ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਕੋਤਾਹੀਆਂ ਨਾ ਹੁੰਦੀਆਂ ਤਾਂ ਹਾਰ ’ਚ ਵੀ ਸ਼ਾਨ ਸੀ

Posted On March - 20 - 2017

12003CD _2ਪੰਜਾਬ ਅਸੈਂਬਲੀ ਚੋਣਾਂ ਦੇ ਨਤੀਜੇ ਆਇਆਂ ਨੂੰ ਦਸ ਦਿਨ ਲੰਘਣ ਦੇ ਬਾਵਜੂਦ ਲੋਕਾਂ ਦੀ ਹੈਰਾਨੀ ਨਹੀਂ ਜਾ ਰਹੀ। ਕੈਨੇਡਾ, ਅਮਰੀਕਾ ਵਿੱਚ ਸੱਜਣ-ਮਿੱਤਰ ਸਭ ਇਹ ਪੁੱਛੀ ਜਾ ਰਹੇ ਹਨ ਕਿ ਇਹ ਹੋਇਆ ਕਿਵੇਂ! ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਕਸ ਠੀਕ ਸੀ, ਕਾਂਗਰਸ ਪਾਰਟੀ ਬਹੁਗਿਣਤੀ ਲਿਜਾ ਸਕਦੀ ਸੀ, ਪ੍ਰੰਤੂ ਜਿੱਤ 75 ਸੀਟਾਂ ਦਾ ਅੰਕੜਾ ਪਾਰ ਕਰ ਜਾਵੇਗੀ ਇਹ ਤਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਹੋਰ ਤਾਂ ਹੋਰ, ਕਾਂਗਰਸ ਪਾਰਟੀ ਦੇ ਕਿਸੇ ਕੱਟੜ ਸਮੱਰਥਕ ਨੂੰ ਵੀ ਅਜਿਹੀ ਆਸ ਨਹੀਂ ਸੀ। ਇਹ ਸਵਾਲ ਪਹੇਲੀ ਬਣਿਆ ਹੋਇਆ ਹੈ ਅਤੇ ਮਸਲਾ ਇਹ ਹੈ ਕਿ ਇਸ ਪਹੇਲੀ ਨੂੰ ਸਮਝਿਆ ਕਿਵੇਂ ਜਾਵੇ।
ਆਜ਼ਾਦ ਭਾਰਤ ਦੇ ਪਿਛਲੇ 70 ਵਰ੍ਹਿਆਂ ਦੇ ਇਤਿਹਾਸ ਵਿੱਚ ਚੋਣਾਂ ਦੌਰਾਨ ਵੱਖ-ਵੱਖ ਥਾਵਾਂ ’ਤੇ ਹੈਰਾਨੀਜਨਕ ਤਰੀਕੇ ਨਾਲ ਹੇਠਲੀ ਉਤਾਂਹ ਤਾਂ ਪਹਿਲਾਂ ਵੀ ਕਈ ਵਾਰ ਹੁੰਦੀ ਰਹੀ ਹੈ। ਐਮਰਜੈਂਸੀ ਪਿੱਛੋਂ ਸਾਲ 1977 ਦੀਆਂ ਚੋਣਾਂ ਦੌਰਾਨ ਕਸ਼ਮੀਰ ਤੋਂ ਸ਼ਿਲਾਂਗ ਤਕ ਸ੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਹੇਠਾਂ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸਾਫ਼ ਹੀ ਹੋ ਗਈ ਸੀ। ਪੰਜਾਬ ਵਿੱਚ ਸਾਲ 1989 ਦੀਆਂ ਸੰਸਦੀ ਚੋਣਾਂ ਦੇ ਨਤੀਜੇ ਵੀ ਹੈਰਾਨ ਕਰਨ ਵਾਲੇ ਸਨ। ਇਸੇ ਵਕਤ ਦਲਿਤ ਆਗੂ ਮਾਇਆਵਤੀ ਹੇਠ ਬਸਪਾ ਨੇ ਉੱਤਰ ਪ੍ਰਦੇਸ਼ ਵਰਗੇ ਵਿਸ਼ਾਲ ਵਸੋਂ ਵਾਲੇ ਰਾਜ ਵਿੱਚ ਜਦੋਂ ਫ਼ਤਿਹ ਪਰਚਮ ਲਹਿਰਾਇਆ ਤਾਂ ਉਹ ਵੀ ਛੋਟੀ ਗੱਲ ਨਹੀਂ ਸੀ। ਪਰ ਸ਼ਾਇਦ ਇੱਕ ਅੰਤਰ ਸੀ ਅਤੇ ਉਹ ਇਹ ਕਿ ਚੋਣ ਨਤੀਜਿਆਂ ਦਾ ਰਹੱਸ ਪਲਾਂ ਵਿੱਚ ਹੀ ਪਾਟ ਜਾਂਦਾ ਰਿਹਾ ਸੀ ਅਤੇ ਨਵੀਂ ਸਥਿਤੀ ਦਾ ਸਾਰਾ ਤਰਕ ਸਾਹਮਣੇ ਆ ਜਾਂਦਾ ਸੀ। ਪੰਜਾਬ ਦੀਆਂ ਚੋਣਾਂ ਬਾਰੇ ਵੀ ਕਹਿਣ ਨੂੰ ਤਾਂ ਬਥੇਰੇ ਫ਼ਤਵੇਬਾਜਾਂ ਨੇ ਸਾਰਾ ਭਾਂਡਾ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਦੇ ਨਾਲ ਕੇਜਰੀਵਾਲ ਦੇ ਪੰਜਾਬ ਵਿੱਚ ਆਏ ਹੋਰ ਅਹਿਲਕਾਰਾਂ ਦੇ ਸਿਰ ਭੰਨਿਆ ਹੈ, ਪਰ ਸਾਨੂੰ ਇਹ ਗੱਲ ਪੂਰੀ ਤਰ੍ਹਾਂ ਪਚਦੀ ਨਹੀਂ ਹੈ।

   ਗੁਰਦਿਆਲ ਸਿੰਘ ਬੱਲ


ਗੁਰਦਿਆਲ ਸਿੰਘ ਬੱਲ

ਸਾਡਾ ਮਿੱਤਰ, ਹਰਮੀਤ ਧਾਲੀਵਾਲ ਨਤੀਜਿਆਂ ਤੋਂ ਹਫ਼ਤਾ ਪਹਿਲਾਂ ਪਟਿਆਲੇ ਤੋਂ ਬਰੈਂਪਟਨ ਆਇਆ। ਉਹ ਕੈਪਟਨ ਅਮਰਿੰਦਰ ਸਿੰਘ ਦਾ ਪੱਕਾ ਪ੍ਰਸ਼ੰਸਕ ਸੀ। ਉਸਨੇ ਪਹਿਲਾ ਗੋਲਾ ਇਹ ਕਹਿੰਦਿਆਂ ਦਾਗਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਹੱਕ ਵਿੱਚ ਹਨੇਰੀ ਆਈ ਹੋਈ ਸੀ ਅਤੇ ਵੱਡੀ ਗੱਲ ਨਹੀਂ ਕਿ ਪਟਿਆਲਾ ਸ਼ਹਿਰੀ ਹਲਕੇ ਤੋਂ ਕੈਪਟਨ ਦੀ ਸੀਟ ਵੀ ਜਾਂਦੀ ਰਹੇ, ਪਰ ਮਾਲਵੇ ਦੇ ਕਈ ਪਿੰਡਾਂ ਵਿੱਚੋਂ ਘੁੰਮ ਕੇ ਉਹ ਆਇਆ ਸੀ। ਉਸਦਾ ਦਾਅਵਾ ਸੀ ਕਿ ਮਾਲਵੇ ਦੀਆਂ 69 ਸੀਟਾਂ ਵਿੱਚੋਂ ‘ਆਪ’ ਦੇ ਉਮੀਦਵਾਰਾਂ ਨੇ 50 ਦਾ ਅੰਕੜਾ ਹਰ ਹਾਲਤ ਵਿੱਚ ਪਾਰ ਕਰ ਜਾਣਾ ਸੀ। ਉਸਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਸਥਿਤੀ ‘ਆਪ’ ਲਈ ਏਨੀ ਸੁਖਾਲੀ ਨਹੀਂ, ਪਰ ਉਹ ਆਪਣੇ ਅਨੁਭਵਾਂ ਦੇ ਆਧਾਰ ’ਤੇ ਕਈ ਦਾਅਵੇ ਕਰਦਾ ਰਿਹਾ। ਨਤੀਜਿਆਂ ਨੇ ਇਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ। ਚੋਣ ਨਤੀਜਿਆਂ ਦੇ ਭਾਣੇ ਬਾਰੇ ਪ੍ਰੋ. ਸੁੱਚਾ ਸਿੰਘ ਗਿੱਲ ਵਰਗੇ ਕੁੱਝ ਸੱਜਣਾਂ ਨਾਲ ਜਦੋਂ ਗੱਲ ਕੀਤੀ ਤਾਂ ਉਹ ਇਸ ਅਕੀਦਤ ਨਾਲ ਪਹਿਲਾਂ ਹੀ ਭਾਣਾ ਮੰਨ ਚੁੱਕੇ ਸਨ ਕਿ ਜੋ ਵੀ ਹੋਇਆ, ਚੰਗਾ ਹੀ ਹੋਇਆ। ਪੰਜਾਬ ਦੀ ਜਿਸ ਕਿਸਮ ਦੀ ਹਾਲਤ ਹੈ, ਉਹ ‘ਆਪ’ ਵਾਲਿਆਂ ਦੇ ਗੇੜ ਵਿੱਚ ਆਉਣੀ ਵੀ ਨਹੀਂ ਸੀ। ਪੰਜਾਬ ਨੂੰ ਦ੍ਰਿੜ ਮਜ਼ਬੂਤ ਆਗੂ ਦੀ ਜ਼ਰੂਰਤ ਸੀ ਅਤੇ ਇਸ ਲਈ ਲੋਕਾਂ ਸਾਹਮਣੇ ਅਜਿਹੇ ਆਗੂ ਦੇ ਰੂਪ ਵਿੱਚ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਮੌਜੂਦ ਸੀ।
‘ਆਪ’ ਦੀ ਮੁਹਿੰਮ ਨੂੰ ਡੱਕਾ ਕਿਉਂ ਲੱਗਾ। ਉਸਦੇ ਰਹਿਨੁਮਾਵਾਂ ਅਤੇ ਸਮਰਥਕਾਂ ਦੀਆਂ ਉਮੀਦਾਂ ’ਤੇ ਪਾਣੀ ਕਿੰਜ ਫਿਰਿਆ। ਜਾਂ ਕਹੋ ਕਿ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਹਮਾਇਤ ਦੇ ਬਾਵਜੂਦ ‘ਆਪ’ ਕੋਲੋਂ ਕੁਤਾਹੀਆਂ ਕੀ ਹੋਈਆਂ। ਸਭ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਸਾਲ 2010-11 ਦੀ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ ਪੈਦਾਵਾਰ ਸੀ। ਅਰਵਿੰਦ ਕੇਜਰੀਵਾਲ, ਪ੍ਰਸ਼ਾਂਤ ਭੂਸ਼ਨ ਅਤੇ ਯੋਗੇਂਦਰ ਯਾਦਵ ਵਰਗੇ ਸੱਜਣਾਂ ਨਾਲ ਇਸ ਮੁਹਿੰਮ ਦਾ ਮੋਹਰੀ ਆਗੂ ਸੀ। ਉਸਦੀ ਸਮਾਜਿਕ ਪ੍ਰਤੀਬੱਧਤਾ ਦਾ ਸਬੂਤ ਇਹ ਵੀ ਹੈ ਕਿ ਅਜਿਹੇ ਉਦੇਸ਼ ਲਈ ‘ਪਰਿਵਰਤਨ’ ਨਾਂ ਦੀ ਐੱਨ. ਜੀ. ਓ. ਸੰਸਥਾ ਖ਼ੁਦ 10 ਵਰ੍ਹੇ ਪਹਿਲਾਂ, ਸਾਲ 2000 ਤੋਂ ਹੀ ਬਣਾਈ ਹੋਈ ਸੀ। ਸੂਚਨਾ ਅਧਿਕਾਰ ਸਬੰਧੀ ਕਾਨੂੰਨ ਲਈ ਮੁਹਿੰਮ ਦਾ ਉਹ ਮੋਹਰੀ ਸੀ ਅਤੇ ਉਸ ਵਰਗੇ ਲੋਕਾਂ ਦੀ ਮੁਸ਼ੱਕਤ ਦਾ ਸਦਕਾ ਹੀ ਸੀ ਕਿ ਸਾਲ 2007 ਵਿੱਚ ਉਹ ਅਹਿਮ ਕਾਨੂੰਨ ਹੋਂਦ ਵਿੱਚ ਆਇਆ। ਸਮਾਜਿਕ ਪਾਰਦਰਸ਼ਤਾ ਲਈ ਇਸੇ ਮੁਹਿੰਮ ਵਿੱਚ ਪ੍ਰਸ਼ਾਂਤ ਭੂਸ਼ਨ ਉਸ ਤੋਂ ਵੀ ਅੱਗੇ ਸੀ।  ਇਹ ਅਤੇ ਇਨ੍ਹਾਂ ਵਰਗੇ ਹੀ ਕੁਝ ਹੋਰ ਲੋਕਾਂ ਦੇ ਸਹਿਯੋਗ ਨਾਲ ਕੇਜਰੀਵਾਲ ਨੇ ਸਾਲ 2013 ਵਿੱਚ ਆਮ ਆਦਮੀ ਪਾਰਟੀ ਬਣਾਈ ਅਤੇ ਦਿੱਲੀ ਅਸੈਂਬਲੀ ਦੀਆਂ ਚੋਣਾਂ ਲੜੀਆਂ। ਇਨ੍ਹਾਂ ਲੋਕਾਂ ਦੇ ਸਹਿਯੋਗ ਨਾਲ ਹੀ ਉਸਨੇ ਸਾਲ 2014 ਦੀਆਂ ਲੋਕ ਸਭਾਈ ਚੋਣਾਂ ਦੌਰਾਨ ਸੱਜ-ਧੱਜ ਨਾਲ ਸੁਮੇਲ ਸਿੰਘ ਸਿੱਧੂ ਨੂੰ ਪਾਰਟੀ ਦੇ ਕਨਵੀਨਰ ਵੱਜੋਂ ਅੱਗੇ ਲਗਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਆਮਦ ਦਾ ਪਰਚਮ ਲਹਿਰਾਇਆ। ਪਾਰਟੀ ਲਈ ਇਹ ਮਾਣਮੱਤੀ ਸ਼ੁਰੂਆਤ ਸੀ। ਇਸੇ ਦੌਰ ਸਦਕਾ ਪਾਰਟੀ ਅੰਦਰ ਡਾ. ਧਰਮਵੀਰ ਗਾਂਧੀ ਅਤੇ ਡਾ. ਦਲਜੀਤ ਸਿੰਘ ਵਰਗੇ ਸਿੱਕੇਬੰਦ ਸਮਾਜ ਸੇਵੀ ਸੱਜਣਾਂ ਦੀ ਆਮਦ ਹੋਈ।
ਕੇਜਰੀਵਾਲ ਜੇਕਰ ਸੱਚਮੁੱਚ ਹੀ ਦੇਸ਼ ਅੰਦਰ ਯੁੱਗ ਪਲਟਾਊ ਇਤਿਹਾਸਕ ਭੂਮਿਕਾ ਲਈ ਦ੍ਰਿੜ ਸੀ ਤਾਂ ਉਸਨੂੰ ਨਿੱਜੀ ਹਉਮੈ ’ਤੇ ਪਾਰ ਪਾ ਕੇ ਅਜਿਹੇ ਸੱਜਣਾਂ ਨਾਲ ਮਿਲ ਕੇ ਕੰਮ ਕਰਨ ਵਿੱਚ ਭਲਾਂ ਕਾਹਦੀ ਦਿੱਕਤ ਹੋ ਸਕਦੀ ਸੀ, ਪਰ ਉਸਦੀ ਕਿਸਮਤ ਵਿੱਚ ਸ਼ਾਇਦ ਅਜਿਹਾ ਮਾਣ ਨਹੀਂ ਸੀ ਲਿਖਿਆ ਹੋਇਆ। ਸਾਲ 2014 ਦੀਆਂ ਚੋਣਾਂ ਦੌਰਾਨ ਹੀ ਉਸਨੇ ਸਭ ਤੋਂ ਪਹਿਲਾਂ ਸ਼ਾਇਦ ਯੋਗੇਂਦਰ ਯਾਦਵ ਨੂੰ ਜਿੱਚ ਕਰਨ ਲਈ ਸੁਮੇਲ ਸਿੰਘ ਸਿੱਧੂ ਨੂੰ ਬਿਨਾਂ ਵਜ੍ਹਾ ਪਾਸੇ ਹਟਾਇਆ। ਗੜਬੜ ਇੱਥੋਂ ਹੀ ਸ਼ੁਰੂ ਹੋ ਗਈ ਸੀ, ਪਰ ਫਿਰ ਵੀ ਸਾਲ 2015 ਦੀਆਂ ਦਿੱਲੀ ਅਸੈਂਬਲੀ ਚੋਣਾਂ ਦੌਰਾਨ ਪ੍ਰਸ਼ਾਂਤ ਅਤੇ ਯੋਗੇਂਦਰ ਅਜੇ ਉਸਦੇ ਨਾਲ ਹੀ ਸਨ। ਅਸੈਂਬਲੀ ਦੀਆਂ 70 ਸੀਟਾਂ ਵਿੱਚੋਂ 67 ਸੀਟਾਂ ਉਸ ਦੇ ਉਮੀਦਵਾਰਾਂ ਨੇ ਜਿੱਤੀਆਂ ਅਤੇ ਹਾਕਮ ਧਿਰਾਂ ਨੂੰ ਕਾਂਬੇ ਛੇੜ ਦਿੱਤੇ, ਪਰ ਕੇਜਰੀਵਾਲ ਕੋਲੋਂ ਸੰਭਲਿਆ ਨਾ ਜਾ ਸਕਿਆ। ਪ੍ਰਸ਼ਾਂਤ ਅਤੇ ਯਾਦਵ ਨੂੰ ਪਾਰਟੀ ਵਿੱਚੋਂ ਬਹੁਤ ਕੋਝੇ ਅੰਦਾਜ਼ ਨਾਲ ਬਾਹਰ ਕੱਢ ਦਿੱਤਾ ਗਿਆ। ਇਹ ਸੀ ਉਹ ਪਿਛੋਕੜ ਜਦੋਂ ਅਗਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਵਿੱਚ ਸੁੱਚਾ ਸਿੰਘ ਛੋਟੇਪੁਰ ਦੀ ਚੜ੍ਹਾਈ ਕਰਵਾਈ। ਇਸ ਛੋਟੇ ਜਿਹੇ ਅਰਸੇ ਦੌਰਾਨ ਪਾਰਟੀ ਦੀ ਜ਼ਾਬਤਾ ਕਮੇਟੀ ਦੇ ਚੇਅਰਮੈਨ ਡਾ. ਦਲਜੀਤ ਸਿੰਘ ਸਨ। ਪਾਰਟੀ ਦਾ ਜਥੇਬੰਦਕ ਢਾਂਚਾ ਬਣ ਰਿਹਾ ਸੀ। ਅਹੁਦੇਦਾਰਾਂ ਦੀਆਂ ਨਿਯੁਕਤੀਆਂ ਹੋ ਰਹੀਆਂ ਸਨ। ਅਸਲ ਵਿੱਚ ਇਹ ਉਹ ਦੌਰ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਭਵਿੱਖ ਦੀ ‘ਹੋਣੀ’ ਤੈਅ ਹੋਣੀ ਸੀ। ਡਾ. ਦਲਜੀਤ ਸਿੰਘ ਨੂੰ ਇਹੋ ਹੀ ਫਿਕਰ ਸੀ ਤੇ ਉਹੀ ਗੁਸਤਾਖ਼ੀ ਉਨ੍ਹਾਂ ਕੋਲੋਂ ਵੀ ਹੋ ਗਈ ਜਿਸ ਗੁਸਤਾਖ਼ੀ ਬਦਲੇ ਪ੍ਰਸ਼ਾਂਤ ਭੂਸ਼ਨ ਵਰਗਾ ਦਿਓ ਕੱਦ ਦਾਨਿਸ਼ਵਰ ਛਾਂਗਿਆ ਜਾ ਚੁੱਕਾ ਸੀ। ਸੋ ਜ਼ਾਬਤਾ ਕਮੇਟੀ ਚੇਅਰਮੈਨ ਨੇ ਪੰਜਾਬ ਅੰਦਰ ਜ਼ਰਾ ਕੁ ਜ਼ਾਬਤੇ ਦੀ ਜਦੋਂ ਗੱਲ ਕੀਤੀ ਤਾਂ ਕੇਂਦਰੀ ਜ਼ਾਬਤਾ ਕਮੇਟੀ ਦੇ ਮੁਖੀ ਪੰਕਜ ਗੁਪਤਾ ਨੇ ਚੇਅਰਮੈਨ ’ਤੇ ਹੀ ‘ਜ਼ਾਬਤਾ ਸ਼ਿਕਨੀ’ ਦਾ ਫਤਵਾ ਚਾੜ੍ਹ ਦਿੱਤਾ।
ਇਸੇ ਤਰ੍ਹਾਂ ਦਾ ਇੱਕ ਹੋਰ ਨੁਕਸਾਨ, ਪਾਰਟੀ ਨੇ ਗੁਰਲਾਲ ਸਿੰਘ ਨਾਂ ਦੇ ਅਨਾੜੀ ਵਕੀਲ ਵੱਲੋਂ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਖ਼ਿਲਾਫ਼ ‘ਗ਼ਲਤ’ ਅਪਰੇਸ਼ਨ ਰਾਹੀਂ ਕਰ ਲਿਆ। ਪਿਛਲਝਾਤੀ ਮਾਰਦਿਆਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ‘ਆਪ’ ਦੀ ਚੜ੍ਹਤ ਦੀ ਸਿਖ਼ਰ ਇਸਦੇ ਸ਼ੁਰੂਆਤੀ ਦੌਰ ਵਿੱਚ ਸੀ ਜਦੋਂ ਸਾਲ 2014 ਦੀਆਂ ਪਾਰਲੀਮਾਨੀ ਚੋਣਾਂ ਦੌਰਾਨ ਪਾਰਟੀ ਦੇ ਚਾਰ ਉਮੀਦਵਾਰ ਜੇਕਰ ਜਿੱਤੇ ਅਤੇ ਤਿੰਨ ਹੋਰ ਉਮੀਦਵਾਰਾਂ ਨੇ 2-2 ਲੱਖ ਤੋਂ ਵੀ ਵੱਧ ਵੋਟਾਂ ਲਈਆਂ। ਸਾਫ ਜ਼ਾਹਿਰ ਹੈ ਕਿ ਇਨ੍ਹਾਂ ਫ਼ੈਸਲਾਕੁਨ ਚੋਣਾਂ ਦੌਰਾਨ ਪਾਰਟੀ ਅੱਗੇ ਵਧਣ ਦੀ ਬਜਾਏ ਤਕੜੇ ਕਸਾਰੇ ਵਿੱਚ ਗਈ ਹੈ। ਪੰਜਾਬ ਦੇ ਲੋਕ ‘ਉਤਰ ਕਾਟੋ ਮੈਂ ਚੜ੍ਹਾਂ’ ਦੀ ਕਵਾਇਦ ਕਰਦੀਆਂ ਆ ਰਹੀਆਂ ਰਵਾਇਤੀ ਪਾਰਟੀਆਂ ਤੋਂ ਮੁਨਕਰ ਹੋ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜ਼ਬਰਦਸਤ ਹਵਾ ਬਣਾ ਚੁੱਕੇ ਸਨ ਤੇ ਖ਼ਾਸ ਕਰਕੇ ਪੇਂਡੂ ਲੋਕਾਂ ਅੰਦਰ ਪਾਰਟੀ ਪ੍ਰਤੀ ਤਕੜਾ ਸਦਭਾਵ ਸੀ, ਪਰ ਮਹਿਜ਼ ਹਵਾ ਦੀ ਸਿਆਸਤ ’ਤੇ ਕਿੰਨੀ ਕੁ ਦੇਰ ਨਿਰਭਰ ਕੀਤਾ ਜਾ ਸਕਦਾ ਹੈ।
