ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਗਰਾਮੋਫੋਨ ਤੋਂ ਔਨਲਾਈਨ ਸੰਗੀਤ ਤਕ ਦਾ ਸਫ਼ਰ

Posted On March - 12 - 2017

20 copyਜੰਗ ਪਾਲ ਸਿੰਘ

ਤਕਨੀਕੀ ਇਨਕਲਾਬ

ਤਬਦੀਲੀ  ਕੁਦਰਤ ਦਾ ਅਟੱਲ ਨਿਯਮ ਹੈ। ਹਰ ਖੇਤਰ ਵਿੱਚ ਸਮੇਂ ਸਮੇਂ ਤਬਦੀਲੀ ਆਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਸੰਗੀਤ ਦੇ ਖੇਤਰ ਵਿੱਚ ਪਿਛਲੀ ਇੱਕ ਸਦੀ ਦੌਰਾਨ ਵੱਡੀ ਤਬਦੀਲੀ ਆਈ ਹੈ। ਕਿਸੇ ਸਮੇਂ ਮਨੋਰੰਜਨ ਦਾ ਸਾਧਨ ਗਰਾਮੋਫੋਨ ਅਤੇ ਗਰਾਮੋਫੋਨ ’ਤੇ ਵੱਜਣ ਵਾਲੇ ਰਿਕਾਰਡ ਬੀਤੇ ਦੀ ਗੱਲ ਬਣ ਗਏ ਹਨ। ਗਰਾਮੋਫੋਨ ਤੋਂ ਟੇਪ ਰਿਕਾਰਡਰ, ਟੇਪ ਰਿਕਾਰਡਰ ਤੋਂ ਸੀ ਡੀ ਪਲੇਅਰ, ਫਿਰ ਚਿਪਸ ਜਾਂ ਪੈੱਨ ਡਰਾਈਵ ਤੋਂ ਲੰਘਦੇ ਹੋਏ ਔਨਲਾਈਨ ਸੰਗੀਤ ਦੇ ਦੌਰ ਤਕ ਪੁੱਜ ਗਏ ਹਾਂ।
10703cd _jangpal singhਪੁਰਾਣੇ ਸਮੇਂ ਵਿੱਚ ਲੋਕ ਇਕੱਠੇ ਹੋ ਕੇ ਕਿਸੇ ਗਾਇਕ ਦੇ ਸਾਹਮਣੇ ਬੈਠ ਕੇ ਗੀਤ ਸੁਣਿਆ ਕਰਦੇ ਸਨ, ਪਰ ਉਸ ਗਾਇਕ ਵੱਲੋਂ ਗਾਏ ਗੀਤ ਨੂੰ ਸੰਭਾਲਣ ਦਾ ਕੋਈ ਸਾਧਨ ਜਾਂ ਯੰਤਰ ਨਹੀਂ ਸੀ। ਇਸ ਲਈ ਗਾਇਕ ਦੇ ਇਸ ਫਾਨੀ ਜਹਾਨ ਤੋਂ ਕੂਚ ਕਰ ਜਾਣ ’ਤੇ ਉਸ ਦਾ ਫ਼ਨ ਵੀ ਉਸ ਦੇ ਨਾਲ ਹੀ ਦਫ਼ਨ ਹੋ ਜਾਂਦਾ ਸੀ। ਗਰਾਮੋਫੋਨ ਰਿਕਾਰਡ ਕਿਸੇ ਸ਼ਖ਼ਸ ਵੱਲੋਂ ਗਾਏ ਗੀਤ ਨੂੰ ਸੰਭਾਲਣ ਦਾ ਇੱਕ ਸਾਧਨ ਸੀ ਤਾਂ ਜੋ ਜਦੋਂ ਜੀਅ ਕਰੇ ਉਸ ਗੀਤ ਨੂੰ ਸੁਣਿਆ ਜਾ ਸਕੇ। ਜਿਸ ਮਸ਼ੀਨ ਉੱਪਰ ਗਰਾਮੋਫੋਨ ਰਿਕਾਰਡ ਘੁੰਮਦਾ ਸੀ, ਉਸ ਨੂੰ ਗਰਾਮੋਫੋਨ ਜਾਂ ਰਿਕਾਰਡ ਪਲੇਅਰ ਕਿਹਾ ਜਾਂਦਾ ਸੀ। ਆਮ ਬੋਲਚਾਲ ਦੀ ਭਾਸ਼ਾ ਵਿੱਚ ਰਿਕਾਰਡ ਨੂੰ ਤਵਾ ਕਿਹਾ ਜਾਂਦਾ ਸੀ ਕਿਉਂਕਿ ਇਸ ਦਾ ਆਕਾਰ ਤੇ ਰੰਗ ਤਵੇ ਵਰਗਾ ਕਾਲਾ ਹੁੰਦਾ ਸੀ। ਰਿਕਾਰਡ ਪਲੇਅਰ ਨੂੰ ਤਵਿਆਂ ਵਾਲੀ ਮਸ਼ੀਨ ਕਿਹਾ ਜਾਂਦਾ ਸੀ। ਭਾਰਤ ਵਿੱਚ ਇਹ ਮਸ਼ੀਨ ਪਿਛਲੀ ਸਦੀ ਦੇ  ਅੱਧ ਵਿੱਚ ਇੱਕ ਬਰਤਾਨਵੀ ਕੰਪਨੀ ‘ਹਿਜ਼ ਮਾਸਟਰਜ਼ ਵਾਇਸ’ ਵੱਲੋਂ ਬਾਜ਼ਾਰ ਵਿੱਚ    ਲਿਆਂਦੀ ਗਈ। ਇਸ ਕੰਪਨੀ ਨੂੰ ਸੰਖੇਪ ਵਿੱਚ ਐੱਚਐੱਮਵੀ ਕਿਹਾ ਜਾਂਦਾ ਸੀ। ਮਗਰੋਂ ਇਹ ਕੰਪਨੀ ਇੱਕ ਹੋਰ ਕੰਪਨੀ ਇਲੈਕਟਰੀਕਲ ਐਂਡ ਮੈਗਨੈਟਿਕ ਇੰਡਸਟਰੀ ਭਾਵ ਈਐੱਮਆਈ ਨੇ ਖ਼ਰੀਦ ਲਈ।
ਐੱਚਐੱਮਵੀ ਤੋਂ ਇਲਾਵਾ ਈਐੱਮਆਈ ਦੇ ਕੋਲੰਬੀਆ ਤੇ ਏਂਜਲਜ਼ ਬਰਾਂਡ ਦੇ ਰਿਕਾਰਡ ਪਲੇਅਰ ਤੇ ਰਿਕਾਰਡ ਵੀ ਵਿਕਦੇ ਰਹੇ ਹਨ। ਰਿਕਾਰਡ ਸ਼ੁਰੂ ਵਿੱਚ ਪੱਥਰ ਦੇ ਹੁੰਦੇ ਸਨ, ਪਰ ਬਾਅਦ ਵਿੱਚ ਕਾਰਬਨ ਵਰਗੇ ਕਿਸੇ ਪਦਾਰਥ ਨਾਲ ਬਣਨ ਲੱਗੇ। ਤਵੇ ਦਾ ਵਿਆਸ ਤਕਰੀਬਨ ਦਸ ਇੰਚ ਹੁੰਦਾ ਸੀ। ਇਸ ਉੱਪਰ ਬਹੁਤ ਬਾਰੀਕ ਝਰੀਆਂ ਬਣੀਆਂ ਹੁੰਦੀਆਂ ਸਨ। ਇਸ ਤਵੇ ਨੂੰ ਮਸ਼ੀਨ ਉੱਪਰ ਰੱਖ ਦਿੱਤਾ ਜਾਂਦਾ ਸੀ, ਮਸ਼ੀਨ ਨੂੰ ਚਾਬੀ ਦਿੱਤੀ ਜਾਂਦੀ ਸੀ ਤੇ ਤਵਾ ਘੁੰਮਣ ਲੱਗਦਾ ਸੀ। ਇਹ ਤਵਾ ਇੱਕ ਮਿੰਟ ਵਿੱਚ 78 ਵਾਰ ਘੁੰਮਦਾ ਸੀ ਜਿਸ ਨੂੰ ਇਸ ਦੀ ਰੈਵੋਲਯੂਸ਼ਨ ਪ੍ਰਤੀ ਮਿੰਟ, ਸੰਖੇਪ ਵਿੱਚ ਆਰਪੀਐੱਮ ਕਿਹਾ ਜਾਂਦਾ ਸੀ। ਇਸ ਰਿਕਾਰਡ ਉੱਪਰ ਇੱਕ ਬਾਰੀਕ ਸੂਈ ਹੈਂਡਲ ਦੇ ਸਹਾਰੇ ਰੱਖੀ ਜਾਂਦੀ ਸੀ। ਉਹ ਸੂਈ ਝਰੀਆਂ ਵਿੱਚ ਫਿਰਦੀ ਰਹਿੰਦੀ  ਤੇ ਹੌਲੀ ਹੌਲੀ ਅੱਗੇ ਵਧਦੀ ਜਾਂਦੀ ਤੇ ਨਾਲ ਨਾਲ ਰਿਕਾਰਡ ਵੱਜਦਾ ਰਹਿੰਦਾ। ਇਸ ਤਰ੍ਹਾਂ ਇਹ ਰਿਕਾਰਡ ਤਿੰਨ ਮਿੰਟ ਲਗਾਤਾਰ ਵੱਜਦਾ ਰਹਿੰਦਾ। ਇਸ ਤਵੇ ਦੇ ਦੋਵੇਂ ਪਾਸੇ ਤਿੰਨ ਤਿੰਨ ਮਿੰਟ ਦੇ ਗੀਤ ਭਰੇ ਹੁੰਦੇ ਸਨ। ਇਸ ਨੂੰ ਸਿੰਗਲ ਪਲੇਅ ਭਾਵ ਇੱਕ ਗੀਤ ਵਾਲਾ ਰਿਕਾਰਡ ਵੀ ਕਿਹਾ ਜਾਂਦਾ ਸੀ।
ਹਰ ਗੀਤ ਖ਼ਤਮ ਹੋਣ ਉਪਰੰਤ ਸੂਈ ਬਦਲਣੀ ਪੈਂਦੀ ਸੀ ਤੇ ਚਾਬੀ ਵੀ ਨਵੇਂ ਸਿਰੇ ਤੋਂ ਭਰਨੀ ਪੈਂਦੀ ਸੀ। ਇਸ ਤਰ੍ਹਾਂ ਦੋ ਰਿਕਾਰਡਾਂ ਦੇ ਵੱਜਣ ਦੇ ਦਰਮਿਆਨ ਤਕਰੀਬਨ ਇੱਕ ਮਿੰਟ ਲੱਗ ਜਾਂਦਾ ਸੀ। ਜੇ ਕਿਤੇ ਰਿਕਾਰਡ ਜ਼ਮੀਨ ’ਤੇ ਡਿੱਗ ਪੈਂਦਾ ਤਾਂ ਟੋਟੇ-ਟੋਟੇ ਹੋ ਜਾਂਦਾ ਸੀ ਭਾਵ ਬਿਲਕੁਲ ਹੀ ਬੇਕਾਰ ਹੋ ਜਾਂਦਾ ਸੀ। ਅਕਸਰ ਇਨ੍ਹਾਂ ਤਵਿਆਂ ਨੂੰ ਇੱਕ ਖ਼ਾਸ ਆਕਾਰ ਦੇ ਬਕਸੇ ਵਿੱਚ ਖੜ੍ਹੇ ਦਾਅ ਰੱਖਿਆ ਜਾਂਦਾ ਸੀ ਕਿਉਂਕਿ ਇੱਕ ਦੂਜੇ ਉੱਪਰ ਰੱਖਣ ਨਾਲ ਝਰੀਆਂ ਖ਼ਰਾਬ ਹੋ ਜਾਂਦੀਆਂ ਸਨ। ਕਈ ਵਾਰ ਰਿਕਾਰਡ ਖ਼ਰਾਬ ਹੋਣ ਜਾਂ ਫਿਰ ਪੁਰਾਣਾ ਹੋ ਜਾਣ ਦੀ ਸੂਰਤ ਵਿੱਚ ਸੂਈ ਵਾਰ ਵਾਰ ਇੱਕੋ ਝਰੀ ਦੇ ਚੱਕਰ ਲਾਉਣ ਲੱਗ ਜਾਂਦੀ ਤੇ ਵਾਰ ਵਾਰ ਓਹੀ ਆਵਾਜ਼ ਆਉਂਦੀ ਰਹਿੰਦੀ। ਇੱਕ ਵਾਰ ਰੇਡੀਓ ਸੀਲੋਨ (ਹੁਣ ਦਾ ਸ੍ਰੀਲੰਕਾ) ਤੋਂ ਬਿਨਾਕਾ ਗੀਤ ਮਾਲ਼ਾ ਨਾਂ ਦੇ ਪ੍ਰੋਗਰਾਮ ਵਿੱਚ ਮੁਹੰਮਦ ਰਫ਼ੀ ਦੀ ਆਵਾਜ਼ ਵਿੱਚ ਗੀਤ ਵੱਜ ਰਿਹਾ ਸੀ। ਵਾਰ ਵਾਰ ਇਹੀ ਆਵਾਜ਼ ਆਵੇ: ‘ਸੌ ਸੌ ਬਾਰ, ਸੌ ਸੌ ਬਾਰ।’ ਪ੍ਰੋਗਰਾਮ ਦੇ ਸੰਚਾਲਕ ਅਮੀਨ ਸਿਆਨੀ ਨੇ ਤੁਰੰਤ ਰਿਕਾਰਡ ਬੰਦ ਕਰਕੇ ਕਿਹਾ, ‘‘ਭਾਈਓ ਔਰ ਬਹਿਨੋ, ਹਮ ਕੋਈ ਜਨਮੋਂ ਕੀ ਗਿਨਤੀ ਨਹੀਂ ਕਰ ਰਹੇ ਥੇ। ਦਰਅਸਲ ਰਿਕਾਰਡ ਮੇ ਖ਼ਰਾਬੀ ਕੀ ਵਜਹ ਸੇ ਆਪ ਕੋ ਸੌ ਸੌ ਬਾਰ, ਸੌ ਸੌ ਬਾਰ ਸੁਨਨਾ ਪੜਾ।’’
ਆਜ਼ਾਦੀ ਤੋਂ ਪਹਿਲਾਂ ਕਿਸੇ ਵਿਰਲੇ ਸ਼ੌਕੀਨ ਵਿਅਕਤੀ ਕੋਲ ਹੀ ਗਰਾਮੋਫੋਨ ਹੁੰਦਾ ਸੀ। ਆਜ਼ਾਦੀ ਮਗਰੋਂ ਗਰਾਮੋਫੋਨ ਦੇ ਸ਼ੌਕੀਨ ਵਧਣ ਲੱਗੇ। ਐੱਚਐੱਮਵੀ ਤੋਂ ਇਲਾਵਾ ਹੋਰ ਕੰਪਨੀਆਂ ਜਿਵੇਂ ਫਿਲਿਪਸ ਤੇ ਗਰੂੰਡਿੰਗ ਵੱਲੋਂ ਵੀ ਗਰਾਮੋਫੋਨ ਬਾਜ਼ਾਰ ਵਿੱਚ ਲਿਆਂਦੇ ਗਏ। ਸੱਠਵਿਆਂ ਦੇ ਸ਼ੁਰੂ ਵਿੱਚ ਛੋਟੇ ਆਕਾਰ ਦੇ ਤਵੇ ਆ ਗਏ। ਇਨ੍ਹਾਂ ਛੋਟੇ ਆਕਾਰ ਦੇ ਤਵਿਆਂ ਦੀ ਰਫ਼ਤਾਰ 45 ਆਰਪੀਐੱਮ ਸੀ ਤੇ ਇਸ ਦੇ ਦੋਵੇਂ ਪਾਸੇ ਦੋ-ਦੋ ਗੀਤ ਭਰੇ ਹੁੰਦੇ ਸਨ। ਇਨ੍ਹਾਂ ਦੋ-ਦੋ ਗੀਤਾਂ ਵਾਲੇ ਤਵਿਆਂ ਨੂੰ ਐਕਸਟੈਂਡਿਡ ਪਲੇਅ ਜਾਂ ਫਿਰ ਸੰਖੇਪ ਵਿੱਚ ਈਪੀ ਕਿਹਾ ਜਾਂਦਾ ਸੀ। ਹੁਣ ਗਰਾਮੋਫੋਨ ਵੀ ਆਧੁਨਿਕ ਕਿਸਮ ਦੇ ਆ ਗਏ ਤੇ ਰਿਕਾਰਡ ਸੁਣਨ ਤੋਂ ਪਹਿਲਾਂ ਚਾਬੀ ਵੀ ਨਹੀਂ ਸੀ ਭਰਨੀ ਪੈਂਦੀ। ਨਵੇਂ ਗਰਾਮੋਫੋਨ ’ਤੇ ਵਰਤਣ ਲਈ ਸੂਈਆਂ ਵੀ ਅਜਿਹੀਆਂ ਆ ਗਈਆਂ ਜੋ ਕਈ ਕਈ ਮਹੀਨੇ ਚੱਲਦੀਆਂ ਸਨ। ਇਸ ਤਰ੍ਹਾਂ ਫਿਰ ਰਿਕਾਰਡ ਵੱਜਣ ਸਮੇਂ ਦੋ ਗੀਤਾਂ ਵਿਚਕਾਰ ਵਕਫ਼ਾ ਕੁਝ ਸਕਿੰਟਾਂ ’ਤੇ ਹੀ ਆ ਗਿਆ। ਐਕਟੈਂਡਿਡ ਪਲੇਅ ਦੇ ਬਾਜ਼ਾਰ ਵਿੱਚ ਆਉਣ ਤੋਂ ਛੇਤੀ ਹੀ ਬਾਅਦ ਕੰਪਨੀਆਂ ਵੱਲੋਂ ਪੁਰਾਣੀ ਕਿਸਮ ਦੇ ਸਿੰਗਲ ਪਲੇਅ ਰਿਕਾਰਡਾਂ ਦਾ ਨਿਰਮਾਣ ਬੰਦ ਕਰ ਦਿੱਤਾ ਗਿਆ। ਇਸ ਤੋਂ ਕੁਝ ਸਾਲ ਬਾਅਦ ਇੱਕ ਵੱਡ-ਆਕਾਰੀ ਰਿਕਾਰਡ ਬਾਜ਼ਾਰ ਵਿੱਚ ਆ ਗਿਆ ਜਿਸ ਦੇ ਦੋਵੇਂ ਪਾਸੀਂ ਪੰਜ-ਪੰਜ ਜਾਂ ਛੇ-ਛੇ ਗੀਤ ਭਰੇ ਹੁੰਦੇ ਸਨ। ਇਹ ਰਿਕਾਰਡ ਇੱਕ ਮਿੰਟ ਵਿੱਚ 33 ਗੇੜੇ ਲਾਉਂਦਾ ਸੀ ਤੇ ਇਸ ਨੂੰ ਲੌਂਗ ਪਲੇਅ ਜਾਂ ਐੱਲਪੀ ਕਿਹਾ ਜਾਂਦਾ ਸੀ। ਲਗਭਗ ਇਸੇ ਸਮੇਂ ਹੀ ਬਾਜ਼ਾਰ ਵਿੱਚ ਇੱਕ ਨਵੀਂ ਕਿਸਮ ਦਾ ਗਰਾਮੋਫੋਨ ਆ ਗਿਆ ਜਿਸ ਨੂੰ ਚੇਂਜਰ ਕਿਹਾ ਜਾਂਦਾ ਸੀ। ਇਸ ਉੱਪਰ ਇੱਕੋ ਸਮੇਂ ਪੰਜ-ਛੇ ਰਿਕਾਰਡ ਰੱਖ ਦਿੱਤੇ ਜਾਂਦੇ ਸਨ। ਪਹਿਲਾ ਰਿਕਾਰਡ ਖ਼ਤਮ ਹੋਣ ਉਪਰੰਤ ਚੇਂਜਰ ਦੀ ਸੂਈ ਆਪਣੇ ਆਪ ਪਿਛਾਂਹ ਹਟ ਜਾਂਦੀ ਸੀ ਤੇ  ਉੱਪਰੋਂ ਅਗਲਾ ਰਿਕਾਰਡ ਆਪਣੀ ਜਗ੍ਹਾ ’ਤੇ ਆ ਟਿਕਦਾ ਸੀ। ਸੂਈ ਆਪਣੇ ਆਪ ਰਿਕਾਰਡ ’ਤੇ ਚੱਲਣ ਲੱਗਦੀ ਸੀ ਭਾਵ ਇੱਕ ਵਾਰ ਚੇਂਜਰ ’ਤੇ ਸੂਈ ਰੱਖ ਕੇ ਘੰਟਿਆਂਬੱਧੀ ਗੀਤ ਸੁਣੇ ਜਾ ਸਕਦੇ ਸਨ।
