ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਕਾਨ ਫ਼ਿਲਮ ਮੇਲੇ ਵਿੱਚ ਦੱਬੇ ਕੁਚਲੇ ਸਮਾਜ ਦੀ ਆਵਾਜ਼ ਉਠਾਏਗੀ ‘ਚੰਮ’

Posted On March - 4 - 2017

12102cd _chammਅਮੋਲਕ ਸਿੰਘ
‘ਆਪਣਾ ਪਾਸ਼’, ‘ਆਤੂ ਖੋਜੀ’ ਅਤੇ ‘ਨਾਬਰ’ ਫ਼ਿਲਮਾਂ ਦੀ ਸਫ਼ਲ ਨਿਰਦੇਸ਼ਨਾ ਦੀ ਲੜੀ ਉਪਰੰਤ ਫ਼ਿਲਮਸਾਜ਼ ਰਾਜੀਵ ਵੱਲੋਂ ਨਿਰਦੇਸ਼ਿਤ ਸੱਜਰੀ ਫ਼ਿਲਮ ‘ਚੰਮ’ ਸਾਡੇ ਚੌਗ਼ਿਰਦੇ ’ਚ ਪਰਿਕਰਮਾ ਕਰਦੇ ਦਰਸ਼ਨ, ਰਾਜਨੀਤੀ, ਆਰਥਿਕ, ਸਮਾਜਿਕ, ਸਭਿਆਚਾਰਕ, ਮਨੋਵਿਗਿਆਨਕ ਅਤੇ ਕਲਾ ਜਗਤ ਅੰਦਰ ਮਘਦੇ ਸੁਆਲਾਂ ਬਾਰੇ ਸੰਜੀਦਾ ਸੰਵਾਦ ਛੇੜੇਗੀ।
ਇਸ ਫ਼ਿਲਮ ਦਾ ਕੌਮਾਂਤਰੀ ਕਾਨ ਫ਼ਿਲਮ ਮੇਲੇ ਵਿੱਚ 22 ਤੋਂ 28 ਮਈ ਦਰਮਿਆਨ ‘2017 ਸ਼ਾਰਟ ਫ਼ਿਲਮ ਕਾਰਨਰ’ ਲਈ ਚੁਣੇ ਜਾਣਾ ਲੋਕਪੱਖੀ ਕਲਾ ਸੰਸਾਰ ਨਾਲ ਜੁੜੇ ਵਿਅਕਤੀਆਂ ਲਈ ਮਾਣਮੱਤੀ ਖ਼ਬਰ ਹੈ।
ਇਹ ਫ਼ਿਲਮ ਮਾਨਵੀ ਇਤਿਹਾਸ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੀਆਂ ਤੰਦਾਂ ਦੀ ਤ੍ਰਿਵੈਣੀ ਨਾਲ ਜੁੜੇ ਜਾਤ ਅਤੇ ਜਮਾਤ ਦੇ ਅਹਿਮ ਸੁਆਲਾਂ ਦੇ ਸਾਰਥਿਕ ਚਿੰਤਨ ’ਤੇ ਕੇਂਦਰਿਤ ਹੈ। ਫ਼ਿਲਮ ‘ਚੰਮ’ ਉਸ ਤਿੱਖੇ ਦੌਰ ਅੰਦਰ ਪੈਰ ਧਰ ਰਹੀ ਹੈ ਜਦੋਂ ਜਾਤ-ਪਾਤ, ਫ਼ਿਰਕੇ, ਧਰਮ ਆਦਿ ਦੇ ਆਧਾਰ ’ਤੇ ਸਮਾਜ ਅੰਦਰ ਧੌਂਸ ਜਗਾਉਣ ਅਤੇ ਅੰਨ੍ਹੇ ਕੌਮਵਾਦ ਦੇ ਝੱਖੜ ਝੁਲਾਉਣ ਦਾ ਕੁਕਰਮ ਨਿਰਭੈ ਹੋ ਕੇ ਚੱਲ ਰਿਹਾ ਹੈ।
