ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਘਰ ਦਾ ਮੁਖੀ ਕੌਣ?

Posted On March - 18 - 2017

ਕਰਨੈਲ ਸਿੰਘ ਸੋਮਲ

10703cd _image_w1280ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ ਸਿਲਸਿਲੇ ਵਿੱਚ ਇੱਕ ਮੁਲਾਜ਼ਮ ਬੀਬੀ ਆਪਣੀ ਡਿਊਟੀ ਨਿਭਾਉਂਦੀ ਹੋਈ ਸਾਡੇ ਘਰ ਆਈ। ਉਸ ਕੋਲ ਪ੍ਰੋਫਾਰਮੇ ਵਿੱਚ ਇੱਕ ਕਾਲਮ ਸੀ ਕਿ ਪਰਿਵਾਰ ਦਾ ਮੁਖੀ ਕੌਣ ਹੈ? ਉਸ ਨੇ ਜਿਉਂ ਹੀ ਆਪਣੀ ਪੁੱਛ ਨੂੰ ਪ੍ਰਸ਼ਨ ਦਾ ਰੂਪ ਦਿੱਤਾ ਮੈਂ ਝੱਟ ਆਪਣੀ ਪਤਨੀ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਇਹ ਨੇ ਜੀ।’ ਮੇਰੇ ਇਸ ਤਿੰਨ-ਸ਼ਬਦੀ ਵਾਕ ਤੋਂ ਉਹ ਅਤੇ ਮੇਰੀ ਪਤਨੀ ਦੋਵੇਂ ਅਵਾਕ ਰਹਿ ਗਈਆਂ। ਮੈਂ ਜੋ ਬੋਲਿਆ ਸੀ ਉਹ ਕਿਸੇ ਮਜ਼ਾਕ ਵਜੋਂ ਨਹੀਂ, ਇਹ ਮੇਰੇ ਅੰਤਹਕਰਣ ਦੀ ਆਵਾਜ਼ ਸੀ। ਜੇ ਮਰਦ ਪਰਿਵਾਰ ਦਾ ਮੁਖੀ ਹੋ ਸਕਦਾ ਹੈ ਤਾਂ ਔਰਤ ਕਿਉਂ ਨਹੀਂ?  ਉਸ ਮੁਲਾਜ਼ਮ ਮਹਿਲਾ ਨੇ ਸੁਭਾਵਿਕ ਹੀ ਕਿਹਾ, ‘ਨਹੀਂ ਜੀ, ਤੁਸੀਂ ਘਰ ਦੇ ਮੁਖੀ ਹੋ, ਆਪਣਾ ਨਾਂ ਲਿਖਾਓ।’ ਪਤਨੀ ਨੇ ਵੀ ਆਖਿਆ ਕਿ ਇਨ੍ਹਾਂ ਦਾ ਹੀ ਨਾਂ ਲਿਖੋ। ਪਿੱਛੋਂ ਮੇਰੀਆਂ ਦਲੀਲਾਂ ਸੁਣ ਕੇ ਮੁਲਾਜ਼ਮ ਮਹਿਲਾ ਨੇ ਆਖਿਆ ਕਿ ਪਤਨੀ ਵੀ ਮੁਖੀ ਹੋ ਸਕਦੀ ਹੈ ਪਰ. . .। ਆਖ਼ਿਰ ਉਸ ਕਾਲਮ ਵਿੱਚ ਨਾਂ ਮੇਰਾ ਹੀ ਲਿਖਿਆ ਗਿਆ, ਪਰ ਇੱਕ ਸਵਾਲ ਮੇਰੇ ਜ਼ਿਹਨ ਵਿੱਚ ਅਟਕਿਆ ਰਿਹਾ ‘ਇਸਤਰੀ ਘਰ ਦੀ ਮੁਖੀ ਕਿਉਂ ਨਹੀਂ ਹੋ ਸਕਦੀ?’
ਰਾਜਾਸ਼ਾਹੀ ਪ੍ਰਬੰਧ ਵਿੱਚ ਰਾਜੇ ਦਾ ਵੱਡਾ ਪੁੱਤਰ ਰਾਜ ਦਾ ਵਾਰਸ ਹੁੰਦਾ ਸੀ। ਕਦੇ-ਕਦਾਈਂ ਹੀ ਰਜ਼ੀਆ ਸੁਲਤਾਨ ਜਿਹੀ ਕੋਈ ਔਰਤ ਤਖ਼ਤ ਉੱਤੇ ਬੈਠਦੀ ਸੀ। ਇਹੋ ਪਰੰਪਰਾ ਘਰਾਂ ਵਿੱਚ ਚਲਦੀ ਸੀ। ਫਿਰ ਤਾਂ ਪਰਿਵਾਰ ਦਾ ਮੁਖੀ ਮਰਦ ਹੀ ਹੋਵੇਗਾ, ਦੀ ਧਾਰਨਾ ਪੁਰਾਣੇ ਸੰਸਕਾਰਾਂ ਵਾਂਗ ਅਮਿੱਟ ਜਾਪਣ ਲੱਗ ਪਈ। ਭਾਈਚਾਰਾ ਅਤੇ ਨੇੜਲਾ ਸਮਾਜ ਵੀ ਮਰਦ ਦੀ ਰਵਾਇਤੀ ਸਰਦਾਰੀ ਨੂੰ ਮਾਨਤਾ ਦਿੰਦਾ ਰਿਹਾ ਹੈ। ਘਰਾਂ ਦੇ ਬਾਹਰ ਲੱਗੀਆਂ ਨਾਂ ਵਾਲੀਆਂ ਤਖ਼ਤੀਆਂ ਉੱਤੇ ਲਿਖੇ ਨਾਂ ਵੀ ਉੱਘੜਵੇਂ ਰੂਪ ਵਿੱਚ ਦਰਸਾਉਂਦੇ ਹਨ ਕਿ ਅਚੇਤ-ਸਚੇਤ ਪੁਰਖ ਦਾ ਸਿੱਕਾ ਚੱਲਦਾ ਹੈ। ਸਰਕਾਰੀ ਕਾਗ਼ਜ਼ਾਂ ਵਿੱਚ ਕਿਸੇ ਦਾ ਨਾਂ ਲਿਖਣ ਪਿੱਛੋਂ ਪਿਤਾ ਜਾਂ ਪਤੀ ਦਾ ਨਾਂ ਲਿਖਿਆ ਜਾਂਦਾ ਹੈ। ਹੁਣ ਹੋਰ ਖੇਤਰਾਂ ਵਾਂਗ ਇਸ ਬੰਨੇ ਵੀ ਕੁਝ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ ਹਨ। ਦਸਵੀਂ ਤੇ ਬਾਰ੍ਹਵੀਂ ਦੇ ਸਰਟੀਫਿਕੇਟਾਂ ਉੱਤੇ ਪਿਤਾ ਦੇ ਨਾਂ ਦੇ ਨਾਲ ਨਾਲ ਮਾਤਾ ਦਾ ਨਾਂ ਵੀ ਅੰਕਿਤ ਕੀਤਾ ਜਾਣ ਲੱਗਿਆ ਹੈ। ਸਾਡੇ ਦੇਸ਼ ਦਾ ਕਾਨੂੰਨ ਘਰ ਦਾ ਮੁਖੀ ਬਣਨ ਲਈ ਜਿਣਸੀ ਵਿਤਕਰੇ ਨੂੰ ਨਹੀਂ ਮੰਨਦਾ। ਮੁਲਕ ਵਿੱਚ ਲੋਕਤੰਤਰੀ ਪ੍ਰਣਾਲੀ ਪ੍ਰਚੱਲਿਤ ਹੋਣ ਨਾਲ ਪਰਿਵਾਰਾਂ ਵਿੱਚ ਵੀ ਸਾਰੀ ਤਾਕਤ ਕਿਸੇ ਇੱਕ ਵਿਅਕਤੀ ਦੇ ਹੱਥ ਵਿੱਚ ਹੋਣ ਦਾ ਵਰਤਾਰਾ ਹੁਣ ਕਿੰਤੂ ਰਹਿਤ ਨਹੀਂ ਹੈ।

ਕਰਨੈਲ ਸਿੰਘ ਸੋਮਲ

ਕਰਨੈਲ ਸਿੰਘ ਸੋਮਲ

ਕਿਸੇ ਟੀਮ ਦਾ ਕਪਤਾਨ ਕੌਣ ਹੁੰਦਾ ਹੈ? ਸਪੱਸ਼ਟ ਹੈ ਕਿ ਇਹ ਮਾਣ ਸਭ ਤੋਂ ਵਧੀਆ ਖਿਡਾਰੀ ਅਤੇ ਟੀਮ ਦੇ ਬਾਕੀ ਮੈਂਬਰਾਂ ਨੂੰ  ਅਗਵਾਈ ਦੇਣ ਦੀ ਯੋਗਤਾ ਰੱਖਣ ਵਾਲੇ ਨੂੰ ਮਿਲਦਾ ਹੈ। ਟੀਮ ਦਾ ਉਸ ਉੱਤੇ ਭਰੋਸਾ ਹੋਣਾ ਵੀ ਜ਼ਰੂਰੀ ਹੁੰਦਾ ਹੈ। ਪਰਿਵਾਰ ਦੇ ਬਾਲਗ਼ ਜੀਅ ਇੱਕ ਟੀਮ ਵਾਂਗ ਹੁੰਦੇ ਹਨ। ਇਸ ਟੀਮ ਦਾ ਮੁਖੀ ਕੌਣ ਹੋਵੇਗਾ? ਬਹੁਤ ਕਹਾਣੀਆਂ ਹਨ ਕਿ ਕਿਸੇ ਬਜ਼ੁਰਗ ਨੇ ਆਪਣੇ ਪਿੱਛੋਂ ਘਰ ਦੀ ਕਮਾਨ ਸੰਭਾਲਣ ਲਈ ਸਭ ਤੋਂ ਯੋਗ ਪੁੱਤ ਜਾਂ ਧੀ ਨੂੰ ਚੁਣਨ ਲਈ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਪਾਈਆਂ। ਮਾਪਦੰਡ ਇਹੋ ਕਿ ਘਰ ਦਾ ਮੁਖੀ ਬਾਕੀ ਜੀਆਂ ਨਾਲੋਂ ਵਧੇਰੇ ਸੂਝਬੂਝ ਵਾਲਾ ਅਤੇ ਦੂਰਅੰਦੇਸ਼ੀ ਹੋਵੇ। ਤਦ ਹੀ ਉਹ ਪਰਿਵਾਰ ਦੇ ਬੇੜੇ ਨੂੰ ਸੰਤੁਲਨ ਵਿੱਚ ਰੱਖ ਕੇ ਸੁਰੱਖਿਅਤ ਪਾਰ ਲਾ ਸਕਦਾ ਹੈ। ਹਰ ਨਵੇਂ ਦਿਨ ਪਰਿਵਾਰ ਵਿੱਚ ਕਈ ਫ਼ੈਸਲਾਕੁਨ ਗੱਲਾਂ ਕਰਨੀਆਂ ਹੁੰਦੀਆਂ ਹਨ। ਕੀ ਪਰਿਵਾਰ ਦੇ ਜੀਅ ਲੋਕਤੰਤਰੀ ਤਰੀਕੇ ਭਾਵ ਆਪਸੀ ਵਿਚਾਰ-ਵਟਾਂਦਰੇ ਰਾਹੀਂ ਕਿਸੇ ਨਤੀਜੇ ਉੱਤੇ ਪਹੁੰਚਦੇ ਹਨ ਜਾਂ ਘਰ ਦੇ ਮੁਖੀ ਦਾ ਫ਼ੈਸਲਾ ਜਿਵੇਂ ਦਾ ਵੀ ਹੋਵੇ ਅੰਤਿਮ ਹੁੰਦਾ ਹੈ?
