ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਕੀੜਿਆਂ ਦੀ ਸਰਬਪੱਖੀ ਰੋਕਥਾਮ

Posted On March - 10 - 2017

ਹ.ਸ. ਰੰਧਾਵਾ*, ਮ.ਕ. ਸੈਣੀ*, ਬ.ਸ. ਗਿੱਲ* ਅਤੇ  ਸ.ਸ. ਕੰਗ**

11003cd _kadduuuuਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਲਗਪਗ 2.03 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ ਅਤੇ ਔਸਤਨ ਪੈਦਾਵਾਰ 19.68 ਟਨ ਪ੍ਰਤੀ ਹੈਕਟੇਅਰ ਹੈ। ਸੂਬੇ ਵਿੱਚ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਮਹੱਤਵਪੂਰਨ ਸਥਾਨ ਹੈ। ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਦੂਜੀਆਂ ਸਬਜ਼ੀਆਂ ਦੇ ਮੁਕਾਬਲੇ ਸੌਖੀ ਕੀਤੀ ਜਾ ਸਕਦੀ ਹੈ। ਸਬਜ਼ੀਆਂ ਵੇਲਾਂ ਦੇ ਰੂਪ ਵਿੱਚ ਵਧਦੀਆਂ-ਫੁਲਦੀਆਂ ਹਨ। ਇਸ ਲਈ ਇਨ੍ਹਾਂ ਸਬਜ਼ੀਆਂ ਨੂੰ ਖੇਤਾਂ ਤੋਂ ਇਲਾਵਾ ਕਿਸੇ ਵੀ ਫ਼ਾਲਤੂ ਜਗ੍ਹਾ ’ਤੇ ਜਿਵੇ ਕੰਧਾਂ, ਤੂੜੀ ਵਾਲੇ ਕੁੱਪ, ਪਾਥੀਆਂ ਵਾਲਾ ਗੀਰਾ ਅਤੇ ਦਰੱਖਤਾਂ ਦੇ ਨੇੜੇ ਵੀ ਉਗਾਇਆ ਜਾ ਸਕਦਾ ਹੈ। ਹੋਰ ਫ਼ਸਲਾਂ ਦੇ ਮੁਕਾਬਲੇ ਇਨ੍ਹਾਂ ਸਬਜ਼ੀਆਂ ’ਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ ਹੈ। ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਕਾਰਨ ਝਾੜ ਘਟ ਜਾਂਦਾ ਹੈ ਅਤੇ ਗੁਣਵੱਤਾ ’ਤੇ ਵੀ ਮਾੜਾ ਅਸਰ ਪੈਂਦਾ ਹੈ। ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਮੁੱਖ ਕੀੜੇ ਅਤੇ ਇਨ੍ਹਾਂ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਦੇ ਤਰੀਕੇ ਇਸ ਤਰ੍ਹਾਂ ਹਨ:
ਕੱਦੂ ਦੀ ਲਾਲ ਭੂੁੰਡੀ: ਇਹ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਬਹੁਤ ਹੀ ਖ਼ਤਰਨਾਕ ਕੀੜਾ ਹੈ, ਪਰ ਕਰੇਲੇ ਦੀਆਂ ਵੇਲਾਂ ਉੱਪਰ ਇਹ ਭੂੰਡੀ ਘੱਟ ਨੁਕਸਾਨ ਕਰਦੀ ਹੈ। ਇਸ ਭੂੰਡੀ ਦੇ ਖੰਭ ਪੀਲੇ ਸੰਤਰੀ ਰੰਗ ਦੇ ਹੁੰਦੇ ਹਨ। ਇਸ ਦੀ ਸੁੰਡੀ ਹਲਕੀ ਪੀਲੇ ਰੰਗ ਦੀ ਗੋਲ ਹੁੰਦੀ ਹੈ ਅਤੇ ਸੁੰਡੀ ਦੀਆਂ ਲੱਤਾਂ ਤੇ ਸਿਰ ਭੂਰੇ ਰੰਗ ਦੇ ਹੁੰਦੇ ਹਨ। ਮਾਦਾ ਭੂੰਡੀ ਮਿੱਟੀ ਵਿੱਚ ਪੌਦੇ ਦੀਆਂ ਜੜ੍ਹਾਂ ਕੋਲ ਅੰਡੇ ਦਿੰਦੀ ਹੈ। ਇਸ ਦਾ ਹਮਲਾ ਗਰਮੀਆਂ ਵਿੱਚ ਹੀ ਹੁੰਦਾ ਹੈ, ਪਰ ਅਪਰੈਲ ਦੇ ਮਹੀਨੇ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਜਾਂਦੀ ਹੈ। ਇਸ ਦੇ ਜਵਾਨ ਕੀੜੇ ਅਤੇ ਸੁੰਡੀਆਂ ਦੋਵੇਂ ਹੀ ਫ਼ਸਲ ਦਾ ਨੁਕਸਾਨ ਕਰਦੇ ਹਨ। ਜਵਾਨ ਕੀੜੇ (ਭੂੰਡੀਆਂ) ਪੱਤਿਆਂ ਦੇ ਉੱਪਰ ਬੇਤਰਤੀਬ ਮੋਰੀਆਂ ਬਣਾਉਂਦੇ ਹਨ।
ਇਨ੍ਹਾਂ ਦੀ ਪਹਿਲੀ ਜਵਾਨ ਪੀੜ੍ਹੀ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲੋੋਂ ਜ਼ਿਆਦਾ ਖ਼ਤਰਨਾਕ ਹੁੰਦੀ ਹੈ। ਕੀੜੇ ਦੇ ਹਮਲੇ ਵਾਲੇ ਬੂਟੇ ਬਿਲਕੁਲ ਖ਼ਤਮ ਹੋ ਜਾਂਦੇ ਹਨ ਅਤੇ ਫ਼ਸਲ ਦੀ ਬਿਜਾਈ ਦੁਬਾਰਾ ਕਰਨੀ ਪੈਂਦੀ ਹੈ। ਇਸ ਕੀੜੇ ਦੀਆਂ ਸੁੰਡੀਆਂ ਬੂਟੇ ਦੀਆਂ ਜੜ੍ਹਾਂ, ਜ਼ਮੀਨ ਵਿਚਲੇ ਤਣੇ, ਪੱਤਿਆਂ ਅਤੇ ਫਲਾਂ (ਜਿਹੜੇ ਜ਼ਮੀਨ ਨੂੰ ਛੂਹ ਰਹੇ ਹੋਣ) ਉੱਪਰ ਹਮਲਾ ਕਰਕੇ ਨੁਕਸਾਨ ਕਰਦੀਆਂ ਹਨ। ਇਸ ਨਾਲ ਇਹ ਗਲਣਾ ਸ਼ੁਰੂ ਹੋ ਜਾਂਦੇ ਹਨ। ਬਿਮਾਰ ਵੇਲਾਂ ਤੋਂਂ ਫਲ ਝੜਨੇ ਸ਼ੁਰੂ ਹੋ ਜਾਂਦੇ ਹਨ ਤੇ ਹਮਲੇ ਵਾਲੇ ਫਲ ਖਾਣ ਯੋਗ ਨਹੀਂ ਰਹਿੰਦੇ।
ਰੋਕਥਾਮ:
* ਫ਼ਸਲ ਦੇ ਖ਼ਾਤਮੇ ਤੋਂ ਬਾਅਦ ਵੇਲਾਂ ਨੂੰ ਸਾੜ ਦਿਓ ਅਤੇ ਅਤੇ ਖੇਤਾਂ ਦੀ ਡੂੰਘੀ ਵਹਾਈ ਕਰੋ।
* ਸੰਤਰੀ ਲਾਲ ਰੰਗ ਦੀਆਂ ਭੂੰਡੀਆਂ ਨੂੰ ਬੂਟਿਆਂ ਉੱਪਰੋਂ ਸਵੇਰ ਸਮੇਂ ਇਕੱਠਾ ਕਰਕੇ ਮਿੱਟੀ ਦੇ ਤੇਲ ਵਿੱਚ ਡਬੋ ਕੇ ਮਾਰੋ।
* ਭੂੰਡੀ ਦੀ ਰੋਕਥਾਮ ਲਈ 75-100 ਗ੍ਰਾਮ ਸੇਵਿਨ/ਹੈਕਸਾਵਿਨ ਨੂੰ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ 10-10 ਦਿਨਾਂ ਦੇ ਵਕਫ਼ੇ ’ਤੇ ਫ਼ਸਲ ਉੱਗਣ ਤੋਂ ਬਾਅਦ ਛਿੜਕਾਅ ਕਰੋ।
