ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਗੁਰਦਾਸ ਦੀ ਦਰਵੇਸ਼ੀ ਬਨਾਮ ਗੱਦਾਰੀ

Posted On March - 11 - 2017

12802cd _gurdass mannਗੁਰਦਾਸ ਮਾਨ ਮੇਰੇ ਲਈ ਦਰਵੇਸ਼ ਵਾਂਗ ਹੈ। ਉਸ ਨੂੰ ਮੈਂ ਪਹਿਲੀ ਵਾਰ ਜਲੰਧਰ ਉਦੋਂ ਮਿਲਿਆ ਸੀ, ਜਦੋਂ ਮੈਂ ਆਪਣੇ ਦੋਸਤ ਅਮਿਤੋਜ ਨੂੰ ਜਲੰਧਰ ਦੂਰਦਰਸ਼ਨ ਕੇਂਦਰ ’ਤੇ ਮਿਲਣ ਗਿਆ। ਦੂਜੀ ਵਾਰ ਉਦੋਂ ਮੁਲਾਕਾਤ ਹੋਈ ਜਦੋਂ ਕੈਨੇਡਾ ਵਿੱਚ ਉਸ ਨੇ ਪਹਿਲੀ ਵਾਰ ਆਪਣੀ ਇੱਕ ਪ੍ਰਤੀਨਿਧ ਰਚਨਾ ‘ਆਪਣਾ ਪੰਜਾਬ ਹੋਵੇ’ ਪੇਸ਼ ਕੀਤੀ। ਮੈਨੂੰ ਹਾਲੇ ਵੀ ਚੇਤੇ ਹੈ, ਉਦੋਂ ਉਸ ਨੇ ਸਟੇਜ ਤੋਂ ਕਿਹਾ ਸੀ “ਇਹ ਰਚਨਾ ਹਾਲੇ ਕੱਚੀ ਪੱਕੀ ਹੈ ਕਿਉਂਕਿ ਇਹ ਮੈਨੂੰ ਕੱਲ੍ਹ ਹੀ ਇਸ ਦੇ ਲੇਖਕ ਨੇ ਸੁਣਾਈ ਤੇ ਉਹ ਮੈਨੂੰ ਇੰਨੀ ਪਸੰਦ ਆਈ ਕਿ ਮੈਂ ਇਸ ਨੂੰ ਸੁਣਾਉਣ ਲਈ ਅੱਜ ਨਾਲ ਹੀ ਲੈ ਆਇਆ।”
ਇਹ ਮੁਲਾਕਾਤ ਵੀ ਇੱਕ ਭੀੜ ਵਾਲੀ ਮੁਲਾਕਾਤ ਸੀ, ਪਰ ਅਗਲੇ ਹੀ ਦਿਨ ਮੈਨੂੰ ਕੋਈ ਸੱਜਣ ਮਿਲਣ ਆਏ ਤਾਂ ਉਨ੍ਹਾਂ ਕਿਹਾ ‘ਗੁਰਦਾਸ ਜੀ ਨੇ ਸ਼ੁਭ ਇੱਛਾਵਾਂ ਭੇਜੀਆਂ ਹਨ।’ ਮੈਂ ਹੈਰਾਨ ਕਿ ਅਜੇ ਇੰਨੀ ਖ਼ਾਸ ਜਾਣ -ਪਹਿਚਾਣ ਤਾਂ ਨਹੀਂ ਹੈ, ਫਿਰ ਵੀ ? ਖੈਰ ! ਬਾਅਦ ਵਿੱਚ ਪਤਾ ਲੱਗਾ ਕਿ ਇਸ ਗੀਤ ਦੇ ਲੇਖਕ ਦੀ ਰੇਡੀਓ ’ਤੇ ਇੰਟਰਵੀਊ ਸੀ, ਪਰ ਉਸ ਤੋਂ ਪਹਿਲਾਂ ਮੇਰੀ ਸੀ। ਇਸ ਮੁਲਾਕਾਤ ਦਾ ਕੁੱਲ ਸਮਾਂ ਤੀਹ ਮਿੰਟ ਸੀ, ਪਰ ਸਾਡੀਆਂ ਗੱਲਾਂ ਹੀ ਇੰਨੀਆਂ ਦਿਲਚਸਪ ਹੋਈਆਂ ਕਿ ਜੋ ਮੁਲਾਕਾਤ ਅੱਧਾ ਘੰਟਾ ਚੱਲਣੀ ਸੀ ਉਹ ਡੇਢ ਘੰਟੇ ਤਕ ਚਲਦੀ ਰਹੀ ਤੇ ਗੁਰਦਾਸ ਮਾਨ ਉਸ ਗੀਤ ਦੇ ਲੇਖਕ ਦੀ ਇੰਟਰਵੀਊ ਸੁਣਨ ਲਈ ਮੇਰੀ ਵੀ ਸੁਣਦੇ ਗਏ।
ਫਿਰ ਜਦੋਂ ਦਿੱਲੀ ਦੇ ਇੱਕ ਪਿੰਡ ਵਿੱਚ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਸ਼ੂਟਿੰਗ ਹੋਈ ਤਾਂ ਵੀ ਮੁਲਾਕਾਤਾਂ ਹੋਈਆਂ, ਪਰ ਕੋਈ ਵੀ ਇੰਨੀ ਲੰਬੀ ਮੁਲਾਕਾਤ ਨਹੀਂ ਹੋਈ ਜਿਸ ਕਰਕੇ ਸਾਡਾ ਰਿਸ਼ਤਾ ਗੂੜ੍ਹਾ ਬਣ ਸਕਿਆ ਹੋਵੇ। ਪਰ ਇਸ ਸਾਰੀ ਪ੍ਰਕਿਰਿਆ ਵਿੱਚ ਗੁਰਦਾਸ ਮਾਨ ਮੇਰੇ ਜ਼ਿਹਨ ਦੇ ਹੋਰ ਵੀ ਨੇੜੇ ਹੁੰਦਾ ਗਿਆ। ਉਹ ਗੀਤ ਗਾਉਂਦਾ ਗਿਆ। ਉਸ ਦੀਆਂ ਫ਼ਿਲਮਾਂ ਆਉਂਦੀਆਂ ਗਈਆਂ। ਉਸ ਦੀ ਮਿੱਠੀ ਜ਼ੁਬਾਨ…ਕਦਮਾਂ ਤਕ ਵਿਛ ਜਾਣ ਦਾ ਸੁਭਾਅ…ਪੰਜਾਬੀ ਬੋਲੀ ਤੇ ਸਮੁੱਚੇ ਪੰਜਾਬ ਬਾਰੇ ਉਸ ਦੀ ਸ਼ਾਇਰੀ ਤੇ ਗਾਇਕੀ, ਇਹ ਸਾਰਾ ਕੁਝ ਦੇਖ/ਸੁਣ ਗੁਰਦਾਸ ਮਾਨ ਨੇ ਮੇਰੇ ਜ਼ਿਹਨ ਵਿੱਚ ਇੱਕ ਦਰਵੇਸ਼ ਦਾ ਰੁਤਬਾ ਬਣਾ ਲਿਆ।
ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਉਬਾਲ ਆਉਣੇ ਸ਼ੁਰੂ ਹੋ ਗਏ ਹਨ, ਜਿਸ ਵਿੱਚ ਆਮ ਆਦਮੀ ਪਾਰਟੀ ਅਤੇ ਵਿਸ਼ੇਸ਼ ਕਰਕੇ ਅਰਵਿੰਦ ਕੇਜਰੀਵਾਲ ਦਾ ਖ਼ਾਸਾ ਉਭਾਰ ਹੋ ਗਿਆ। ਪੰਜਾਬ ਵਿੱਚ ਵੋਟਾਂ ਪੈ ਗਈਆਂ। ਇਸ ਦੌਰਾਨ ਆਮ ਰੁਟੀਨ ਵਿੱਚ ਗੁਰਦਾਸ ਮਾਨ ਦਾ ਇੱਕ ਗੀਤ ਪੰਜਾਬ ਵਿੱਚ ਰਿਲੀਜ਼ ਹੋਇਆ ਜੋ ਪੰਜਾਬ ਦੇ ਦੁੱਖ ਦੀ ਦਾਸਤਾਨ ਸੁਣਾਉਂਦਾ ਹੈ। ਇਹ ਗੀਤ ਸ਼ਹੀਦ ਭਗਤ ਸਿੰਘ ਨੂੰ ਉੱਜੜੇ ਪੰਜਾਬ ਦੀ ਤਸਵੀਰ ਦਿਖਾਉਂਦਿਆਂ ਅੱਜ ਦੇ ਪੰਜਾਬ ਦੀ ਹਾਲਤ ਪੇਸ਼ ਕਰਦਾ ਹੈ, ਪਰ ਇਸ ਗੀਤ ਦੇ ਚੋਣਾਂ ਮਗਰੋਂ ਆਉਣ ਨਾਲ ਪੰਜਾਬ ਦੇ ਕੁਝ ਲੋਕਾਂ ਨੇ ਬਿਨਾਂ  ਅਸਲੀਅਤ ਨੂੰ ਜਾਣੇ-ਸਮਝੇ ਆਪਣੀ ਜ਼ੁਬਾਨ ਵਿੱਚ ਗੁਰਦਾਸ ਮਾਨ ਦੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਡਾਂਗਾਂ ਚੁੱਕ ਲਈਆਂ ਕਿ ਇਹ ਗੀਤ ਗੁਰਦਾਸ ਮਾਨ ਨੇ ਚੋਣਾਂ ਤੋਂ ਪਹਿਲਾਂ ਕਿਉਂ ਨਹੀਂ ਗਾਇਆ? ਮੈਨੂੰ ਇਹ ਗੱਲ ਬਿਲਕੁਲ ਫਜ਼ੂਲ ਲੱਗਦੀ ਹੈ।

ਐੱਸ. ਬਲਵੰਤ

ਐੱਸ. ਬਲਵੰਤ

ਅਸਲੀਅਤ ਇਹ ਹੈ ਕਿ ਗੁਰਦਾਸ ਮਾਨ ਦਾ ਰੋਲ ਇਸ ਗੀਤ ਨੂੰ ਤਿਆਰ ਕਰਨ ਵਿੱਚ ਇਸ ਦੇ ਇੱਕ ਲੇਖਕ ਤੇ ਗਾਇਕ ਵਜੋਂ ਹੀ ਹੈ, ਬਾਕੀ ਸਾਰਾ ਕੰਮ ਤਾਂ ਉਸ ਕੰਪਨੀ ਨੇ ਹੀ ਕਰਨਾ ਸੀ ਜਿਸ ਨੇ ਇਸ ਨੂੰ ਰਿਕਾਰਡ ਕਰਕੇ ਮਾਰਕੀਟ ਵਿੱਚ ਜਾਰੀ ਕਰਨਾ ਸੀ। ਅੱਜ ਦੇ ਯੁੱਗ ਵਿੱਚ ਇਸ ਸਭ ਕੁਝ ਲਈ ਤਰੀਕਾਂ ਕਈ ਸਾਲ ਪਹਿਲਾਂ ਤੈਅ ਹੋ ਜਾਂਦੀਆਂ ਹਨ। ਕਦੋਂ ਰਿਕਾਰਡਿੰਗ ਕਰਨੀ ਹੈ, ਕਦੋਂ ਰਿਲੀਜ਼ ਕਰਨਾ ਹੈ। ਇਹ ਸਾਰਾ ਕੁਝ ਵਪਾਰਕ ਨੁਕਤਿਆਂ ਨੂੰ ਨਾਲ ਲੈ ਕੇ ਤੈਅ ਹੁੰਦਾ ਹੈ। ਪੰਜਾਬ ਵਿੱਚ ਚੋਣਾਂ ਦੀ ਤਰੀਕ ਇਸ ਤੋਂ ਮਾਮੂਲੀ ਜਿਹਾ ਸਮਾਂ ਪਹਿਲਾਂ ਦੀ ਨਿਰਧਾਰਤ ਸੀ?
