ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ

Posted On March - 17 - 2017

ਡਾ. ਰਣਜੀਤ ਸਿੰਘ
11703cd _Kisan Mela_8ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਨੇ ਇਸ ਵਰ੍ਹੇ ਆਪਣੇ ਪੰਜਾਹ ਸਾਲ ਪੂਰੇ ਕਰ ਲਏ ਹਨ। ਧਾਰਮਿਕ ਮੇਲਿਆਂ ਤੋਂ ਬਗੈਰ ਸ਼ਾਇਦ ਹੀ ਕੋਈ ਹੋਰ ਮੇਲਾ ਹੋਵੇਗਾ ਜਿੱਥੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਉਂਦੇ ਹੋਣ। ਸਾਰੇ ਦੇਸ਼ ਵਿੱਚ ਇਸ ਵਰ੍ਹੇ ‘ਹਰੇ ਇਨਕਲਾਬ’ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਦੇਸ਼ ਵਿੱਚ ਇਸ ਕ੍ਰਾਂਤੀ ਦੀ ਨੀਂਹ ਰੱਖੀ ਗਈ ਸੀ। ਪੰਜਾਬ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਸੂਬਾ ਹਰੀ ਕ੍ਰਾਂਤੀ ਦਾ ਮੁੱਖ ਕੇਂਦਰ ਬਣਿਆ। ਇੱਥੋਂ ਦੇ ਵਿਗਿਆਨੀਆਂ, ਸਰਕਾਰ ਅਤੇ ਕਿਸਾਨਾਂ ਦੇ ਸਾਂਝੇ ਯਤਨਾਂ ਨਾਲ ਦੇਸ਼ ਵਿੱਚੋਂ ਭੁੱਖਮਾਰੀ ਹੀ ਦੂਰ ਨਹੀਂ ਹੋਈ ਸਗੋਂ ਭਾਰਤ ਵਾਧੂ ਅਨਾਜ ਪੈਦਾ ਕਰਨ ਵਾਲਾ ਦੇਸ਼ ਬਣ ਗਿਆ। ਕਿਸੇ ਵੀ ਤਕਨੀਕੀ ਕ੍ਰਾਂਤੀ ਦਾ ਆਧਾਰ ਵਿਗਿਆਨਕ ਪ੍ਰਾਪਤੀਆਂ ਹੀ ਬਣਦੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ 1962 ਵਿਖੇ ਹੋਂਦ ਵਿੱਚ ਆਈ ਤੇ ਇਸ ਸੰਸਥਾ ਨੇ ਪੰਜ ਸਾਲਾਂ ਵਿੱਚ ਹੀ ਅਜਿਹੀ ਤਕਨਾਲੋਜੀ ਵਿਕਸਿਤ ਕੀਤੀ ਜਿਹੜੀ ਹਰੀ ਕ੍ਰਾਂਤੀ ਦੀ ਆਧਾਰਸ਼ਿਲਾ ਬਣੀ। ਨਵੀਂ ਤਕਨਾਲੋਜੀ ਨੂੰ ਕਿਸਾਨਾਂ ਤਕ ਪਹੁੰਚਾਉਣ ਅਤੇ ਇਸ ਨੂੰ ਅਪਨਾਉਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਦੀ ਅਹਿਮ ਭੂਮਿਕਾ ਹੈ। ਮੇਲੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਸਮੇਂ ਦੇ ਬੀਤਣ ਨਾਲ ਭਾਵੇਂ ਇਨ੍ਹਾਂ ਦਾ ਸਰੂਪ ਬਦਲ ਗਿਆ ਹੈ ਪਰ ਇਨ੍ਹਾਂ ਵਿੱਚ ਲੋਕ ਰੁਚੀ ਉਵੇਂ ਹੀ ਕਾਇਮ ਹੈ। ਇਸੇ ਪ੍ਰੰਪਰਾ ਨੂੰ ਕਾਇਮ ਰੱਖਣ ਅਤੇ ਇਸ ਦਾ ਲਾਭ ਨਵੀਂ ਤਕਨਾਲੋਜੀ ਨੂੰ ਕਿਸਾਨਾਂ ਤਕ ਪਹੁੰਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣੀ ਹੋਂਦ ਦੇ ਪੰਜਵੇਂ ਵਰ੍ਹੇ ਕਿਸਾਨ ਮੇਲਾ ਲਗਾਉਣ ਦਾ ਫ਼ੈਸਲਾ ਕੀਤਾ। ਮੇਲੇ ਲਈ ਮਾਰਚ ਦੇ ਮਹੀਨੇ ਦੀ ਚੋਣ ਕੀਤੀ ਗਈ ਕਿਉਂਕਿ ਇਸ ਮਹੀਨੇ ਕਿਸਾਨਾਂ ਕੋਲ ਕੁਝ ਵਿਹਲ ਹੁੰਦੀ ਹੈ।
ਮੇਲੇ ਦੀ ਸ਼ੁਰੂਆਤ ਸਮੇਂ ਸੰਚਾਰ ਦੇ ਸਾਧਨ ਬਹੁਤੇ ਵਿਕਸਿਤ ਨਹੀਂ ਸਨ। ਰੇਡੀਓ ਅਤੇ ਅਖ਼ਬਾਰਾਂ ਕੇਵਲ ਦੋ ਹੀ ਸਾਧਨ ਸਨ। ਉਨ੍ਹਾਂ ਦੀ ਵੀ ਪਿੰਡਾਂ ਵਿੱਚ ਬਹੁਤ ਘੱਟ ਪਹੁੰਚ ਸੀ। ਕਿਸਾਨਾਂ ਅਤੇ ਅਧਿਕਾਰੀਆਂ ਨੂੂੰ ਮੇਲੇ ਨਾਲ ਜੋੜਣ ਲਈ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੀ ਮੀਟਿੰਗ ਬੁਲਾਈ ਗਈ। ਲਗਪਗ ਸਾਰੇ ਹੀ ਅਫ਼ਸਰ ਇਸ ਮੀਟਿੰਗ ਵਿੱਚ ਹਾਜ਼ਰ ਹੋਏ। ਉਦੋਂ ਯੂਨੀਵਰਸਿਟੀ ਦੇ ਮੁਖੀ ਡਾ. ਪੀ.ਐੱਨ. ਥਾਪਰ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੱਕੇ ਪੈਰਾਂ ਉੱਤੇ ਖੜ੍ਹਾ ਕਰਨ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਮੇਲੇ ਨੂੰ ਸਫ਼ਲ ਬਣਾਉਣ ਵਿੱਚ ਪੰਜਾਬ ਦੇ ਵਿਕਾਸ ਅਤੇ ਪੰਚਾਇਤ ਮਹਿਕਮੇ ਦਾ ਚੋਖਾ ਯੋਗਦਾਨ ਰਿਹਾ। ਲਗਪਗ ਸਾਰੇ ਬਲਾਕਾਂ ਨੇ ਅਗਾਂਹਵਧੂ ਕਿਸਾਨਾਂ ਲਈ ਇੱਕ ਇੱਕ ਬੱਸ ਦਾ ਪ੍ਰਬੰਧ ਕੀਤਾ। ਬਹੁਤੇ ਕਿਸਾਨ ਆਪਣੇ ਆਪ ਵੀ ਆਏ। ਪਹਿਲੇ ਮੇਲੇ ਵਿੱਚ ਹੀ ਕਿਸਾਨਾਂ ਹਾਜ਼ਰੀ 10 ਹਜ਼ਾਰ ਤੋਂ ਵੱਧ ਸੀ। ਮੇਲੇ ਸਮੇਂ ਖੇਤੀ ਨਾਲ ਸਬੰਧਿਤ ਕੰਪਨੀਆਂ ਅਤੇ ਯੂਨੀਵਰਸਿਟੀ ਦੇ ਵਿਭਾਗਾਂ ਨੇ ਇੱਕ ਵਧੀਆ ਨੁਮਾਇਸ਼ ਲਗਾਈ। ਮੇਲੇ ਦੇ ਸਾਰੇ ਰਾਹ ਉੱਤੇ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਦੇ ਖੇਤ ਸਨ। ਕੰਮ ਕਰ ਰਹੀਆਂ ਮਸ਼ੀਨਾਂ ਦੀ ਨੁਮਾਇਸ਼ ਸੀ। ਉਨ੍ਹਾਂ ਦੇ ਮਨੋਰੰਜਨ ਲਈ ਜਿੱਥੇ ਗੀਤ ਸੰਗੀਤ ਦਾ ਪ੍ਰਬੰਧ ਕੀਤਾ ਗਿਆ, ਉੱਥੇ ਕਬੱਡੀ ਅਤੇ ਰਸਾਕਸ਼ੀ ਦੇ ਮੈਚ ਵੀ ਕਰਵਾਏ ਗਏ। ਕਿਸਾਨਾਂ ਦੇ ਹਲ ਵਾਹੁਣ ਤੇ ਉਪਜ ਦੇ ਮੁਕਾਬਲੇ ਅਤੇ ਕਿਸਾਨ ਬੀਬੀਆਂ ਲਈ ਚਰਖਾ ਕੱਤਣ, ਸੇਵੀਆਂ ਵੱਟਣ ਤੇ ਕਢਾਈ ਆਦਿ ਦੇ ਮੁਕਾਬਲੇ ਕਰਵਾਏ ਗਏ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਵਾਈਸ ਚਾਂਸਲਰ ਥਾਪਰ ਸਾਹਿਬ ਨੇ ਆਖਿਆ ਸੀ, ‘‘ਹੁਣ ਤਕ ਸਾਡਾ ਕੰਮ ਵੇਖਣ ਵੱਡੇ ਲੋਕ ਆਉਂਦੇ ਰਹੇ ਹਨ। ਅੱਜ ਤੁਸੀਂ ਪਹਿਲੀ ਵਾਰ ਸਾਡੇ ਅਸਲੀ ਮਾਲਕ ਸਾਡਾ ਕੰਮ ਵੇਖਣ ਆਏ ਹੋ। ਇਹ ਤੁਹਾਡੀ ਯੂਨੀਵਰਸਿਟੀ ਹੈ, ਤੁਹਾਡੇ ਸਵਾਗਤ ਲਈ ਇਸ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਰਹਿਣਗੇ ਤੇ ਸਾਡੇ ਵਿਗਿਆਨੀ ਤੁਹਾਡੀ ਸੇਵਾ ਕਰਨੀ ਆਪਣਾ ਸੁਭਾਗ ਸਮਝਣਗੇ।’’ ਕਿਸਾਨ ਮੇਲੇ ਵਿੱਚ ਕਿਸਾਨਾਂ ਦੀ ਗਿਣਤੀ ਹਰ ਸਾਲ ਵਧਦੀ ਹੀ ਰਹੀ ਹੈ। ਯੂਨੀਵਰਸਿਟੀ ਵੱਲੋਂ ਵਿਕਸਿਤ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਦੇ ਬੀਜ ਦੋ ਕਿਲੋ ਦੀ ਥੈਲੀ ਬਣਾ ਕੇ ਦਿੱਤੇ ਜਾਂਦੇ ਰਹੇ। ਇੰਜ ਨਵੀਂ ਕਿਸਮ ਪੰਜਾਬ ਦੇ ਹਰੇਕ ਪਿੰਡ ਵਿੱਚ ਪਹੁੰਚ ਗਈ। ਇਸ ਪਿੱਛੋਂ ਸਤੰਬਰ ਦੇ ਮਹੀਨੇ ਇੱਕ ਰੋਜ਼ਾ ਕਿਸਾਨ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ। ਹੁਣ ਇਸ ਨੂੰ ਵੀ ਦੋ ਦਿਨ ਦਾ ਕਿਸਾਨ ਮੇਲਾ ਬਣਾ ਦਿੱਤਾ ਗਿਆ ਹੈ।
ਇੰਜ ਪੰਜਾਬ ਵਿੱਚ ਦੋਵਾਂ ਫ਼ਸਲੀ ਚੱਕਰਾਂ ਹਾੜ੍ਹੀ ਤੇ ਸਾਉਣੀ ਤੋਂ ਪਹਿਲਾਂ ਕਿਸਾਨਾਂ ਨੂੰ ਨਵੀਆਂ ਖੋਜਾਂ ਤੋਂ ਜਾਣੂ ਕਰਵਾਇਆ ਜਾਣ ਲੱਗ ਪਿਆ। ਕੁਝ ਸਾਲਾਂ ਪਿੱਛੋਂ ਇਹ ਮਹਿਸੂਸ ਕੀਤਾ ਗਿਆ ਕਿ ਖੇਤਰੀ ਮੇਲੇ ਵੀ ਸ਼ੁਰੂ ਕੀਤੇ ਜਾਣ ਤਾਂ ਜੋ ਉਹ ਕਿਸਾਨ ਜਿਹੜੇ ਲੁਧਿਆਣੇ ਨਹੀਂ ਆ ਸਕਦੇ ਆਪਣੇ ਨੇੜਲੇ ਮੇਲੇ ਵਿੱਚ ਜਾ ਸਕਣ। ਇਸ ਲੜੀ ਵਿੱਚ ਯੂਨੀਵਰਸਿਟੀ ਦੇ ਵਿਕਸਿਤ ਖੋਜ ਕੇਂਦਰਾਂ ਬਠਿੰਡਾ ਤੇ ਗੁਰਦਾਸਪੁਰ ਵਿਖੇ ਮੇਲੇ ਸ਼ੁਰੂ ਹੋਏ। ਇਨ੍ਹਾਂ ਵਿੱਚ ਵਾਧਾ ਕਰਦਿਆਂ ਹੋਇਆਂ ਪਟਿਆਲਾ ਨੇੜੇ ਰੌਣੀ ਫਾਰਮ ਉੱਤੇ ਵੀ ਮੇਲਾ ਲੱਗਣਾ ਸ਼ੁਰੂ ਹੋਇਆ। ਯੂਨੀਵਰਸਿਟੀ ਨੇ ਬਲਾਚੋਰ ਨੇੜੇ ਕੰਢੀ ਖੇਤਰ ਲਈ ਬਲੋਵਾਲ ਸੌਂਖੜੀ ਵਿੱਚ ਸ਼ੁਰੂ ਕੀਤੇ ਖੋਜ ਕੇਂਦਰ ’ਤੇ ਵੀ ਇਲਾਕੇ ਦੇ ਕਿਸਾਨਾਂ ਦੀ ਸਹੂਲਤ ਲਈ ਮੇਲਾ ਸ਼ੁਰੂ ਕੀਤਾ ਗਿਆ। ਯੂਨਵਰਸਿਟੀ ਦੇ   ਮੌਜੂਦਾ ਮੁਖੀ ਡਾ. ਬਲਦੇਵ ਸਿੰਘ ਢਿੱਲੋਂ ਹੋਰਾਂ ਨਾਗ ਕਲਾਂ (ਅੰਮ੍ਰਿਤਸਰ) ਤੇ ਫ਼ਰੀਦਕੋਟ ਵਿੱਚ ਮੇਲੇ ਲਗਾਉਣੇ ਸ਼ੁਰੂ ਕਰਵਾ ਦਿੱਤੇ ਹਨ।

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

ਲੋਕਾਂ ਵਿੱਚ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ ਮੇਲੇ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਨੂੰ ਆਪਣੀਆਂ ਕਿਤਾਬਾਂ ਦਾ ਸਟਾਲ ਲਗਾਉਣ ਲਈ ਉਚੇਚੇ ਤੌਰ ਉੱਤੇ ਬੁਲਾਇਆ ਗਿਆ ਸੀ। ਨਵੇਂ ਬੀਜਾਂ ਦੇ ਨਾਲੋ-ਨਾਲ ਵਿਕਣ ਵਾਲੀਆਂ ਕਿਤਾਬਾਂ ਦਾ ਵੀ ਇਹ ਮੇਲੇ ਹਰ ਵਰ੍ਹੇ ਨਵਾਂ ਕੀਰਤੀਮਾਨ ਸਥਾਪਿਤ ਕਰਦੇ ਹਨ। ਮੇਲਿਆਂ ਤੇ ਹੋਰ ਦਿਵਸਾਂ ਜ਼ਰੀਏ ਹਰੇਕ ਵਰ੍ਹੇ ਕਰੀਬ ਦਸ ਲੱਖ ਕਿਸਾਨ ਯੂਨੀਵਰਸਿਟੀ ਦੇ ਸੰਪਰਕ ਵਿੱਚ ਆਉਂਦੇ ਹਨ। ਖੇਤੀਬਾੜੀ ਯੂਨੀਵਰਸਿਟੀ ਨੇ ਨਵੇਂ ਗਿਆਨ ਦੀ ਕੇਵਲ ਸਿਰਜਣਾ ਹੀ ਨਹੀਂ ਕੀਤੀ ਸਗੋਂ ਇਹ ਪਰਪੱਕ ਕੀਤਾ ਕਿ ਇਸ ਨੂੰ ਸਬੰਧਿਤ ਕਿਸਾਨਾਂ ਤਕ ਪਹੁੰਚਾਇਆ ਜਾਵੇ ਅਤੇ ਉਨ੍ਹਾਂ ਨੂੰ ਨਵੇ ਗਿਆਨ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਪੰਜਾਬ ਦਾ ਹਰੇ ਇਨਕਲਾਬ ਦਾ ਮੁੱਖ ਕੇਂਦਰ ਬਣਨ ਵਿੱਚ ਹੋਰਨਾਂ ਕਾਰਨਾਂ ਦੇ ਨਾਲੋ ਨਾਲ ਕਿਸਾਨ ਮੇਲਿਆਂ ਦੀ ਵੀ ਅਹਿਮ ਭੂਮਿਕਾ ਹੈ। ਇਹ ਮੇਲੇ ਬਿਨਾਂ ਨਾਗਾ ਪਿਛਲੇ ਪੰਜ ਦਹਾਕਿਆਂ ਤੋਂ ਭਰਦੇ ਆ ਰਹੇ ਹਨ। ਕਿਸਾਨਾਂ ਨੂੰ ਖੇਤੀ ਮੇਲਿਆਂ ਵਿੱਚ ਪੂਰੇ ਪਰਿਵਾਰ ਨਾਲ ਆਉਣਾ ਚਾਹੀਦਾ ਹੈ। ਇਹ ਪਰਪੱਕ ਕੀਤਾ ਜਾਵੇ ਕਿ ਸਿੱਧਾ ਬੀਜਾਂ ਦੀ ਦੁਕਾਨ ਉੱਤੇ ਜਾ ਕੇ ਬੀਜ ਖ਼ਰੀਦ ਵਾਪਸੀ ਨਾ ਕਰ ਲਈ ਜਾਵੇ ਸਗੋਂ ਸਾਰੀਆਂ ਪ੍ਰਦਰਸ਼ਨੀਆਂ ਗਹੁ ਨਾਲ ਵੇਖੀਆਂ ਜਾਣ। ਇਸ ਵਿੱਚ ਯੂਨੀਵਰਸਿਟੀ ਨੂੰ ਵੀ ਸਹਾਈ ਹੋਣਾ ਚਾਹੀਦਾ ਹੈ। ਸਿਰ ਉੱਤੇ ਬੀਜ ਦੀ ਬੋਰੀ ਰੱਖ ਕੇ ਮੇਲਾ ਵੇਖਣਾ ਔਖਾ ਹੈ। ਅਜਿਹਾ ਪ੍ਰਬੰਧ ਹੋਵੇ ਕਿ ਮੇਲਾ ਵੇਖ ਕੇ ਵਾਪਸੀ ਉੱਤੇ ਬੀਜ ਦਿੱੱਤੇ ਜਾਣ ਅਤੇ ਵਿਤਰਣ ਕੇਂਦਰ ਮੁੱਖ ਦੁਆਰ ਦੇ ਨੇੜੇ ਹੋਵੇ ਤਾਂ ਜੋ ਬੱਸਾਂ ਵਿੱਚ ਜਾਣ ਵਾਲੇ ਕਿਸਾਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਲਿਖ ਕੇ ਲਿਆਉਣ ਅਤੇ ਸਬੰਧਿਤ ਮਾਹਿਰ ਨਾਲ ਖੁੱਲ੍ਹ ਕੇ ਵਿਚਾਰ-ਵਿਟਾਂਦਰਾ ਕੀਤਾ ਜਾਵੇ। ਯੂਨੀਵਰਸਿਟੀ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਮੇਲੇ ਦੀ ਰੂਪ-ਰੇਖਾ ਵਿੱਚ ਸਮੇਂ ਦੀ ਲੋੜ ਅਨੁਸਾਰ ਤਬਦੀਲੀਆਂ ਕੀਤੀਆਂ ਜਾਣ। ਮੇਲੇ ਵਿੱਚ ਕਿੱਥੇ ਕੀ ਹੈ ਇਹ ਦਰਸਾਉਂਦੇ ਚਾਰਟ ਮੁੱਖ ਥਾਵਾਂ ’ਤੇ ਲਗਾਏ ਜਾਣ। ਹੁਣ ਤਕ ਸਾਡਾ ਸਾਰਾ ਜ਼ੋਰ ਉਪਜ ਵਿੱਚ ਵਾਧੇ ਵੱਲ ਲੱਗਾ ਹੋਇਆ ਸੀ, ਪਰ ਹੁਣ ਮੌਕਾ ਆ ਗਿਆ ਹੈ ਕਿ ਸਾਡਾ ਮੁੱਖ ਮੰਤਵ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣਾ ਚਾਹੀਦਾ ਹੈ। ਬਹੁ-ਗਿਣਤੀ ਕਿਸਾਨ ਕਰਜ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ। ਕੁਝ ਅਜਿਹੇ ਪੈਕੇਜ ਤਿਆਰ ਕੀਤੇ ਜਾਣ ਜਿਨ੍ਹਾਂ ਨੂੰ ਅਪਣਾ ਕੇ ਸੀਮਾਂਤੀ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।


Comments Off on ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.