ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਘੋੜੀ ਨਾ ਚੜ੍ਹਨ ਵਾਲੇ ਸਿਆਸਤ ਦੇ ਸ਼ਾਹਸਵਾਰ

Posted On March - 19 - 2017

ਯੋਗੀ ਅਦਿਤਿਆਨਾਥ ਨੇ ਅਣਵਿਆਹੇ ਮੁੱਖ ਮੰਤਰੀਆਂ ਦੇ ਕਲੱਬ ਦੀ ਗਿਣਤੀ ਵਧਾਈ

20PT10Aਨਵੀਂ ਦਿੱਲੀ, 19 ਮਾਰਚ
ਦੇਸ਼ ਵਿੱਚ ਅਣਵਿਆਹੇ ਮੁੱਖ ਮੰਤਰੀਆਂ ਦੇ ਕਲੱਬ ਵਿੱਚ ਇਕ ਹੋਰ ਮੈਂਬਰ ਸ਼ਾਮਲ ਹੋ ਗਿਆ ਹੈ। ਪੁਜਾਰੀ ਤੋਂ ਸਿਆਸਤਦਾਨ ਬਣੇ ਯੋਗੀ ਆਦਿਤਿਆਨਾਥ (44), ਜਿਨ੍ਹਾਂ ਨੇ ਅੱਜ ਯੂਪੀ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ, ਹੁਣ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ (56), ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (62), ਅਸਾਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ (54) ਅਤੇ ਉੜੀਸਾ ਦੇ ਮੁੱਖ ਮੰਤਰੀ ਤੇ ਬੀਜੇਡੀ ਮੁਖੀ ਨਵੀਨ ਪਟਨਾਇਕ (70) ਵਾਲੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਏ ਹਨ। ਕੱਟੜ ਹਿੰਦੂਵਾਦੀ ਵਿਚਾਰਾਂ ਕਾਰਨ ਵਿਵਾਦਾਂ ਵਿੱਚ ਰਹੇ ਸ੍ਰੀ ਆਦਿਤਿਆਨਾਥ ਦੇਸ਼ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਸੂਬੇ ਦੇ ਪਹਿਲੇ ਅਣਵਿਆਹੇ ਪੁਰਸ਼ ਮੁੱਖ ਮੰਤਰੀ ਬਣੇ ਹਨ। ਸ੍ਰੀ ਪਟਨਾਇਕ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੂੰ ਛੱਡ ਕੇ ਸਾਰੇ ਅਣਵਿਆਹੇ ਮੁੱਖ ਮੰਤਰੀ ਭਾਜਪਾ ਦੇ ਹਨ।
ਉੱਤਰਾਖੰਡ ਵਿੱਚ ਸ੍ਰੀ ਰਾਵਤ ਨੇ ਕੱਲ੍ਹ ਹਲਫ਼ ਲਿਆ ਅਤੇ ਉਹ ਵੀ ਖੱਟਰ ਵਾਂਗ ਆਰਐਸਐਸ ਦੇ ਸਾਬਕਾ ਪ੍ਰਚਾਰਕ ਹਨ। ਪੱਛਮੀ ਬੰਗਾਲ ਵਿੱਚ ਖੱਬੇਪੱਖੀ ਫਰੰਟ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਕਈ ਯਤਨਾਂ ਬਾਅਦ ਵੀ ਹਾਰ ਨਾ ਮੰਨਣ ਵਾਲੀ ਮਮਤਾ ਨੇ ਅਖੀਰ ਸਾਲ 2011 ਵਿੱਚ ਬਾਜ਼ੀ ਮਾਰ ਲਈ ਸੀ। ਇਸ ਸਮੇਂ ਉਨ੍ਹਾਂ ਦੀ ਮੁੱਖ ਮੰਤਰੀ ਵਜੋਂ ਦੂਜੀ ਪਾਰੀ ਚੱਲ ਰਹੀ ਹੈ। ਟੀਐਮਸੀ ਮੁਖੀ ਵੱਲੋਂ ਜਨਤਕ ਮੀਟਿੰਗਾਂ ਦੌਰਾਨ ਅਕਸਰ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੱਛਮੀ ਬੰਗਾਲ ਵਾਸੀਆਂ ਦੇ ਲੇਖੇ ਲਾਈ ਹੈ ਤੇ ਉਨ੍ਹਾਂ ਕੋਲ ਖ਼ੁਦ ਲਈ ਸੋਚਣ ਦਾ ਸਮਾਂ ਹੀ ਨਹੀਂ ਹੈ।
