ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕੋਡਈਕਨਾਲ ਤੇ ਮੁੱਨਾਰ ਦੀਆਂ ਖ਼ੂਬਸੂਰਤ ਪਹਾੜੀਆਂ

Posted On March - 12 - 2017

ਯਸ਼ਪਾਲ ਮਾਨਵੀ
ਸੈਰ ਸਫ਼ਰ

ਕੋਡਈਕਨਾਲ ਦੇ ਰਸਤੇ ਵਿੱਚ ਮੌਜੂਦ ਚਾਹ ਦੇ ਬਾਗ਼ ਅਤੇ (ਹੇਠਾਂ) ਮੁੱਨਾਰ ਦੇ ਈਕੋ ਪੁਆਇੰਟ ਵਿੱਚ ਕੁਦਰਤੀ ਦ੍ਰਿਸ਼ਾਂ ਦਾ ਆਨੰਦ ਮਾਣ ਰਹੇ ਸੈਲਾਨੀ।

ਕੋਡਈਕਨਾਲ ਦੇ ਰਸਤੇ ਵਿੱਚ ਮੌਜੂਦ ਚਾਹ ਦੇ ਬਾਗ਼ ਅਤੇ (ਹੇਠਾਂ) ਮੁੱਨਾਰ ਦੇ ਈਕੋ ਪੁਆਇੰਟ ਵਿੱਚ ਕੁਦਰਤੀ ਦ੍ਰਿਸ਼ਾਂ ਦਾ ਆਨੰਦ ਮਾਣ ਰਹੇ ਸੈਲਾਨੀ।

ਊਟੀ ਤੋਂ 251 ਕਿਲੋਮੀਟਰ ਦੀ ਦੂਰੀ ’ਤੇ ਕੋਡਈਕਨਾਲ (ਤਾਮਿਲਨਾਡੂ) ਪਹਾੜੀ ਸਥਾਨ ਹੈ। ਜੇ ਊਟੀ ਪਹਾੜਾਂ ਦੀ ਰਾਣੀ ਹੈ ਤਾਂ ਕੋਡਈਕਨਾਲ ਨੂੰ ਪਹਾੜਾਂ ਦੀ ਰਾਜਕੁਮਾਰੀ ਕਹਿੰਦੇ ਹਨ। ਪੰਜਾਹ ਕਿਲੋਮੀਟਰ ਪਹਾੜੀ ਰਸਤੇ ਦੀ ਉਤਰਾਈ ਪਿੱਛੋਂ ਪੱਧਰਾ ਰਸਤਾ ਆਉਂਦਾ ਹੈ। ਗਰਮੀ ਅਨੁਭਵ ਹੁੰਦੀ ਹੈ। ਇਸ ਤੋਂ ਬਾਅਦ 150 ਕਿਲੋਮੀਟਰ ਪਿੱਛੋਂ ਫਿਰ ਪਹਾੜੀ ਰਾਹ ਸ਼ੁਰੂ ਹੋ ਜਾਂਦਾ ਹੈ ਜਿਹੜੀ ਕੋਡਈਕਨਾਲ ਤਕ ਜਾਂਦਾ ਹੈ। ਡਰਾਈਵਰ ਨੇ ਰਸਤੇ ਵਿੱਚ ਇੱਕ ਜਗ੍ਹਾ ਗੱਡੀ ਰੋਕ ਕੇ ਕਾਲੇ ਗੰਨੇ ਦੇ ਭਰਪੂਰ ਖੇਤ ਦਿਖਾਏ। ਆਲੇ ਦੁਆਲੇ ਖੇਤੀਬਾੜੀ ਭਰਪੂਰ ਮਹਿਸੂਸ ਹੁੰਦੀ ਹੈ। ਪਲਾਨੀ ਦੇ ਨੇੜੇ ਪਹਾੜੀਆਂ ਵਿੱਚ ਅੰਬਾਂ ਦੇ ਬਾਗ਼ ਕਾਫ਼ੀ ਗਿਣਤੀ ਵਿੱਚ ਹਨ। ਪੌਣ ਊਰਜਾ ਨਾਲ ਬਿਜਲੀ ਪੈਦਾ ਕਰਨ ਵਾਲੇ ਖੰਭਿਆਂ ਉੱਤੇ ਲੱਗੇ ਪੱਖੇ ਘੁੰਮਦੇ ਦਿਖਾਈ ਦਿੰਦੇ ਹਨ। ਮਿੱਟੀ ਲਾਲ/ਭੂਰੇ ਰੰਗ ਦੀ ਹੈ। ਸਮੁੰਦਰ ਤਲ ਤੋਂ 7,000 ਫੁੱਟ ਦੀ ਉਚਾਈ ’ਤੇ ਸਥਿਤ ਇਸ ਸ਼ਹਿਰ ਦਾ ਤਾਪਮਾਨ ਗਰਮੀਆਂ ਵਿੱਚ 11 ਤੋਂ 19 ਡਿਗਰੀ ਸੈਲਸੀਅਸ ਅਤੇ ਸਰਦੀਆਂ ਵਿੱਚ 8 ਤੋਂ 17 ਡਿਗਰੀ ਸੈਲਸੀਅਸ ਦਰਮਿਆਨ ਰਹਿੰਦਾ ਹੈ। ਕੋਡਈਕਨਾਲ ਦਾ ਵਾਤਾਵਰਨ ਸਾਰਾ ਵਰ੍ਹਾ ਸੁਹਾਵਣਾ ਰਹਿੰਦਾ ਹੈ। ਮੈਦਾਨਾਂ ਦੀ ਗਰਮੀ ਤੇ ਹੁੰਮਸ ਤੋਂ ਬਚਣ ਲਈ ਇਹ ਸੁੰਦਰ ਪਹਾੜੀ ਸ਼ਹਿਰ ਹੈ, ਭਾਵੇਂ ਥੋੜ੍ਹੇ ਦਿਨਾਂ ਲਈ ਹੀ ਸਹੀ। ਉੱਚੀਆਂ ਪਹਾੜੀਆਂ ’ਤੇ ਹਰ ਵਕਤ ਧੁੰਦ ਗੇੜੇ ਕੱਢਦੀ ਰਹਿੰਦੀ ਹੈ। ਬੱਦਲਵਾਈ ਕਦੇ ਵੀ ਮੀਂਹ ਵਿੱਚ ਬਦਲ ਸਕਦੀ ਹੈ। ਇਸ ਲਈ ਲੋਕ ਛੱਤਰੀਆਂ ਕੋਲ ਰੱਖਦੇ ਹਨ। ਦਰਅਸਲ, ਇਸ ਇਲਾਕੇ ਦੀ ਖ਼ੂਬਸੂਰਤੀ ਤੇ ਬਨਸਪਤੀ ਦੀ ਅਮੀਰੀ ਦਾ ਵੀ ਅੰਗਰੇਜ਼ਾਂ ਦੇ ਆਉਣ ਨਾਲ ਪਤਾ ਲੱਗਿਆ।
ਇੱਥੇ ਕਰਿੰਜੀ ਨਾਂ ਦੇ ਫੁੱਲ 12 ਸਾਲਾਂ ਵਿੱਚ ਇੱਕ ਵਾਰ ਖਿੜਦੇ ਹਨ। ਹੁਣ ਇਹ ਫੁੱਲ 2018 ਵਿੱਚ ਖਿੜਨਗੇ। ਕੋਡਈਕਨਾਲ ਦੀ ਆਰਥਿਕਤਾ ਜ਼ਿਆਦਾਤਰ ਸੈਰ ਸਪਾਟੇ ’ਤੇ ਨਿਰਭਰ ਹੈ। ਖੇਤੀਬਾੜੀ ਵੀ ਚੰਗੀ ਹੈ। ਇਸ ਨੂੰ 1875 ਵਿੱਚ ਰੇਲ ਮਾਰਗ ਰਾਹੀਂ ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਨਾਲ ਜੋੜਿਆ ਗਿਆ। ਇਹ ਸਫ਼ਰ ਅੱਠ ਘੰਟੇ ਦਾ ਹੈ।
