ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਜਨਮ ਦਿਨ

Posted On March - 19 - 2017

ਮਹਾਸ਼ਵੇਤਾ ਦੇਵੀ
ਬੰਗਲਾ ਕਹਾਣੀ
11103cd _storyਤਿੰਨ ਮੰਜ਼ਿਲੇ ਮਕਾਨ ਦੀ ਛੱਤ ’ਤੇ ਸ਼ਾਮਿਆਨਾ ਲੱਗਾ ਸੀ। ਘਰ ਦੇ ਸਾਹਮਣੇ ਫੁਟਪਾਥ ਨੂੰ ਸਫ਼ਾਈ ਵਾਲਿਆਂ ਨੇ ਚੰਗੀ ਤਰ੍ਹਾਂ ਪਾਣੀ ਨਾਲ ਧੋ ਦਿੱਤਾ ਸੀ।
ਚੌਂਕੀਦਾਰ ਨੇ ਕਿਹਾ, ‘‘ਚਲੋ ਨੱਠੋ ਇੱਥੋਂ।’’
ਕੂੜਨ ਆਪਣੀ ਮਾਂ ਤੇ ਭੈਣ ਭਰਾ ਨਾਲ ਜਾ ਕੇ ਫੁਟਪਾਥ ਦੇ ਦੂਜੇ ਪਾਸੇ ਬੈਠ ਗਿਆ। ਦੂਜੀ ਮੰਜ਼ਿਲ ਦੀ ਔਰਤ ਕਹਿਣ ਲੱਗੀ, ‘‘ਫਿਰ ਆ ਗਏ ਸਾਨੂੰ ਪ੍ਰੇਸ਼ਾਨ ਕਰਨ!’’
ਕੂੜਨ ਦੀ ਮਾਂ ਨੇ ਕਿਹਾ, ‘‘ਨਹੀਂ ਨਹੀਂ, ਅੱਜ ਇੱਥੇ ਤਿਉਹਾਰ ਹੈ। ਸੋ ਇੱਕ ਰਾਤ ਰਹਾਂਗੇ, ਸਵੇਰ ਹੁੰਦਿਆਂ ਹੀ ਚਲੇ ਜਾਵਾਂਗੇ।’’
‘‘ਤੁਸੀਂ ਲੋਕ ਇੱਥੋਂ ਦਫ਼ਾ ਕਿਉਂ ਨਹੀਂ ਹੁੰਦੇ? ਤੁਸੀਂ ਫੁਟਪਾਥ ਨੂੰ ਨਰਕ ਬਣਾ ਦਿੱਤਾ ਹੈ।’’
‘‘ਕਿੱਥੇ ਜਾਈਏ?’’
‘‘ਕੋਈ ਕੰਮ ਨਹੀਂ ਕਰ ਸਕਦੀ?’’
‘‘ਕੋਈ ਕੰਮ ਨਹੀਂ ਦਿੰਦਾ। ਤੁਹਾਡੇ ਲੋਕਾਂ ਦਾ ਸਾਰਾ ਕੁਝ ਗੈਸ ’ਤੇ ਬਣਦਾ ਹੈ। ਇਹ ਵੀ ਸੰਭਵ ਨਹੀਂ ਕਿ ਤੁਹਾਡੇ ਘਰਾਂ ਵਿੱਚ ਸਮੇਂ ਸਮੇਂ ਨਾਲ ਸਫੈਦੀ ਕਰ ਦੇਈਏ। ਇਸ ਗੱਲ ’ਤੇ ਕੋਈ ਵਿਸ਼ਵਾਸ ਨਹੀਂ ਕਰਦਾ ਕਿ ਮੈਂ ਦਿਨ ਰਾਤ ਕੰਮ ਕਰਾਂਗੀ। ਲੋਕ ਕਹਿੰਦੇ ਹਨ ਕਿ ਚੋਰੀ ਕਰਕੇ ਨੱਠ ਜਾਵਾਂਗੀ।’’
‘‘ਤਾਂ ਕੀ ਭੀਖ ਮੰਗਣਾ ਚੰਗੀ ਗੱਲ ਹੈ?’’
