ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਛੱਪੜ ਤੋਂ ਬਣਾਈ ਝੀਲ ਨੇ ਚੰਨਣਵਾਲ ਨੂੰ ਲਾਏ ਚਾਰ ਚੰਨ

Posted On March - 20 - 2017
ਪਿੰਡ ਚੰਨਣਵਾਲ ਵਿੱਚ ਤਿਆਰ ਕੀਤਾ ਗਿਆ ਝੀਲਨੁਮਾ ਛੱਪੜ।

ਪਿੰਡ ਚੰਨਣਵਾਲ ਵਿੱਚ ਤਿਆਰ ਕੀਤਾ ਗਿਆ ਝੀਲਨੁਮਾ ਛੱਪੜ।

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 20 ਮਾਰਚ
ਪਿੰਡ ਚੰਨਣਵਾਲ ਅੱਜ ਨਮੂਨੇ ਦੇ ਪਿੰਡਾਂ ’ਚੋਂ ਇੱਕ ਬਣ ਗਿਆ ਹੈ। ਪਿੰਡ ਹੋਣ ਦੇ ਬਾਵਜੂਦ ਇੱਥੇ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਧਾਲੀਵਾਲ ਹਨ। ਉਨ੍ਹਾਂ ਦੱਸਿਆ ਕਿ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਆਪਣੇ ਕੋਲੋਂ ਤਿੰਨ ਲੱਖ ਰੁਪਏ ਖਰਚ ਕੇ ਪਿੰਡ ਦੇ ਵੀਹ ਸਾਲਾਂ ਤੋਂ ਪੁਰਾਣੇ ਖੰਡਰ ਬਣੇ ਕਮਿਊਨਿਟੀ ਹਾਲ ਦੀ ਬਿਲਡਿੰਗ ਦੀ ਮੁਰੰਮਤ ਕਰਵਾ ਕੇ ਆਧੁਨਿਕ ਸਹੂਲਤਾਂ ਵਾਲਾ ਪੰਚਾਇਤ ਘਰ ਬਣਾਇਆ। ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪੰਚਾਇਤ ਘਰ ਵਿੱਚ ਟਰੈਕਟਰ ਟਰਾਲੀ, ਐਂਬੂਲੈਂਸ ਅਤੇ ਪੀਟਰ ਰੇਹੜੇ ਦਾ ਪ੍ਰਬੰਧ ਕੀਤਾ ਗਿਆ ਹੈ।
ਪਿੰਡ ਦੀਆਂ ਕੁਝ ਸਾਂਝੀਆਂ ਥਾਵਾਂ ’ਤੇ ਚਾਰ ਪਾਰਕ ਬਣਾਏ ਗਏ ਹਨ। ਪਿੰਡ ਦੇ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਲਈ 45 ਲੱਖ ਦੀ ਲਾਗਤ ਨਾਲ ਸਾਢੇ ਚਾਰ ਕਿਲੋਮੀਟਰ ਪਾਈਪਾਂ ਦੱਬ ਕੇ ਗੰਦਾ ਪਾਣੀ ਟੱਲੇਵਾਲ ਡਰੇਨ ਵਿੱਚ ਪਾਇਆ ਜਾ ਰਿਹਾ ਹੈ। ਛੱਪੜ ਦੀ ਸਫ਼ਾਈ ਕਰ ਕੇ ਆਲੇ ਦੁਆਲੇ ਲੋਕਾਂ ਤੋਂ ਥਾਂ ਛੁਡਵਾ ਕੇ ਆਉਣ-ਜਾਣ ਲਈ ਰਸਤਾ ਬਣਾਇਆ ਗਿਆ ਹੈ।
ਪਿੰਡ ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਝੀਲਨੁਮਾ ਛੱਪੜ ਵਿਸ਼ੇਸ਼ ਖਿੱਚ ਦਾ ਕੇਂਦਰ ਹੈ, ਜਿੱਥੇ ਬੈਠਣ ਲਈ ਬੈਂਚ, ਸ਼ੈੱਡ, ਪਾਰਕ, ਕੰਟੀਨ, ਸੰਗੀਤ, ਪੰਛੀ, ਪਾਣੀ ਵਿੱਚ ਰੰਗ ਬਿਰੰਗੀਆਂ ਲਾਈਟਾਂ ਅਤੇ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਪਿੰਡ ਵਿੱਚ ਪੰਛੀਆਂ ਦੇ ਰਹਿਣ ਬਸੇਰੇ ਲਈ ਆਲ੍ਹਣਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 8 ਲੱਖ ਦੀ ਲਾਗਤ ਨਾਲ 2 ਚੌਂਕ ਤਿਆਰ ਕੀਤੇ ਗਏ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਵਾਲੇ ਦੋ ਬੱਸ ਸਟੈਂਡ ਤਿਆਰ ਕੀਤੇ ਗਏ ਹਨ।
ਪਿੰਡ ’ਚ 15 ਲੱਖ ਦੀ ਲਾਗਤ ਨਾਲ ਏਅਰਕੰਡੀਸ਼ਨ ਲਾਇਬਰੇਰੀ ਬਣਵਾਈ ਗਈ ਹੈ। ਪੂਰੇ ਪਿੰਡ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਪਿੰਡ ਵਿੱਚ 30 ਬਿਸਤਰਿਆਂ ਵਾਲਾ ਹਸਪਤਾਲ ਮੌਜੂਦ ਹੈ ਜਦਕਿ ਸਾਢੇ 5 ਏਕੜ ਜ਼ਮੀਨ ਵਿੱਚ ਪੱਕੀ ਦਾਣਾ ਮੰਡੀ ਬਣਾਈ ਗਈ ਹੈ। ਲਾਇਬਰੇਰੀ ਦੇ ਕੋਲ ਹੀ ਸੇਵਾ ਕੇਂਦਰ ਅਤੇ ਔਰਤਾਂ ਦੀਆਂ ਸਹੂਲਤਾਂ ਲਈ ਮੁੱਢਲਾ ਸਿਹਤ ਕੇਂਦਰ, ਟੈਲੀਫ਼ੋਨ ਐਕਸਚੇਂਜ ਮੌਜੂਦ ਹੈ ਅਤੇ ਇੱਥੇ ਹੀ ਜਲਦੀ ਦੋ ਬੈਂਕ ਤੇ ਪਸ਼ੂ ਹਸਪਤਾਲ ਵੀ ਬਣਵਾਇਆ ਜਾਵੇਗਾ। ਪਿੰਡ ਵਿੱਚ ਏ.ਸੀ. ਮੈਰਿਜ ਪੈਲੇਸ ਵੀ ਹੈ।
ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਆਪਣੇ ਕਾਰਜਕਾਲ ਦੌਰਾਨ ਪਿੰਡ ਦੀ ਫ਼ਿਰਨੀ ਤੋਂ ਰੂੜੀਆਂ ਤੇ ਗੋਹਾ ਅਤੇ ਗੰਦ ਹਟਵਾ ਕੇ ਪਿੰਡ ਨੂੰ ਪੰਜਾਬ ਦਾ ਸਭ ਤੋਂ ਸੁੰਦਰ ਪਿੰਡ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡ ਦੇ ਇਨ੍ਹਾਂ ਕੰਮਾਂ ’ਚ ਸਹਿਯੋਗ ਲਈ ਪੰਚਾਇਤ ਮੈਂਬਰ ਨੱਥਾ ਸਿੰਘ, ਭਾਗ ਸਿੰਘ, ਪਰਮਜੀਤ ਕੌਰ, ਮਨਜੀਤ ਕੌਰ, ਰੁਪਿੰਦਰ ਕੌਰ, ਦਰਸ਼ਨ ਸਿੰਘ, ਪਰਮਜੀਤ ਸਿੰਘ, ਮੱਘਰ ਸਿੰਘ ਅਤੇ ਮੇਜਰ ਸਿੰਘ ਵੀ ਆਪਣਾ ਯੋਗਦਾਨ ਪਾ ਰਹੇ ਹਨ।

