ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਖੋਲ੍ਹੋ ਅੰਦਰਲੀ ਸੁੰਦਰਤਾ ਦੇ ਬੂਹੇ

Posted On March - 11 - 2017

ਸੰਤੋਖ ਸਿੰਘ ਭਾਣਾ
12802cd _sad newਅਸੀਂ ਆਪਣੇ ਭਵਿੱਖ ਨੂੰ ਸੋਚ-ਸੋਚ ਕੇ ਇੰਨੇ ਚਿੰਤਤ ਰਹਿੰਦੇ ਹਾਂ ਕਿ ਆਪਣੇ ਵਰਤਮਾਨ ਨੂੰ ਵੀ ਚੰਗੀ ਤਰ੍ਹਾਂ ਨਹੀਂ ਜੀਅ ਸਕਦੇ। ਅਸੀਂ ਉਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਹੀ ਪ੍ਰੇਸ਼ਾਨ ਹੋਏ ਰਹਿੰਦੇ ਹਾਂ ਜੋ ਭਵਿੱਖ ’ਚ ਕੀਤੇ ਜਾਣੇ ਹਨ। ਸਾਰੇ ਦਾਰਸ਼ਨਿਕ ਅਤੇ ਅਧਿਆਤਮਕ ਗੁਰੂ ਅੱਜ ਤਕ ਇਹੀ ਸਲਾਹਾਂ ਦਿੰਦੇ ਆਏ ਹਨ ਕਿ ਭਵਿੱਖ ਦੀ ਚਿੰਤਾ ਨਾ ਕਰੋ ਅਤੇ ਆਪਣੇ ਵਰਤਮਾਨ ਦਾ ਆਨੰਦ ਮਾਨਣ ਦਾ ਯਤਨ ਕਰੋ। ਜੇਕਰ ਅਸੀਂ ਖੁਸ਼ਹਾਲ ਜੀਵਨ ਜਿਊਣਾ ਚਾਹੁੰਦੇ ਹਾਂ ਤਾਂ ਦਿਨ ਦੇ ਹਰੇਕ ਪਲ ਦਾ ਆਨੰਦ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਉਸ ਅਣਦੇਖੇ ਭਵਿੱਖ ਦੀ ਚਿੰਤਾ ’ਚ ਵਿਅਰਥ ਨਹੀਂ ਗੁਆਉਣਾ ਚਾਹੀਦਾ, ਜਿਸ ਦੀ ਹੋਂਦ ਕੇਵਲ ਸਾਡੀ ਕਲਪਨਾ ਹੈ।
ਸਚਾਈ ਤਾਂ ਇਹ ਹੈ ਕਿ ਅਸੀਂ ਵਰਤਮਾਨ ਨੂੰ ਇੰਨੇ ਹਲਕੇ ਢੰਗ ਨਾਲ ਲੈਂਦੇ ਹਾਂ ਕਿ ਇਸ ਬਾਰੇ ਸੋਚਦੇ ਹੀ ਨਹੀਂ। ਸਾਡਾ ਪੂਰਾ ਧਿਆਨ ਅਣਦੇਖੇ ਭਵਿੱਖ ਵੱਲ ਲੱਗਿਆ ਰਹਿੰਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਭਵਿੱਖ ਦੀ ਅੰਨ੍ਹੀ ਦੌੜ ’ਚ ਝੋਕ ਦਿੰਦੇ ਹਾਂ ਅਤੇ ਉਨ੍ਹਾਂ ਦੇ ਬਚਪਨ ਦੀਆਂ ਕਲੀਆਂ ਨੂੰ ਮਹਿਕਣ ਤੋਂ ਪਹਿਲਾਂ ਹੀ ਫੁੱਲ ਬਣਾ ਦੇਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ। ਅਸੀਂ ਇਸ ਬਾਰੇ ਸਦਾ ਚਿੰਤਤ ਰਹਿੰਦੇ ਹਾਂ ਕਿ ਕੱਲ੍ਹ ਨੂੰ ਕੁਝ ਅਜਿਹਾ ਨਾ ਵਾਪਰ ਜਾਵੇ ਕਿ ਸਾਡਾ ਭਵਿੱਖ ਧੁੰਦਲਾ ਹੋ ਜਾਵੇ। ਇਸੇ ਚਿੰਤਾ ’ਚ ਵਰਤਮਾਨ ਦੇ ਬਹੁਮੁੱਲੇ ਅਤੇ ਕੀਮਤੀ ਪਲ ਸਾਡੀ ਮੁੱਠੀ ’ਚੋਂ ਰੇਤ ਵਾਂਗ ਕਿਰਦੇ ਜਾਂਦੇ ਹਨ।
ਜ਼ਿੰਦਗੀ ਕਿਸੇ ਨੂੰ ਦੂਸਰਾ ਮੌਕਾ ਨਹੀਂ ਦਿੰਦੀ। ਬਰਬਾਦ ਹੋਏ ਪਲ ਦਾ ਅਰਥ ਹੈ, ਇੱਕ ਸ਼ਾਨਦਾਰ ਮੌਕਾ ਭਸਮ ਕਰ ਦੇਣਾ। ਆਪਣੇ ਵੱਸੋਂ ਬਾਹਰ ਦੀਆਂ ਗੱਲਾਂ ਬਾਰੇ ਸੋਚ-ਸੋਚ ਚਿੰਤਤ ਰਹਿਣ ਨਾਲੋਂ ਕੇਵਲ ਇੱਕ ਚੀਜ਼ ਹੀ ਥੋਕ ’ਚ ਮਿਲ ਸਕਦੀ ਹੈ। ਉਹ ਹੈ- ਤਣਾਅ। ਜ਼ਿੰਦਗੀ ’ਚ ਅਫ਼ਸੋਸ ਇਸ ਲਈ ਪੈਦਾ ਹੁੰਦਾ ਹੈ ਕਿ ‘ਅਸੀਂ ਇਹ ਨਹੀਂ ਕਰ ਸਕੇ, ਜੇਕਰ ਕਰ ਲੈਂਦੇ ਤਾਂ ਸ਼ਾਇਦ ਅਜਿਹਾ ਹੋ ਜਾਂਦਾ।’ ਅਜਿਹੀ ਮਾਨਸਿਕਤਾ ਨਾ ਕੇਵਲ ਸਾਨੂੰ ਮੁਸ਼ਕਿਲਾਂ ’ਚ ਪਾ ਸਕਦੀ ਹੈ, ਬਲਕਿ ਇਹ ਇੱਕ ਕਿਸਮ ਦਾ ਅਨਿਆਂ ਹੈ ਜੋ ਅਸੀਂ ਹੋਰ ਕਿਸੇ ਨਾਲ ਨਹੀਂ ਸਗੋਂ ਆਪਣੇ-ਆਪ ਨਾਲ ਕਰਦੇ ਹਾਂ। ਬੀਤੇ ਸਮੇਂ ਬਾਰੇ ਸੋਚਣ ਨਾਲ ਮਨ ’ਚ ਤਰ੍ਹਾਂ-ਤਰ੍ਹਾਂ ਦੀਆਂ ਭਾਵਨਾਵਾਂ ਉੱਠਦੀਆਂ ਹਨ। ਇਹ ਦੁਖਦ, ਅਫ਼ਸੋਸਨਾਕ, ਖ਼ੁਸ਼ੀਆਂ ਜਾਂ ਸ਼ਰਮ ਨਾਲ ਭਰੀਆਂ ਵੀ ਹੋ ਸਕਦੀਆਂ ਹਨ। ਇਹ ਤਾਂ ਤੈਅ ਹੈ ਕਿ ਅਸੀਂ ਬੀਤੇ ਕੱਲ੍ਹ ਨੂੰ ਬਦਲ ਨਹੀਂ ਸਕਦੇ। ਇਸ ਲਈ ਇਨ੍ਹਾਂ ਯਾਦਾਂ ਨਾਲ ਨਾ ਹੀ ਉਲਝਿਆ ਜਾਵੇ ਤਾਂ ਠੀਕ ਹੈ। ਭੂਤਕਾਲ ਦੀਆਂ ਗ਼ਲਤੀਆਂ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਅਤੇ ਮਨ ’ਚ ਇਹ ਪੱਕੀ ਧਾਰਨਾ ਬਣਾ ਲੈਣੀ ਚਾਹੀਦੀ ਹੈ ਕਿ ਅਸੀਂ ਇਨ੍ਹਾਂ ਨੂੰ ਫਿਰ ਨਹੀਂ ਦੁਹਰਾਵਾਂਗੇ।
ਸਾਨੂੰ ਆਪਣੇ ਵਰਤਮਾਨ ਪ੍ਰਤੀ ਜਾਗਰੂਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਕਿਸੇ ਵੱਡੀ ਖ਼ੁਸ਼ੀ ਦੀ ਉਡੀਕ ਵਿੱਚ ਛੋਟੀਆਂ-ਛੋਟੀਆਂ ਖ਼ੁਸ਼ੀਆਂ ਨੂੰ ਅਣਦੇਖਿਆ ਨਹੀਂ ਕਰ ਦੇਣਾ ਚਾਹੀਦਾ। ਕਈ ਵਾਰ ਕਿਸੇ ਹੋਰਨਾਂ ਦੇ ਮੁਕਾਬਲੇ ਸਾਡੇ ਵਿੱਚ ਕਿਸੇ ਚੀਜ਼ ਦੀ ਘਾਟ ਹੁੰਦੀ ਹੈ ਤਾਂ ਅਸੀਂ ਇਸ ਪ੍ਰਤੀ ਅੰਦਰੋਂ-ਅੰਦਰ ਇੰਨਾ ਜ਼ਿਆਦਾ ਰਿੱਝਦੇ ਰਹਿੰਦੇ ਹਾਂ ਕਿ ਸਾਨੂੰ ਕੋਈ ਖ਼ੁਸ਼ੀ ਪ੍ਰਭਾਵਿਤ ਹੀ ਨਹੀਂ ਕਰ ਸਕਦੀ। ਜੇਕਰ ਸਾਡੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਚੰਗੀ ਪਛਾਣ ਅਤੇ ਇੱਜ਼ਤ ਹੈ, ਪਰਿਵਾਰ ਦਾ ਹਰ ਇੱਕ ਜੀਅ ਸਾਨੂੰ ਪਿਆਰ ਅਤੇ ਸਤਿਕਾਰ ਕਰਦਾ ਹੈ ਤਾਂ ਇਹ ਸੋਚ ਕੇ ਉਦਾਸ ਹੋਣ ਦੀ ਕੀ ਜ਼ਰੂਰਤ ਹੈ ਕਿ ਦੁਨੀਆਂ ਸਾਡੇ ਬਾਰੇ ਕੀ ਸੋਚਦੀ ਹੈ? ਕਿਸੇ ਵੀ ਆਦਮੀ ਦੀਆਂ ਖੁਸ਼ੀਆਂ ਵਿਚਕਾਰ ਖੁਦ ਉਸ ਦਾ ਆਪਣਾ ਭੈਅ ਸਭ ਤੋਂ ਵੱਡੀ ਦੀਵਾਰ ਬਣ ਕੇ ਆ ਖੜ੍ਹਦਾ ਹੈ। ਸਭ ਤੋਂ ਵੱਡਾ ਸੰਕੋਚ ਤਾਂ ਇਹ ਹੈ ਕਿ ਜੇਕਰ ਕੁਝ ਕਰ ਲਿਆ ਤਾਂ ਲੋਕੀਂ ਕੀ ਕਹਿਣਗੇ? ਸਚਾਈ ਤਾਂ ਇਹ ਹੈ ਕਿ ਤੁਸੀਂ ਕੁਝ ਵੀ ਕਰ ਲਓ, ਲੋਕੀਂ ਕੁਝ ਨਾ ਕੁਝ ਤਾਂ ਕਹਿਣਗੇ ਹੀ। ਜੇਕਰ ਤੁਸੀਂ ਕਹਿਣ ਵਾਲਿਆਂ ਦਾ ਫਿਕਰ ਕਰੋਗੇ ਤਾਂ ਵੀ ਉਨ੍ਹਾਂ ਨੇ ਲੱਤਾਂ ਖਿੱਚਣ ਤੋਂ ਬਾਜ਼ ਨਹੀਂ ਆਉਣਾ। ਇਸ ਲਈ ਆਪਣੇ ਭੈਅ ਤੋਂ ਬਾਹਰ ਨਿਕਲ ਕੇ ਖ਼ੁਦ ਦੀ ਜ਼ਿੰਦਗੀ ਜਿਊਣਾ ਸਿੱਖੋ। ਯਾਦ ਰੱਖੋ ਕਿ ਜੇਕਰ ਲੋਕੀਂ ਤੁਹਾਡੀ ਜ਼ਿੰਦਗੀ ਉੱਪਰ ਕੋਈ ਟਿੱਪਣੀ ਕਰਦੇ ਹਨ ਤਾਂ ਅਜਿਹਾ ਕਰਕੇ ਉਹ ਕੇਵਲ ਆਪਣੀ ਜ਼ਿੰਦਗੀ ’ਚ ਅਜਿਹੇ ਮੌਕੇ ਨਾ ਮਿਲ ਸਕਣ ਦਾ ਦੁੱਖ ਪ੍ਰਗਟ ਕਰ ਰਹੇ ਹੁੰਦੇ ਹਨ।
ਜ਼ਿੰਦਗੀ ਤੁਹਾਡੀ ਵੀ ਖ਼ੂਬਸੂਰਤ ਹੋ ਸਕਦੀ ਹੈ। ਬਸ਼ਰਤੇ ਇਸ ਨੂੰ ਜਿਊਣ ਦਾ ਸਲੀਕਾ ਸਿੱਖ ਲਿਆ ਜਾਵੇ। ਚਿੜੀਆਂ ਦਾ ਚਹਿਕਣਾ, ਸ਼ਾਨਾਮੱਤੇ ਵਿਸ਼ਵਾਸ ’ਚ ਦਗਦੇ ਸੂਰਜ ਦੀਆਂ ਨਿੱਘੀਆਂ ਕੋਮਲ ਕਿਰਨਾਂ ਦਾ ਆਨੰਦ ਮਾਣਨਾ, ਕੱਚੀਆਂ ਗੰਦਲਾਂ ਉੱਤੇ ਝੂਮਦੇ ਸਰ੍ਹੋਂ ਦੇ ਮਹਿਕਦੇ ਫੁੱਲਾਂ ਤੋਂ ਆਨੰਦਿਤ ਹੋਣਾ। ਕੁਦਰਤ ਦੇ ਨੇੜੇ ਹੋ ਕੇ ਜੀਵਿਆ ਜਾਵੇ। ਬਗੀਚੇ ’ਚ ਬੈਠਣ ਨਾਲ ਫੁੱਲਾਂ ਦੀ ਮਹਿਕ ਤੁਹਾਡੇ ਜੀਵਨ ਨੂੰ ਸੁਗੰਧਤ ਬਣਾ ਸਕਦੀ ਹੈ। ਸਤਰੰਗੀ ਪੀਂਘ ਵਾਂਗ ਜ਼ਿੰਦਗੀ ਦੇ ਹਰ ਰੰਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਜਾਵੇ। ਜ਼ਰਾ ਇੱਕ ਵਾਰ ਆਪਣੀ ਅੰਦਰਲੀ ਸੁੰਦਰਤਾ ਦੇ ਬੂਹੇ ਖੋਲ੍ਹ ਕੇ ਵੇਖੋ ਤਾਂ ਸਹੀ ਕਿ ਕੁਦਰਤ ਨੇ ਸਾਡੇ ਚਾਰ-ਚੁਫੇਰੇ ਸੁੰਦਰਤਾ ਹੀ ਸੁੰਦਰਤਾ ਖਿਲਾਰ ਛੱਡੀ ਹੈ। ਭਵਿੱਖ ਦੀ ਚਿੰਤਾ ’ਚ ਘੁਲਦੇ ਰਹਿਣ ਦੀ ਜਗ੍ਹਾ ਆਓ ਵਰਤਮਾਨ ਦੇ ਮਜ਼ੇ ਲੁੱਟੀਏ…।
ਸੰਪਰਕ: 98152-96475


Comments Off on ਖੋਲ੍ਹੋ ਅੰਦਰਲੀ ਸੁੰਦਰਤਾ ਦੇ ਬੂਹੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.