* ਫ਼ਸਲ ਉੱਗਣ ਤੋਂ ਬਾਅਦ ਇੱਕ ਵਾਰ 2.75 ਕਿਲੋ ਫਿਊਰਾਡਾਨ 3 ਜੀ ਨੂੰ 3 ਤੋਂ 4 ਸੈਂਟੀਮੀਟਰ ਡੂੰਘਾ ਬੂਟਿਆਂ ਦੇ ਨੇੜੇ ਪਾਓ ਅਤੇ ਬਾਅਦ ਵਿੱਚ ਹਲਕਾ ਪਾਣੀ ਲਾਓ।
ਤੇਲਾ: ਇਸ ਦਾ ਹਮਲਾ ਕੱਦੂ ਜਾਤੀ ਦੀਆਂ ਸਬਜ਼ੀਆਂ ’ਤੇ ਮਾਰਚ ਤੋਂ ਜੂਨ ਤਕ ਹੁੰਦਾ ਹੈ। ਤੇਲੇ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਪਰ ਬਹੁਤੀਆਂ ਕਿਸਮਾਂ ਖੰਭਾਂ ਤੋਂ ਬਿਨਾਂ ਹੁੰਦੀਆਂ ਹਨ। ਇਨ੍ਹਾਂ ਦਾ ਰੰਗ ਹਰਾ, ਭੂਰਾ, ਗੁਲਾਬੀ ਅਤੇ ਕਾਲਾ ਹੁੰਦਾ ਹੈ। ਇਨ੍ਹਾਂ ਦਾ ਆਕਾਰ ਇੱਕ ਤੋਂ ਚਾਰ ਮਿਲੀਮੀਟਰ ਤਕ ਹੁੰਦਾ ਹੈ। ਇਹ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਨਵੀਆਂ ਨਿਕਲ ਰਹੀਆਂ ਸ਼ਾਖਾਵਾਂ ’ਤੇ ਵੀ ਹਮਲਾ ਕਰਦੇ ਹਨ। ਹਮਲੇ ਕਾਰਨ ਪੱਤੇ ਇਕੱਠੇ ਹੋ ਕਿ ਸੁੱਕ ਜਾਂਦੇ ਹਨ। ਇਨ੍ਹਾਂ ਦੇ ਸਰੀਰ ਵਿੱਚੋਂ ਸ਼ਹਿਦ ਵਰਗਾ ਨਿਕਲਿਆ ਮਲ-ਮੂਤਰ ਪੱਤਿਆਂ ਉੱਪਰ ਜੰਮ ਜਾਂਦਾ ਹੈ। ਇਸ ਕਾਰਨ ਪੱਤਿਆਂ ਉੱਪਰ ਕਾਲੇ ਰੰਗ ਦੀ ਉੱਲੀ ਪੈਦਾ ਹੋ ਜਾਂਦੀ ਹੈ ਅਤੇ ਬੂਟਿਆਂ ਨੂੰ ਧੁੱਪ ਤੋਂ ਮਿਲਨ ਵਾਲੀ ਖ਼ੁਰਾਕ ਵਿੱਚ ਕਮੀ ਆ ਜਾਂਦੀ ਹੈ। ਇਸ ਨਾਲ ਵੇਲਾਂ ਦਾ ਵਾਧਾ ਰੁਕ ਜਾਂਦਾ ਹੈ। ਇਸ ਤੋਂ ਇਲਾਵਾ ਤੇਲਾ ਕਈ ਤਰ੍ਹਾਂ ਦੇ ਵਿਸ਼ਾਣੂ ਰੋਗ ਵੀ ਫੈਲਾਉਂਦਾ ਹੈ।
ਰੋਕਥਾਮ-
* ਹਰ ਸਾਲ ਫ਼ਸਲੀ ਚੱਕਰ ਵਿੱਚ ਅਦਲਾ-ਬਦਲੀ ਕਰਦੇ ਰਹੋ।
* ਜੇ ਫ਼ਸਲ ਦੀ ਪਿਛੇਤੀ ਬਿਜਾਈ ਕਰਨੀ ਹੋਵੇ ਤਾਂ ਕੱਦੂ ਜਾਤੀ ਦੀਆਂ ਪਹਿਲੀਆਂ ਬੀਜੀਆਂ ਫ਼ਸਲਾਂ ਤੋਂ ਕਾਫ਼ੀ ਦੂਰੀ ’ਤੇ ਕਰੋ।
* ਖੇਤਾਂ ਦੇ ਨੇੜਿਓਂ ਨਦੀਨਾਂ, ਵਿਸਾਣੂ ਰੋਗ ਵਾਲੀਆਂ ਖੀਰੇ ਅਤੇ ਤਰਬੂਜ਼ ਦੀਆਂ ਵੇਲਾਂ ਪੁੱਟ ਕਿ ਨਸ਼ਟ ਕਰਦੇ ਰਹੋ।
