ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕਾਵਿ ਸਾਹਿਤ ਦਾ ਆਲੋਚਨਾਤਮਕ ਅਧਿਐਨ

Posted On March - 19 - 2017
ਸੰਪਾਦਕ: ਡਾ. ਜਸਪਾਲ ਕੌਰ ਅਤੇ ਪ੍ਰੋ. (ਡਾ.) ਮਨਜੀਤ ਸਿੰਘ ਕੀਮਤ: 300 ਰੁਪੲੇ HB, 150 ਰੁਪਏ (ਪੇਪਰਬੈਕ) ਨੈਸ਼ਨਲ ਬੁੱਕ ਸ਼ਾਪ, ਦਿੱਲੀ।

ਸੰਪਾਦਕ: ਡਾ. ਜਸਪਾਲ ਕੌਰ ਅਤੇ ਪ੍ਰੋ. (ਡਾ.) ਮਨਜੀਤ ਸਿੰਘ
ਕੀਮਤ: 300 ਰੁਪੲੇ HB, 150 ਰੁਪਏ (ਪੇਪਰਬੈਕ)
ਨੈਸ਼ਨਲ ਬੁੱਕ ਸ਼ਾਪ, ਦਿੱਲੀ।

ਡਾ. ਜਗੀਰ ਸਿੰਘ ਨੂਰ
ਪੁਸਤਕ ਪੜਚੋਲ

ਰਵਿੰਦਰ ਰਵੀ ਵਿਸ਼ਵ ਪੱਧਰ ਦੇ ਉੱਚ ਕੋਟੀ ਸਾਹਿਤਕਾਰਾਂ ਵਿੱਚੋਂ ਇੱਕ ਹੈ। ਪੰਜਾਬੀ ਕਾਵਿ-ਨਾਟ ਦੇ ਖੇਤਰ ਵਿੱਚ ਉਸ ਦਾ ਕੋਈ ਸਾਨੀ ਨਹੀਂ, ਪਰ ਉਸ ਨੇ ਕਵਿਤਾ, ਕਹਾਣੀ, ਵਾਰਤਕ, ਸੰਪਾਦਨ, ਅਨੁਵਾਦ ਅਤੇ ਸਮੀਖਿਆ ਦੇ ਖੇਤਰ ਵਿੱਚ ਵੀ ਉੱਘਾ ਯੋਗਦਾਨ ਪਾਇਆ ਹੈ। ਹੱਥਲੀ ਪੁਸਤਕ ਖੁੱਲ੍ਹੀ ਕਵਿਤਾ, ਪ੍ਰਗੀਤ, ਗੀਤ, ਪ੍ਰਬੰਧਕੀ ਕਵਿਤਾ, ਵਾਰਤਾਲਾਪੀ-ਕਾਵਿ ਆਦਿ ਤੋਂ ਇਲਾਵਾ ਜਾਗੋ, ਸੋਤਾ, ਛੱਲਾ, ਹੀਰ, ਮਾਹੀਆ ਆਦਿ ਕਾਵਿ-ਰੂਪਾਂ ਜ਼ਰੀਏ ਪੇਸ਼ ਕੀਤੀ ਗਈ ਹੈ। ਇਸ ਸਮੁੱਚੀ ਕਵਿਤਾ ਦਾ ਲਿਖਣ ਕਾਲ 1983 ਤੋਂ 1986 ਤਕ ਦਾ ਹੈ ਅਤੇ ਇਹ ਪਹਿਲੀ ਵਾਰ 1986 ਵਿੱਚ ਪ੍ਰਕਾਸ਼ਿਤ ਹੋਈ। ਉਦੋਂ ਤੋਂ 2017 ਤਕ ਇਸ ਪੁਸਤਕ ਸਬੰਧੀ ਹੋਈ ਸਮੀਖਿਆ ਨੂੰ ਪ੍ਰੋ. ਮਨਜੀਤ ਸਿੰਘ ਅਤੇ ਡਾ. ਜਸਪਾਲ ਕੌਰ ਨੇ ਮੂਲ-ਪਾਠ ਸਮੇਤ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਸ ਸਮੁੱਚੀ ਕਵਿਤਾ ਦਾ ਕੇਂਦਰ ਬਿੰਦੂ ਅੱਜ ਦਾ ਮਨੁੱਖ ਹੈ ਜੋ ਅਤਿ ਵਿਕਸਤ ਅਜੋਕੇ ਕਾਲ-ਖੰਡ ਵਿੱਚ ਛਿਣ-ਭੰਗਰਤਾ ਦੀ ਅਵਸਥਾ ਵਿੱਚ ਪਹੁੰਚ ਕੇ ਡਗਮਗਾ ਰਿਹਾ ਹੈ। ਇਹ ਖਪਤਕਾਰੀ ਰੁਚੀਆਂ ਦਾ ਸ਼ਿਕਾਰ ਹੋ ਕੇ ਸਭ ਸੁੱਖ ਸਹੂਲਤਾਂ ਲੈ ਚੁੱਕਾ ਹੈ, ਪਰ ਆਪਣੀ ਹੋਂਦ-ਸਥਿਤੀ ਤੋਂ ਵਿਹੂਣਾ ਹੋ ਚੁੱਕਾ ਹੈ। ਪਲ ਪਲ ਜਿਊਣ ਦੀ ਡੁਗਡੁਗੀ ਵਜਾ ਰਿਹਾ ਹੈ ਅਤੇ ਪਲਪਲ ਡੁੱਬ ਮਰਨ ਦੀ ਦੌੜ ਵਿੱਚ ਭੱਜ ਫਿਰ ਰਿਹਾ ਹੈ। ਰਵਿੰਦਰ ਰਵੀ ਮਨੁੱਖ ’ਚੋਂ ਮਨੁੱਖ ਦੇ ਮਨਫ਼ੀ ਹੋ ਜਾਣ ਵਾਲੇ ਸਾਰੇ ਸਰੋਕਾਰਾਂ ਨੂੰ ਇਨ੍ਹਾਂ ਕਵਿਤਾਵਾ ਜ਼ਰੀਏ ਪ੍ਰਗਟ ਕਰਦਾ ਹੈ। ਕਵਿਤਾਵਾਂ ਚੌਕ ਨਾਟਕ ਦੇ ਗੀਤ, ਪੰਜ ਦਰਿਆ ਅਸੀਂ ਪਲਕੀਂ ਪਾਏ ਅਤੇ ਹੋਰ ਕਵਿਤਾਵਾਂ ਆਦਿ ਸਿਰਲੇਖਾਂ ਤਹਿਤ ਅੰਕਿਤ ਹਨ। ਮਨੁੱਖ ਨੇ ਵਿਗਿਆਨਕ, ਤਕਨਾਲੋਜੀ ਅਤੇ ਉਦਯੋਗੀਕਰਨ ਦੇ ਪੱਖਾਂ ਤੋਂ ਬਹੁਤ ਵਿਕਾਸ ਕਰ ਲਿਆ ਹੈ, ਪਰ ਮਨੁੱਖ ਇਨ੍ਹਾਂ ਪ੍ਰਾਪਤੀਆਂ ਨੂੰ ਸੌੜੇ ਹਿੱਤਾਂ ਵਿੱਚ ਵਰਤ ਕੇ ਮਨੁੱਖ ਮਾਰੂ ਰੁਚੀਆਂ ਦਾ ਵੀ ਧਾਰਕ ਹੋ ਨਿੱਬੜਿਆ ਹੈ:
– ਮਾਦੇ ਦੇ ਆਡੰਬਰ,
ਸਭ ਕੁਝ ਨਿਗਲ ਲਿਆ,
ਕਿੱਥੇ ਹੈ ਮਨੁੱਖ?