ਪਰ ਇਸ ਗੀਤ ਨੂੰ ਲੈ ਕੇ ਇੰਨਾ ਭੱਦਾ ਸ਼ੋਰ ਹੋਇਆ ਕਿ ਗੁਰਦਾਸ ਮਾਨ ਨੂੰ ਹੀ ਨਹੀਂ ਮੇਰੇ ਵਰਗੇ ਬੰਦੇ ਨੂੰ ਵੀ ਸ਼ਰਮ ਆ ਰਹੀ ਹੈ? ਸ਼ਰਮ ਆ ਰਹੀ ਹੈ ਕਿ ਮੈਂ ਇਸ ਪੰਜਾਬ ਕਰਕੇ ਜਾਣਿਆ ਜਾਂਦਾ ਹਾਂ ਜਿੱਥੋਂ ਦੇ ਲੋਕ ਇੱਕ ਦਰਵੇਸ਼ ਨੂੰ ਗੱਦਾਰ ਬਣਾਉਣ ਤੋਂ ਪਹਿਲਾਂ ਉਸ ਦੀ ਉਮਰ ਭਰ ਦੀ ਘਾਲਣਾ ਬਾਰੇ ਸੋਚਣ ਲਈ ਇੱਕ ਸੈਕਿੰਡ ਤਕ ਨਹੀਂ ਖ਼ਰਚਦੇ ? ਇਹ ਸੁਣ ਕੇ ਦੁੱਖ ਹੁੰਦਾ ਹੈ ਕਿ ਜਿਸ ਵਿਅਕਤੀ ਨੇ ਪੰਜਾਬ ਦੀ ਮਿੱਟੀ ਨੂੰ ਮੱਥੇ ਦਾ ਤਿਲਕ ਬਣਾਇਆ ਹੋਵੇ…ਜਿਸ ਮਿੱਟੀ ਦੀ ਉਸ ਨੇ ਆਵਾਜ਼ ਬੁਲੰਦ ਕੀਤੀ ਹੋਵੇ, ਉਸ ਦੇ ਖ਼ਿਲਾਫ਼ ਲੋਕੀਂ ਇਸ ਤਰ੍ਹਾਂ ਦੇ ਵਰਤਾਰੇ ’ਤੇ ਉੱਤਰ ਆਉਣ? ਸ਼ਾਇਦ ਲੋਕ ਅਣਜਾਣ ਹਨ ਜਾਂ ਮੀਡੀਆ ਵਿੱਚ ਆਪਣਾ ਨਾਂਅ ਦਰਜ ਕਰਾਉਣ ਲਈ ਬਹਿਬਲ ਹੋਏ ਜੋ ਵੀ ਊਲ ਜਲੂਲ ਬਿਆਨ ਮੀਡੀਆ ਮੰਗੇ ਉਹ ਦੇਣ ਨੂੰ ਤਿਆਰ ਬੈਠੇ ਹਨ। ਪਰ ਇੱਕ ਗੱਲ ਮੀਡੀਆ ਦੇ ਲੋਕਾਂ ਲਈ ਵੀ ਹੈ ਕਿ ਉਹ ਸਮਾਂ ਕਿੱਥੇ ਗਿਆ ਜਦੋਂ ਅਖ਼ਬਾਰ ਵਿੱਚ ਲਿਖੇ ਹਰ ਹਰਫ਼ ਨੂੰ ਕਿਹਾ ਜਾਂਦਾ ਸੀ ਕਿ “ਇਹ ਪੱਕੀ ਸਿਆਹੀ ਨਾਲ ਲਿਖਿਆ ਹਰਫ਼ ਹੈ?” ਉਹ ਆਪਣੀ ਕਲਮ ਦੀ ਤਾਕਤ ਨੂੰ ਕਿਉਂ ਭੁੱਲ ਜਾਂਦੇ ਹਨ?