ਨਵੇਂ ਸਿਰਕੱਢ ਸਿਆਸਤਦਾਨਾਂ ਵਿੱਚ ਸ਼ਾਮਲ ਰਾਹੁਲ ਗਾਂਧੀ (46), ਜੋ ਕਾਂਗਰਸ ਦੇ ਵਾਰਿਸ ਹਨ, ਤੋਂ ਇਲਾਵਾ ਬਸਪਾ ਸੁਪਰੀਮੋ ਮਾਇਆਵਤੀ (61) ਅਤੇ ਸੀਨੀਅਰ ਭਾਜਪਾ ਆਗੂ ਉਮਾ ਭਾਰਤੀ (57) ਅਣਵਿਆਹੇ ਹਨ। ਸਿਆਸਤਦਾਨਾਂ ਲਈ ਵਿਆਹ ਨਾ ਕਰਾਉਣਾ ਇਕ ਮਾਣ ਵਾਲੀ ਗੱਲ ਵੀ ਬਣ ਸਕਦਾ ਹੈ। ਮਾਇਆਵਤੀ ਵੱਲੋਂ ਚੋਣ ਰੈਲੀਆਂ ਵਿੱਚ ਅਕਸਰ ਕਿਹਾ ਜਾਂਦਾ ਹੈ, ‘ਮੈਂ ਨੀਵੀਂ ਜਾਤੀ ਦੀ ਹਾਂ, ਮੈਂ ਵਿਆਹ ਨਹੀਂ ਕਰਾਇਆ ਅਤੇ ਮੈਂ ਤੁਹਾਡੀ ਹਾਂ।’
ਸਾਲ 2000 ਤੋਂ ਉੜੀਸਾ ਦੀ ਸੱਤਾ ਉਤੇ ਕਾਬਜ਼ ਨਵੀਨ ਪਟਨਾਇਕ ਵੱਲੋਂ ਵੀ ਅਕਸਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਕੋਈ ਪਰਿਵਾਰ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦੀ ਸਰਕਾਰ ਵਿੱਚ ਕਾਂਗਰਸ ਵਾਂਗ ਪਰਿਵਾਰਵਾਦ ਦਾ ਕੋਈ ਖ਼ਤਰਾ ਨਹੀਂ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਗੋਆ ਦੇ ਮਨੋਹਰ ਪਰੀਕਰ ਵਿਧੁਰ ਹਨ। ਆਰਐਸਐਸ ਦੇ ਕਈ ਕਾਰਕੁਨਾਂ ਵਾਂਗ ਮੋਹਨ ਭਾਗਵਤ, ਜੋ ਭਾਜਪਾ ਦੀ ਵਿਚਾਰਧਾਰਾ ਦੇ ਸ੍ਰੋਤ ਦੇ ਮੁਖੀ ਹਨ, ਨੇ ਵੀ ਵਿਆਹ ਨਾ ਕਰਾਉਣ ਦਾ ਫ਼ੈਸਲਾ ਕੀਤਾ ਸੀ। ਭਾਜਪਾ ਦੇ ਸੀਨੀਅਰ ਆਗੂ ਅਟਲ ਬਿਹਾਰੀ ਵਾਜਪਾਈ ਨੇ ਵੀ ਵਿਆਹ ਨਹੀਂ ਕਰਾਇਆ। ਉਨ੍ਹਾਂ ਵੱਲੋਂ ਜਨਤਕ ਬੈਠਕਾਂ ਵਿੱਚ ਕਿਹਾ ਜਾਂਦਾ ਸੀ ਕਿ ਉਨ੍ਹਾਂ ਦਾ ਪਰਿਵਾਰ ਨਹੀਂ ਹੈ, ਜਿਸ ਕਾਰਨ ਪਰਿਵਾਰਵਾਦ ਦਾ ਸਵਾਲ ਹੀ ਨਹੀਂ ਉੱਠਦਾ। ਸ੍ਰੀ ਵਾਜਪਾਈ ਦੇਸ਼ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ। ਵਿਆਹ ਨਾ ਕਰਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਵਿੱਚੋਂ  ਸਿਰਕੱਢਵੇਂ ਡਾ. ਏ ਪੀ ਜੇ ਅਬਦੁਲ ਕਲਾਮ, ਜੋ ਸਾਇੰਸਦਾਨ ਸਨ, ਦੇਸ਼ ਦੇ 11ਵੇਂ ਰਾਸ਼ਟਰਪਤੀ ਬਣੇ ਸਨ। ‘ਮਿਜ਼ਾਈਲ ਮੈਨ ਆਫ ਇੰਡੀਆ’ ਦਾ 2015 ਵਿੱਚ ਦੇਹਾਂਤ ਹੋ ਗਿਆ ਸੀ। ਤਾਮਿਲ ਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ ਜੈਲਲਿਤਾ ਨੇ ਵੀ ਵਿਆਹ ਨਹੀਂ ਕਰਾਇਆ ਸੀ। ਉਨ੍ਹਾਂ ਦਾ ਪਿਛਲੇ ਸਾਲ ਦਸੰਬਰ ਵਿੱਚ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

-ਪੀਟੀਆਈ    


Comments Off on ਘੋੜੀ ਨਾ ਚੜ੍ਹਨ ਵਾਲੇ ਸਿਆਸਤ ਦੇ ਸ਼ਾਹਸਵਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.