ਮਨੁੱਖ ਵਿੱਚ ਨਹੀਂ ਰਿਹਾ।
– ਬਾਰੂਦ ਦੀ ਭੱਠੀ ’ਤੇ
ਭਵਿੱਖ ਉਸਾਰ ਰਿਹਾ,
ਕੈਸਾ ਇਹ ਵਿਗਿਆਨਕ,
ਸਭ ਨੂੰ ਮਾਰ ਰਿਹਾ।
ਰਵੀ ਦੀਆਂ ਇਹ ਕਵਿਤਾਵਾਂ ਅਸਲ ਸੰਕਲਪਾਂ, ਉੱਚ ਪੱਧਰੀ ਮਾਨਵ ਕਦਰ ਪ੍ਰਣਾਲੀ, ਮਿਲਵਰਤਣ ਅਤੇ ਸਾਂਝ ਸੰਭਾਵਨਾ ਆਦਿ ਦਾ ਸੰਕੋਚਵੇਂ, ਪਰ ਭਾਵਪੂਰਤ ਸ਼ਬਦਾਂ ਵਿੱਚ ਵਿਅੰਗ ਅਤੇ ਪ੍ਰਤੀਕਾਂ ਰਾਹੀਂ ਸਾਰਥਕ ਬਿੰਬ ਉਭਾਰਦੀਆਂ ਹਨ। ਉਸ ਅਨੁਸਾਰ ਲੜਾਈ ਕਦੇ ਵੀ ਧਰਮ ਤੇ ਕਰਮ ਦੀ ਨਹੀਂ ਹੁੰਦੀ, ਧਰਮ ਤੇ ਕੁਕਰਮ ਦੀ ਹੁੰਦੀ ਹੈ। ਅੰਨ੍ਹੀ ਦੌੜ ਵਿੱਚ ਅੰਦਰ ਹੀ ਅੰਦਰ ਲੋਕੀਂ ਮਰੇ ਨੂੰ ਮਾਰੀ ਜਾ ਰਹੇ ਹਨ। ਇਸ ਕਾਰਨ ਰੌਸ਼ਨੀ ਦਾਵਾਨਲ ਬਣਦੀ ਜਾ ਰਹੀ ਹੈ ਅਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਅਤੇ ਉਨ੍ਹਾਂ ਤੋਂ ਮਿਲਦੇ ਸੰਦੇਸ਼ ਨੂੰ ਭੁੱਲਦੀ ਜਾ ਰਹੀ ਹੈ। ‘ਅੰਦਰ ਬਾਹਰ ਵੇਖਦਿਆਂ’, ‘ਵਿਅਕਤੀ ਬਨਾਮ ਕੰਪਿਊਟਰ’, ‘ਰੇਲ ਦੀ ਪੱਟੜੀ ਤੇ ਸਮੁੰਦਰ’, ‘ਆਪਣੇ ਖ਼ਿਲਾਫ਼’, ‘ਅੰਬਰ ਦਾ ਰੁੱਖ’, ‘ਸ਼ਹੀਦੀ ਦੀ ਰੁੱਤੇ’, ‘ਇੱਕ ਅੱਖ ਹੰਝੂ ਤੇ ਦੂਜੀ ਮੁਸਕਾਨ’, ‘ਵੋਟ ਤੋਂ ਬਾਰੂਦ ਤੱਕ’, ‘ਅੱਗ ਦਾ ਦਰਿਆ’ ਅਤੇ ‘ਪੰਜ ਦਰਿਆ ਅਸੀਂ ਪਲਕੀਂ ਪਾਏ’ ਆਦਿ ਕਵਿਤਾਵਾਂ ਅਜੋਕੇ ਮਨੁੱਖ ਦੀ ਮਾਨਸਿਕਤਾ ਵਿੱਚ ਆ ਚੁੱਕੇ ਨਿਘਾਰ ਦਾ ਦਰਪਣ ਹਨ। ਇਹ ਕਾਵਿਕ-ਭਾਸ਼ਾ ਵਿੱਚ ਮਾਨਵੀ ਚੇਤਨਾ ਨੂੰ ਜਗਾਉਣ ਅਤੇ ਮਾਨਵ ਪਿਆਰ ਸਿਰਜਣ ਦਾ ਉੱਤਮ ਨਮੂਨਾ ਵੀ ਹਨ। ਸਵੈ-ਸੰਵਾਦ, ਹਵਾ ਦੀ ਡਾਇਰੀ ’ਚੋਂ ਇੱਕ ਪੰਨਾ, ਅੰਬ ਦਾ ਰੁੱਖ ਆਦਿ ਕਵਿਤਾਵਾਂ ਭਾਵਪੂਰਤ ਸ਼ਬਦਾਵਲੀ ਵਿੱਚ ਮਾਨਵੀ ਹਿਰਦੇ ਨੂੰ ਝੰਜੋੜ ਕੇ ਉਸ ਨੂੰ ਉਸ ਦੀ ਅਸਲ ਹੋਂਦ-ਸਥਿਤੀ ਦਾ ਬੋਧ ਕਰਵਾਉਂਦੀਆਂ ਹਨ। ਭੁੱਖ, ਬੇਕਾਰੀ, ਲੁੱਟ-ਖੋਹ, ਅਪਮਾਨਜਨਕ ਕਰਤੂਤਾਂ ਆਦਿ ਸਰੋਕਾਰਾਂ ਨੂੰ ਵੀ ਇਹ ਕਵਿਤਾਵਾਂ ਬਿਆਨਦੀਆਂ ਹਨ। ਧਰਤੀ, ਅੰਬਰ, ਪਿੰਡ ਅਤੇ ਬ੍ਰਹਿਮੰਡ ਨੂੰ ਕਵੀ ਨੇ ਬਹੁਤ ਸਾਰੇ ਨਵੀਨ ਪ੍ਰਤੀਕਾਂ ਜ਼ਰੀਏ ਪ੍ਰਗਟ ਕੀਤਾ ਹੈ ਅਤੇ ਅਜੋਕੇ ਮਾਨਵ ਦੇ ਪੀੜ੍ਹੀਆਂ ਦੇ ਦਵੰਦ ਨੂੰ ਵੀ ਆਲੋਚਨਾਤਮਕ ਯਥਾਰਥ ਦੀ ਨਿਗ੍ਹਾ ਨਾਲ ਪ੍ਰਗਟ ਕੀਤਾ ਹੈ।
ਪੁਸਤਕ ਦੇ ਆਰੰਭ ਵਿੱਚ ਡਾ. ਜਸਪਾਲ ਕੌਰ ਦਾ ਆਲੋਚਨਾਤਮਕ ਨਿਬੰਧ ‘ਕਨੇਡਾ ਦੀ  ਪੰਜਾਬੀ ਕਵਿਤਾ- ਪਾਠਕੀ ਪੜ੍ਹਤ ਅਤੇ ਮੂਲ ਪਾਠ ਤੋਂ ਬਾਅਦ’ ਅੰਤਿਕਾ ਇੱਕ ਅਤੇ ਦੋ ਵਿੱਚ ਸੰਪਾਦਕਾਂ ਤੋਂ ਇਲਾਵਾ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਡਾ. ਦਵਿੰਦਰ ਕੌਰ, ਡਾ. ਹਰਿਭਜਨ ਸਿੰਘ, ਡਾ. ਪ੍ਰੇਮ ਪ੍ਰਕਾਸ਼ ਸਿੰਘ ਕੈਨੇਡਾ, ਅਜਾਇਬ ਕਮਲ (ਕੀਨੀਆ) ਦੇ ਆਲੋਚਨਾਤਮਕ ਲਘੂ ਨਿਬੰਧ ਵਿਭਿੰਨ ਕਵਿਤਾਵਾਂ ਦੇ ਨਿਕਟ ਵਿਸ਼ਲੇਸ਼ਣ ਕਰਦੇ ਹਨ। ਪੁਸਤਕ ਦੇ ਅੰਤਿਮ ਭਾਗ ਵਿੱਚ ਰਵਿੰਦਰ ਰਵੀ ਰਚਿਤ ਸਮੁੱਚੇ ਸਾਹਿਤ, ਮਿਲੇ ਮਾਣ ਸਨਮਾਣ ਅਤੇ ਇਨ੍ਹਾਂ ਰਚਨਾਵਾਂ ਉੱਤੇ ਹੋਏ ਖੋਜ ਕਾਰਜ ਦਾ ਵੀ ਜ਼ਿਕਰ ਹੈ।
ਸੰਪਰਕ: 98142-09732


Comments Off on ਕਾਵਿ ਸਾਹਿਤ ਦਾ ਆਲੋਚਨਾਤਮਕ ਅਧਿਐਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.