‘‘ਕੀ ਕਰੀਏ? ਜਦੋਂ ਤਕ ਕੂੜਨ ਦਾ ਪਿਤਾ ਸੀ, ਮੈਂ ਆਉਂਦੀ ਸੀ ਭੀਖ ਮੰਗਦੀ ਸੀ। ਫਿਰ ਮੁੜ ਜਾਂਦੀ ਸੀ। ਹੁਣ ਤਾਂ ਉਹ ਸਾਡੇ ਹਮੇਸ਼ਾਂ ਭੀਖ ਮੰਗਣ ਦਾ ਇੰਤਜ਼ਾਮ ਕਰ ਗਿਆ ਹੈ।’’ ਕੂੜਨ ਦੀ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ।
ਔਰਤ ਕਹਿਣ ਲੱਗੀ, ‘‘ਫੁਟਪਾਥ ਗੰਦਾ ਨਾ ਕਰਨਾ, ਨਹੀਂ ਤਾਂ ਪਾਣੀ ਸੁੱਟ ਦਿਆਂਗੀ।’’
‘‘ਨਾ ਮਾਲਕਣ, ਇੰਜ ਨਾ ਕਰਨਾ।’’
ਉਹ ਬੈਠੇ ਰਹੇ। ਅੱਜ ਹੋਲੀ ਹੈ। ਥਾਂ ਥਾਂ ਘੁੰਮਣ ਦੇ ਬਾਵਜੂਦ ਭੀਖ ਨਹੀਂ ਸੀ ਮਿਲੀ। ਇੱਕ ਤਾਂ ਕੂੜਨ ਦੀ ਮਾਂ ਨੂੰ ਇਸ ਮੁਹੱਲੇ ਵਿੱਚ ਘਰਾਂ ਦਾ ਸੁਰਾਗ ਹੀ ਨਹੀਂ ਮਿਲਦਾ। ਇੱਕ ਇੱਕ ਉੱਚੇ ਮਕਾਨ ਵਿੱਚ ਪੰਜਾਹ ਪੰਜਾਹ ਛੋਟੇ ਪਰਿਵਾਰ ਰਹਿੰਦੇ ਹਨ। ਅਫ਼ਸਰ ਲੋਕ ਦਫ਼ਤਰ ਜਾਂਦੇ ਹਨ। ਔਰਤਾਂ ਵੀ ਕੰਮ ’ਤੇ ਜਾਂਦੀਆਂ ਹਨ। ਇੱਥੇ ਰਹਿੰਦੇ ਲੋਕ ਘੱਟ ਅਤੇ ਗੱਡੀਆਂ ਜ਼ਿਆਦਾ ਹਨ। ਉਹ ਉਨ੍ਹਾਂ ਮੁਹੱਲਿਆਂ ਵਿੱਚ ਜਾਂਦੀ ਹੈ ਜਿੱਥੇ ਥੱਲੇ ਜ਼ਮੀਨ ’ਤੇ ਲੋਕ ਰਹਿੰਦੇ ਹਨ। ਉਹ ਪ੍ਰੇਸ਼ਾਨ ਹੋ ਕੇ ਭੀਖ ਦੇ ਹੀ ਦਿੰਦੇ ਹਨ।
ਕੂੜਨ ਨੇ ਕਿਹਾ, ‘‘ਮਾਂ ਇੰਨਾ ਵੱਡਾ ਤਿਉਹਾਰ ਕਿਉਂ?’’
‘‘ਸਾਹਿਬ ਦੇ ਬੇਟੇ ਦਾ ਜਨਮ ਦਿਨ ਹੈ।’’
‘‘ਅੱਜ?’’
‘‘ਹਾਂ।’’
‘‘ਤੂੰ ਕਹਿੰਦੀ ਸੀ ਕਿ ਮੈਂ ਵੀ ਹੋਲੀ ਵਾਲੇ ਦਿਨ ਪੈਦਾ ਹੋਇਆ ਸੀ?’’
‘‘ਹਾਂ, ਇਹ ਸੱਚ ਹੈ।’’
‘‘ਤਾਂ ਫਿਰ ਮੇਰਾ ਵੀ ਅੱਜ ਜਨਮ ਦਿਨ ਹੈ?’’
‘‘ਹਾਂ।’’
‘‘ਭੀਖ ਮੰਗਣ ਨਹੀਂ ਗਏ, ਕੀ ਖਾਵਾਂਗੇ?’’
‘‘ਕਿਉਂ, ਇੱਥੇ ਤਿਉਹਾਰ ਜੋ ਮਨਾਇਆ ਜਾ ਰਿਹਾ ਹੈ।’’
‘‘ਖਾਣ ਨੂੰ ਮਿਲੇਗਾ ਨਾ?’’
‘‘ਕਿਉਂ ਨ੍ਹੀਂ! ਕਿੰਨਾ ਕੁਝ ਆ ਰਿਹਾ ਹੈ। ਸਾਹਿਬ ਲੋਕ ਕਿੰਨਾ ਕੁ ਖਾ ਸਕਣਗੇ? ਜਦੋਂ ਜੂਠ ਸੁੱਟਣਗੇ ਤਾਂ ਅਸੀਂ ਸਾਫ਼ ਸਾਫ਼ ਕੱਢ ਕੇ ਖਾ ਲਵਾਂਗੇ।’’
‘‘ਜਿਵੇਂ ਉਸ ਦਿਨ ਖਾਧਾ ਸੀ?’’