10603cd _echopoint_munnarਅਗਲੇ ਦਿਨ ਅਸੀਂ ਸਭ ਤੋਂ ਪਹਿਲਾਂ ਬਰਾਇੰਟ ਪਾਰਕ ਦੇਖਿਆ। ਇਸ ਦੀ ਯੋਜਨਾ ਮਦੁਰਾਇ ਦੇ ਬ੍ਰਿਟਿਸ਼ ਵਣ ਅਧਿਕਾਰੀ ਐੱਚ.ਡੀ. ਬਰਾਇੰਟ ਨੇ 1908 ਵਿੱਚ ਬਣਾਈ ਸੀ। ਇਹ ਬਹੁਤ ਹੀ ਖ਼ੂਬਸੂਰਤ ਤੇ ਜੰਗਲ ਵਰਗਾ ਪਾਰਕ ਪਹਾੜੀ ਦੀ ਢਲਾਣ ’ਤੇ ਮੌਜੂਦ ਹੈ। ਇਸ ਦਾ ਰਕਬਾ ਵੀਹ ਏਕੜ ਤੋਂ ਵੱਧ ਹੈ। ਇਸ ਵਿੱਚ 325 ਕਿਸਮਾਂ ਦੇ ਬੂਟੇ ਹਨ। ਸਫ਼ੈਦਿਆਂ ਦੀ ਸੁੰਦਰਤਾ ਇੱਥੇ ਮਾਣਨ ਵਾਲੀ ਹੈ। ਇੱਥੇ 740 ਕਿਸਮਾਂ ਦੇ ਗੁਲਾਬ ਹਨ। ਪੌਦ ਬਣਾ ਕੇ ਵੇਚੀ ਵੀ ਜਾਂਦੀ ਹੈ। ਇਸ ਪਾਰਕ ਅੰਦਰ ਜਾਣ ਲਈ ਵੀਹ ਰੁਪਏ ਦੀ ਟਿਕਟ ਲੱਗਦੀ ਹੈ।
ਪਹਾੜ ਦੀ ਢਲਾਣ ’ਤੇ ਇੱਕ ਪੱਧਰ ’ਤੇ ਇੱਕ ਕਿਲੋਮੀਟਰ ਦੀ ਸੜਕ ਨੁਮਾ ਪੱਟੀ ਬਣੀ ਹੋਈ ਹੈ। ਸਾਨੂੰ ਸਮਝ ਨਾ ਲੱਗੇ ਕਿ ਇਹ ਕੀ ਹੈ? ਦਰਅਸਲ, ਇਸ ’ਤੇ ਤੁਰ ਕੇ ਤੁਸੀਂ ਪਹਾੜੀਆਂ ਦਾ ਨਜ਼ਾਰਾ ਲੈ ਸਕਦੇ ਹੋ। ਇਹ ਕੋਕਰ ਨਾਂ ਦੇ ਬ੍ਰਿਟਿਸ਼ ਇੰਜਨੀਅਰ ਨੇ 1872 ਵਿੱਚ ਬਣਾਈ ਸੀ। ਉਸੇ ਦੇ ਨਾਂ ’ਤੇ ਇਸ ਨੂੰ ਕੋਕਰਜ਼ ਵਾਕ ਦਾ ਨਾਂ ਦਿੱਤਾ ਗਿਆ ਹੈ। ਰਸਤੇ ਵਿੱਚ ਖਾਣ ਪੀਣ ਤੇ ਮੇਲੇ ਵਰਗੀਆਂ ਚੀਜ਼ਾਂ ਵੀ ਮਿਲਦੀਆਂ ਹਨ। ਬੈਠ ਕੇ ਖਾਓ ਤੇ ਪਹਾੜੀਆਂ ’ਤੇ ਘੁੰਮਦੀ ਧੁੰਦ ਦਾ ਆਨੰਦ ਮਾਣੋ। ਇੱਥੋਂ ਕੋਡਈਕਨਾਲ ਦੇ ਹੋਰ ਪੁਆਇੰਟ ਵੀ ਦਿਸਦੇ ਹਨ, ਪਰ ਸ਼ਰਤ ਇਹ ਹੈ ਕਿ ਸੂਰਜ ਤੁਹਾਡੇ ਪਿੱਛੇ ਹੋਵੇ। ਕੋਡਈਕਨਾਲ ਵਿੱਚ ਅਕਸਰ ਧੁੰਦ ਪਸਰੀ ਰਹਿੰਦੀ ਹੈ। ਸੜਕ ਦੇ ਗੇਟ ਉੱਤੇ ਲਿਖਿਆ ਮਿਲਦਾ ਹੈ: ਕੋਕਰਜ਼  ਵਾਕ। ਇਸ ਦੀ ਵੀ ਟਿਕਟ ਲੱਗਦੀ ਹੈ।
ਥ੍ਰੀ ਪਿੱਲਰ ਰੌਕ, ਸਿਲਵਰ ਕੈਸਕੇਡ ਫਾਲ, ਗੂਨਾ ਕੇਵਜ਼ ਅਤੇ ਡੌਲਫਿਨਜ਼ ਨੋਜ਼ ਦੇਖਣ ਯੋਗ ਪੁਆਇੰਟ ਹਨ। ਇਹ ਸਾਰੇ ਇੱਕ ਦਿਨ ਵਿੱਚ ਮਾਣੇ ਜਾ ਸਕਦੇ ਹਨ। ਇੱਥੇ ਕੇਰਲਾ ਦੇ ਸੈਲਾਨੀ ਵੀ ਬਹੁਤ ਆਉਂਦੇ ਹਨ। ਐਤਵਾਰ ਹੋਣ ਕਾਰਨ ਬਹੁਤ ਰੌਣਕ ਸੀ। ਸਕੂਲ ਤੇ ਕਾਲਜ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਹੁੰਦੇ ਹਨ। ਤਾਮਿਲ ਤੇ ਅੰਗਰੇਜ਼ੀ ਹੀ ਭਾਸ਼ਾ ਵਜੋਂ ਚੱਲਦੇ ਹਨ। ਹਿੰਦੀ ਤਾਂ ‘ਥੋਰੀ ਥੋਰੀ’ ਰਹਿੰਦੀ, ਨਾਂ-ਮਾਤਰ ਹੀ ਮਹਿਸੂਸ ਹੁੰਦੀ ਹੈ। ਵਿਦੇਸ਼ੀ ਸੈਲਾਨੀ ਨਹੀਂ ਦਿਸਦੇ।
ਕੋਡਈਕਨਾਲ ਤੋਂ ਮੁੱਨਾਰ ਤਕ 180 ਕਿਲੋਮੀਟਰ ਦਾ ਸਫ਼ਰ ਹੈ। ਪੰਜ ਘੰਟੇ ਦੇ ਸਫ਼ਰ ਵਿੱਚ ਤੁਸੀਂ ਤਾਮਿਲਨਾਡੂ ਤੇ ਕੇਰਲਾ ਦੀਆਂ ਨੀਲਗਿਰੀ ਪਹਾੜੀਆਂ ਦਾ ਆਨੰਦ ਮਾਣ ਸਕਦੇ ਹੋ। ਪਹਿਲਾਂ 60 ਕਿਲੋਮੀਟਰ ਪਹਾੜੀ ਰਸਤਾ ਆਉਂਦਾ ਹੈ, ਫਿਰ 80 ਕਿਲੋਮੀਟਰ ਮੈਦਾਨੀ ਤੇ ਫਿਰ ਪਹਾੜੀ ਰਾਹ ਸ਼ੁਰੂ ਹੋ ਜਾਂਦਾ ਹੈ। ਮੁੱਨਾਰ ਤਿੰਨ ਪਹਾੜੀਆਂ ਦੇ ਸੰਗਮ ਵਿੱਚ ਸਥਿਤ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ 1,600 ਮੀਟਰ ਭਾਵ 5,500 ਫੁੱਟ ਹੈ। ਇਹ ਕੇਰਲਾ ਦੀ ਉੱਤਰੀ ਤੇ ਤਾਮਿਲਨਾਡੂ ਦੀ ਉੱਤਰ ਪੱਛਮੀ ਨੁੱਕਰ ਦੇ ਜੋੜ ਵਿੱਚ ਪੈਂਦਾ ਹੈ।
ਠੰਢਾ ਸਥਾਨ ਹੋਣ ਕਾਰਨ ਇਹ ਦੱਖਣੀ ਭਾਰਤ ਵਿੱਚ ਅੰਗਰੇਜ਼ਾਂ ਦੀ ਗਰਮੀਆਂ ਦੀ ਰਾਜਧਾਨੀ ਸੀ। ਚਾਹ ਦੇ ਬਾਗ਼ਾਂ ਨਾਲ ਪਹਾੜੀ ਰੁੱਖਾਂ ਦੀਆਂ ਸੰਘਣੀਆਂ ਕਤਾਰਾਂ ਅਤਿ ਖ਼ੂਬਸੂਰਤ ਦ੍ਰਿਸ਼ ਪੇਸ਼ ਕਰਦੀਆਂ ਹਨ। ਕਈ ਥਾਂ ਲਿਖਿਆ ਮਿਲਦਾ ਹੈ ‘ਕੰਟਰੀ ਆਫ਼ ਦਿ ਗੌਡ’, ‘ਗੌਡਜ਼ ਓਨ ਕੰਟਰੀ’। ਕੋਡਈਕਨਾਲ ਤੋਂ ਸਵੇਰੇ ਚੱਲ ਕੇ ਮੁੱਨਾਰ ਤਕ ਪਹੁੰਚਦਿਆਂ ਸ਼ਾਮ ਪੈ ਹੀ ਜਾਂਦੀ ਹੈ। ਅਗਲੀ ਸਵੇਰ ਅਸੀਂ ਸਭ ਤੋਂ ਪਹਿਲਾਂ ਸਰਕਾਰੀ ਅਦਾਰੇ ਦੀ ਦੇਖ-ਰੇਖ ਹੇਠ ਚੱਲਦਾ ਫੌਰੈਸਟ ਰੋਜ਼ ਗਾਰਡਨ ਦੇਖਿਆ। ਇਹ ਫੁੱਲਾਂ ਤੇ ਬੂਟਿਆਂ ਦਾ ਬਹੁਤ ਸੁੰਦਰ ਬਾਗ਼ ਹੈ। ਬਾਗ਼ ਵਿੱਚ ਘੁੰਮ ਕੇ ਆਨੰਦ ਆ ਜਾਂਦਾ ਹੈ। ਇਸ ਦੇ ਬਾਹਰ ਸੜਕ ’ਤੇ ਬਹੁਤ ਚੰਗੀਆਂ ਛੋਟੀਆਂ ਛੋਟੀਆਂ ਦੁਕਾਨਾਂ ਹਨ ਜਿਨ੍ਹਾਂ ਤੋਂ ਕੇਰਲਾ ਦੇ ਸੱਭਿਆਚਾਰ ਦੀਆਂ ਚੀਜ਼ਾਂ ਵਧੀਆ ਮਿਲਦੀਆਂ ਹਨ।
