ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਕਾਵਿ ਕਿਆਰੀ

Posted On March - 19 - 2017

11103cd _poemsਸਾਊ ਕੁੜੀਆਂ

ਸਾਊ ਕੁੜੀਆਂ
ਆਪਣੇ ਹੀ ਅੱਥਰੂਆਂ ਵਿੱਚ
ਖੁਰ ਜਾਂਦੀਆਂ ਨੇ।
ਆਪਣੇ ਪਿਆਰ ਨੂੰ
ਪੈਰਾਂ ਹੇਠ ਮਧੋਲ ਕੇ
ਉਮਰ ਦੇ ਪਿਆਲੇ ’ਚ ਜ਼ਹਿਰ ਘੋਲ ਕੇ
ਆਪਣੇ ਬਾਬਲ ਦੀ ਸਹੇੜ ਨਾਲ
ਡੁਸ ਡੁਸ ਕਰਦੀਆਂ ਤੁਰ ਜਾਂਦੀਆਂ
ਸਾਊ ਕੁੜੀਆਂ
ਆਪਣੇ ਹੀ ਹੰਝੂਆਂ ’ਚ ਖੁਰ ਜਾਂਦੀਆਂ।
ਸਾਊ ਕੁੜੀਆਂ
ਪਿਓ, ਭਰਾ, ਪਤੀ ਦੇ
ਸਾਏ ’ਚ ਹੀ ਜਿਊਂਦੀਆਂ ਮਰਦੀਆਂ
ਰੌਸ਼ਨੀ ਦੀ ਨਿੱਕੀ ਜਿਹੀ
ਕਿਰਨ ਤੋਂ ਵੀ ਡਰਦੀਆਂ।
ਸਾਊ ਕੁੜੀਆਂ
ਬੁੱਲ੍ਹ ਘੁੱਟ ਘੁੱਟ ਹੱਸਦੀਆਂ
ਉਜੜਨ ਦੇ ਡਰੋਂ ਡਰ ਡਰ ਵਸਦੀਆਂ
ਬੇਗਾਨੇ ਘਰਾਂ ਵਿੱਚ
ਮਨ ਦੀ ਉਡਾਰੀ ਘੁੱਟ ਕੇ ਆਪਣੇ ਪਰਾਂ ਵਿੱਚ।
ਸਾਊ ਕੁੜੀਆਂ
ਮਨ ਦੇ ਜ਼ਖ਼ਮ ਲੁਕਾਉਂਦੀਆਂ
ਤਨਾਂ ਨੂੰ ਰੇਸ਼ਮੀ ਵਸਤਰਾਂ ਨਾਲ ਸਜਾਉਂਦੀਆਂ
ਝੂਠਾ-ਮੂਠਾ ਜੀਅ ਪਰਚਾਉਂਦੀਆਂ।
ਸਾਊ ਕੁੜੀਆਂ
ਉੱਚਾ ਨਹੀਂ ਬੋਲਦੀਆਂ
ਦਿਲ ਦੇ ਭੇਤ ਨਹੀਂ ਖੋਲ੍ਹਦੀਆਂ
ਤਪਦੀ ਭੱਠੀ ’ਤੇ ਪਈ ਕੜਾਹੀ ਦੀ
ਤੱਤੀ ਰੇਤ ’ਚ
ਆਪਣੇ ਆਪ ਨੂੰ ਰੋਲਦੀਆਂ।
ਸਾਊ ਕੁੜੀਆਂ
ਪਿਓ ਦੀ ਪੱਗ ਬਚਾਉਂਦੀਆਂ ਬਚਾਉਂਦੀਆਂ
ਹੋ ਜਾਂਦੀਆਂ ਤਬਾਹ
ਭਟਕਦੀਆਂ ਫਿਰਦੀਆਂ
ਜਿਵੇਂ ਸਿਵਿਆਂ ਦੀ ਉੱਡਦੀ ਸੁਆਹ।
ਸਾਊ ਕੁੜੀਆਂ ਦਾ
ਪੇਕਾ ਜਾਂ ਸਹੁਰਾ ਘਰ ਹੁੰਦਾ ਹੈ
ਬੇਗਾਨਾ ਦਰ ਹੁੰਦਾ ਹੈ।
ਸਾਊ ਕੁੜੀਓ!
ਕਦੋਂ ਆਪਣੀਆਂ ਅੱਖਾਂ ’ਚ ਵਸਦੇ
ਸੁਪਨਿਆਂ ਨੂੰ
ਧਰਤੀ ’ਤੇ ਲਿਆਉਣਾ ਹੈ?
ਮੱਥੇ ਦੀ ਜੋਤ ਨੂੰ
ਕਦੋਂ ਜਗਾਉਣਾ ਹੈ??
ਆਪਣਾ ਘਰ ਕਦੋਂ ਬਣਾਉਣਾ ਹੈ???
– ਬੀਬਾ ਬਲਵੰਤ