* ਫ਼ਸਲ ਨੂੰ ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਵਾਲੀਆਂ ਖਾਦਾਂ ਨਾ ਪਾਉ।
* ਬਿਜਾਈ ਵਾਸਤੇ ਤੇਲੇ ਦੇ ਹਮਲੇ ਨੂੰ ਸਹਾਰਨ ਵਾਲੀਆਂ ਕਿਸਮਾਂ ਹੀ ਚੋਣ ਕਰੋ।
* ਫ਼ਸਲ ਉੱਪਰ ਤੇਲੇ ਦਾ ਹਮਲਾ ਸ਼ੁਰੂ ਹੋਣ ਸਮੇਂ ਮੈਲਾਥੀਆਨ 50 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ ਲੋੜ ਪੈਣ ’ਤੇ 10 ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰੋ।
ਲਾਲ ਮਕੌੜਾ ਜੂੰ (ਮੱਕੜੀ): ਇਹ ਪਸ਼ੂਆਂ ਦੀ ਚਿੱਚੜ ਦੇ ਪਰਿਵਾਰ ਵਿੱਚ ਆਉਂਦੀ ਹੈ। ਇਸ ਦੇ ਸਰੀਰ ਦਾ ਰੰਗ ਹਰੇ ਤੋਂ ਗੁਲਾਬੀ ਹੁੰਦਾ ਹੈ। ਇਹ ਜੂੰ ਪੱਤਿਆਂ ਦਾ ਰਸ ਚੂਸਦੀ ਹੈ ਤੇ ਬੂਟੇ ਦੇ ਪੱਤੇ ਪੀਲੇ ਪੈ ਜਾਂਦੇ ਹਨ। ਜ਼ਿਆਦਾ ਹਮਲੇ ਦੀ ਸੂਰਤ ਵਿੱਚ ਫ਼ਸਲ ਦਾ ਝਾੜ ਬਹੁਤ ਘਟ ਜਾਂਦਾ ਹੈ। ਇਸ ਤੋਂ ਇਲਾਵਾ ਇਹ ਜੂੰ ਕਈ ਤਰ੍ਹਾਂ ਦੇ ਵਿਸ਼ਾਣੂ ਰੋਗ ਵੀ ਫੈਲਾਉਂਦੀ ਹੈ।
ਰੋਕਥਾਮ-
* ਮਿੱਤਰ ਕੀੜਿਆਂ (ਵੈਸਟਰਨ ਮਾਈਟ, ਸਿਕਸ ਸਪੋਟਟਡ ਥਰਿਪ, ਲੇਡੀ ਬਰਡ ਬੀਟਲ, ਲੇਸਵਿੰਗ ਆਦਿ) ਦੀ ਗਿਣਤੀ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰੋ।
* ਫ਼ਸਲ ਦੇ ਆਲੇ-ਦੁਆਲੇ ਵੱਟਾਂ ਅਤੇ ਰਸਤਿਆਂ ਨੂੰ ਨਦੀਨਾਂ ਤੋਂ ਮੁਕਤ ਰੱਖੋ।
* ਫ਼ਸਲ ਨੂੰ ਔੜ ਲੱਗਣ ਤੋਂ ਬਚਾ ਕੇ ਰੱਖੋ।
* ਫ਼ਸਲ ਨੂੰ ਉੱਗਣ ਤੋਂ ਤੁਰੰਤ ਬਾਅਦ ਜੂੰ ਦੇ ਹਮਲੇ ਦੀ ਨਿਗਰਾਨੀ ਸ਼ੁਰੂ ਕਰ ਦਿਓ। ਜੂੰ ਦੇ ਜਾਲੇ ਬਣਨ ਤੋਂ ਪਹਿਲਾਂ ਹੀ ਫ਼ਸਲ ਉੱਪਰ ਛਿੜਕਾਅ ਸ਼ੁਰੂ ਕਰ ਦਿਓ।
* ਫ਼ਸਲ 200 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ (ਆਕਸੀਡੋਮੀਟੋਨ ਮੀਥਾਈਲ) ਤਾਕਤ ਜਾਂ ਰੋਗਰ 30 ਈ ਸੀ (ਡਾਈਮੈਥੋਏਟ) ਨੂੂੰ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕਤ ਦੇ ਹਿਸਾਬ ਨਾਲ ਵੇਲਾਂ ਉੱਪਰ ਛਿੜਕਾਅ ਕਰੋ।