ਪਾਰਟੀ ਨੇ ਭਾਰਤੀ ਸਿਆਸਤ ਵਿੱਚ ਸਚਿਆਰ ਹੋਣ ਦਾ ਝੰਡਾ ਚੁੱਕਿਆ ਸੀ, ਪ੍ਰੰਤੂ ਉਮੀਦਵਾਰਾਂ ਦੀ ਚੋਣ ਕਰਦਿਆਂ ਭਲਾਂ ਲੀਡਰਸ਼ਿਪ ਨੇ ਕਿੰਨੇ ਕੁ ਸਚਿਆਰ ਪ੍ਰਤੀਮਾਨ ਅਪਣਾਏ ? ਇਸ ਵਿੱਚ ਉੱਕਾ ਹੀ ਕੋਈ ਸੰਦੇਹ ਨਹੀਂ ਕਿ ਕੇਜਰੀਵਾਲ ਨੂੰ ਉਸੇ ਤਰ੍ਹਾਂ ਦੀ ਇਤਿਹਾਸਕ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਸੀ ਜਿਸ ਕਿਸਮ ਦੀ ਭੂਮਿਕਾ ਜੈ ਪ੍ਰਕਾਸ਼ ਨਰਾਇਣ ਵੱਲੋਂ 40 ਸਾਲ ਪਹਿਲਾਂ ਨਿਭਾਈ ਗਈ ਸੀ। ਜੈ ਪ੍ਰਕਾਸ਼ ਦਾ ਕਮਾਲ ਇਸ ਗੱਲ ਵਿੱਚ ਸੀ ਕਿ ਉਨ੍ਹਾਂ ਹਰ ਤਰ੍ਹਾਂ ਦੇ ਵਿਚਾਰਧਾਰਕ ਵਖਰੇਵੇਂ ਨੂੰ ਇੱਕ ਪਲੈਟਫਾਰਮ ’ਤੇ ਲੈ ਆਂਦਾ। ਇਹ ਵੱਖਰੀ ਗੱਲ ਹੈ ਕਿ ਉਹ ਤਜਰਬਾ ਬੁਰੀ ਤਰ੍ਹਾਂ ਅਸਫ਼ਲ ਰਿਹਾ। ਲੋੜ ਤਾਂ ਉਸ ਤਜਰਬੇ ਤੋਂ ਸਬਕ ਸਿੱਖਣ ਦੀ ਸੀ, ਪ੍ਰੰਤੂ ਸਬਕ ਸਿੱਖਣ ਦੀ ਬਜਾਏ ਜੈ ਪ੍ਰਕਾਸ਼ ਨਰਾਇਣ ਦੇ ਉਲਟ ਕੇਜਰੀਵਾਲ ਆਪਣੇ ਵਿਚਾਰਧਾਰਕ ਸਾਥੀਆਂ ਨੂੰ ਵੀ ਖਾਹਮਖਾਹ ਪਾਰਟੀ ਵਿੱਚੋਂ ਬਾਹਰ ਧੱਕੀ ਚਲੇ ਗਏ। ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਵੱਖ-ਵੱਖ ਡੇਰਿਆਂ ਦੇ ਸਮਰਥਨ ਲਈ ਜਾਣ ਤੋਂ ਵੀ ਸੰਕੋਚ ਨਾ ਕੀਤਾ। ਵਿਰੋਧੀਆਂ ਨੇ ਜਦੋਂ ਉਨ੍ਹਾਂ ਉੱਪਰ ‘ਤੱਤੀਆਂ’ ਧਿਰਾਂ ਨਾਲ ਨੇੜਤਾ ਰੱਖਣ ਦੇ ਦੋਸ਼ ਲਗਾਏ ਤਾਂ ਅਜਿਹੇ ਸੱਚੇ-ਝੂਠੇ ਦੋਸ਼ਾਂ ਦੇ ਖੰਡਨ ਦਾ ਵੀ ਉਨ੍ਹਾਂ ਕੋਲ ਕੋਈ ਢੁਕਵਾਂ ਤੋੜ ਨਹੀਂ ਸੀ। ਫਿਰ ਮੌੜ ਵਿਖੇ ਹੋਏ ਬੰਬ ਧਮਾਕੇ ਨੇ ਕਸਰ ਪੂਰੀ ਕੀਤੀ। ਇਹ ਧਮਾਕਾ ‘ਆਪ’ ਦੀ ਜੇਤੂ ਮੁਹਿੰਮ ਨੂੰ ਲੱਕੋਂ ਲੈ ਬੈਠਾ।