ਬੇਬੇ ਦਾ ਸੰਦੂਕ
ਪਈ ਕੋੜਮੇ ’ਚ ਵੰਡ ਕੀਤੀ ਵਿਹੜੇ ’ਚ ਕੰਧ
ਕੋਈ ਟੂੰਬਾਂ ਕੋਈ ਬਾਪੂ ਦੀ ਬੰਦੂਕ ਲੈ ਗਿਆ
ਮੇਰੇ ਹਿੱਸੇ ਵਿੱਚ ਬੇਬੇ ਦਾ ਸੰਦੂਕ ਰਹਿ ਗਿਆ।
’ਕੱਠੇ ਸੀ ਦੁਖ ਸੁਖ ਦੇਖੇ ਜਿਵੇਂ ਗੱਲ ਕੱਲ੍ਹ ਦੀ
ਰੌਲਾ ਪੈ ਗਿਆ ਜ਼ਮੀਨ ਸੀ ਨਿਆਈਂ ਵੱਲ ਦੀ
ਦੱਬੀ ਵੱਡੇ ਨੇ ਨਿਆਈਂ ਧੌਂਸ ਪੂਰੀ ਸੀ ਜਮਾਈ
ਅੱਖਾਂ ਓਹੀਓ ਪਰ ਵਿੱਚ ਹੈ ਬਾਰੂਦ ਲਹਿ ਗਿਆ
ਕੋਈ ਟੂੰਬਾਂ ਕੋਈ ਬਾਪੂ ਦੀ ਬੰਦੂਕ ਲੈ ਗਿਆ
ਮੇਰੇ ਹਿੱਸੇ ਵਿੱਚ ਬੇਬੇ ਦਾ ਸੰਦੂਕ ਰਹਿ ਗਿਆ।
ਮੇਰੇ ਹਿੱਸੇ ਫ਼ਲ ਛਾਂਦਾਰ ਰੁੱਖੜਾ ਨਾ ਆਇਆ
ਮੈਂ ਤਾਂ ਬੱਸ ਜੱਫਾ ਕਾਲੀ ਕਿੱਕਰ ਨੂੰ ਪਾਇਆ
ਖ਼ੁਸ਼ ਹੋਇਆ ਸ਼ਰੀਕਾ ਭੁੱਲ ਬੈਠੇ ਜੀ ਸਲੀਕਾ
ਇੱਕ ਅੰਬ ਟਾਹਲੀ ਦੂਜਾ ਅਮਰੂਦ ਲੈ ਗਿਆ
ਕੋਈ ਟੂੰਬਾਂ ਕੋਈ ਬਾਪੂ ਦੀ ਬੰਦੂਕ ਲੈ ਗਿਆ
ਮੇਰੇ ਹਿੱਸੇ ਵਿੱਚ ਬੇਬੇ ਦਾ ਸੰਦੂਕ ਰਹਿ ਗਿਆ।
ਸੋਚ ਉੱਤਮ ਵੇ ਜੱਗ ਦੀ ਹੈ ਕਿਹੋ ਜਿਹੀ ਹੋਈ
ਬੇਬੇ ਗਲ ਲੱਗ ਬਾਪੂ ਦੇ ਵੇ ਦਾਊਂਵਾਲੇ ਰੋਈ
ਵੇ ਵੰਡ ਲਏ ਖੇਤ ਖਿੱਤੇ ਬਾਪੂ ਕਿਤੇ ਬੇਬੇ ਕਿਤੇ
ਫਿਰ ਬੰਨ੍ਹਵੀਂ ਜਿਹੀ ਵਾਰੀ ਦਾ ਖਰੂਦ ਪੈ ਗਿਆ
ਕੋਈ ਟੂੰਬਾਂ ਕੋਈ ਬਾਪੂ ਦੀ ਬੰਦੂਕ ਲੈ ਗਿਆ
ਮੇਰੇ ਹਿੱਸੇ ਵਿੱਚ ਬੇਬੇ ਦਾ ਸੰਦੂਕ ਰਹਿ ਗਿਆ।
– ਉੱਤਮਵੀਰ ਸਿੰਘ ਦਾਊਂ
ਸੰਪਰਕ: 87290-00242

ਪੰਜਾਬ
ਸੋਚ ਤੇ ਸਮਝ ਵਾਲੀ ਅਸੀਂ ਪਾੜ ਸੁੱਟੀ ਹੈ ਕਿਤਾਬ,
ਵਿੱਚ ਡੇਰਿਆਂ ਦੇ ਜਾ ਕੇ ਵੇਖੋ ਬੈਠ ਗਿਆ ਪੰਜਾਬ।
ਉਹੀ ਹਵਾ, ਪਾਣੀ ਤੇ ਸਾਰੀ ਵੇਖੋ ਉਹੀ ਹੈ ਜ਼ਮੀਨ,
ਪਰ ਖ਼ੁਸ਼ਬੂ ਤੋਂ ਹੈ ਸੱਖਣਾ ਅੱਜ ਖਿੜਿਆ ਗੁਲਾਬ।
ਪਹਿਲਾਂ ਵੰਡਿਆ ਪੰਜਾਬ ਫਿਰ ਮੈਨੂੰ ਵੰਡ ਛੱਡਿਆ,
ਪਿਆਓ ਦੋ ਘੁੱਟ ਪਾਣੀ ਹੁਣ ਪਿਆਸਾ ਹੈ ਚਨਾਬ।
ਆਪੇ ਪਵੇਗੀ ਕਦਰ ਵੇਖੀਂ ਨਸ਼ੀਲੇ ਤੇਰੇ ਨੈਣਾਂ ਦੀ,
ਬੰਦ ਠੇਕਿਆਂ ’ਤੇ ਹੋ ਗਈ ਜਦੋਂ ਮਿਲਣੀ ਸ਼ਰਾਬ।
ਨਾ ਇਹ ਤੋੜਿਆਂ ਸੀ ਟੁੱਟਦਾ ਕਦੇ ਕਿਸੇ ਵੈਰੀ ਤੋਂ,
ਸਾਡੇ ਹੌਸਲੇ ਨੂੰ ਆ ਗਈ ਦੱਸੋ ਅੱਜ ਕਾਹਤੋਂ ਦਾਬ।
ਮਾਂ ਬੋਲੀ ਪਿੱਛੇ ਨਾਅਰੇ ਤਾਂ ਸਾਰੇ ਅਸੀਂ ਮਾਰਦੇ,
ਦੱਸੋ ਬੋਤੇ ਉੱਤੋਂ ਊਠ ਦਾ ਕਿਹੜਾ ਲਾਹੇਗਾ ਨਕਾਬ।
ਜਿਹੜੇ ਭਗਤ, ਸਰਾਭੇ ਸਾਡੇ ਦਿਲਾਂ ਵਿੱਚ ਲਾਏ ਸੀ,
‘ਤਕੀਪੁਰ’ ਹੁਣ ਆਖੇ ਉਹ ਕਿਉਂ ਮੁੱਕ ਗਏ ਨੇ ਖ਼ੁਆਬ।
– ਗੁਰਜੰਟ ਤਕੀਪੁਰ
ਸੰਪਰਕ: 88727-82684