ਮੁੱਨਾਰ ਤੋਂ 13 ਕਿਲੋਮੀਟਰ ਦੀ ਦੂਰੀ ’ਤੇ ਮੇਟੂਪੈਟੀ ਡੈਮ ’ਤੇ ਪੁੱਜ ਕੇ ਦਿਲ ਬਾਗੋ-ਬਾਗ਼ ਹੋ ਜਾਂਦਾ ਹੈ। ਠੰਢੀ ਹਵਾ, ਪਹਾੜੀਆਂ ਦੀ ਸੁੰਦਰਤਾ ਤੇ ਸੰਘਣੇ ਜੰਗਲ ਇਲਾਕੇ ਦੀ ਖ਼ੂਬਸੂਰਤੀ ਨੂੰ ਚਾਰ ਚੰਦ ਲਾਉਂਦੇ ਹਨ। ਡੈਮ ਦੀ ਝੀਲ ਵਿੱਚ ਤੇਜ਼ ਰਫ਼ਤਾਰ ਮੋਟਰ ਕਿਸ਼ਤੀ ਵਿੱਚ ਗੇੜੇ ਲਾਏ ਜਾ ਸਕਦੇ ਹਨ। ਪਾਣੀ ਸਾਫ਼ ਹੋਣ ਕਾਰਨ ਤਾਜ਼ਗੀ ਮਨ ਨੂੰ ਚੰਗੀ ਲੱਗਦੀ ਹੈ। ਆਮ ਕਰਕੇ ਝੀਲਾਂ ਦਾ ਪਾਣੀ ਖੜ੍ਹਾ ਹੁੰਦਾ ਹੈ ਤੇ ਗੰਧ ਜਿਹੀ ਛੱਡਦਾ ਹੈ। ਇੱਥੇ ਹੀ ਸਰਕਾਰੀ ਦੁਕਾਨ ਹੈ ਜਿੱਥੋਂ ਬਿਨਾਂ ਕੀਮਤ ਦਾ ਫ਼ਿਕਰ ਕੀਤਿਆਂ ਬਹੁਤ ਖ਼ੂਬਸੂਰਤ ਸਾਮਾਨ ਮਿਲਦਾ ਹੈ।
ਇਸ ਦੇ ਨੇੜੇ ਹੀ ਹਾਥੀਆਂ ਦੀ ਸਫ਼ਾਰੀ ਗ਼ਜ਼ਬ ਦੀ ਹੈ। ਰੱਜੇ ਪੁੱਜੇ ਹਾਥੀ ਆਪਣੇ ਮਾਲਕ ਦੀ ਆਵਾਜ਼ ਅਤੇ ਇਸ਼ਾਰੇ ਨੂੰ ਝੱਟ ਸਮਝ ਜਾਂਦੇ ਹਨ। ਇਨ੍ਹਾਂ ਨੂੰ ਦੇਖ ਕੇ ਮਨੁੱਖ ਤੇ ਪਸ਼ੂਆਂ ਦੀ ਕਰੀਬੀ ਸਾਂਝ ਦਾ ਝਲਕਾਰਾ ਮਿਲਦਾ ਹੈ। ਜਦੋਂ ਹਾਥੀ ਤਿੱਖੀ ਪਗਡੰਡੀ ’ਤੇ ਮੋੜ ਕੱਟਦਾ ਹੈ ਤਾਂ ਥੰਮਲਿਆਂ ਵਰਗੀ ਲੱਤਾਂ ਨੂੰ ਆਪਸ ਵਿੱਚ ਬਹੁਤ ਨੇੜੇ ਕਰ ਲੈਂਦਾ ਹੈ। ਪਲੇਫਾਰਮ ਤੋਂ ਹਾਥੀ ਦੀ ਸੀਟ ’ਤੇ ਚੜ੍ਹਨਾ ਵੀ ਇੱਕ ਹੁਲਾਰਾ ਹੈ। ਜਦੋਂ ਪਹਿਲਾ ਝੂਟਾ ਆਉਂਦਾ ਹੈ ਤਾਂ ਜੰਗਲੀ ਆਲਾ-ਦੁਆਲਾ ਝੂਮਣ ਲੱਗ ਜਾਂਦਾ ਹੈ।
ਡੈਮ ਦੇ ਨੇੜੇ ਹੀ ਈਕੋ ਪੁਆਇੰਟ ਹੈ। ਇਹ ਮੁੱਨਾਰ ਦਾ ਸਭ ਤੋਂ ਉੱਚਾ ਪੁਆਇੰਟ ਹੈ। ਇੱਥੇ ਵੀ 12 ਸਾਲ ਬਾਅਦ ਖਿੜਨ ਵਾਲੇ ਕਰਿੰਜੀ ਦੇ ਬੂਟੇ ਉੱਗੇ ਹੋਏ ਹਨ ਜਿਸ ਦੇ ਫੁੱਲ ਪਿਛਲੀ ਵਾਰ 2006 ਵਿੱਚ ਖਿੜੇ ਸਨ। ਇਹ ਅਗਸਤ ਤੋਂ ਅਕਤੂਬਰ ਤਕ ਖਿੜਦੇ ਹਨ। ਇਹ ਇਸ ਖਿੱਤੇ ਦੇ ਹੀ ਫੁੱਲ ਹਨ ਜਿਹੜੇ ਨੀਲਗਿਰੀ ਦੀਆਂ ਪਹਾੜੀਆਂ ਵਿੱਚ ਖਿੜਦੇ ਹਨ।
ਮੁੱਨਾਰ ਨੂੰ ਮਾਣਨਾ ਟੂਰ ਦੀ ਸਿਖਰ ਹੋ ਨਿੱਬੜਦਾ ਹੈ। ਇੱਥੋਂ ਕੋਚੀਨ ਹਵਾਈ ਅੱਡੇ ਤਕ ਦਾ ਸਫ਼ਰ 140 ਕਿਲੋਮੀਟਰ ਦੇ ਕਰੀਬ ਹੈ, ਪਰ ਪਹਿਲਾਂ ਪਹਾੜੀ ਤੇ ਬਾਅਦ ਵਿੱਚ ਸੰਘਣਾ ਮੈਦਾਨੀ ਇਲਾਕਾ ਹੋਣ ਕਾਰਨ ਪੰਜ ਘੰਟੇ ਲੱਗ ਜਾਂਦੇ ਹਨ। ਰਸਤਾ ਵੀ ਮਾਣਨ ਵਾਲਾ ਹੈ। ਝਰਨੇ ਵੀ ਆ ਜਾਂਦੇ ਹਨ। ਰਾਹ ਵਿੱਚ ਇੱਕ ਜਗ੍ਹਾ ਰਬੜ ਦੇ ਦਰੱਖਤ ਹਨ ਜਿਨ੍ਹਾਂ ਨੂੰ ਇੱਕ ਕਾਮਾ ਅਜਿਹੇ ਕਲਾਤਮਿਕ ਢੰਗ ਨਾਲ ਟੱਕ ਲਾਉਂਦਾ ਹੈ ਤੇ ਰਸ, ਨਾਲ ਬੰਨ੍ਹੀ ਕੁੱਪੀ ਵਿੱਚ ਆ ਡਿੱਗਦਾ ਹੈ। ਜਦੋਂ ਬੰਦ ਹੋ ਜਾਂਦਾ ਹੈ ਫਿਰ ਉਸ ਨੂੰ ਨਵੇਂ ਸਿਰੇ ਤੋਂ ਟੱਕ ਲਾ ਕੇ ਚਾਲੂ ਕਰਦਾ ਰਹਿੰਦਾ ਹੈ। ਕੇਰਲਾ ਦੀਆਂ ਪਹਾੜੀਆਂ ਵਿੱਚ ਮਸਾਲਿਆਂ ਦੇ ਬਾਗ਼ ਆਮ ਹਨ। ਅਸੀਂ ਰਾਹ ਦਾ ਨਜ਼ਾਰਾ ਦੇਖਦੇ ਕੋਚੀਨ ਹਵਾਈ ਅੱਡੇ ’ਤੇ ਪਹੁੰਚ ਗਏ ਅਤੇ ਸ਼ਾਮ ਤਕ ਮੁੰਬਈ ਰਸਤੇ ਚੰਡੀਗੜ੍ਹ ਪਹੁੰਚ ਗਏ।

ਈ-ਮੇਲ: yashpaul1953@gmail.com


Comments Off on ਕੋਡਈਕਨਾਲ ਤੇ ਮੁੱਨਾਰ ਦੀਆਂ ਖ਼ੂਬਸੂਰਤ ਪਹਾੜੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.