀ ਸਲਾਮਤੀ ਖ਼ਾਤਰ ਦਸ ਸਾਲ ਲੜਾਈਆਂ ਲੜਦਾ ਅਗਾਂਹ ਤੋਂ ਅਗਾਂਹ ਸਫ਼ਰ ਵਿੱਚ ਰਿਹਾ ਹੈ ਅਤੇ ਹੁਣ ਵਾਪਸੀ ਮੌਕੇ ਟਰੌਇ ਤੋਂ ਇਥਾਕਾ ਤੱਕ ਪੁੱਜਣ ਲਈ ਉਸ ਨੂੰ ਅਜੇ ਦਸ ਸਾਲ ਹੋਰ ਲੱਗਣੇ ਹਨ। ਇਥਾਕਾ ਵਿੱਚ ਬੇਗਮ ਪੈਨਲਪ ਉਸ ਨੂੰ ਉਡੀਕ ਰਹੀ ਹੈ। ਇਹ ਹੈ ਇਥਾਕਾ ਲਈ ਵੀਹਾਂ ਵਰ੍ਹਿਆਂ ਦਾ ਸਫ਼ਰ ਅਤੇ ਇੰਨੀ ਹੀ ਲੰਮੀ ਉਡੀਕ! ਪਤਾ ਹੈ ਕਿ ਯਾਤਰਾ ਲੰਮੀ ਹੋਵੇਗੀ, ਜ਼ਿੰਦਗੀ ਵਾਂਗ ਹੀ ਮੂੰਹਜ਼ੋਰ ਅਤੇ ਮੋਹਖੋਰੀਆਂ ਸੰਭਾਵਨਾਵਾਂ ਵਿੱਚ ਗੜੁੱਚ; ਪਰ ਸੋਚਾਂ ਵਿਚ ਉਥਲ-ਪੁਥਲ ਮਚਾ ਰਿਹਾ ਸੰਗਰਾਮ ਹਰ ਅੜਿੱਕਾ ਤਾਰ ਕਰਨ ਲਈ ਕਾਹਲਾ ਹੈ। ਇਸ ਕਵਿਤਾ ਦੇ ਅਰਥ ਬਹੁਤ ਮੋਕਲੇ ਅਤੇ ਮਹਿਤਾਬੀ ਹਨ। ਇਹ ਜ਼ਿੰਦਗੀ ਦੀ ਹਰ ਧੜਕਣ ਨਾਲ ਸੁਰ ਹੋਣ ਵਾਲੀ ਕਵਿਤਾ ਹੈ। ਖ਼ੌਰੇ ਇਸੇ ਕਰ ਕੇ ਜਦੋਂ ਜੇ ਐੱਫ ਕੈਨੇਡੀ ਦੀ ਲਿਖਾਰੀ ਧੀ ਕੈਰੋਲੀਨ ਕੈਨੇਡੀ ਨੇ ਔਰਤਾਂ ਦੇ ਇਜ਼ਹਾਰ ਬਾਰੇ ਕਿਤਾਬ ‘ਸ਼ੀ ਵਾਕਸ ਇਨ ਬਿਊਟੀ- ਏ ਵਿਮੈਨ’ਜ਼ ਜਰਨੀ ਥਰੂ ਪੋਇਮਜ਼’ ਦੇ ਸੰਪਾਦਨ ਬਾਬਤ ਸੋਚਿਆ ਹੋਵੇਗਾ ਤਾਂ ਜ਼ਰੂਰ ਆਪਣੀ ਮਾਂ ਜੈਕਲੀਨ ਕੈਨੇਡੀ ਓਨੈਸਿਸ ਦੀ ਇਹ ਪਸੰਦੀਦਾ ਕਵਿਤਾ ‘ਇਥਾਕਾ’ ਜ਼ਿਹਨ ਵਿੱਚ ਥਿਰਕੀ ਹੋਵੇਗੀ। ਇਹ ਕਵਿਤਾ ਜੈਕਲੀਨ ਕੈਨੇਡੀ ਓਨੈਸਿਸ ਨੂੰ ਇਸ ਦੁਨੀਆ ਤੋਂ ਸਦਾ ਸਦਾ ਲਈ ਰੁਖ਼ਸਤ ਕਰਨ ਵੇਲੇ (23 ਮਈ 1994) ਵੀ ਪੜ੍ਹੀ ਗਈ ਸੀ।

ਪ੍ਰੋ. ਿੲੰਦੇ

ਪ੍ਰੋ. ਿੲੰਦੇ

ਦਰਅਸਲ, ਕਵਾਫ਼ੀ ਦੀ ਕਵਿਤਾ ਉਨ੍ਹਾਂ ਵਕਤਾਂ/ਕਹਿਰਾਂ ਦੀ ਕਵਿਤਾ ਹੈ ਜਿਸ ਤਹਿਤ ਜ਼ਿੰਦਗੀ ਨਾਲ ਜੁੜਦੀਆਂ ਲੜੀਆਂ ਅਗਾਂਹ ਤਾਣਾ ਤਣਦੀਆਂ ਹਨ। ਕੁਦਰਤ ਜਿਵੇਂ ਰਾਤ-ਬਰਾਤੇ ਖਰਬੂਜ਼ੇ ਦੀਆਂ ਕਤਲੀਆਂ ਦੀ ਸਿਰਜਣਾ ਕਰਦੀ ਹੈ, ਐਨ ਖਾਮੋਸ਼; ਇਵੇਂ ਕਵਾਫ਼ੀ ਕਵਿਤਾ ਅੰਦਰ ਕਾਵਿ-ਕਤਲੀਆਂ ਸਿਰਜਦਾ ਹੈ ਅਤੇ ਇਨ੍ਹਾਂ ਕਾਵਿ-ਕਤਲੀਆਂ ਦੇ ਕਿਨਾਰੇ ਜ਼ਿੰਦਗੀ ਤੇ ਸੋਚ ਨਾਲ ਖੂਬ ਖਹਿਸਰਦੇ ਹਨ। ਇਨ੍ਹਾਂ ਕਵਿਤਾਵਾਂ ਵਿੱਚ ਕਵੀ ਭਵਿੱਖ ਨਾਲ ਅੱਖ ਲੜਾਉਂਦਾ, ਸਰੀਰਕ ਸੁਆਦਾਂ ਦੀ ਗੱਲ ਕਰਦਾ ਅਤੇ ਬੀਤ ਚੁੱਕੇ ਵਕਤ ਦੇ ਹੇਰਵੇ ਹੜੱਪਦਾ ਹੈ। ਕਵਾਫ਼ੀ ਦੀ ਕਾਵਿ-ਉਡਾਰੀ ਵਿੱਚ ਇਤਿਹਾਸ ਦੀ ਸਿਰਜਣਾ ਤੇ ਪਤਨ ਅਤੇ ਕਾਮ-ਹੁਲਾਸ ਇਕੋ ਵੇਗ ਤੇ ਵੱਤਰ ਨਾਲ ਬੀੜੇ ਹੋਏ ਮਿਲਦੇ ਹਨ। ਇਹ ਕਾਵਿ-ਉਡਾਰੀਆਂ ਭਾਵੇਂ ਇਕ-ਦੂਜੀ ਤੋਂ ਐਨ ਵੱਖਰੀਆਂ ਹਨ, ਪਰ ਇਨ੍ਹਾਂ ਨੂੰ ਇਕ-ਦੂਜੀ ਨਾਲੋਂ ਤੋੜ ਕੇ ਚਿਤਵਣਾ ਮੁਸ਼ਕਿਲ ਹੈ। ਇਨ੍ਹਾਂ ਦਾ ਨਾੜੂਆ ਇਕ-ਦੂਜੀ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਨੂੰ ਅਲਹਿਦਾ ਕਰ ਕੇ ਦੇਖੋਗੇ/ਪੜ੍ਹੋਗੇ, ਤਾਂ ਕਵੀ ਨੂੰ ਸਵੀਕਾਰਨ ਜਾਂ ਰੱਦ ਕਰਨ ਦੇ ਰਾਹ ਵਗ ਤੁਰੋਗੇ। ਕਵਾਫ਼ੀ ਦਰਅਸਲ ਅਜਿਹਾ ਕਵੀ ਹੈ ਜਿਸ ਦੀ ਇਕ ਕਵਿਤਾ ਜੇ ਕਿਸੇ ਕਮਰੇ ਜਾਂ ਕਮਰੇ ਅੰਦਰ ਪਈਆਂ ਵਸਤਾਂ ਤੇ ਸਰੀਰਾਂ ਦਾ ਜੁਗਰਾਫੀਆ ਮਿਣਦੀ ਹੈ ਤਾਂ ਦੂਜੀ, ਅੰਬਰ ਤੱਕ ਪੈਰ ਪਸਾਰਦੀ ਹੈ। ਇਹ ਕਵਿਤਾ ਪਾਠਕ ਨੂੰ ਵਕਤ ਦੀ ਤੋਰ ਅੰਦਰ ਠੇਲ੍ਹ ਕੇ ਮੋਕਲੇ ਰਾਹੀਂ ਪਾ ਦਿੰਦੀ ਹੈ।
ਅਨੁਵਾਦ, ਖਾਸ ਕਰ ਕੇ ਕਵਿਤਾ ਦੇ ਅਨੁਵਾਦ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਕਵਿਤਾ ਦੀ ਅਸਲ ਨੁਹਾਰ ਮਾਰੀ ਜਾਂਦੀ ਹੈ, ਪਰ ਆਡਨ ਕਵਾਫ਼ੀ ਦੀ ਕਵਿਤਾ ਦਾ ਜ਼ੋਰ ਤਸਲੀਮ ਕਰਦਿਆਂ ਆਖਦਾ ਹੈ ਕਿ ਕਵਾਫ਼ੀ ਦੀ ਨੁਹਾਰ ਅਨੁਵਾਦ ਵਿਚ ਵੀ ਕਾਇਮ ਰਹਿੰਦੀ ਹੈ। ਪ੍ਰੋ. ਇੰਦੇ ਨੇ ਇਨ੍ਹਾਂ ਕਵਿਤਾਵਾਂ ਦਾ ਅਨੁਵਾਦ ਅੰਗਰੇਜ਼ੀ ਤੋਂ ਕੀਤਾ ਹੈ, ਭਾਵ ਸਾਡੇ ਕੋਲ ਕਵਾਫ਼ੀ ਦੀ ਕਵਿਤਾ ਤੀਜੇ ਥਾਓਂ ਘੁੰਮ ਕੇ ਪੁੱਜੀ ਹੈ, ਪਰ ਇਹ ਅਨੁਵਾਦ ਪੜ੍ਹਦਿਆਂ ਜਦੋਂ ਅੰਗਰੇਜ਼ੀ ਅਨੁਵਾਦ ਉਤੇ ਝਾਤੀ ਮਾਰਦੇ ਹਾਂ ਤਾਂ ਦਿਲ ਤਸੱਲੀ ਵਿੱਚ ਲੁੱਡੀਆਂ ਪਾਉਂਦਾ ਹੈ। ਪੰਜਾਬੀ ਵਿਚ ਅਨੁਵਾਦ ਹੋਈ ਕਵਿਤਾ ਦੀ ਲੈਅ ਸਿਰ ਚੜ੍ਹ ਬੋਲਦੀ ਹੈ। ਖ਼ਬਰ ਨਹੀਂ ਕਿ ਕਵਾਫ਼ੀ ਦੀਆਂ ਕਵਿਤਾਵਾਂ ਦਾ ਯੂਨਾਨੀ ਰੰਗ ਕਿੱਦਾਂ ਦਾ ਹੋਵੇਗਾ, ਪਰ ਅੰਗਰੇਜ਼ੀ ਦੇ ਮੁਕਾਬਲੇ ਇੰਦੇ ਦਾ ਅਨੁਵਾਦ ਦੋ ਰੱਤੀਆਂ ਉਤਾਂਹ ਹੈ। ਉਹਨੇ ਕਵਿਤਾਵਾਂ ਦੀਆਂ ਤਗਦੀਆਂ ਤਣੀਆਂ ਫੜੀਆਂ ਹਨ ਅਤੇ ਕਵਾਫ਼ੀ ਦੀ ਨਿਰੋਲ ਆਪਣੀ, ਨਿਆਰੀ ਤਰਜ਼ ਉਤੇ ‘ਕੱਲੇ ‘ਕੱਲੇ ਸ਼ਬਦ ਨੂੰ ਸਹਿਜ ਅਤੇ ਸੁਹਜ ਨਾਲ ਕਵਿਤਾ ਅੰਦਰ ਜੜਿਆ ਹੈ। ਹੁਣ ਤੱਕ ਪੰਦਰਾਂ-ਵੀਹ ਅਨੁਵਾਦਕਾਂ ਨੇ ਕਵਾਫ਼ੀ ਦੀ ਕਵਿਤਾ ਨਾਲ ਘੋਲ਼ ਕੀਤਾ ਹੈ। ਹਰ ਅਨੁਵਾਦ ਦਾ ਆਪਣਾ ਰੰਗ ਹੈ। ਬਹੁਤੀ ਥਾਈਂ ਅਰਥ ਵੀ ਕੁਝ ਕੁ ਵੱਖਰੇ ਉਭਰਦੇ ਹਨ। ਇਨ੍ਹਾਂ ਕੁੱਲ ਅਨੁਵਾਦਕਾਂ ਵਿਚੋਂ ਇਕ ਡੇਨੀਅਲ ਮੈਂਡਲਸਨ ਹੈ। ਉਸ ਨੇ ਕਵਾਫ਼ੀ ਦੀਆਂ ਅਧੂਰੀਆਂ ਰਹਿ ਗਈ ਤੀਹ ਕਵਿਤਾਵਾਂ ਅਤੇ ਚਾਰ ਹੋਰ ਖਿੱਲਰੇ ਵਰਕੇ ਵੀ ਪਾਠਕਾਂ ਨਾਲ ਸਾਂਝੇ ਕੀਤੇ ਹਨ, ਉਹਦਾ ਮੰਨਣਾ ਹੈ ਕਿ ਯੂਨਾਨੀ ਵਿੱਚ ਲਿਖੀਆਂ ਅਸਲ ਕਵਿਤਾਵਾਂ ਵਧੇਰੇ ਸਰੋਦੀ ਹਨ। ਇਸ ਹਿਸਾਬ ਆਪਣਾ ਬਾਬਾ ਇੰਦੇ, ਕਵਾਫ਼ੀ ਦੇ ਬਰਾਬਰ ਤੁਲਦਾ ਜਾਪਦਾ ਹੈ।