ਪੰਜਾਬ ਅੰਦਰ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਰਵਾਇਤੀ ਪਾਰਟੀਆਂ ਦੇ ਰਾਜਨੀਤਕ ਕਲਚਰ ’ਚ ਕੋਈ ਬੁਨਿਆਦੀ ਅੰਤਰ ਨਹੀਂ ਹੈ। ਕਾਦੀਆਂ, ਪੱਟੀ, ਬਾਦਲ, ਸੁਨਾਮ, ਸਰਦੂਲਗੜ੍ਹ, ਦੋਆਬਾ ਕੋਈ ਵੀ ਖੇਤਰ ਹੋਵੇ, ਲੋਕਾਂ ਸਾਹਵੇਂ ਉਂਗਲਾਂ ’ਤੇ ਗਿਣਨ ਜੋਗੇ ਕੁਝ ਪਰਿਵਾਰਾਂ ਦੇ ਮੈਂਬਰ ਹੀ ਪੀੜ੍ਹੀ ਦਰ ਪੀੜ੍ਹੀ ‘ਗੱਦੀਨਸ਼ੀਨ’ ਹੁੰਦੇ ਚਲੇ ਆ ਰਹੇ ਹਨ। ਆਮ ਲੋਕਾਂ ਅੰਦਰ ਤਾਕਤ ਦੀ ਇਸ ਰਾਜਨੀਤੀ ਵਿਰੁੱਧ ਅੰਤਾਂ ਦਾ ਆਕਰੋਸ਼ ਸੀ। ਉਹ ਕਿਸੇ ਵੀ ਕੀਮਤ ’ਤੇ ਇਸ ਚੱਕਰ ਨੂੰ ਤੋੜਨ ਲਈ ਬੇਤਾਬ ਸਨ। ਕੇਜਰੀਵਾਲ ਅਤੇ ਉਸਦੇ ਸਾਥੀ ਸੰਜੇ ਤੇ ਦੁਰਗੇਸ਼ ਨੇ ਆਪਣੀ ਸਮਝ ਅਤੇ ਸਮਰੱਥਾ ਅਨੁਸਾਰ ਇਸ ‘ਨਾਮੁਰਾਦ ਚੱਕਰਵਿਊਹ’ ਤੋਂ ਬਾਹਰ ਕੱਢਣ ਲਈ ਪੰਜਾਬ ਦੇ ਆਮ ਲੋਕਾਂ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ। ਉਹ ਅਸਫ਼ਲ ਰਹੇ, ਕੋਈ ਮਿਹਣਾ ਨਹੀਂ ਹੈ। ਮਿਹਣਾ ਇਹ ਹੈ ਕਿ ਪਹਿਲਾਂ ਪਾਰਟੀ ਅੰਦਰ ਕਿਸੇ ਵੀ ਕਿਸਮ ਦੇ ਵਖਰੇਵੇਂ ਨੂੰ ਸਤਿਕਾਰ ਦੇਣ ਅਤੇ ਫਿਰ ਉਮੀਦਵਾਰਾਂ ਦੀ ਚੋਣ ਦੇ ਮਾਮਲੇ ਵਿੱਚ ਉਨ੍ਹਾਂ ਕੋਲੋਂ ਉਕਾਈਆਂ ਹੋਈਆਂ। ਆਪਣੇ ਹੀ ਮਿੱਥੇ ਅਸੂਲਾਂ ’ਤੇ ਉਨ੍ਹਾਂ ਕੋਲੋਂ ਪੂਰਨ ਸਖ਼ਤੀ ਨਾਲ ਪਹਿਰਾ ਦਿੱਤਾ ਨਹੀਂ ਜਾ ਸਕਿਆ।
ਅਫ਼ਸੋਸ ਕੇਜਰੀਵਾਲ ਦੀ ਹਾਰ ਦਾ ਨਹੀਂ। ਅਫ਼ਸੋਸ ਤਾਂ ਉਸ ਵੱਲੋਂ ਆਪਣੇ ਹੀ ਅਸੂਲਾਂ ਦੀ ਕੀਮਤ ’ਤੇ ਹੋਈਆਂ ਕੋਤਾਹੀਆਂ ’ਤੇ ਹੈ। ਉਹ ਕੋਤਾਹੀਆਂ ਨਾ ਹੁੰਦੀਆਂ ਤਾਂ ਇਸ ਹਾਰ ਦੀ ਵੀ ਬੜੀ ਵੱਡੀ ਸ਼ਾਨ ਹੋਣੀ ਸੀ।
ਸੰਪਰਕ: 647- 982-609 


Comments Off on ਕੋਤਾਹੀਆਂ ਨਾ ਹੁੰਦੀਆਂ ਤਾਂ ਹਾਰ ’ਚ ਵੀ ਸ਼ਾਨ ਸੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.