‘‘ਉਸ ਤੋਂ ਵੀ ਵਧੀਆ। ਇਨ੍ਹਾਂ ਕੋਲ ਢੇਰ ਸਾਰਾ ਪੈਸਾ ਹੈ। ਤਿੰਨ ਤਿੰਨ ਗੱਡੀਆਂ ਹਨ। ਮੈਂ ਸੁਣਿਆ ਸੀ ਕਿ ਤਿੰਨ ਸੌ ਲੋਕ ਆ ਰਹੇ ਹਨ।’’
‘‘ਤੈਨੂੰ ਕਿਵੇਂ ਪਤਾ ਹੈ?’’
‘‘ਸਫ਼ਾਈ ਵਾਲੇ ਨੇ ਦੱਸਿਆ ਸੀ। ਇਹ ਵੱਡੇ ਲੋਕ ਹਨ। ਘਰ ਖਾਣਾ ਨਹੀਂ ਬਣਾਉਂਦੇ। ਹੋਟਲ ਤੋਂ ਭੋਜਨ ਆਵੇਗਾ। ਉਨ੍ਹਾਂ ਨੂੰ ਪੈਸੇ ਦੇ ਦਿੱਤੇ ਜਾਣਗੇ। ਤਰ੍ਹਾਂ ਤਰ੍ਹਾਂ ਦੇ ਪਕਵਾਨ ਹੋਣਗੇ। ਹੋਟਲ ਵਾਲੇ ਖਾਣਾ ਪਰੋਸਣ ਲਈ ਥਾਲੀਆਂ, ਕੌਲੀਆਂ ਵੀ ਨਾਲ ਹੀ ਲਿਆਉਣਗੇ।’’
‘‘ਜਨਮ ਦਿਨ ’ਤੇ ਕੀ ਹੁੰਦਾ ਹੈ, ਮਾਂ?’’
‘‘ਬੇਟਾ, ਮੈਨੂੰ ਨਹੀਂ ਪਤਾ। ਨੌਕਰਾਣੀ ਦੱਸ ਰਹੀ ਸੀ ਕਿ ਵਲੈਤ ਤੋਂ ਬੱਚੇ ਦਾ ਤਾਇਆ ਖਿਡੌਣੇ ਲਿਆ ਰਿਹਾ ਹੈ। ਨਾਨੀ ਸੋਨੇ ਦੀ ਕਟੋਰੀ ਦੇ ਰਹੀ ਹੈ। ਮਾਂ ਬਾਪ ਇੱਕ ਵੱਡੀ ਖਿਡੌਣਾ ਕਾਰ ਦੇ ਰਹੇ ਹਨ ਜਿਹੜੀ ਸਚਮੁੱਚ ਦੀ ਗੱਡੀ ਵਾਂਗ ਚੱਲਦੀ ਹੈ।’’
‘‘ਫਿਰ ਉਹ ਲੜਕਾ ਇੰਨਾ ਰੋਂਦਾ ਕਿਉਂ ਹੈ?’’
‘‘ਬਸ ਉਂਜ ਹੀ ਨਖਰੇ। ਇਹ ਨਹੀਂ ਖਾਣਾ, ਉਹ ਨਹੀਂ ਖਾਣਾ। ਨੌਕਰਾਣੀ ਕਹਿੰਦੀ ਹੈ ਕਿ ਫਲ, ਮਠਿਆਈ, ਮਾਸ ਮੱਛੀ ਸਭ ਕੁਝ ਸੁੱਟ ਦਿੰਦਾ ਹੈ।’’
‘‘ਸਭ ਕੁਝ ਸੁੱਟ ਦਿੰਦਾ ਹੈ?’’