ਕਵਾਫ਼ੀ ਦੀ ਜੀਵਨ ਕਹਾਣੀ ਉਤੇ ਭਾਵੇਂ ਤਰਦੀ ਜਿਹੀ ਨਿਗ੍ਹਾ ਮਾਰੋ, ਇਹ ਵੀ ਇਹੀ ਭਾਅ ਮਾਰਦੀ ਹੈ। ਸਰੋਦ, ਸਹਿਜ ਅਤੇ ਸੁਹਜ ਨਾਲ ਭਰਪੂਰ। ਸਬਰ ਦਾ ਪਿਆਲਾ ਉੱਛਲੀ ਜਾਂਦਾ ਹੈ- ਤਾਉਮਰ ਕਵਾਫ਼ੀ ਦੀ ਕੋਈ ਕਿਤਾਬ ਨਾ ਛਪੀ। ਉਹਦੇ ਫ਼ੌਤ ਹੋਣ ਤੋਂ ਦੋ ਵਰ੍ਹਿਆਂ ਬਾਅਦ ਉਹਦੀਆਂ ਕਵਿਤਾਵਾਂ ਕਿਤਾਬ ਦੀ ਜੂਨੇ ਪਈਆਂ। ਕਿਤਾਬ ਛਪਣ-ਛਪਾਉਣ ਦਾ ਕੋਈ ਮਸਲਾ ਦਰਪੇਸ਼ ਨਹੀਂ ਸੀ, ਪਰ ਕਵਾਫ਼ੀ ਕਾਹਲਾ ਨਹੀਂ ਸੀ। ਉਹਦੀਆਂ ਕਵਿਤਾਵਾਂ ਵੀ ਇਸੇ ਰਸ ਨਾਲ ਰਸੀਆਂ ਪਈਆਂ ਹਨ। ਉਹਦੀਆਂ ਢਾਈ ਸੌ ਦੇ ਕਰੀਬ ਕਵਿਤਾਵਾਂ ਹਨ। ਸਾਹਿਤ ਦੇ ਪੰਡਿਤ ਇਨ੍ਹਾਂ ਕਵਿਤਾਵਾਂ ਨੂੰ ਤਿੰਨ ਖਾਨਿਆਂ- ਇਤਿਹਾਸਕ, ਦਾਰਸ਼ਨਿਕ ਅਤੇ ਕਾਮੁਕ, ਵਿੱਚ ਵੰਡ ਕੇ ਦੇਖਦੇ ਹਨ, ਪਰ ਉਹਦੀਆਂ ਕਈ ਕਵਿਤਾਵਾਂ ਵਿੱਚ ਇਹ ਤਿੰਨੇ ਰੰਗ ਇਕੋ ਵਾਰ ਆਣ ਦਸਤਕ ਦਿੰਦੇ ਹਨ, ਕਿਉਂਕਿ ਇਹ ਕਵਿਤਾਵਾਂ ਮਨੁੱਖ ਦੁਆਲੇ ਗਿੜਦੀਆਂ ਹਨ- ਟਿਕ ਟਿਕ ਟਿਕ…; ਬੱਸ ਪ੍ਰਸੰਗ ਹੀ ਵੱਖਰੇ ਵੱਖਰੇ ਹਨ।
ਕਵਾਫ਼ੀ ਦੇ ਵਿਹੜੇ ਕਵਿਤਾ ਉਦੋਂ ਉਤਰੀ ਸੀ ਜਦੋਂ ਉਹ 19-20 ਵਰ੍ਹਿਆਂ ਥਾਣੀਂ ਲੰਘ ਰਿਹਾ ਸੀ। ਉਸ ਵੇਲੇ ਉਹ ਇਕ ਲਿਹਾਜ਼ ਉਜੜਿਆ ਹੋਇਆ ਸੀ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਆਰਥਿਕਤਾ ਡੋਲ ਚੁੱਕੀ ਸੀ। ਇਹ ਉਸ ਪੀਟਰ ਕਵਾਫ਼ੀ ਦਾ ਪਰਿਵਾਰ ਸੀ ਜਿਹੜਾ ਅਨਾਜ ਅਤੇ ਕਪਾਹ ਦਾ ਉਘਾ ਵਪਾਰੀ ਸੀ। ਸਾਲ 1869 ਵਿੱਚ ਜਦੋਂ ਸੁਏਜ਼ ਨਹਿਰ ਚਾਲੂ ਹੋਈ ਸੀ ਤਾਂ ਉਸ ਦਾ ਉਚੇਚਾ ਮਾਣ-ਤਾਣ ਕੀਤਾ ਗਿਆ ਸੀ। ਅਗਲੇ ਹੀ ਸਾਲ ਪੀਟਰ ਕਵਾਫ਼ੀ ਦੀ ਮੌਤ ਨੇ ਪਰਿਵਾਰ ਅਤੇ ਕਾਰੋਬਾਰ ਦੀਆਂ ਚੂਲਾਂ ਹਿਲਾ ਦਿੱਤੀਆਂ। ਕਵਾਫ਼ੀ ਦੀ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਇੰਗਲੈਂਡ ਚਲੇ ਗਈ ਜਿਥੇ ਉਨ੍ਹਾਂ ਦਾ ਕਾਰੋਬਾਰ ਸੀ। ਇਥੇ ਹੀ ਕਵਾਫ਼ੀ ਦਾ ਵਾਹ ਅੰਗਰੇਜ਼ੀ ਨਾਲ ਪਿਆ। 1873 ਵਾਲੀ ਮੰਦੀ ਨੇ ਪਰਿਵਾਰ ਦੇ ਹੋਰ ਵੀ ਮੰਦੜੇ ਹਾਲ ਕਰ ਦਿੱਤੇ ਅਤੇ ਇਨ੍ਹਾਂ ਨੂੰ ਇੰਗਲੈਂਡ ਛੱਡ ਕੇ ਸਿਕੰਦਰੀਆ (ਮਿਸਰ) ਪਰਤਣਾ ਪੈ ਗਿਆ। ਇਹ ਕੋਈ 1877 ਦੀਆਂ ਗੱਲਾਂ-ਬਾਤਾਂ ਹਨ। ਉਂਜ, ਮਾਰੂ ਹੱਲਿਆਂ ਦਾ ਹੜ੍ਹ ਅਜੇ ਥੰਮ੍ਹਿਆ ਨਹੀਂ ਸੀ- 1882 ਵਿਚ ਜਦੋਂ ਅੰਗਰੇਜ਼ਾਂ ਨੇ ਸਿਕੰਦਰੀਆ ਉਤੇ ਬੰਬਾਰੀ ਕਰ ਦਿੱਤੀ। ਪਰਿਵਾਰ ਪਹਿਲਾਂ ਪਹਿਲਾਂ ਉਥੋਂ ਨਿਕਲ ਤਾਂ ਗਿਆ, ਪਰ ਘਰ ਮਿੱਟੀ ਵਿੱਚ ਮਿਲ ਗਿਆ। ਤਿੰਨ ਵਰ੍ਹਿਆਂ ਬਾਅਦ ਪਰਿਵਾਰ ਦੇ ਪੈਰ ਮੁੜ ਸਿਕੰਦਰੀਆ ਵਿੱਚ ਪਏ। ਇਨ੍ਹਾਂ ਤਿੰਨ ਸਾਲਾਂ ਦੌਰਾਨ ਕਵਾਫ਼ੀ ਆਪਣੀ ਕਵਿਤਾ ਨੂੰ ਮਿਲ ਚੁੱਕਾ ਸੀ ਅਤੇ ਉਹਨੇ ਸਰੀਰਕ ਸੁਮੇਲ ਵਾਲੇ ਰਾਹ ਵੀ ਗਾਹ ਲਏ ਸਨ। ਇਸ ਤੋਂ ਬਾਅਦ ਤਾਂ ਫਿਰ ਕਵਾਫ਼ੀ ਅਤੇ ਸਿਕੰਦਰੀਆ ਸਦਾ ਲਈ ਗਲਵੱਕੜੀ ਪਾ ਕੇ ਬੈਠੇ ਰਹੇ। ਉਹ ਸੱਤ ਵਰ੍ਹਿਆਂ ਦਾ ਸੀ ਜਦੋਂ ਪਹਿਲੀ ਵਾਰ ਸਿਕੰਦਰੀਆ ਛੱਡਿਆ ਸੀ, ਜਵਾਨ ਹੋ ਕੇ ਪਰਤਿਆ ਤਾਂ ਇਥੇ ਹੀ ਉਹਨੇ ਇਤਿਹਾਸ-ਉਡਾਰੀ ਭਰੀ ਅਤੇ ਯਾਦਗਾਰੀ ਕਵਿਤਾਵਾਂ ਰਚੀਆਂ। ਇਹਦੀ ਸ਼ਾਹਕਾਰ ਕਵਿਤਾ ‘ਇਥਾਕਾ’ ਵਿਚੋਂ ਇਸ ਦੀ ਜੀਵਨ-ਯਾਤਰਾ ਦੀ ਧੁਨ ਮਹਿਸੂਸ ਕੀਤੀ ਜਾ ਸਕਦੀ ਹੈ। ਉਹ ਜਦੋਂ ਜਦੋਂ ਸਮੇਂ ਦੇ ਸਫ਼ਰ ਉਤੇ ਨਿਕਲਦਾ ਹੈ, ਕਵਿਤਾਂ ਦੀਆਂ ਸਤਰਾਂ ਵਿਚ ਇਸ ਸਮੇਂ ਦੀਆਂ ਬਰਕਤਾਂ ਜੁੜਦੀਆਂ ਜਾਂਦੀਆਂ ਹਨ। ਇਸ ਚਿਤਰਨ ਵਿੱਚ ਸਿਆਸੀ ਸਾਜ਼ਿਸ਼ਾਂ ਦੀਆਂ ਗੱਲਾਂ ਇਉਂ ਆਣ ਟਿਕਦੀਆਂ ਹਨ ਜਿਵੇਂ ਪਿਆਸੀ ਧਰਤੀ ਅਸਮਾਨੀ ਛਿੱਟਾਂ ਜ਼ੀਰਦੀ ਹੈ। ਉਤਾਵਲਾਪਣ ਵੀ ਝਾਤੀਆਂ ਮਾਰਦਾ ਹੈ, ਪਰ ਸਿਰੇ ਦਾ ਜ਼ਬਤ ਰੱਤੀ ਰੱਤੀ ਪਿਆਸ ਬੁਝਾ ਰਹੀ ਧਰਤੀ ਦਾ ਚੇਤਾ ਕਰਵਾਉਂਦਾ ਹੈ।
ਕਵਾਫ਼ੀ ਨੇ ਆਪਣੀਆਂ ਰਚਨਾਵਾਂ ਵਿੱਚ ਲਿਖੀ ਅਤੇ ਬੋਲੀ ਜਾਂਦੀ ਭਾਸ਼ਾ ਦੀ ਪੀਡੀ ਗਲਵੱਕੜੀ ਪੁਆਈ। ਇਹ ਨੁਕਤਾ ਆਪਣੇ ਪੰਜਾਬੀ ਵਿਦਵਾਨਾਂ ਅਤੇ ਲਿਖਾਰੀਆਂ ਲਈ ਕੰਮ ਦਾ ਸਾਬਤ ਹੋ ਸਕਦਾ ਹੈ। ਅੱਜ ਹਰ ਕੋਈ ‘ਮੈਂ ਤਾਂ ਇੱਦਾਂ ਹੀ ਲਿਖਦਾਂ’ ਕਹਿ ਕੇ ‘ਆਪਣੀ ਆਪਣੀ ਪੰਜਾਬੀ’ ਲਿਖ ਰਿਹਾ ਹੈ। ਪੰਜਾਬ ਵਿਚ ਵੱਸਣ ਵਾਲੇ ਪੰਜਾਬੀਆਂ, ਪੰਜਾਬ ਤੋਂ ਬਾਹਰ ਵੱਸਣ ਵਾਲੇ ਪੰਜਾਬੀਆਂ, ਪਰਵਾਸੀ ਹੋਏ ਪੰਜਾਬੀਆਂ ਅਤੇ ਲਹਿੰਦੇ ਪੰਜਾਬ ਵਾਲਿਆਂ ਦੀ ਪੰਜਾਬੀ ਹੁਣ ਆਪਣੀ ਆਪਣੀ ਹੈ। ਇਹ ਮਾਰੂ ਵਕਤ ਅਤੇ ਸਿਆਸਤ ਦੀਆਂ ਮਾਰਾਂ ਦਾ ਹੀ ਅਸਰ ਹੈ, ਪਰ ਇਸ ਮਾਮਲੇ ‘ਤੇ ਥੋੜ੍ਹੀ ਜਿਹੀ ਤਬਦੀਲੀ ਨਾਲ ਕਵਾਫ਼ੀ ਨੂੰ ਗੁਰੂ ਧਾਰਿਆ ਜਾ ਸਕਦਾ ਹੈ। ਕੰਮ ਔਖਾ ਹੈ, ਪਰ ਇੰਨਾ ਵੀ ਔਖਾ ਨਹੀਂ ਕਿ ਕੀਤਾ ਨਾ ਜਾ ਸਕੇ! ਕੋਈ ਕਵਿਤਾ ਕਹਿੰਦੀ ਕੀ ਹੈ, ਇਹ ਸਭ ਤਾਂ ਅਨੁਵਾਦ ਦਾ ਹਿੱਸਾ ਬਣਦਾ ਹੀ ਹੈ, ਪਰ ਕਵਿਤਾ ਵਿੱਚ ਚਿਣੇ ਸ਼ਬਦ ਕਿਸ ਤਰ੍ਹਾਂ ਮੜ੍ਹਕ ਕਾਇਮ ਰੱਖ ਸਕਦੇ ਹਨ, ਇਹ ਇੰਦੇ ਨੇ ਦੱਸਿਆ ਹੈ। ਇਸੇ ਕਰ ਕੇ ਇਹ ਅਨੁਵਾਦ ਨਹੀਂ, ਸਿਰਜਣਾ ਵਧੇਰੇ ਹੈ। ਇੰਦੇ ਆਪਣੀ ਸ਼ਬਦ-ਜੜਤ ਦੇ ਇਤਬਾਰ ਨੂੰ ਕਵਾਫ਼ੀ ਦੇ ਕਾਵਿ-ਕੱਦ ਜਿੱਡਾ ਖਿੱਚਦਾ ਹੈ। ਇਹ ਜ਼ਬਤ ਅਨੁਵਾਦ ਦਾ ਰੰਗ ਹੋਰ ਨਿਖ਼ਾਰੀ ਜਾਂਦਾ ਹੈ। ਅਨੁਵਾਦਕ ਦੀ ਲਿਖੀ ਭੂਮਿਕਾ ਵਿਚ ਵੀ ਇਸੇ ਤਰ੍ਹਾਂ ਦਾ ਜ਼ਬਤ ਹੈ। ਕਿਹੜੇ ਸਾਹਿਤਕਾਰਾਂ ਨੇ ਕਵਾਫ਼ੀ ਦਾ ਅਸਰ ਕਬੂਲਿਆ ਅਤੇ ਕਿਨ੍ਹਾਂ ਦਾ ਅਸਰ ਕਵਾਫ਼ੀ ਉਤੇ ਪਿਆ, ਪ੍ਰੋ. ਇੰਦੇ ਨੇ ਭੂਮਿਕਾ ਵਿੱਚ ਇਸ ਬਾਰੇ ਖੂਬ ਸਿਹਰਾ ਸਜਾਇਆ ਹੈ। ਭੂਮਿਕਾ ਵਿਚ ‘ਮੈਨੂੰ ਜਾਣਨਾ ਚਾਹੁੰਦੇ ਹੋ’ ਕਵਿਤਾ ਦੀ ਚਰਚਾ ਵੀ ਹੈ। ਕਵੀ ਲਿਖਦਾ ਹੈ-
ਸਮਾਂ ਆਵੇਗਾ
ਕਿਸੇ ਸਹਿਜ ਸਮਾਜ ’ਚ
ਮੇਰੇ ਜਿਹਾ ਕੋਈ ਪ੍ਰਗਟ ਹੋਵੇਗਾ
ਤੇ ਬਿਨਾਂ ਰੋਕ-ਟੋਕ ਦੇ ਵਿਚਰੇਗਾ।
ਕਵਾਫ਼ੀ ਦੀ ਮੌਤ ਤੋਂ ਅੱਠ ਦਹਾਕਿਆਂ ਬਾਅਦ ਪ੍ਰੋ. ਇੰਦੇ ਨੇ ਇਹ ਯੂਨਾਨੀ ਕਵਿਤਾਵਾਂ, ਬਰਾਸਤਾ ਅੰਗਰੇਜ਼ੀ ਪੰਜਾਬੀ ਵਿਚ ਸਿਰਜੀਆਂ ਹਨ। ਅੱਜ ਦੀ ਤਾਰੀਖ਼ ਵਿਚ ਕੋਈ ਸਹਿਜ ਸਮਾਜ, ਅਜਿਹੀਆਂ ਕਵਿਤਾਵਾਂ ਪੜ੍ਹਨ ਜੋਗਾ ਹੋਇਆ ਹੀ ਹੈ। ਸਮਾਜ ਤੋਂ ਖ਼ੌਫ਼ ਖਾਂਦਿਆਂ ਕਦੀ ਕਵਾਫ਼ੀ ਆਪਣੀ ਕਵਿਤਾ ਨੂੰ ਆਪਣੇ ਕੋਲ ਰੱਖਦਾ ਰਿਹਾ ਸੀ ਜਿਸ ਵਿਚ ਸਮਲਿੰਗੀ ਸਵਾਦਾਂ ਦਾ ਜ਼ਿਕਰ ਹੈ। ਇਹ ਵੱਖਰੀ ਗੱਲ ਹੈ ਕਿ ਸਦਾ ਅਗਾਂਹ ਦੇ ਦਾਅਵੇ ਕਰਨ ਵਾਲਾ ਪੰਜਾਬੀ ਸਮਾਜ ਅਜੇ ਵੀ ਇੱਡਾ ਸਹਿਜ ਨਹੀਂ, ਇਹ ਅਜੇ ਵੀ ‘ਅਣਖ਼ ਖ਼ਾਤਿਰ ਕਤਲ’ ਵਾਲੀਆਂ ਅੰਨ੍ਹੀਆਂ ਗਲੀਆਂ ਅੰਦਰ ਭੌਂ ਰਿਹਾ ਹੈ। ਉਧਰ, ਕਵਾਫ਼ੀ ਹੈ ਕਿ ਆਪਣੇ ਮੱਸ-ਫੁੱਟ ਵਰ੍ਹਿਆਂ ਨੂੰ ਵੀ ਜੁੱਗਾਂ ਪੁਰਾਣੀ ਗੱਲ ਦੱਸਦਾ ਹੈ। ਇਹ ਜੁੱਗਾਂ ਪੁਰਾਣੀ ਗੱਲ ‘ਕਾਇਆ ਸੀ, ਹੋਵੇ ਜਿਵੇਂ ਮੋਤੀਏ ਜਿਹੀ’ ਦਾ ਪ੍ਰਸੰਗ ਬੰਨ੍ਹਦੀ ਆਥਣ ਦੇ ਚੇਤੇ ਉਘਾੜਦੀ ਹੈ। ਇਸ ਅੰਗ-ਰਸ ਦੇ ਬਰਾਬਰ ਸਿਆਸੀ ਬਾਣਾਂ ਨਾਲ ਲੈਸ ਕਵਿਤਾ ‘ਬਰਬਰਾਂ ਨੂੰ ਉਡੀਕਦੇ’ ਹੈ। ਇਹ ਉਹ ਇਤਿਹਾਸਕ ਕਵਿਤਾਵਾਂ ਹਨ ਜਿਹੜੀਆਂ ਜ਼ਿਹਨ ਦਾ ਕੁੰਡਾ ਵਾਰ ਵਾਰ ਠਕੋਰਦੀਆਂ, ਸੜ ਰਹੇ ਪਾਣੀ ਵਿਚ ਢੀਮਾਂ ਵਾਂਗ ਡਿਗਦੀਆਂ ਹਨ। ‘ਬਰਬਰਾਂ ਨੂੰ ਉਡੀਕਦੇ’ ਵਿੱਚ ਸੌ ਸਵਾਲਾਂ ਦਾ ਇਕ ਸਵਾਲ ਹੈ- ਸੈਨਿਟ ‘ਚ ਕੁਝ ਵਾਪਰ ਕਿਉਂ ਨਹੀਂ ਰਿਹਾ?… ਤੇ ਕਵੀ ਕਵਿਤਾ ਇਉਂ ਸਮੇਟਦਾ ਹੈ-
ਹੁਣ ਬਰਬਰਾਂ ਤੋਂ ਬਿਨਾਂ ਸਾਡਾ ਕੀ ਬਣੇਗਾ?