4 ਜਨਵਰੀ, 1951 ਨੂੰ ਪਿਤਾ ਸ. ਗੁਰਦੇਵ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਗਿੱਦੜਬਾਹਾ (ਹੁਣ ਜ਼ਿਲ੍ਹਾ ਮੁਕਤਸਰ) ਵਿੱਚ ਪੈਦਾ ਹੋਇਆ ਗੁਰਦਾਸ ਮਾਨ ਮਲੋਟ ਦੇ ਡੀ.ਏ.ਵੀ. ਕਾਲਜ ਵਿੱਚ ਪੜ੍ਹਿਆ ਅਤੇ ਬਾਅਦ ਵਿੱਚ ਪਟਿਆਲਾ ਗਿਆ ਜਿੱਥੇ ਖੇਡਾਂ ਵਿੱਚ ਦਿਲਚਸਪੀ ਹੋਣ ਕਾਰਨ ਖੇਡਾਂ ਵਿੱਚ ਹਿੱਸਾ ਲਿਆ। ਜੂਡੋ ਵਿੱਚ ਬਲੈਕ ਬੈਲਟ ਹਾਸਲ ਕੀਤੀ ਅਤੇ ਸਰੀਰਕ ਸਿੱਖਿਆ ਵਿਸ਼ੇ ਵਿੱਚ ਮਾਸਟਰ ਡਿਗਰੀ ਪਾਸ ਕੀਤੀ। ਉਸ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਗਾਇਕੀ ਅਤੇ ਅਭਿਨੈ ਲਈ ਬੇਸ਼ੁਮਾਰ ਪੁਰਸਕਾਰ ਹਾਸਲ ਕੀਤੇ। ਉਸ ਨੇ 1980 ਵਿੱਚ ਜਦੋਂ ਗਾਇਕੀ ਵਿੱਚ ਪੈਰ ਧਰਿਆ ਤਾਂ ਅੱਜ ਤਕ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਉਹ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ। 1980 ਵਿੱਚ ਗਾਏ ਉਸ ਦੇ ਇੱਕੋ ਗੀਤ “ਦਿਲ ਦਾ ਮਾਮਲਾ ਹੈ” ਨਾਲ ਉਸ ਨੇ ਰਾਸ਼ਟਰੀ ਪਛਾਣ ਹਾਸਲ ਕੀਤੀ ਤੇ ਹੁਣ ਤਕ ਕਰੀਬ 34 ਐਲਬਮਾਂ ਆਪਣੇ ਸੁਣਨ ਵਾਲਿਆਂ ਨੂੰ ਦਿੱਤੀਆਂ। ਹਿੰਦੀ ਫ਼ਿਲਮਾਂ ਵਿੱਚ ਵੀ ਗੀਤ ਗਾਏ। ਦਰਜਨਾਂ ਫ਼ਿਲਮਾਂ ਬਣਾਈਆਂ, ਅਦਾਕਾਰੀ ਕੀਤੀ, ਆਪਣੀਆਂ ਤੇ ਲੋਕਾਂ ਦੀਆਂ ਫ਼ਿਲਮਾਂ ਵਿੱਚ ਗੀਤ ਗਾਏ। “ਮਿਨੀ ਪੰਜਾਬ”, “ਵਾਰਿਸ ਸ਼ਾਹ – ਇਸ਼ਕ ਦਾ ਵਾਰਿਸ”, “ਸ਼ਹੀਦ ਊਧਮ ਸਿੰਘ”, “ਸ਼ਹੀਦ-ਏ-ਮੁਹੱਬਤ : ਬੂਟਾ ਸਿੰਘ”, “ਕਚਹਿਰੀ”, “ਲੌਂਗ ਦਾ ਲਿਸ਼ਕਾਰਾ”, “ਉੱਚਾ ਦਰ ਬਾਬੇ ਨਾਨਕ ਦਾ”, “ਮਾਮਲਾ ਗੜਬੜ ਹੈ” ਵਰਗੀਆਂ ਬਹੁਤ ਸਾਰੀਆਂ ਫ਼ਿਲਮਾਂ ਦਿੱਤੀਆਂ ਜਿਨ੍ਹਾਂ ਵਿੱਚ ਪੰਜਾਬੀ ਸੱਭਿਆਚਾਰ ਤੇ ਉਸ ਦਾ ਪੰਜਾਬ ਤੇ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਭਰਿਆ ਹੋਇਆ ਹੈ।
ਇਹ ਉਹੀ ਗੁਰਦਾਸ ਮਾਨ ਹੈ ਜਿਸ ਨੇ ਪੂਰਬੀ ਪੰਜਾਬ ਦੀ ਲੋਕ ਗਾਥਾ “ਛੱਲਾ” ਨੂੰ ਅਮਰ ਕਰ ਦਿੱਤਾ। ਕੀ ਅਜਿਹੇ ਬੰਦੇ ’ਤੇ ਇਹੋ ਜਿਹੇ ਥੋਥੇ ਇਲਜ਼ਾਮ ਲਗਾਉਣੇ ਮੁਨਾਸਿਬ ਹਨ? .


Comments Off on ਗੁਰਦਾਸ ਦੀ ਦਰਵੇਸ਼ੀ ਬਨਾਮ ਗੱਦਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.