ਗਰਾਮੋਫੋਨ ਦੀ ਸਰਦਾਰੀ ਦੌਰਾਨ ਟੇਪ-ਰਿਕਾਰਡਰ ਬਾਜ਼ਾਰ ਵਿੱਚ ਆ ਗਿਆ। ਅਮਰੀਕਾ ਤੇ ਯੂਰੋਪੀਅਨ ਮੁਲਕਾਂ ਵਿੱਚ ਇਹ ਕਈ ਸਾਲ ਪਹਿਲਾਂ ਲੋਕਾਂ ਤਕ ਪਹੁੰਚ ਗਿਆ ਸੀ ਤੇ ਭਾਰਤ ਵਿੱਚ ਇਸ ਦੀ ਆਮਦ ਸੱਠਵਿਆਂ ਵਿੱਚ ਹੋਈ। ਉਦੋਂ ਟੇਪ-ਰਿਕਾਰਡਰ ਕਾਫ਼ੀ ਵੱਡੇ ਆਕਾਰ ਦੇ ਹੁੰਦੇ ਸਨ ਜਿਸ ਉੱਪਰ ਰਿਕਾਰਡ ਕੀਤੀ ਹੋਈ ਕੈਸੇਟ, ਜਿਸ ਨੂੰ ਆਮ ਭਾਸ਼ਾ ਵਿੱਚ ਰੀਲ੍ਹ ਕਿਹਾ ਜਾਂਦਾ ਸੀ, ਦੋ-ਢਾਈ ਘੰਟੇ ਤਕ ਚਲਦੀ ਸੀ। ਟੇਪ-ਰਿਕਾਰਡਰ ਮਹਿੰਗੀ ਹੋਣ ਕਰਕੇ ਵੱਡੇ  ਘਰਾਂ ਦਾ ਹੀ ਸ਼ਿੰਗਾਰ ਸੀ। ਸੱਤਰਵਿਆਂ ਦੇ ਸ਼ੁਰੂ ਵਿੱਚ ਭਾਰਤ ਵਿੱਚ ਵੀ ਟੇਪ-ਰਿਕਾਰਡਰ ਬਣਨ ਲੱਗੇ। ਹੌਲੀ ਹੌਲੀ ਛੋਟੇ ਆਕਾਰ ਦੀਆਂ ਟੇਪ-ਰਿਕਾਰਡਾਂ ਜਾਂ ਸੰਖੇਪ ਵਿੱਚ ਟੇਪਾਂ, ਬਾਜ਼ਾਰ ਵਿੱਚ ਆ ਗਈਆਂ। ਟੇਪ ਦੀ ਇਹ ਮੌਜ ਸੀ ਕਿ ਰੇਡੀਓ ਜਾਂ ਕਿਸੇ ਸਮਾਗਮ ਤੋਂ ਗੀਤ ਰਿਕਾਰਡ ਕਰਕੇ ਜਿੰਨੀ ਵਾਰੀ ਮਰਜ਼ੀ ਸੁਣ ਲਵੋ ਤੇ ਜਦੋਂ ਅੱਕ ਜਾਓ ਉਸ ਉੱਪਰ ਨਵਾਂ ਗੀਤ ਭਰ ਲਓ। ਹੌਲੀ-ਹੌਲੀ ਟੇਪ ਦਾ ਰਿਵਾਜ ਵਧਦਾ ਗਿਆ। ਜੋ ਦੁਕਾਨਦਾਰ ਪਹਿਲਾਂ ਗਰਾਮੋਫੋਨ ਤੇ ਰਿਕਾਰਡ ਵੇਚਦੇ ਸਨ, ਹੁਣ ਟੇਪਾਂ ਤੇ ਰੀਲ੍ਹਾਂ ਵੇਚਣ ਲੱਗੇ। ਕਈ ਕੰਪਨੀਆਂ ਵੱਲੋਂ ਅਜਿਹੇ ਸੈੱਟ ਵੀ ਤਿਆਰ ਕੀਤੇ ਗਏ ਜਿਨ੍ਹਾਂ ਰਾਹੀਂ ਰੇਡੀਓ, ਰਿਕਾਰਡ ਪਲੇਅਰ ਤੇ ਟੇਪ-ਰਿਕਾਰਡਰ ਜੋ ਮਰਜ਼ੀ ਸੁਣਿਆ ਜਾ ਸਕਦਾ ਸੀ। ਅੱਸੀਵਿਆਂ ਦੇ ਸ਼ੁਰੂ ਵਿੱਚ ਗਰਾਮੋਫੋਨ ਦਾ ਰਿਵਾਜ ਲਗਭਗ ਖ਼ਤਮ ਹੀ ਹੋ ਗਿਆ। ਅੱਜਕੱਲ੍ਹ ਇਹ ਸਿਰਫ਼ ਸੱਭਿਆਚਾਰਕ ਮੇਲਿਆਂ ਮੌਕੇ ਹੀ ਸੁਣੇ ਜਾ ਸਕਦੇ ਹਨ। ਛੋਟੇ ਆਕਾਰ ਦੀਆਂ ਟੇਪਾਂ ਵਿੱਚ ਰੀਲ੍ਹ ਵੀ ਛੋਟੇ ਆਕਾਰ ਦੀ ਵਰਤੀ ਜਾਂਦੀ ਸੀ ਜਿਸ ਦੇ ਦੋਵੇਂ ਪਾਸੇ 30-30 ਮਿੰਟ ਜਾਂ ਫਿਰ 45-45 ਮਿੰਟ ਤਕ ਵੱਜਣ ਲਈ ਹੀ ਗੀਤ ਭਰੇ ਹੁੰਦੇ ਸਨ। ਇਸ ਨਾਲ ਕਾਰਾਂ ਅੰਦਰ ਟਰਾਂਜਿਸਟਰ ਦੀ ਥਾਂ ਟੇਪਾਂ ਫਿੱਟ ਹੋਣ ਲੱਗੀਆਂ। ਅੱਸੀਵਿਆਂ ਤੋਂ ਸ਼ੁਰੂ ਹੋ ਕੇ ਇੱਕੀਵੀਂ ਸਦੀ ਦੇ ਆਰੰਭ ਤਕ ਲਗਭਗ 20-25 ਸਾਲ ਟੇਪ ਦਾ ਜ਼ਮਾਨਾ ਰਿਹਾ। ਰੀਲ੍ਹਾਂ ਦਾ ਨਿਰਮਾਣ ਇੰਨੇ ਵੱਡੇ ਪੱਧਰ ’ਤੇ ਹੋਇਆ ਕਿ ਸ਼ਹਿਰਾਂ ਦੇ ਬਾਜ਼ਾਰਾਂ ’ਚ ਕਈ ਰੇਹੜੀਆਂ ਉੱਪਰ ਵੀ ਰੀਲ੍ਹਾਂ ਵਿਕਦੀਆਂ ਫਿਰਦੀਆਂ ਸਨ। ਓਧਰ ਦੇਸ਼ ਦੇ ਮਹਾਂਨਗਰਾਂ ਵਿੱਚ ਮਿਊਜ਼ਿਕ ਵਰਲਡ ਨਾਂ ਦੇ ਵੱਡੇ ਵੱਡੇ ਸਟੋਰ ਖੁੱਲ੍ਹ ਗਏ ਜਿੱਥੇ ਫ਼ਿਲਮਾਂ ਦੇ ਗੀਤਾਂ ਦੀਆਂ ਰੀਲ੍ਹਾਂ ਵਿਕਦੀਆਂ ਸਨ।
ਇੱਕੀਵੀਂ ਸਦੀ ਦੇ ਸ਼ੁਰੂ ਹੁੰਦਿਆਂ ਹੀ ਸੀਡੀ ਬਾਜ਼ਾਰ ਵਿੱਚ ਆ ਗਈ। ਸੀਡੀ ਤੋਂ ਭਾਵ ਕੰਪੈਕਟ ਡਿਸਕ ਹੈ ਜੋ ਗਰਾਮੋਫੋਨ ਰਿਕਾਰਡ ਵਾਂਗ ਗੋਲ ਬਣਤਰ ਦੀ ਹੁੰਦੀ ਹੈ, ਪਰ ਇਸ ਦਾ ਆਕਾਰ ਕਾਫ਼ੀ ਛੋਟਾ ਹੁੰਦਾ ਹੈ। ਇਸ ਨੂੰ ਵਜਾਉਣ ਲਈ ਸੀਡੀ ਪਲੇਅਰ ਬਾਜ਼ਾਰ ਵਿੱਚ ਆ ਗਏ। ਘਰ ਘਰ ਕੰਪਿਊਟਰ ਆ ਗਿਆ  ਤੇ ਕੰਪਿਊਟਰ ’ਤੇ ਵੀ ਸੀਡੀ ਸੁਣੀ ਜਾਣ ਲੱਗੀ। ਇਸ ਦੇ ਆਉਣ ਨਾਲ ਟੇਪਾਂ ਦਾ ਕਾਰੋਬਾਰ ਮੱਧਮ ਪੈ ਗਿਆ। ਪਿਛਲੇ ਦਸ ਕੁ ਸਾਲਾਂ ਤੋਂ ਟੇਪਾਂ ਦਾ ਕਾਰੋਬਾਰ ਬੀਤੇ ਦੀ ਗੱਲ ਬਣ ਗਿਆ ਹੈ। ਗਰਾਮੋਫੋਨ ਦੀ ਸਰਦਾਰੀ ਅੱਧੀ ਸਦੀ ਤਕ ਰਹੀ, ਪਰ ਟੇਪਾਂ ਦੀ ਸਰਦਾਰੀ ਮਹਿਜ਼ ਚੌਥਾਈ ਸਦੀ ਤਕ ਸਿਮਟ ਗਈ। ਸੀਡੀ ਦੀ ਸਰਦਾਰੀ ਮਸਾਂ ਦਸ ਕੁ ਸਾਲ ਤਕ ਹੀ ਟਿਕ ਸਕੀ। ਪਿਛਲੇ ਕੁਝ ਕੁ ਸਾਲਾਂ ਤੋਂ ਪੈੱਨ ਡਰਾਈਵ ਜਾਂ ਚਿੱਪ ਬਾਜ਼ਾਰ ਵਿੱਚ ਆ ਗਿਆ ਹੈ ਜਿਸ ਵਿੱਚ ਇੰਟਰਨੈੱਟ ਰਾਹੀਂ ਜਿਹੜਾ ਮਰਜ਼ੀ ਗੀਤ ਭਰ ਕੇ ਸੁਣਿਆ ਜਾ ਸਕਦਾ ਹੈ। ‘ਮਿਊਜ਼ਿਕ ਵਰਲਡ’ ਵਰਗੇ ਸਟੋਰਾਂ ਨੇ ਹੋਰ ਕਾਰੋਬਾਰ ਵਿੱਢ ਲਏ ਹਨ। ਬਹੁਤੀ ਨੌਜਵਾਨ ਪੀੜ੍ਹੀ ਤਾਂ ਪੈੱਨ ਡਰਾਈਵ ਤੋਂ ਵੀ ਅੱਗੇ ਵਧ ਗਈ ਹੈ। ਹਰੇਕ ਦੀ ਜੇਬ੍ਹ ਵਿੱਚ ਸਮਾਰਟ ਫੋਨ ਹੈ ਤੇ ਇੰਟਰਨੈੱਟ ਦਾ ਸਾਰਾ ਦਿਨ ਭਰਪੂਰ ਫ਼ਾਇਦਾ ਲਿਆ ਜਾਂਦਾ ਹੈ।
ਔਨਲਾਈਨ ਸਿਸਟਮ ਦਾ ਰੇਡੀਓ ਪ੍ਰੋਗਰਾਮਾਂ ’ਤੇ ਵੀ ਕਾਫ਼ੀ ਪ੍ਰਭਾਵ ਪਿਆ ਹੈ। ਪਹਿਲਾਂ ਸਰੋਤੇ ਖ਼ਤ ਰਾਹੀਂ ਕਿਸੇ ਗੀਤ ਦੀ ਫਰਮਾਇਸ਼ ਕਰਦੇ ਸਨ ਤੇ ਫਰਮਾਇਸ਼ ਪੂਰੀ ਹੋਣ ਵਿੱਚ ਕਈ ਦਿਨ ਲੱਗ ਜਾਂਦੇ ਸਨ, ਪਰ ਹੁਣ ਸਰੋਤੇ ਫੋਨ ਜਾਂ ਫਿਰ ਐੱਸਐੱਮਐੱਸ ਰਾਹੀਂ ਫਰਮਾਇਸ਼ ਕਰਦੇ ਹਨ ਤੇ ਨਾਲ ਹੀ ਫਰਮਾਇਸ਼ ਪੂਰੀ ਹੋ ਜਾਂਦੀ ਹੈ।
ਵਾਕਈ ਸੰਗੀਤ ਦੇ ਖੇਤਰ ਵਿੱਚ ਵੇਖਦਿਆਂ-ਵੇਖਦਿਆਂ ਕਮਾਲ ਦਾ ਇਨਕਲਾਬ ਆਇਆ ਹੈ।

ਸੰਪਰਕ: 98723-81820


Comments Off on ਗਰਾਮੋਫੋਨ ਤੋਂ ਔਨਲਾਈਨ ਸੰਗੀਤ ਤਕ ਦਾ ਸਫ਼ਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.