ਇਨ੍ਹਾਂ ਹੀ ਲੋਕਾਂ ਨੇ ਕੋਈ ਦੁੱਖ-ਦਾਰੂ ਦੱਸਣਾ ਸੀ।
ਅਸਲ ਵਿਚ ਇਹੀ ਉਹ ਕਵਿਤਾਵਾਂ ਹਨ ਜਿਹੜੀਆਂ ਕਵਾਫ਼ੀ-ਕਾਵਿ ਦਾ ਸਿਖਰ ਸਿਰਜਦੀਆਂ ਹਨ। ਉਹਨੇ ਆਪਣੀਆਂ ਇਨ੍ਹਾਂ ਕਵਿਤਾਵਾਂ ਨੂੰ ਇਤਿਹਾਸ-ਕਵਿਤਾਵਾਂ ਆਖਿਆ ਹੈ। ਉਂਜ ਤਾਂ ਹਰ ਬੀਤਿਆ ਪਲ, ਇਤਿਹਾਸ ਅੰਦਰ ਸਮਾ ਜਾਂਦਾ ਹੈ, ਪਰ ਜਦੋਂ ਇਤਿਹਾਸ ਕਵਿਤਾ ਅੰਦਰ ਉਤਰਦਾ ਹੈ ਤਾਂ ਇਸ ਅੰਦਰੋਂ ਭਵਿੱਖ ਝਾਤੀਆਂ ਮਾਰਨ ਲੱਗਦਾ ਹੈ। ਇਤਿਹਾਸ ਹੋ ਚੁੱਕਿਆ ਹੈ, ਕਵਿਤਾ ਨੇ ਅਜੇ ਹੋਣਾ ਹੈ। ‘ਮੈਗਨੇਸੀਆ ਦੀ ਲੜਾਈ’ ਕਵਿਤਾ ਪੜ੍ਹ ਕੇ ਇਤਿਹਾਸ ਅਤੇ ਕਵਿਤਾ ਵਾਲਾ ਫ਼ਰਕ ਸਮਝ ਪੈਣ ਲੱਗਦਾ ਹੈ।
ਅਮਰੀਕੀ ਸ਼ਾਇਰ, ਆਲੋਚਕ ਤੇ ਅਨੁਵਾਦਕ ਰੌਬਰਟ ਪਿੰਸਕੀ ਆਖਦਾ ਹੈ ਕਿ ਕਵਿਤਾ ਸਮਝਣ ਜਾਂ ਸਮਝਾਉਣ ਨਾਲ ਨਹੀਂ, ਸਗੋਂ ਕਿਸੇ ਖਾਸ ਖਿੱਚ ਜਾਂ ਪਿਆਰ-ਮੁਹੱਬਤ ਜਾਂ ਤਲਬ ਨਾਲ ਸ਼ੁਰੂ ਹੁੰਦੀ ਹੈ। ਇਸ ਪੱਖ ਤੋਂ ਕਵਾਫ਼ੀ ਅਤੇ ਇੰਦੇ ਦੀ ਝੰਡੀ ਹੈ। ਇੰਦੇ ਨੇ ਕਵਾਫ਼ੀ ਤੋਂ ਇਲਾਵਾ ਲੋਰਕਾ, ਬੈਸ਼ਤ ਤੇ ਪੋਪਾ ਸਮੇਤ ਪੰਜ ਯੂਰੋਪੀਅਨ ਕਵੀਆਂ, ਚੀਨੀ ਕਵੀਆਂ ਲੌ ਪੋ, ਤੂ ਫੂ ਤੇ ਹੈਨ-ਸ਼ੈਨ, ਜਪਾਨੀ ਸ਼ਇਰਾ ਮਾਚੀ ਤਵਾਰਾ, ਫਰਾਂਸੀਸੀ ਕਵੀ ਗਿਲਵਿਕ ਅਤੇ ਪੁਰਤਗਾਲ ਦੇ ਦੋ ਅਹਿਮ ਕਵੀਆਂ ਫਰਨਾਂਦੋ ਪੇਸੋਆ ਤੇ ਏ. ਆਂਦਰਾਦ ਦੀਆਂ ਕਵਿਤਾਵਾਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਰੰਗ ਵੀ ਦੇਖਣ ਹੀ ਵਾਲਾ ਹੈ। ਇਸ ਪੱਖ ਤੋਂ ਬਾਬਾ ਇੰਦੇ ਵੀ ਕਿਸੇ ਸਿਰੇ ਦੇ ਬੰਦੇ ਤੋਂ ਘੱਟ ਨਹੀਂ।
ਸੰਪਰਕ: 98722-69310


Comments Off on ਕਵਾਫ਼ੀ ਦੀ ਕਵਿਤਾ ਅਤੇ ਇੰਦੇ ਦਾ ਅਨੁਵਾਦ ਇਲਾਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.