ਫ਼ਿਲਮ ਦੀ ਪਿੱਠ ਭੂਮੀ ਵਿੱਚ ਗੁਰੂ ਰਵਿਦਾਸ, ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੇ ਫਲਸਫ਼ੇ ਨੂੰ ਸਮਾਂ, ਸਥਾਨ ਅਤੇ ਹਾਲਾਤ ਦੇ ਚੌਖਟੇ ਵਿੱਚ ਰੱਖਦਿਆਂ, ਵਿਗਿਆਨਕ ਕਸਵੱਟੀ ’ਤੇ ਪਰਖਦਿਆਂ ਬਹੁਤ ਹੀ ਸੰਤੁਲਿਤ ਅਤੇ ਢੁਕਵੇਂ ਅੰਦਾਜ਼ ’ਚ ਅਮੀਰ ਤੱਤ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਬੇਗ਼ਮਪੁਰਾ, ਜ਼ਮੀਨ ਦੀ ਵੰਡ ਅਤੇ ਸਮਾਜਿਕ ਬਰਾਬਰੀ ਦੀ ਬਹੁਪੜਾਵੀ ਜੱਦੋ ਜਹਿਦ ਨੂੰ ਠੋਸ ਮੁੱਦਿਆਂ, ਜਨਤਕ ਲਾਮਬੰਦੀ ਦੀ ਸਥਾਪਤੀ ਕਰਨ ਵੱਲ ਵਿਸ਼ੇਸ਼ ਧਿਆਨ ਖਿੱਚਣਾ ਫ਼ਿਲਮ ਦਾ ਹਾਸਲ ਹੈ।
ਬੇਗ਼ਮਪੁਰਾ ਸ਼ਹਿਰ ਕੇ ਨਾਓ… ਦੇ ਸ਼ਬਦ ਨਾਲ ਪਰਦੇ ਉੱਪਰ ਦਸਤਕ ਦਿੰਦੀ ਫ਼ਿਲਮ ਗਹਿਰੇ ਅਰਥ ਸਿਰਜਦੀ ਹੈ। ਫ਼ਿਲਮ ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦੇ ਟਕਰਾਵੇਂ ਹਿੱਤਾਂ ਨੂੰ ਰੂਪਮਾਨ ਕਰਦੀ ਇਹ ਵਿਸ਼ਵਾਸ ਪੱਕਾ ਕਰਦੀ ਹੈ ਕਿ ਸਾਧਨ ਵਿਹੁਣੇ, ਕਮਾਊ ਲੋਕ ਹੀ ਅਸਲ ’ਚ ਸਮਾਜ ਦੇ ਸਿਰਜਣਹਾਰੇ ਹਨ। ਜਦੋਂ ਇਨ੍ਹਾਂ ਦੇ ਮੱਥੇ ਦੀ ਲੋਅ ਕੰਮੀਆਂ ਵਿਹੜੇ ਰੌਸ਼ਨੀ ਕਰਦੀ ਹੈ ਤਾਂ ਡਾਢਿਆਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਹੈ।
ਏ. ਧੀਰ ਅਤੇ ਨਾਬਰ ਫ਼ਿਲਮ ਪ੍ਰੋਡਕਸ਼ਨ ਦੀ ਫ਼ਿਲਮ ‘ਚੰਮ’ ਭਗਵੰਤ ਰਸੂਲਪੁਰੀ ਅਤੇ ਡਾ. ਸੁਖਪ੍ਰੀਤ ਸੁੱਖ ਦੀਆਂ ਕਹਾਣੀਆਂ ਉੱਪਰ ਆਧਾਰਿਤ ਹੈ ਅਤੇ ਇਸ ਦੀ ਪਟਕਥਾ ’ਚ ਨਵੀਂ ਰੂਹ ਫੂਕਣ ਦਾ ਕਾਰਜ ਸੁਰਿੰਦਰ ਦੀ ਮਿਹਨਤ ਸੰਗ ਹੋਇਆ ਮੂੰਹੋਂ ਬੋਲਦਾ ਹੈ। ਰਾਜੀਵ ਦੀ ਨਿਰਦੇਸ਼ਨਾ, ਕੈਮਰਾਮੈਨ ਸੋਨੇਸ਼ਵਰ ਦੇ ਕੈਮਰੇ ਦੀ ਅੱਖ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਦੀ ਕਲਮ ਤੋਂ ਲਿਖੇ ਗੀਤ ‘ਸਾਂਝਾ ਚੁੱਲ੍ਹਾ, ਸਾਂਝੀ ਖੇਤੀ, ਸਾਂਝੇ ਨਗਰ ਵਸਾਵਾਂਗੇ’ ਅਤੇ ‘ਤੋੜ ਕੇ ਸ਼ਿਕਾਰੀਆਂ ਦੇ ਜਾਲ ਨੂੰ ਅੰਬਰਾਂ ਨੂੰ ਉਡ ਚੱਲੀਏ’ ਫ਼ਿਲਮ ’ਚ ਸੰਗੀਤਕ ਪਰਵਾਜ਼ ਭਰਦੇ ਹਨ।
ਮਰੇ ਪਸ਼ੂਆਂ ਦੀਆਂ ਖੱਲਾਂ ਲਾਹੁਣ ਦੇ ਜੱਦੀ ਪੁਸ਼ਤੀ ਕਿੱਤੇ ਨਾਲ ਜੁੜੇ ਪਰਿਵਾਰ ਦੁਆਲੇ ਘੁੰਮਦੀ ਫ਼ਿਲਮ ਦੀ ਕਹਾਣੀ ਅਸਲ ’ਚ ਦੱਬੇ ਕੁਚਲੇ ਸਮਾਜ ਦੀ ਹੋਣੀ ਦਾ ਸ਼ੀਸ਼ਾ ਵਿਖਾਉਂਦੀ ਹੈ। ਮੌਤ ਦੇ ਜਬਾੜ੍ਹਿਆਂ ’ਚ ਪੁੱਜੇ ਪਸ਼ੂਆਂ ਨੂੰ ਵੀ ਬਚਾਉਣ ਲਈ ਜੋਖਮ ਉਠਾਉਣ ਵਾਲੇ ਇਹ ਕਾਮੇ ਅੰਦਰੋਂ ਕਿੰਨੇ ਸੂਖਮ, ਸੰਵੇਦਨਸ਼ੀਲ ਹੁੰਦੇ ਹਨ। ਅਜਿਹੀਆਂ ਝਲਕਾਂ ਨਾਲ ਭਰਪੂਰ ਇਹ ਫ਼ਿਲਮ ਧਰਤੀ ਦੀਆਂ ਹਕੀਕਤਾਂ ਨਾਲ ਜੁੜੇ ਵਰਗ ਦੀ ਆਮ ਕਰਕੇ ਅਣਛੋਹੀ ਰਹਿ ਗਈ ਕਹਾਣੀ ਪਰਦੇ ਉੱਪਰ ਉਤਾਰਦੀ ਹੈ।
ਫ਼ਿਲਮ ’ਚ ਇੱਕ ਘਰ ਪੂਰੇ ਸਮਾਜ ਦਾ, ਇੱਕ ਪਿੰਡ ਪੂਰੇ ਮੁਲਕ ਦਾ ਦਰਪਣ ਪੇਸ਼ ਕਰਦਾ ਹੈ। ਪਿੰਡ ’ਚ ਸਰਪੰਚੀ ਦੀ ਚੋਣ ਦਾ ਅਖਾੜਾ ਮਘਦਾ ਹੈ। ਹਾਕਮ ਅਤੇ ਨਛੱਤਰ, ਸਰਪੰਚੀ ਜਿੱਤਣ ਲਈ ਆਮ ਲੋਕਾਂ ਨੂੰ ਆਪੋ ਆਪਣੀ ਜੇਬ ’ਚ ਪਾਈ ਵੋਟ ਪਰਚੀ ਸਮਝਕੇ ਬਲ ਅਤੇ ਛਲ ਦੇ ਵੰਨ-ਸੁਵੰਨੇ ਦਾਅ ਖੇਡਦੇ ਹਨ। ਹਾਕਮ ਅਤੇ ਨਛੱਤਰ ਉੱਪਰੋਂ ਭਾਵੇਂ ਇੱਕ ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਪ੍ਰਤੀਤ ਹੁੰਦੇ ਹਨ ਪਰ ਇਨ੍ਹਾਂ ਦੇ ਜਮਾਤੀ ਹਿੱਤ ਸਾਂਝੇ ਹਨ। ਆਪਣੇ ਅਮਲ ਪੱਖੋਂ ਦੋਵੇਂ ਦੁੱਧ ਧੋਤੇ ਨਹੀਂ। ਚੋਣ, ਪਿੰਡ ’ਚ ਵੰਡੀਆਂ ਪਾਉਣ, ਪਰਿਵਾਰਾਂ ਦੇ ਜੀਆਂ ਅੰਦਰ ਵੀ ਇੱਕ ਦੂਜੇ ਪ੍ਰਤੀ ਕੁੜੱਤਣ ਭਰਨ ਅਤੇ ਪਾੜਨ ਦਾ ਕੰਮ ਕਰਦੀ ਹੈ। ਸਰਪੰਚ ਦੀ ਚੋਣ ਲੜਨ ਵਾਲੇ ਧੜਿਆਂ ਦੀਆਂ ਡੋਰਾਂ ਦੇ ਤੁਣਕੇ ਮਾਰਨ ਦੇ ਅਧਿਕਾਰ ਕਿਵੇਂ ਹਾਕਮ ਸਿਆਸੀ ਜ਼ੋਰਾਵਰ ਧੜਿਆਂ ਕੋਲ ਰਾਖਵੇਂ ਹਨ। ਫ਼ਿਲਮ ਇਸ ਜਟਿਲ ਪ੍ਰਬੰਧ ਦੇ ਪਿੰਡ ਤੋਂ ਚਲਕੇ ਮੁਲਕ ਦੀ ਰਾਜਨੀਤੀ ਦੇ ਸਿਖਰ ਤਕ ਜੁੜੇ ਤਾਣੇ-ਬਾਣੇ ਦੀ ਅੰਤਰ ਤਸਵੀਰ ਸਮਝਣ ਲਈ ਦਰਸ਼ਕਾਂ ਅੰਦਰ ਨਵੀਂ ਸੋਚ ਦਾ ਸੰਚਾਰ ਕਰਦੀ ਹੈ। ਸੁਰਿੰਦਰ, ਬਲਜਿੰਦਰ ਕੌਰ, ਮਹਿਰੀਨ, ਹਰਦੀਪ, ਬਿਕਰਮਜੀਤ ਲੱਕੀ, ਹਰਕੇਸ਼, ਕਮਲਦੀਪ ਬਰਨਾਲਾ, ਸੋਮਪਾਲ ਹੀਰਾ, ਹਰਮਨ, ਕਮਲ ਮੋਹੀ ਸਮੇਤ ਫ਼ਿਲਮ ਦੇ ਕਲਾਕਾਰਾਂ ਨੇ ਜਿਵੇਂ ਕਿਰਦਾਰ ਨਿਭਾਏ ਹਨ ਉਹ ਪ੍ਰਭਾਵ ਤਾਂ ਫ਼ਿਲਮ ਦੇਖਿਆਂ ਹੀ ਬਣਦਾ ਹੈ। ਇਸ ਫ਼ਿਲਮ ਦੇ ਹਿੱਸੇ ਵਿਲੱਖਣ ਖ਼ੂਬੀ ਇਹ ਵੀ ਆਉਂਦੀ ਹੈ ਕਿ ਇਹ ਫ਼ਿਲਮ ਲੋਕਾਂ ਰਾਹੀਂ ਲੋਕਾਂ ਨੂੰ ਵਿਖਾਉਣ ਦੀ ਵਿਆਪਕ ਮੁਹਿੰਮ ਛੇੜੀ ਜਾ ਰਹੀ ਹੈ। ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਦਰਸ਼ਕਾਂ ’ਚ ਆਪਣਾ ਵਿਲੱਖਣ ਮੁਕਾਮ ਸਿਰਜੇਗੀ।
ਸੰਪਰਕ: 94170 76735

12102cd _mehreen kaleka‘ਚੰਮ’ ਰਾਹੀਂ ਵਿਸ਼ਵ ਪੱਧਰੀ ਪਛਾਣ ਬਣਾਉਣ ਵੱਲ ਵਧੀ ਮਹਿਰੀਨ

ਪਟਿਆਲਾ ਦੀ ਜੰਮਪਲ ਅਤੇ ਚਰਚਿਤ ਪੰਜਾਬੀ ਫ਼ਿਲਮ ‘ਹਾਣੀ’ ਰਾਹੀਂ ਫ਼ਿਲਮੀ ਦੁਨੀਆਂ ਵਿੱਚ ਪੈਰ ਰੱਖਣ ਵਾਲੀ  ਅਦਾਕਾਰਾ ਮਹਿਰੀਨ ਕਾਲੇਕਾ ਨੇ ਲਘੂ ਫ਼ਿਲਮ ‘ਚੰਮ’ ਰਾਹੀਂ ਵਿਸ਼ਵ ਪ੍ਰਸਿੱਧ ਕਾਨ ਫ਼ਿਲਮ ਮੇਲੇ ਤਕ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ। ਨਿਰਦੇਸ਼ਕ ਰਾਜੀਵ ਸ਼ਰਮਾ ਵੱਲੋਂ ਬਣਾਈ ਗਈ ਲਘੂ ਫ਼ਿਲਮ ‘ਚੰਮ’ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਚਲ ਰਹੇ ਦਲਿਤ ਸੰਘਰਸ਼ ਦੀ ਗਾਥਾ ਬਿਆਨ ਕਰਦੀ ਹੈ। ਮਹਿਰੀਨ ਕਾਲੇਕਾ ਨੇ ਇਸ ਫ਼ਿਲਮ ਵਿੱਚ ਮੋਹਰੀ ਅਤੇ ਦਮਦਾਰ ਭੂਮਿਕਾ ਨਿਭਾਈ ਹੈ। ਉਸ ਨੇ ਕੁਝ ਸਮਾਂ ਪਹਿਲਾਂ ਸੰਗੀਤਕ ਵੀਡੀਓਜ਼ ਦਾ ਨਿਰਦੇਸ਼ਨ ਕਰਨਾ ਸ਼ੁਰੂ ਕੀਤਾ ਸੀ। ਇਸ ਨਾਲ ਉਹ ਪੰਜਾਬੀ ਸੰਗੀਤਕ ਵੀਡੀਓਜ਼ ਦਾ ਨਿਰਦੇਸ਼ਨ ਕਰਨ ਵਾਲੀ ਪਹਿਲੀ ਮੁਟਿਆਰ ਬਣ ਗਈ ਹੈ।
ਉਸ ਨੇ ਸਭ ਤੋਂ ਪਹਿਲਾਂ ਹਰਭਜਨ ਮਾਨ ਦੇ ਗੀਤ ‘ਪਰੀ ਪ੍ਰਾਹੁਣੀ’  ਦੀ ਵੀਡੀਓ ਵਿੱਚ ਕੰਮ ਕਰਕੇ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ ਸੀ। ਉਸ ਦੀ ਅਦਾਕਾਰੀ ਨੂੰ ਦੇਖਦਿਆਂ ਨਿਰਦੇਸ਼ਕ ਅਮਿਤੋਜ ਮਾਨ ਅਤੇ ਹਰਭਜਨ ਮਾਨ ਦੀ ਜੋੜੀ ਨੇ ਉਸ ਨੂੰ ‘ਹਾਣੀ’ ਫ਼ਿਲਮ ਵਿੱਚ ਦੋਹਰੀ ਰੰਗਤ ਵਾਲੀ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ। ਇਸ ਉਪਰੰਤ ਉਸ ਨੇ ਸੰਗੀਤਕ ਵੀਡੀਓਜ਼ ਵੱਲ ਕਦਮ ਵਧਾਏ।
ਮਹਿਰੀਨ ਦਾ ਕਹਿਣਾ ਹੈ ਕਿ ਉਸ ਨੇ ਕਈ ਫ਼ਿਲਮਾਂ ਵਿੱਚ ਸਿਰਫ਼ ਸ਼ੋਅ ਪੀਸ ਵਜੋਂ ਦਿਖਾਈ ਦੇਣ ਵਾਲੀਆਂ ਭੂਮਿਕਾਵਾਂ ਕਰਨ ਤੋਂ ਕਿਨਾਰਾ ਕੀਤਾ ਅਤੇ ਸਾਫ਼-ਸੁਥਰੀਆਂ ਤੇ ਮਿਆਰੀ ਭੂਮਿਕਾਵਾਂ ਕਰਨ ਨੂੰ ਤਰਜੀਹ ਦਿੱਤੀ। ਇਸੇ ਸਿਲਸਿਲੇ ਵਿੱਚ ਉਸ ਨੇ ‘ਨਾਬਰ’ ਵਰਗੀ ਕੌਮੀ ਐਵਾਰਡ ਜੇਤੂ ਫ਼ਿਲਮ ਦੇ ਨਿਰਦੇਸ਼ਕ ਰਾਜੀਵ ਸ਼ਰਮਾ ਦੀ ਨਿਰਦੇਸ਼ਨਾ ਵਿੱਚ ਪੰਜਾਬ ਦੇ ਪੇਂਡੂ ਦਲਿਤਾਂ ਦੀ ਤ੍ਰਾਸਦੀ ਬਾਰੇ ਬਣੀ ਫ਼ਿਲਮ ‘ਚੰਮ’ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਹੈ। ਇਸ ਵਿੱਚ ਉਸ ਨੇ ਅਜਿਹੀ ਡਾਕਟਰ ਦੀ ਭੂਮਿਕਾ ਨਿਭਾਈ ਹੈ ਜੋ ਆਪਣੀ ਨੌਕਰੀ ਦੇ ਨਾਲ-ਨਾਲ ਲੋਕਾਂ ਨੂੰ ਆਪਣੇ ਬੁਨਿਆਦੀ ਹੱਕਾਂ ਲਈ ਜਾਗਰੂਕ ਕਰਨ ਲਈ ਵੀ ਹੰਭਲਾ ਮਾਰਦੀ ਹੈ। ਮਹਿਰੀਨ ਨੂੰ ਫਖ਼ਰ ਹੈ ਕਿ ‘ਚੰਮ’ ਨੇ ਉਸ ਨੂੰ ਵਿਸ਼ਵ ਪੱਧਰੀ ਪਛਾਣ ਬਣਾਉਣ ਦੇ ਰਸਤੇ ਪਾਇਆ ਹੈ। ਉਸ ਦਾ ਅਦਾਕਾਰੀ ਦੇ ਨਾਲ-ਨਾਲ ਨਿਰਦੇਸ਼ਨ ਵੀ ਪਸੰਦੀਦਾ ਖੇਤਰ ਰਿਹਾ ਹੈ। ਉਸ ਨੇ ਦੋ ਫ਼ਿਲਮਾਂ ਅਤੇ ਦੋ ਸੰਗੀਤਕ ਵੀਡੀਓਜ਼ ਵਿੱਚ ਬਤੌਰ ਨਾਇਕਾ ਕੰਮ ਕਰਦਿਆਂ ਨਿਰਦੇਸ਼ਨ ਦੀਆਂ ਬਾਰੀਕੀਆਂ ਸਿੱਖਣ ਦੀ ਪ੍ਰਕਿਰਿਆ ਵੀ ਨਾਲ ਨਾਲ ਜਾਰੀ ਰੱਖੀਆਂ। ਇਸ ਤਹਿਤ ਉਸ ਨੇ ਗਾਇਕ ਨਿਸ਼ਾਨ ਭੁੱਲਰ ਦੇ ਗੀਤ ‘ਸੋਹਣੀ ਲੱਗਦੀ’ ਦੀ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ। ਮਹਿਰੀਨ ਦਾ ਕਹਿਣਾ ਹੈ ਕਿ ਸੰਗੀਤਕ ਵੀਡੀਓਜ਼ ਬਹੁਤ ਔਖਾ ਤੇ ਮਿਹਨਤ ਵਾਲਾ ਕੰਮ ਹੈ ਕਿਉਂਕਿ ਸਿਰਫ਼ 5-7 ਮਿੰਟ ਵਿੱਚ ਗੀਤ ਰਾਹੀਂ ਇੱਕ ਕਹਾਣੀ ਪੇਸ਼ ਕਰਨੀ ਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਨਿਰਦੇਸ਼ਨ ਕਰਨ ਨੂੰ ਤਰਜੀਹ ਦੇਵੇਗੀ। ਹਿੰਦੀ ਫਿਲਮਸਾਜ਼ ਯਸ਼ ਚੋਪੜਾ ਅਤੇ ਸੰਜੇ ਲੀਲਾ ਭੰਸਾਲੀ ਨੂੰ ਆਪਣਾ ਆਦਰਸ਼ ਮੰਨਣ ਵਾਲੀ ਇਹ ਮੁਟਿਆਰ ਵਧੀਆ ਪੁਸ਼ਾਕਾਂ, ਹੇਅਰ ਸਟਾਈਲ ਅਤੇ ਲੋਕੇਸ਼ਨ ਦੀ ਚੋਣ ਕਰਨ ਵਿੱਚ ਵੀ ਮੁਹਾਰਤ ਰੱਖਦੀ ਹੈ।
– ਸੁਖਪਾਲ ਕੌਰ ਮੰਦਰਾਂ
ਸੰਪਰਕ: 94784-70575


Comments Off on ਕਾਨ ਫ਼ਿਲਮ ਮੇਲੇ ਵਿੱਚ ਦੱਬੇ ਕੁਚਲੇ ਸਮਾਜ ਦੀ ਆਵਾਜ਼ ਉਠਾਏਗੀ ‘ਚੰਮ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.