ਪਰਿਵਾਰ ਦੇ ਮੁਖੀ ਦੀ ਅਹਿਮੀਅਤ ਉਸ ਦੇ ਇਸ ਦਰਜੇ ਨਾਲ ਜੁੜੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੇ ਪੱਖ ਤੋਂ ਵੇਖੀ ਜਾਂਦੀ ਹੈ। ਘਰ ਵਿੱਚ ਜਾਂ ਬਾਹਰ ਉਸ ਦੀ ਪੁੱਛ-ਪਰਤੀਤ ਇਸੇ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਘਰ ਦੀ ਆਮਦਨ ਦਾ ਲਾਭ ਕਿਸ ਨੂੰ ਦੇਣਾ ਹੈ, ਕੰਮ ਜਾਂ ਜ਼ਿੰਮੇਵਾਰੀ ਦਾ ਬੋਝ ਜ਼ਿਆਦਾ ਜਾਂ ਘੱਟ ਕਿਸ ਉੱਤੇ ਪਾਉਣਾ ਹੈ; ਕਿਸ ਪ੍ਰਤੀ ਰਿਆਇਤ ਵਰਤਣੀ ਹੈ ਤੇ ਕਿਸ ਪ੍ਰਤੀ ਸਖ਼ਤ ਰੁਖ਼ ਅਪਣਾਉਣਾ ਹੈ। ਇਹ ਮੁਖੀ ਦੀ ਮਰਜ਼ੀ ਉੱਤੇ ਨਿਰਭਰ ਕਰਦਾ ਹੈ। ਹਾਂ, ਕਦੇ-ਕਦੇ ਇਸ ਤੋਂ ਉਲਟ ਵੀ ਵਾਪਰਦਾ ਹੈ। ਘਰ ਦੇ ਧੱਕੜ ਕਿਸਮ ਦੇ ਜੀਅ ਦੀ ਜ਼ਿੱਦ ਪੁੱਗਣ ਲੱਗਦੀ ਹੈ। ਇਸ ਨਾਲ ਮੁਖੀ ਦੀ ਵਜ਼ਨਦਾਰ ਗੱਲ ਰੌਲੇ ਵਿੱਚ ਰੁਲ ਜਾਂਦੀ ਹੈ। ਘਰ ਦੀ ਜ਼ਮੀਨ-ਜਾਇਦਾਦ ਜਿਸ ਕਿਸੇ ਦੇ ਨਾਂ ਹੁੰਦੀ ਹੈ, ਉਸ ਦੀ ਪੁੱਠੀ-ਸਿੱਧੀ ਵੀ ਮੁੱਲ ਰੱਖਦੀ ਹੈ। ਗ਼ਰੀਬ ਪਰਿਵਾਰਾਂ ਵਿੱਚ ਧਨ-ਪਦਾਰਥਾਂ ਪੱਖੋਂ ਹੱਥ ਖ਼ਾਲੀ ਹੁੰਦਾ ਹੈ। ਸੋ ਮੁਖੀ ਹੋਣ ਦੀ ਕਲਗ਼ੀ ਲੱਗਣ ਦਾ ਕੋਈ ਝਗੜਾ ਹੀ ਨਹੀਂ ਹੁੰਦਾ।
ਪਰਿਵਾਰ ਦੇ ਮੁਖੀ ਦਾ ਮਸਲਾ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਪਰਿਵਾਰ ਸੰਯੁਕਤ ਹੈ ਜਾਂ ਇਕਹਿਰਾ, ਪੇਂਡੂ ਹੈ ਜਾਂ ਸ਼ਹਿਰੀ, ਅਗਾਂਹ-ਵਧੂ ਜਾਂ ਪਿਛਾਂਹ-ਖਿਚੂ, ਖੁੱਲਾ-ਡੁੱਲ੍ਹਾ ਹੈ ਜਾਂ ਪੁਰਾਣੇ ਘਰਾਂ ਜਿਹਾ ਬੰਦ ਹੈ ਜਿੱਥੇ ਬਾਹਰ ਦੀ ਹਵਾ ਅਤੇ ਰੋਸ਼ਨੀ ਨਾਂ-ਮਾਤਰ ਆਉਂਦੀ ਹੈ। ਘਰ ਦੇ ਜੀਆਂ ਦਾ ਕੰਮ-ਕਿੱਤਾ, ਪੜ੍ਹਾਈ-ਲਿਖਾਈ ਦਾ ਪੱਧਰ, ਜ਼ਮੀਨ-ਜਾਇਦਾਦ ਦਾ ਹੋਣਾ ਜਾਂ ਇਸ ਦੀ ਅਣਹੋਂਦ ਵੀ ਪ੍ਰਭਾਵਪਾਊ ਤੱਤ ਹਨ। ਉਂਜ ਸਾਡੇ ਸਮਾਜ ਵਿੱਚ ਜਾਤ, ਜਮਾਤ ਅਤੇ ਧਰਮ ਵੀ ਪਰਿਵਾਰ ਦੀ ਨੁਹਾਰ ਉੱਤੇ ਅਸਰ ਪਾਉਂਦੇ ਹਨ। ਪਰਿਵਾਰ ਦੀ ਕਿਸਮ ਅਨੁਸਾਰ ਹੀ ਘਰ ਦੇ ਮੁਖੀ ਦੀਆਂ ਜ਼ਿੰਮੇਵਾਰੀਆਂ ਅਤੇ ਅਧਿਕਾਰ ਹੁੰਦੇ ਹਨ।
ਸਾਡੇ ਸਮਾਜ ਵਿੱਚ ਇਸਤਰੀ ਦੇ ਅੱਗੇ ਆਉਣ ਨੂੰ ਖੁੱਲ੍ਹੇ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਂਦਾ। ਅੰਦਰੂਨੀ ਤੌਰ ’ਤੇ ਭਾਵੇਂ ਇਸਤਰੀ ਆਪਣੀ ਸੂਝਬੂਝ, ਘਰੇਲੂ ਕੰਮਾਂਕਾਰਾਂ ਵਿੱਚ ਮੁਹਾਰਤ ਅਤੇ ਪ੍ਰਭਾਵ ਪਾਊ ਬੋਲਬਾਣੀ  ਸਦਕਾ ਘਰ ਵਿੱਚ ਹੁੰਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਹੁਣ ਜਦੋਂ ਇੱਕ- ਪੁਰਖੀ ਰਾਜ ਮੁਲਕ ਵਿੱਚ ਨਹੀਂ ਹੈ ਤਾਂ ਘਰਾਂ ਵਿੱਚ ਕਿੱਥੇ ਰਹਿਣਾ ਹੈ। ਜੇਕਰ ਕੋਈ ਦਬਾਅ ਜਾਂ ਚਤੁਰਾਈ ਨਾਲ ਆਪਹੁਦਰਾ ਚੱਲਦਾ ਹੈ ਤਾਂ ਉਸ ਦਾ ਕਿਧਰੇ ਲੁਕਵਾਂ ਅਤੇ ਕਿਧਰੇ ਜ਼ਾਹਰਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ।
ਅੱਜ ਜਦੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ-ਮੰਤਰੀ, ਰਾਜਪਾਲ, ਸੁਪਰੀਮ ਕੋਰਟ ਦੇ ਜੱਜ ਤਕ ਦੇ ਅਹੁਦਿਆਂ ਉੱਤੇ ਇਸਤਰੀ ਜਾ ਸਕਦੀ ਹੈ, ਫਿਰ ਉਸ ਦਾ ਘਰ ਦਾ ਮੁਖੀ ਨਾ ਹੋ ਸਕਣਾ ਅਜੀਬ ਪ੍ਰਤੀਤ ਹੁੰਦਾ ਹੈ। ਹੁਣ ਤਾਂ ਸਮਾਜ ਵਿੱਚ ਕੰਮਾਂ-ਕਿੱਤਿਆਂ ਦੀ ਰਵਾਇਤੀ ਵੰਡ ਵੀ ਪਹਿਲਾਂ ਜਿਹੀ ਪੱਕੀ-ਪੀਡੀ ਨਹੀਂ ਰਹੀ। ਸਮੇਂ ਦੀਆਂ ਤਬਦੀਲੀਆਂ ਨਾਲ ਤੁਰਦੇ ਪਰਿਵਾਰਾਂ ਵਿੱਚ ਸਮੂਹਿਕ ਜ਼ਿੰਮੇਵਾਰੀ ਦੀ ਸੋਚ ਕੰਮ ਕਰਨ ਲੱਗੀ ਹੈ। ਜ਼ਰੂਰੀ ਨਿਰਣੇ ਸਾਰੇ ਜਣੇ ਮਿਲ ਕੇ ਕਰਦੇ ਹਨ। ਉਪਰੰਤ ਜ਼ਿੰਮੇਵਾਰੀ ਵੀ ਸਭਨਾਂ ਦੀ ਹੁੰਦੀ ਹੈ। ਇੰਜ ਪਰਿਵਾਰ ਇੱਕ ਤਾਕਤ ਬਣਦਾ ਹੈ ਜਿੱਥੇ ਸਹੂਲਤਾਂ ਹਰੇਕ ਦੀਆਂ ਲੋੜਾਂ ਅਨੁਸਾਰ ਤੇ ਕੰਮ ਹਰੇਕ ਦੀ ਸਮਰੱਥਾ ਅਨੁਸਾਰ, ਮਾਹੌਲ ਹਰ ਇੱਕ ਦੇ ਵਧਣ-ਫੁੱਲਣ ਲਈ ਹੁੰਦਾ ਹੈ। ਘਰ ਤੋਂ ਬਾਹਰ ਦੇ ਮਾਮਲੇ ਨਜਿੱਠਣ ਲਈ ਪਰਿਵਾਰ ਦਾ ਕੋਈ ਵੀ ਬਾਲਗ਼ ਮੂਹਰੇ ਲੱਗ ਸਕਦਾ ਹੈ। ਜਿਣਸੀ ਵਿਤਕਰੇ ਦਾ ਤਦ ਝਗੜਾ ਹੀ ਕੋਈ ਨਹੀਂ ਰਹਿੰਦਾ, ਪਰ ਇਸ ਲਈ ਸਾਡੀ ਸੋਚ ਵਿੱਚ ਬਦਲਾਅ ਆਉਣਾ ਜ਼ਰੂਰੀ ਹੈ। ਘਰਾਂ ਵਿੱਚ ਪੁੱਤਰਾਂ ਅਤੇ ਧੀਆਂ ਨੂੰ ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਦੀ ਜਾਚ ਸਿਖਾਉਣੀ ਅੱਜ ਦੇ ਸਮੇਂ ਦੀ ਲੋੜ ਹੈ। ਪੁੱਤ ਘਰ ਦੀ ਸਫ਼ਾਈ ਅਤੇ ਚੁੱਲ੍ਹੇ-ਚੌਂਕੇ ਦਾ ਕੰਮ ਕਰਨਾ ਸਿੱਖੇ। ਕੋਈ ਇਕੱਲਾ ਰਹੇ ਜਾਂ ਇਕਹਿਰੇ ਪਰਿਵਾਰ ਨੂੰ ਚਲਾਵੇ ਅਜਿਹੇ ਕੰਮਾਂ ਦੀ ਜਾਚ ਮਰਦ ਅਤੇ ਇਸਤਰੀ ਦੋਹਾਂ ਲਈ ਲਾਹੇਵੰਦ ਸਾਬਤ ਹੁੰਦੀ ਹੈ। ਅਜਿਹਾ ਹੋਣਾ ਸੰਭਵ ਹੈ ਜੇਕਰ ਘਰ ਦੇ ਹਰ ਜੀਅ ਨੂੰ ਬਿਨਾਂ ਕਿਸੇ ਜਿਣਸੀ ਭੇਦਭਾਵ ਤੋਂ ਪੂਰੀ ਤਰ੍ਹਾਂ ਵਿਕਸਤ ਹੋਣ ਲਈ ਮੌਕੇ ਮੁਹੱਈਆ ਕਰਵਾਏ ਜਾਣ। ਇਸਤਰੀ ਦੇ ਮਾਣ-ਸਤਿਕਾਰ ਨੂੰ ਖ਼ੁਸ਼ਹਾਲੀ ਦੀ ਪਹਿਲੀ ਜ਼ਰੂਰਤ ਸਮਝਿਆ ਜਾਵੇ। ਨਿੱਗਰ ਨੀਂਹਾਂ ਵਾਲੇ ਪਰਿਵਾਰ ਹੀ ਸ਼ਕਤੀਸ਼ਾਲੀ ਦੇਸ਼ ਦਾ ਨਿਰਮਾਣ ਕਰਦੇ ਹਨ। ਪੁਰਖ-ਇਸਤਰੀ ਇੱਕ ਦੂਜੇ ਦੇ ਪੂਰਕ ਹਨ, ਪਰਸਪਰ ਵਿਰੋਧੀ ਕਤਈ ਨਹੀਂ।

ਸੰਪਰਕ: 98141-57137


Comments Off on ਘਰ ਦਾ ਮੁਖੀ ਕੌਣ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.