ਜੰਗਲ ਚਾਰ ਚੁਫ਼ੇਰੇ
ਕਦੇ ਕਦੇ ਮੈਨੂੰ ਇੰਜ ਲੱਗਦਾ
ਜਿਉਂ ਜੰਗਲ ਚਾਰ ਚੁਫ਼ੇਰੇ,
ਮਨ ਤਾਂ ਮੰਨਦਾ ਫਿਰ ਵੀ ਨਾ
ਰੱੱਖਦਾ ਹੌਸਲੇ ਬਹੁਤ ਘਨੇਰੇ।
ਨਾਤਿਆਂ ਦੇ ਬੰਧਨ ਜਕੜਣ
ਦਮ ਘੁੱਟਦਾ ਜਿਹਾ ਜਾਪੇ,
ਕੋਲ ਨਾ ਆਉਂਦੇ ਲੋੜ ਪੈਣ ’ਤੇ
ਉਂਜ ਜੱਫੇ ਪਾਉਣ ਬਥੇਰੇ।
ਕਦੇ ਕਦੇ ਮੈਨੂੰ ਇੰਜ ਲੱਗਦਾ…
ਰੁਸ਼ਨਾਉਂਦਾ ਰੌਸ਼ਨੀਆਂ ’ਚ
ਜੱਗ ਨਿੱਤ ਖ਼ੁਸ਼ੀਆਂ ਮਨਾਵੇ,
ਬੱਤੀ ਦੀਵੇ ਸਾਡੇ ਗੁੱਲ ਪਏ ਨੇ
ਤੇ ਚੜ੍ਹ-ਚੜ੍ਹ ਆਉਣ ਹਨੇਰੇ।
ਕਦੇ ਕਦੇ ਮੈਨੂੰ ਇੰਜ ਲੱਗਦਾ…
ਰਾਤਾਂ ਕਾਲੀਆਂ ਬੋਲੀਆਂ ਨੇ
ਅੰਧਕਾਰ ਮੱਲੇ ਨੇ ਰਸਤੇ,
ਜੁਗਨੂੰ ਸਾਡੇ ਬਣ ਗਏ ਸਾਥੀ
ਅਸਾਂ ਲੱਭ ਲਏ ਅੰਤ ਸਵੇਰੇ।
ਕਦੇ ਕਦੇ ਮੈਨੂੰ ਇੰਜ ਲੱਗਦਾ…
ਠੋਕਰਾਂ ਖਾ ਅਸੀਂ ਥੱਕੇ ਨਾਹੀਂ
ਨਾਹੀਂ ਹਟਦੇ ਨੇ ਮੇਰੇ ਦੋਖੀ,
ਉਹ ਵੀ ਬੈਠੇ ਕਰਨ ਸਲਾਹਾਂ
ਉਨ੍ਹਾਂ ਕਿੱਥੋਂ ਕੈਸੇ ਹਠੀ ਸਹੇੜੇ।
ਕਦੇ ਕਦੇ ਮੈਨੂੰ ਇੰਜ ਲੱਗਦਾ…।
– ਸੁਖਵਿੰਦਰ ਮਾਨ
ਸੰਪਰਕ: 097802-33288

