ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਖ਼ੁਸ਼ੀ ਦੇ ਅੰਗ ਸੰਗ

Posted On March - 18 - 2017

ਡਾ. ਜਗਦੀਸ਼ ਕੌਰ ਵਾਡੀਆ

10703cd _happyਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ, ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਜਿਸ ਵਿੱਚ ਕਈ ਗੁਣਾਂ ਦਾ ਸੁਮੇਲ ਹੁੰਦਾ ਹੈ। ਜਿਵੇਂ ਮਨੋਰੰਜਨ, ਦਿਲਚਸਪੀ, ਜੋਸ਼, ਉਤਸ਼ਾਹ, ਉਤਸੁਕਤਾ, ਪ੍ਰਾਪਤੀ, ਸੰਤੁਸ਼ਟੀ, ਮਨ ਦੀ ਸ਼ਾਂਤੀ ਆਦਿ। ਉਸ ਦੀ ਇੱਛਾ ਹੁੰਦੀ ਹੈ ਕਿ ਜੀਵਨ ਵਿੱਚ ਖ਼ੂਬਸੂਰਤੀ, ਗਰਮਜੋਸ਼ੀ, ਹਿੰਮਤ, ਤਾਕਤ, ਸਮਰੱਥਾ ਤੇ ਕਿਰਿਆਸ਼ੀਲਤਾ ਕਾਇਮ ਰਹੇ। ਉਸ ਵਿੱਚ ਉਚੇਰੀ ਪੱਧਰ ਦਾ ਸਰੀਰਕ ਬਲ, ਮਾਨਸਿਕ ਸੰਤੁਲਨ ਤੇ ਆਤਮਿਕ ਬਲ ਹੋਵੇ ਤਾਂ ਕਿ ਉਹ ਜੋਸ਼-ਖਰੋਸ਼ ਨਾਲ ਰੋਜ਼ਾਨਾ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਅ ਸਕੇ। ਇਸ ਲਈ ਜੀਵਨ ਵਿੱਚ ਖ਼ੁਸ਼ੀ, ਉਮੰਗ ਤੇ ਆਨੰਦ ਹੋਣਾ ਜ਼ਰੂਰੀ ਹੈ। ਇਹ ਵਿਸ਼ੇਸ਼ਤਾਵਾਂ ਰਾਹ ਵਿੱਚ ਆਉਂਦੀ ਹਰ ਔਕੜ ਉੱਤੇ ਕਾਬੂ ਪਾਉਣ ਅਤੇ ਜਿੱਤ ਹਾਸਲ ਕਰਨ ਦੀ ਸਮਰੱਥਾ ਪੈਦਾ ਕਰਦੀਆਂ ਅਤੇ ਪਰਿਪੱਕਤਾ ਲਿਆਉਂਦੀਆਂ ਹਨ।