ਪਿੰਡ ਦੀ ਨੁਹਾਰ ਬਦਲਣ ’ਚ ਸਰਪੰਚ ਨੇ ਪਾਇਆ ਵਿਸ਼ੇਸ਼ ਯੋਗਦਾਨ
ਪਿੰਡ ਚੰਨਣਵਾਲ ਦੀ ਨੁਹਾਰ ਬਦਲਣ ਦਾ ਸਿਹਰਾ ਪਿੰਡ ਦੇ ਪੜ੍ਹੇ ਲਿਖੇ ਉੱਦਮੀ ਨੌਜਵਾਨ ਸਰਪੰਚ ਗੁਰਜੰਟ ਸਿੰਘ ਧਾਲੀਵਾਲ ਨੂੰ ਜਾਂਦਾ ਹੈ। ਉਨ੍ਹਾਂ 1999 ਤੋਂ 2004 ਤੱਕ ਇੰਗਲੈਂਡ ਵਿੱਚ ਸਖਤ ਮਿਹਨਤ ਕੀਤੀ ਅਤੇ ਪੈਸੇ ਕਮਾ ਕੇ ਆਪਣੇ ਵਤਨ ਪੰਜਾਬ ਪਰਤੇ। ਪਿੰਡ ਪਰਤ ਕੇ ਉਨ੍ਹਾਂ ਸਮਾਜਸੇਵੀ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲੱਗੇ ਤਾਂ ਉਨ੍ਹਾਂ ਦੇ ਦਿਲ ਵਿੱਚ ਪਿੰਡ ਲਈ ਕੁਝ ਕਰਨ ਦੀ ਤਮੰਨਾ ਸੀ ਜਿਸਨੂੰ ਭਾਂਪਦਿਆਂ ਪਿੰਡ ਵਾਸੀਆਂ ਨੇ 3 ਜੁਲਾਈ 2013 ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਉਨ੍ਹਾਂ ਨੂੰ ਪਿੰਡ ਚੰਨਣਵਾਲ ਦਾ ਸਰਪੰਚ ਬਣਾ ਦਿੱਤਾ।


Comments Off on ਛੱਪੜ ਤੋਂ ਬਣਾਈ ਝੀਲ ਨੇ ਚੰਨਣਵਾਲ ਨੂੰ ਲਾਏ ਚਾਰ ਚੰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.