ਦੋਹੇ
ਦਿਲ ਮੇਰੇ ਵਿੱਚ ਆਣ ਕੇ, ਵਸਿਆ ਖੌਰੇ ਕੌਣ
ਅੱਧੀ ਰਾਤੀਂ ਉੱਠ ਕੇ, ਲੱਗਦਾ ਦੋਹੇ ਗਾਉਣ।
ਪੈਸੇ ਦੇ ਸਭ ਸਾਕ ਨੇ, ਪੈਸੇ ਦੇ ਹੀ ਯਾਰ
ਪੈਸੇ ਦਾ ਹੀ ਹੋ ਗਿਆ, ਇਹ ਸਾਰਾ ਸੰਸਾਰ।
ਬਾਬੇ ਭੁੱਲ ਕੇ ਲੱਸੀਆਂ, ਅੱਜਕੱਲ੍ਹ ਪੀਂਦੇ ਚਾਹ
ਮੁੰਡਿਆਂ ਲਈ ਹੁਣ ਓਪਰਾ, ਕੀ ਹੁੰਦੀ ਹੈ ਛਾਹ।
ਹੁਣ ਨਾ ਭੁੱਖਾਂ ਕੱਟਦੇ, ਜੰਗਲ ਵਿੱਚ ਫ਼ਕੀਰ
ਬਹਿ ਕੇ ਏ.ਸੀ. ਵਿੱਚ ਉਹ, ਖਾਂਦੇ ਮਿੱਠੀ ਖੀਰ।
ਟੀ.ਵੀ. ਮੂਹਰੇ ਬੈਠੇ ਨਾ, ਪੁੱਤ ਨੂੰ ਘੂਰੇ ਬਾਪ
ਸਭ ਤੋਂ ਚੋਰੀ ਬੈਠਦਾ, ਉਹ ਟੀ.ਵੀ. ਮੂਹਰੇ ਆਪ।
– ਅਵਤਾਰ ਦੋਦੜਾ
ਸੰਪਰਕ: 81466-11493

ਗ਼ਜ਼ਲ
ਇਨਸਾਨ ਹੈਂ ਇਨਸਾਨੀਅਤ ਦੀ ਹੀ ਬਸ ਗੱਲ ਕਰੀਂ,
ਜ਼ਾਲਮਾਂ ਦੇ ਜ਼ੁਲਮ ਦੀ ਨਾ ਕਦੇ ਹਾਮੀ ਭਰੀਂ।
ਜਾਤਾਂ ਦੇ ਬੰਧਨ ਤੋੜ ਕੇ, ਮਿਟਾਵੀਂ ਨਸਲ ਦੇ ਫਾਸਲੇ,
ਧਰਮ ਦੀ ਆੜ ਲੈ ਕੇ, ਨਾ ਕਦੇ ਦੰਗੇ ਕਰੀਂ।
ਲੱਭ ਲਈ ਭੀੜਾਂ ’ਚੋ ਕੋਈ, ਆਪਣਾ ਮਿਲ ਜਾਊ ਜ਼ਰੂਰ,
ਉਸ ਆਪਣੇ ਵਾਸਤੇ, ਦੁਨੀਆਂ ਦੇ ਸਭ ਗ਼ਮ ਜਰੀਂ।
ਇਹ ਰੂਹ ਪੰਛੀ, ਜਿਸਮ ਪਿੰਜਰਾ, ਨੇਹੁ ਸੱਚੇ ਕਾਦਰਾ,
ਖਲਕਤ ਖੁਦਾਇਆ ਸਾਰੀ ਤੇਰੀ, ਯਕੀਨ ਇਹੀ ਮਨ ਭਰੀਂ।
ਮਹਿਕਾਂ ਖਿੰਡਾਵੀਂ, ਗੁਲਜ਼ਾਰ ਕਰਦੀਂ, ਗ਼ਮ ਵੀ ਮਿਟ ਜਾਵਣ,
ਦੁਨੀਆਂ ਵਿੱਚ ਖ਼ੁਸ਼ੀਆਂ ਬਖੇਰੀਂ, ਖੇੜੇ ਸਭ ਦੇ ਮੁੱਖ ਧਰੀਂ।
– ਮਨਿੰਦਰ ਕੌਰ ਬਸੀ
ਸੰਪਰਕ: 98784-38722


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.