ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕਿਹੋ ਜਿਹੀਆਂ ਹੋਣ ਸਿਲੇਬਸ ਦੀਆਂ ਕਿਤਾਬਾਂ

Posted On March - 2 - 2017

10203CD _SCHOOL20BOOKS11ਬਹਾਦਰ ਸਿੰਘ ਗੋਸਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਬੱਚੇ ਪੜ੍ਹਦੇ ਹਨ। ਸੀ.ਬੀ.ਐੱਸ.ਈ. ਤੋਂ ਮਾਨਤਾ ਵਾਲੇ ਸਕੂਲਾਂ ਵਿੱਚ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਮਾਲਕ ਅਤੇ ਮੈਨੇਜਮੈਂਟ ਵਾਲੇ ਕਿਤਾਬਾਂ ਆਪਣੀ ਮਰਜ਼ੀ ਦੀਆਂ ਹੀ ਪੜ੍ਹਾਉਂਦੇ ਹਨ। ਭਾਵੇਂ ਐੱਨ.ਸੀ.ਈ.ਆਰ.ਟੀ. ਇੱਕ ਮਨੋਨੀਤ ਸੰਸਥਾ ਹੈ ਜੋ ਸੀ.ਬੀ.ਐੱਸ.ਈ. ਦੇ ਸਕੂਲਾਂ ਲਈ ਪਾਠ ਪੁਸਤਕਾਂ ਤਿਆਰ ਕਰਦੀ ਹੈ, ਪਰ ਇਨ੍ਹਾਂ ਕਿਤਾਬਾਂ ਨੂੰ ਜ਼ਿਆਦਾਤਰ ਸਕੂਲਾਂ ਵੱਲੋਂ ਤਰਜੀਹ ਨਹੀਂ ਦਿੱਤੀ ਜਾਂਦੀ।
ਸਿੱਖਿਆ ਸ਼ਾਸਤਰੀਆਂ, ਅਧਿਆਪਕਾਂ, ਵਿਦਿਆਰਥੀਆਂ ਸਮੇਤ ਮਾਪਿਆਂ ਦੀ ਵੀ ਇਹ ਮੰਨਣਾ ਹੈ ਕਿ ਐਨ.ਸੀ.ਈ.ਆਰ.ਟੀ. ਦੁਆਰਾ ਤਿਆਰ ਕੀਤੀਆਂ ਪੁਸਤਕਾਂ ਬਹੁਤ ਹੀ ਵਧੀਆ, ਗਿਆਨ ਭਰਪੂਰ, ਸੌਖੀ ਭਾਸ਼ਾ ਵਾਲੀਆਂ ਅਤੇ ਬੱਚਿਆਂ ਨੂੰ ਚੰਗੇ ਸਿਲੇਬਸ ਨਾਲ ਜੋੜਨ ਵਾਲੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਕਿਤਾਬਾਂ ਦੀ ਕੀਮਤ ਵੀ ਬਾਕੀ ਪਬਲਿਸ਼ਰਾਂ ਨਾਲੋਂ ਕਿਤੇ ਘੱਟ ਹੁੰਦੀ ਹੈ। ਮਹਿੰਗੇ ਮੁੱਲ ਦੀਆਂ ਕਿਤਾਬਾਂ ਦੀ ਕੀਮਤ ਤੋਂ ਤੰਗ ਮਾਪੇ ਵੀ ਸਸਤੀਆਂ ਪਾਠ ਪੁਸਤਕਾਂ ਦੀ ਮੰਗ ਕਰਦੇ ਰਹਿੰਦੇ ਹਨ। ਇਹ ਕਿਤਾਬਾਂ ਮਿਆਰੀ ਗਿਆਨ ਮੁਹੱਈਆ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਦੀ ਸੋਚ ਦੇ ਹਾਣ ਦੀਆਂ ਹਨ। ਦੂਜੀਆਂ ਕਿਤਾਬਾਂ ਦੇ ਮੁਕਾਬਲੇ ਵਿਦਿਆਰਥੀ ਇਨ੍ਹਾਂ ਕਿਤਾਬਾਂ ਤੋਂ ਜਲਦੀ ਸਿਖਦੇ ਹਨ ਅਤੇ ਇਨ੍ਹਾਂ ਨੂੰ ਵਾਧੂ ਭਾਰ ਵੀ ਨਹੀਂ ਸਮਝਦੇ। ਸਿਆਣੇ ਅਧਿਆਪਕ ਵੀ ਇਨ੍ਹਾਂ ਕਿਤਾਬਾਂ ਤੋਂ ਹੀ ਬੱਚਿਆਂ ਨੂੰ ਪੜ੍ਹਾ ਕੇ ਰਾਜ਼ੀ ਹਨ ਪਰ ਸਕੂਲ ਪ੍ਰਬੰਧਕਾਂ ਅੱਗੇ ਉਨ੍ਹਾਂ ਦਾ ਕੋਈ ਜ਼ੋਰ ਨਹੀਂ ਚਲਦਾ।
ਹੁਣ ਸਰਕਾਰ ਦੀ ਨੀਤੀ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਬਾਹਰੀ ਇਮਤਿਹਾਨ ਲੈਣ ਦੀ ਹੈ ਤਾਂ ਇਹ ਸਪਸ਼ਟ ਹੈ ਕਿ ਸੀ.ਬੀ.ਐੱਸ.ਈ. ਨਾਲ ਸਬੰਧਿਤ ਸਾਰੇ ਸਕੂਲਾਂ ਵਿੱਚ ਇੱਕ ਹੀ ਸਾਂਝਾ ਸਿਲੇਬਸ ਅਤੇ ਇੱਕ ਹੀ ਸਾਂਝਾ ਪੇਪਰ ਹੋਵੇਗਾ। ਅਜਿਹੇ ਵਿੱਚ ਐਨ.ਸੀ.ਈ.ਆਰ.ਟੀ. ਵੱਲੋਂ ਤਿਆਰ ਅਨੇਕਾਂ ਗੁਣਾਂ ਨਾਲ ਭਰਪੂਰ ਪਾਠ ਪੁਸਤਕਾਂ ਕਿਉਂ ਨਹੀਂ ਲਗਾਈਆਂ ਜਾਂਦੀਆਂ? ਇਨ੍ਹਾਂ ਰਾਹੀਂ ਜਿੱਥੇ ਬੱਚਿਆਂ ਨੂੰ ਪੜ੍ਹਨ ਲਈ ਚੰਗਾ ਸਿਲੇਬਸ ਮਿਲੇਗਾ, ਉੱਥੇ ਹੀ ਮਾਪਿਆਂ ਦਾ ਮਹਿੰਗੀਆਂ ਕਿਤਾਬਾਂ ਖ਼ਰੀਦਣ ਤੋਂ ਛੁਟਕਾਰਾ ਹੋ ਜਾਵੇਗਾ। ਪਰ ਅੱਜ-ਕੱਲ੍ਹ ਇਸ ਤੋਂ ਉਲਟ ਹੋ ਰਿਹਾ ਹੈ। ਅਲੱਗ ਅਲੱਗ ਪ੍ਰਾਈਵੇਟ ਸਕੂਲਾਂ ਨੇ ਵੱਖੋ-ਵੱਖ ਕਿਸਮ ਦੀਆਂ ਕਿਤਾਬਾਂ ਲਗਾਈਆਂ ਹੋਈਆਂ ਹਨ। ਇੰਨਾ ਹੀ ਨਹੀਂ ਬਹੁਤ ਸਾਰੇ ਪ੍ਰਾਈਵੇਟ ਜਾਂ ਪਬਲਿਕ ਸਕੂਲ ਮਾਪਿਆਂ ਨੂੰ ਇਹ ਕਿਤਾਬਾਂ ਵਿਸ਼ੇਸ਼ ਦੁਕਾਨਾਂ ਤੋਂ ਹੀ ਖ਼ਰੀਦਣ ਦੀ ਸਲਾਹ ਦਿੰਦੇ ਹਨ। ਅਜਿਹੀਆਂ ਦੁਕਾਨਾਂ ਵਾਲੇ ਸਕੂਲ ਦੇ ਪ੍ਰਬੰਧਕਾਂ ਨਾਲ ਮਿਲੀਭੁਗਤ ਕਾਰਨ ਆਪਣੀ ਮਰਜ਼ੀ ਅਨੁਸਾਰ ਕਿਤਾਬਾਂ ਦੇ ਮੁੱਲ ਲੈਂਦੇ ਹਨ। ਇਹ ਲੁੱਟ ਸਿਰਫ਼ ਕਿਤਾਬਾਂ ਤਕ ਹੀ ਸੀਮਿਤ ਨਹੀਂ, ਅਜਿਹੇ ਦੁਕਾਨਦਾਰ ਮਾਪਿਆਂ ਵੱਲੋਂ ਨਾ ਮੰਗੇ ਜਾਣ ਦੇ ਬਾਵਜੂਦ ਕਈ ਤਰ੍ਹਾਂ ਦਾ ਬੇਲੋੜਾ ਸਾਮਾਨ ਧੱਕੇ ਨਾਲ ਵੇਚ ਦਿੰਦੇ ਹਨ। ਇਹ ਕਮਾਈ ਕੀਤੀ ਦੁਕਾਨਦਾਰਾਂ ਵੱਲੋਂ ਜਾਂਦੀ ਹੈ ਪਰ ਇਸ ਲਈ ਰਾਹ ਸਕੂਲ ਪ੍ਰਬੰਧਕਾਂ ਦੁਆਰਾ ਪੱਧਰਾ ਕੀਤਾ ਜਾਂਦਾ ਹੈ। ਕਿਤਾਬਾਂ ਅਤੇ ਹੋਰ ਬੇਲੋੜੇ ਸਾਮਾਨ ਤੋਂ ਹੋਣ ਵਾਲੇ ਮੁਨਾਫ਼ੇ ਵਿੱਚ ਸਕੂਲਾਂ ਦਾ ਹਿੱਸਾ ਵੀ ਸ਼ਾਮਿਲ ਹੁੰਦਾ ਹੈ। ਇਸ ਦਾ ਖ਼ਮਿਆਜ਼ਾ ਵਿਦਿਆਰਥੀਆਂ ਦੇ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ।
ਸੀ.ਬੀ.ਐੱਸ.ਈ. ਤੋਂ ਇਲਾਵਾ ਪੰਜਾਬ ਵਿਚਲੇ ਜਿਹੜੇ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹਨ, ਉਨ੍ਹਾਂ ਵਿੱਚ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਕਾਸ਼ਿਤ ਕਿਤਾਬਾਂ ਹੀ ਲੱਗਣੀਆਂ ਚਾਹੀਦੀਆਂ ਹਨ। ਬਹੁਤੇ ਸਕੂਲਾਂ ਦੁਆਰਾ ਤਰਕ ਇਹ ਦਿੱਤਾ ਜਾਂਦਾ ਹੈ ਕਿ ਐੱਨ.ਸੀ.ਆਰ.ਟੀ. ਦੀਆਂ ਕਿਤਾਬਾਂ ਸਮੇਂ ਸਿਰ ਉਪਲੱਭਦ ਨਹੀਂ ਹੁੰਦੀਆਂ। ਇਸ ਲਈ ਉਹ ਕਿਸੇ ਹੋਰ ਪਬਲਿਸ਼ਰ ਦੀਆਂ ਕਿਤਾਬਾਂ ਲਾਉਣ ਲਈ ਮਜਬੂਰ ਹੁੰਦੇ ਹਨ। ਇਹ ਗੱਲ ਲਈ ਸਕੂਲਾਂ ਨੂੰ ਸਬੰਧਿਤ ਬੋਰਡ ਤਕ ਪਹੁੰਚ ਕਰਨੀ ਚਾਹੀਦੀ ਹੈ ਅਤੇ ਆਪਣੇ ਮਸਲੇ ਦਾ ਹੱਲ ਕਰਵਾਉਣਾ ਚਾਹੀਦਾ ਹੈ। ਸਿੱਖਿਆ ਬੋਰਡਾਂ ਨੂੰ ਵੀ ਆਪੋ-ਆਪਣੇ ਪ੍ਰਕਾਸ਼ਿਤ ਅਦਾਰਿਆਂ ਨਾਲ ਤਾਲਮੇਲ ਕਰਕੇ ਹਰ ਵਿਸ਼ੇ ਦੀਆਂ ਕਿਤਾਬਾਂ ਸਮੇਂ ਸਿਰ ਵਿਦਿਆਰਥੀਆਂ ਨੂੰ ਉਪਲਬੱਧ ਕਰਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਵਿੱਦਿਆ ਪਹਿਲਾਂ ਹੀ ਗ਼ਰੀਬਾਂ ਦੇ ਹੱਥੋਂ ਤਿਲਕਦੀ ਜਾ ਰਹੀ ਹੈ ਅਤੇ ਘੱਟੋ-ਘੱਟ ਬੱਚਿਆਂ ਦੇ ਹੱਥਾਂ ਵਿੱਚ ਜਾਣ ਵਾਲੀਆਂ ਕਿਤਾਬਾਂ ਵਿੱਚ ਤਾਂ ਲੁੱਟ ਨਹੀਂ ਹੋਣੀ ਚਾਹੀਦੀ।
ਸਰਕਾਰਾਂ ਨੂੰ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਅੱਜ ਦੀ ਸਿੱਖਿਆ ਪ੍ਰਣਾਲੀ ਵਿੱਚ ਕਈ ਤਰ੍ਹਾਂ ਦੇ ਵਿਗਾੜ ਆ ਚੁੱਕੇ ਹਨ ਜੋ ਤੁਰੰਤ ਹੱਲ ਦੀ ਮੰਗ ਕਰਦੇ ਹਨ। ਸਿੱਖਿਆ ਵਿੱਚ ਸੁਧਾਰ ਦਾ ਕੰਮ ਸਿਲੇਬਸ ਅਤੇ ਕਿਤਾਬਾਂ ਦੀ ਚੋਣ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਪਾਠਕ੍ਰਮ ਵਿੱਚ ਬੱਚਿਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਨੂੰ ਸੇਧ ਦੇਣ ਵਾਲਾ ਗਿਆਨ ਸ਼ਾਮਿਲ ਕਰਨਾ ਚਾਹੀਦਾ ਹੈ। ਗਿਆਨ ਤਰਕ ਪੈਦਾ ਕਰਨ ਵਾਲਾ ਹੋਣਾ ਚਾਹੀਦਾ ਹੈ ਨਾ ਕਿ ਸੋਚ ਨੂੰ ਨਿਵਾਣਾਂ ਵੱਲ ਲਿਜਾਣ ਵਾਲਾ। ਸਰਕਾਰ ਇਹ ਯਕੀਨੀ ਬਣਾਵੇ ਕਿ ਕਿਤਾਬਾਂ ਉਪਲਭਧਤਾ ਅਤੇ ਸਿਲੇਬਸ ਦੀਆਂ ਉਲਝਣਾਂ ਵਿਦਿਅਕ ਵਰ੍ਹਾ ਸ਼ੁਰੂ ਹੋਣ ਤਕ ਨਿਪਟਾ ਲਈਆਂ ਜਾਣ। ਵਿਦਿਆਰਥੀਆਂ ਨੂੰ ਸਮੇਂ ਸਿਰ ਅਤੇ ਸੁਧਰੀਆਂ ਹੋਈਆਂ ਕਿਤਾਬਾਂ ਮਿਲਣੀਆਂ ਯਕੀਨੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਨਾਲ ਬੱਚਿਆਂ ਦੀ ਮਾਨਸਿਕ ਪ੍ਰੇਸ਼ਾਨੀ ਘਟੇਗੀ ਅਤੇ ਉਹ ਪੜ੍ਹਾਈ ਦਾ ਅਨੰਦ ਮਾਣਦੇ ਹੋਏ ਵਿਦਿਆ ਹਾਸਲ ਕਰਨਗੇ।
ਸੰਪਰਕ: 98764-52223


Comments Off on ਕਿਹੋ ਜਿਹੀਆਂ ਹੋਣ ਸਿਲੇਬਸ ਦੀਆਂ ਕਿਤਾਬਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.