ਇਹ ਸਚਾਈ ਹੈ ਕਿ ਜੇ ਨਾਂਹਪੱਖੀ ਵਿਚਾਰ ਜਾਂ ਭਾਵਨਾਵਾਂ ਸਰੀਰ ਵਿੱਚ ਨਾਕਾਰਾਤਮਕ ਤਬਦੀਲੀਆਂ ਲਿਆਉਂਦੀਆਂ ਹਨ ਤਾਂ ਸਾਕਾਰਾਤਮਕ ਵਿਚਾਰ ਤੇ ਸੋਚ ਹਾਂ-ਪੱਖੀ ਪਰਿਵਰਤਨ ਜ਼ਰੂਰ ਲਿਆਉਂਦੀ ਹੈ। ਇੱਕ ਅਪਾਹਜ ਵਿਅਕਤੀ ਜੇ ਹਰ ਵੇਲੇ ਉਦਾਸ ਤੇ ਨਾਂਹ-ਪੱਖੀ ਸੋਚ ਰੱਖੇਗਾ ਤਾਂ ਉਸ ਦਾ ਜਿਊਣਾ ਮੁਸ਼ਕਲ ਹੋ ਜਾਏਗਾ, ਪਰ ਜੇ ਉਹ ਖ਼ੁਸ਼ੀ, ਆਨੰਦ ਤੇ ਉਤਸ਼ਾਹ ਭਰਪੂਰ ਰਹੇਗਾ ਤਾਂ ਇਹ ਵਿਸ਼ੇਸ਼ਤਾਵਾਂ ਉਸ ਲਈ ਥੈਰੇਪੀ ਸਾਬਤ ਹੋਣਗੀਆਂ। ਜੀਵਨ ਵਿੱਚ ਪਿਆਰ, ਆਸ, ਵਿਸ਼ਵਾਸ, ਹਾਸਾ-ਠੱਠਾ, ਸਵੈ-ਵਿਸ਼ਵਾਸ ਤੇ ਮਜ਼ਬੂਤ ਇੱਛਾ ਸ਼ਕਤੀ ਇੱਕ ਥੈਰੇਪੀ ਦਾ ਕੰਮ ਕਰਦੀਆਂ ਹਨ। ਮਨੋਵਿਗਿਆਨੀ ਵੀ ਮੰਨਦੇ ਹਨ ਕਿ ਦੁੱਖ-ਤਕਲੀਫ਼ ਤੇ ਔਖੇ ਵੇਲੇ ਦਿਲ ਢਾਹ ਕੇ ਬੈਠਣ ਦੀ ਬਜਾਏ ਹਾਸੇ ਮਜ਼ਾਕ ਵਾਲੀਆਂ ਪਿਕਚਰਾਂ ਵੇਖੋ, ਪੁਸਤਕਾਂ ਪੜ੍ਹੋ ਤੇ ਖੁੱਲ੍ਹ ਕੇ ਹੱਸੋ, ਹਾਸਾ ਵਧੀਆ ਦਵਾਈ ਹੈ। ਦਸ ਮਿੰਟ ਦਾ ਹਾਸਾ ਦੋ ਘੰਟੇ ਲਈ ਆਰਾਮਦਾਇਕ ਨੀਂਦ ਲਿਆ ਸਕਦਾ ਹੈ। ਹਾਂ-ਪੱਖੀ ਸੋਚ ਦਵਾਈਆਂ ਦੇ ਮੁਕਾਬਲੇ ਬਿਮਾਰੀ ਉੱਤੇ ਕਾਬੂ ਪਾਉਣ ਲਈ ਵਧੇਰੇ ਸਮਰੱਥ ਹੁੰਦੀ ਹੈ। ਜੇ ਮਨ ਵਿੱਚ ਖ਼ੁਸ਼ੀ ਦੀ ਉਮੰਗ ਤੇ ਸਾਕਾਰਾਤਮਕ ਵਿਚਾਰ ਹੋਣ ਤਾਂ ਸਰੀਰ ਚੁਸਤ-ਫੁਰਤ ਤੇ ਤੰਦਰੁਸਤ ਰਹਿੰਦਾ ਹੈ। ਦਿਮਾਗ਼ ਵਿੱਚੋਂ ਕਮਜ਼ੋਰੀ ਨੂੰ ਕੱਢਣਾ, ਤਕਲੀਫ਼ ਤੋਂ ਰਾਹਤ ਪਾਉਣੀ, ਸਰੀਰ ਵਿੱਚ ਖ਼ੂਨ ਦਾ ਉਚਿਤ ਦੌਰਾ ਹੋਣਾ, ਦਿਲ ਦਾ ਸਹੀ ਢੰਗ ਨਾਲ ਕੰਮ ਕਰਨਾ ਤੇ ਖ਼ੂਨ ਦੇ ਦਬਾਅ ਨੂੰ ਸਥਿਰ ਰੱਖਣ ਲਈ ਸਾਰੇ ਸਰੀਰ ਵਿੱਚ ਖ਼ੁਸ਼ੀ ਦੀਆਂ ਤਰੰਗਾਂ ਉੱਠਣੀਆਂ ਚਾਹੀਦੀਆਂ ਹਨ।
ਉਦਾਸ ਤੇ ਮਾਯੂਸ ਮਨੁੱਖ ਜੇ ਰੋਜ਼ ਕੁਝ ਮਿੰਟਾਂ ਲਈ ਮਨ ਵਿੱਚ ਖ਼ੁਸ਼ੀ ਨੂੰ ਮਹਿਸੂਸ ਕਰਨ ਤਾਂ ਕਾਫ਼ੀ ਹੱਦ ਤਕ ਠੀਕ ਹੋ ਸਕਦੇ ਹਨ। ਚੇਤੰਨਤਾ ਦੇ ਹਰ ਮਾਰਗ ਰਾਹੀਂ ਖ਼ੁਸ਼ੀ ਜਾਂ ਆਨੰਦ ਦਾ ਭਾਵ ਪੈਦਾ ਹੋਣ ਨਾਲ ਖ਼ੂਨ ਦਾ ਦੌਰਾ ਪ੍ਰਭਾਵਿਤ ਹੁੰਦਾ ਹੈ ਜੋ ਸਾਡੀ ਨਸ-ਨਸ ਵਿੱਚ ਵਹਿੰਦਾ ਹੈ। ਖ਼ੁਸ਼ ਰਹਿਣ ਨਾਲ ਪੀਲੇ, ਲਾਲ, ਸੈੱਲ ਗੂੜ੍ਹੇ ਰੰਗ ਦੇ ਹੋ ਜਾਂਦੇ ਹਨ। ਜੇ ਜੀਵਨ ਨੂੰ ਸਹਿਜ, ਸਬਰ ਤੇ ਸ਼ਾਂਤ ਢੰਗ ਨਾਲ ਵੇਖਾਂਗੇ ਤਾਂ ਖੁਦ ਨੂੰ ਸਕੂਨ ਮਿਲੇਗਾ।
ਖ਼ੁਸ਼ੀ ਦੇ ਅੰਗ-ਸੰਗ ਰਹਿਣ ਲਈ ਕੁਝ ਨੁਕਤੇ ਹਨ ਜਿਨ੍ਹਾਂ ਉੱਤੇ ਜੀਵਨ ਵਿੱਚ ਅਮਲ ਕਰਨਾ ਜ਼ਰੂਰੀ ਹੈ ਜਿਵੇਂ ਸਕਾਰਾਤਮਕ ਸੋਚ ਰੱਖਣੀ, ਸਵੇਰੇ ਉੱਠ ਕੇ ਦੋ ਮਿੰਟ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਣਾ, ਖੁਸ਼ਹਾਲ ਵਿਚਾਰਾਂ ਨੂੰ ਮਨ ਵਿੱਚ ਲਿਆਉਣਾ ਤੇ ਥੋੜ੍ਹੀ ਦੇਰ ਜੀਵਨ ਵਿੱਚ ਦਰਪੇਸ਼ ਮਸਲਿਆਂ ਨੂੰ ਵਿਚਾਰਨਾ। ਸਾਰੇ ਦਿਨ ਵਿੱਚ ਜਦੋਂ ਜੀਅ ਕਰੇ ਇੱਕ ਦੋ ਖ਼ੁਸ਼ੀ ਦੇ ਗੀਤ ਗਾਉਣੇ, ਕਥਾ-ਕੀਰਤਨ ਸੁਣਨਾ ਤੇ ਸ਼ਬਦ ਗਾਉਣੇ ਜਿਨ੍ਹਾਂ ਨਾਲ ਆਤਮਿਕ, ਮਾਨਸਿਕ ਤੇ ਸਰੀਰਕ ਸ਼ਾਂਤੀ ਮਿਲੇਗੀ। ਨਹਾਉਂਦੇ ਵਕਤ ਧਾਰਮਿਕ ਗੀਤ ਜਾਂ ਸ਼ਬਦ ਬੋਲ ਕੇ ਮਨ ਨੂੰ ਅੰਦਰੋਂ ਸਾਫ਼ ਕਰੋ। ਹਰ ਚੀਜ਼ ਵਿੱਚ ਰੁਮਾਂਸ ਤੇ ਸ਼ਾਨੋ-ਸ਼ੌਕਤ ਨੂੰ ਮਹਿਸੂਸ ਕਰਨਾ ਜਿਵੇਂ ਕਿ ਧੁੰਦ, ਰੌਸ਼ਨੀ, ਕਿਸ਼ਤੀਆਂ ਵੱਲ ਵੇਖਣਾ ਜਾਂ ਜਦੋਂ ਰੌਸ਼ਨੀ ਧੁੰਦ ਵਿੱਚ ਬਦਲ ਰਹੀ ਹੋਵੇ, ਉਸਨੂੰ ਨਿਹਾਰੋ। ਮਹਿਸੂਸ ਕਰੋ ਕਿ ਸਾਰਾ ਸੰਸਾਰ ਹੀ ਖ਼ੂਬਸੂਰਤੀ ਤੇ ਆਵੇਸ਼ ਨਾਲ ਭਰਪੂਰ ਹੈ। ਸਦਾ ਇਹ ਮਨ ਵਿੱਚ ਰੱਖੋ ਕਿ ਅਸੀਂ ਪ੍ਰਮਾਤਮਾ ਦੇ ਬੱਚੇ ਹਾਂ ਅਤੇ ਉਹ ਸਾਨੂੰ ਖ਼ੁਸ਼ ਰੱਖੇਗਾ।
ਸਵੇਰੇ ਉੱਠ ਕੇ ਚੰਗੀਆਂ ਖ਼ਬਰਾਂ ਬਾਰੇ ਸੋਚੋ। ਚੰਗੀਆਂ ਚੀਜ਼ਾਂ, ਚੰਗੇ ਲੋਕਾਂ ਬਾਰੇ ਸੋਚੋ ਤੇ ਜਿਹੜਾ ਵੀ ਚੰਗਾ ਅਵਸਰ ਮਿਲੇ ਉਸ ਨੂੰ ਮਾਣੋ। ਆਪਣੇ ਆਪ ’ਤੇ ਭਰੋਸਾ ਰੱਖੋ ਅਤੇ ਉਮੰਗ ਵਾਲਾ ਫਾਰਮੂਲਾ ਅਪਣਾ ਕੇ ਆਪਣੇ ਆਪ ਨੂੰ ਪਹਿਲਾਂ ਨਾਲੋਂ ਚੰਗਾ ਮਹਿਸੂਸ ਕਰੋ। ਆਪਣਾ ਸਮਰਥਨ ਆਪ ਕਰੋ। ਕੰਮ ਵੀ ਉਤਸ਼ਾਹ ਨਾਲ ਕਰੋ ਤੇ ਦੂਸਰਿਆਂ ਨੂੰ ਅਹਿਸਾਸ ਕਰਵਾਓ ਕਿ ਜੀਵਨ ਬਹੁਤ ਮਹੱਤਵਪੂਰਨ ਹੈ। ਸੋ ਖੁਸ਼ੀਆਂ ਹਾਸਲ ਕਰੋ, ਖੁਸ਼ੀਆਂ ਵੰਡੋ, ਖੁਸ਼ੀਆਂ ਭਰਪੂਰ ਜੀਵਨ ਜੀਓ।

ਸੰਪਰਕ: 98555-84298


Comments Off on ਖ਼ੁਸ਼ੀ ਦੇ ਅੰਗ ਸੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.