ਫਲ ਦੀ ਮੱਖੀ: ਇਹ ਕੱਦੂ ਜਾਤੀ ਸਬਜ਼ੀਆਂ ਦਾ ਮੁੱਖ ਕੀੜਾ ਹੈ। ਮੱਖੀ ਦਾ ਰੰਗ ਲਾਲ ਭੂਰਾ ਅਤੇ ਚਮਕਦਾਰ ਹੁੰਦਾ ਹੈ। ਇਹ ਮੱਖੀ ਭੋਜਨ ਦੀ ਭਾਲ ਵਿੱਚ ਬੜੀ ਲੰਬੀ ਦੂੂਰ ਤਕ ਉਡਾਰੀ ਮਾਰ ਸਕਦੀ ਹੈ। ਜਵਾਨ ਮੱਖੀਆਂ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਨਹੀਂ ਕਰਦੀਆਂ ਕਿਉਂਕਿ ਇਹ ਤੇਲੇ ਦੇ ਸਰੀਰ ਵਿੱਚੋਂ ਨਿਕਲੇ ਮਲ ਮੂਤਰ ’ਤੇ ਹੀ ਗੁਜ਼ਾਰਾ ਕਰਦੀਆਂ ਹਨ ਪਰ ਇਸ ਦੀਆਂ ਸੁੰਡੀਆਂ ਫਲਾਂ ਦਾ ਨੁਕਸਾਨ ਕਰਦੀਆਂ ਹਨ। ਹਮਲੇ ਵਾਲੇ ਫਲ ਛੋਟੇ ਰਹਿ ਜਾਂਦੇ ਹਨ ਤੇ ਦਿੱਖ ਵਿਗੜ ਜਾਂਦੀ ਹੈ। ਫਲ ਵੇਲਾਂ ਤੋਂ ਵੱਖ ਹੋ ਜਾਂਦੇ ਹਨ। ਹਮਲੇ ਵਾਲੇ ਫਲਾਂ ਵਿੱਚ ਗਾਲਾ ਪੈ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਉੱਲੀਆਂ ਵੀ ਪੈਦਾ ਹੋ ਜਾਂਦੀਆਂ ਹਨ। ਫਲ ਖਾਣ ਯੋਗ ਨਹੀਂ ਰਹਿੰਦੇ।
ਰੋਕਥਾਮ-
* ਹਮਲੇ ਵਾਲੇ ਫਲ ਤੋੜ ਕੇ ਜ਼ਮੀਨ ਵਿੱਚ ਡੂੰਘੇ ਦਬਾ ਦਿਉ।
* ਫ਼ਸਲ ਦੇ ਖ਼ਾਤਮੇ ਤੋਂ ਬਾਅਦ ਖੇਤ ਦੀ ਡੂੰਘੀ ਵਹਾਈ ਕਰੋ।
* ਫ਼ਸਲ ਵਿੱਚ ਮੱਖੀਆਂ ਨੂੰ ਕਾਬੂ ਕਰਨ ਲਈ ਫੀਰੋਮੋਨ ਟਰੈਪ ਲਗਵਾਉ।
* ਇਸ ਕੀੜੇ ਦੀ ਰੋਕਥਾਮ ਲਈ 20 ਮਿਲੀਲਿਟਰ ਮੈਲਾਥੀਆਨ 50 ਤਾਕਤ ਤੇ 200 ਗ੍ਰਾਮ ਖੰਡ ਜਾਂ ਗੁੜ 20 ਲਿਟਰ ਪਾਣੀ ਵਿੱਚ ਘੋਲ ਕੇ ਹਰ ਹਫ਼ਤੇ ਛਿੜਕਾਅ ਕਰੋ। ਵੇਲਾਂ ਵਿੱਚ 8 ਤੋਂ 10 ਮੀਟਰ ਦੀ ਵਿੱਥ ’ਤੇ ਬੀਜੀਆਂ ਮੱਕੀ ਦੀਆਂ ਕਤਾਰਾ ਉੱਪਰ ਦੱਸੀਆਂ ਰਸਾਇਣਾਂ ਦਾ ਘੋਲ ਮੱਕੀ ਦੇ ਪੱਤਿਆਂ ’ਤੇ ਛਿੜਕਣ ਨਾਲ ਇਸ ਦਾ ਮੱਖੀ ਦਾ ਹਮਲਾ ਰੋਕਿਆ ਜਾ ਸਕਦਾ ਹੈ।

*ਰਿਜਨਲ ਕੇਂਦਰ, ਪੀ.ਏ.ਯੂ., ਗੁਰਦਾਸਪੁਰ।
**ਪੌਦਾ ਰੋਗ ਵਿਭਾਗ, ਪੀ.ਏ.ਯੂ., ਲੁਧਿਆਣਾ।


Comments Off on ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਕੀੜਿਆਂ ਦੀ ਸਰਬਪੱਖੀ ਰੋਕਥਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.