‘‘ਹਾਂ, ਸਭ ਕੁਝ। ਬਹੁਤ ਵੱਡੇ ਲੋਕ ਹਨ। ਬਾਜ਼ਾਰ ਤੋਂ ਨੌਕਰ ਵੱਡੇ ਵੱਡੇ ਥੈਲਿਆਂ ਵਿੱਚ ਖਾਣ ਦਾ ਸਾਮਾਨ ਭਰ ਕੇ ਲਿਆਉਂਦਾ ਹੈ। ਘਰ ਵਿੱਚ ਅਠਾਰਾਂ ਕਮਰੇ ਅਤੇ ਕਿੰਨੇ ਹੀ ਨੌਕਰ ਚਾਕਰ ਹਨ। ਜਨਮ ਦਿਨ ’ਤੇ ਸਭ ਨੌਕਰਾਂ ਨੂੰ ਨਵੇਂ ਕੱਪੜੇ ਦਿੱਤੇ ਗਏ ਹਨ। ਲੜਕੇ ਦੀ ਮਾਂ ਨੇ ਮੰਦਿਰ ਵਿੱਚ ਪੂਜਾ ਕੀਤੀ। ਦੋ ਗੱਡੀਆਂ ਵਿੱਚ ਲੱਦ ਕੇ ਫਲ, ਮਠਿਆਈਆਂ ਲੈ ਕੇ ਗਈ ਸੀ।’’
ਕੂੜਨ ਹੈਰਾਨੀ ਨਾਲ ਸਭ ਕੁਝ ਸੁਣ ਤੇ ਦੇਖ ਰਿਹਾ ਸੀ। ਸਾਰਾ ਘਰ ਰੌਸ਼ਨੀ ਨਾਲ ਜਗਮਗਾ ਉੱਠਿਆ ਸੀ। ਸੱਤ ਵੱਜੇ ਨਹੀਂ ਕਿ ਗੱਡੀਆਂ ਦਾ ਕਾਫ਼ਲਾ ਆਉਣਾ ਸ਼ੁਰੂ ਹੋ ਗਿਆ। ਆਈਸਕਰੀਮ ਦੀ ਇੱਕ ਵੱਡੀ ਵੈਨ ਵੀ ਆ ਪਹੁੰਚੀ। ਕੂੜਨ ਦੀ ਮਾਂ ਨੇ ਕਿਹਾ, ‘‘ਉਨ੍ਹਾਂ ਦਾ ਇੱਕ ਕਮਰਾ ਬਹੁਤ ਵੱੱਡਾ ਹੈ। ਅੱਜ ਇੱਥੇ ਫ਼ਿਲਮ ਦਿਖਾਈ ਜਾਵੇਗੀ।’’
‘‘ਘਰ ਦੇ ਅੰਦਰ ਫ਼ਿਲਮ?’’
‘‘ਉਹ ਰਾਜੇ ਹਨ। ਸਭ ਕੁਝ ਕਰ ਸਕਦੇ ਹਨ।’’
ਕੂੜਨ ਦੀ ਮਾਂ ਛੋਟੇ ਬੱਚੇ ਨੂੰ ਦੁੱਧ ਪਿਆਉਣ ਲੱਗੀ। ਪਰ ਦੁੱਧ ਕਿੱਥੇ…? ਵਿਚਕਾਰਲੀ ਲੜਕੀ ਜਨਮ ਤੋਂ ਗੂੰਗੀ ਬੋਲੀ ਹੈ। ਬੈਠੀ ਬੈਠੀ ਮੂੰਹ ਤੋਂ ਲਾਰ ਟਪਕਾ ਰਹੀ ਹੈ। ਕੂੜਨ ਮਾਂ ਨਾਲ ਪਿੱਠ ਟਿਕਾਈ ਬੈਠਾ ਹੈ। ਅਜਿਹੇ ਜਸ਼ਨ ਭਰੇ ਘਰ ਨੂੰ ਦੇਖਣ ਵਿੱਚ ਵੀ ਇੱਕ ਆਨੰਦ ਹੈ। ਦੇਖਦੇ ਦੇਖਦੇ ਉਹ ਕਦੋਂ ਸੌਂ ਗਿਆ, ਉਸ ਨੂੰ ਖ਼ੁਦ ਵੀ ਪਤਾ ਨਾ ਲੱਗਾ। ਫੁਟਪਾਥ ’ਤੇ ਮੰਗਤਿਆਂ ਦੀ ਭੀੜ ਜੁੜ ਗਈ ਸੀ। ਉਨ੍ਹਾਂ ਨੂੰ ਖ਼ਬਰ ਮਿਲ ਹੀ ਜਾਂਦੀ ਹੈ।
ਰੌਲੇ-ਰੱਪੇ ਨਾਲ ਕੂੜਨ ਦੀ ਨੀਂਦ ਟੁੱਟੀ। ‘‘ਕੀ ਹੋਇਆ ਮਾਂ?’’ ਕਹਿ ਕੇ ਉਸ ਨੇ ਦੇਖਿਆ ਤਾਂ ਮਾਂ ਉੱਥੇ ਨਹੀਂ ਸੀ। ਗੂੰਗੀ ਬੋਲੀ ਭੈਣ ਬੈਠੀ ਸੀ ਤੇ ਉਸ ਦੇ ਸਾਹਮਣੇ ਨਿੱਕਾ ਭਰਾ ਲੇਟਿਆ ਚੀਕ ਰਿਹਾ ਸੀ। ਕੂੜਨ ਨੱਠ ਕੇ ਗਿਆ। ਇੱਕ ਸਫ਼ੈਦ ਬੰਦ ਵੈਨ ਦੇ ਸਾਹਮਣੇ ਮੰਗਤਿਆਂ ਦੀ ਭੀੜ ਸੀ। ਉੁਸ ਦੀ ਮਾਂ ਵੀ ਸੀ।
‘‘ਦੇ ਜਾਓ ਬਾਬੂ, ਸਾਨੂੰ ਵੀ ਦੇ ਜਾਓ। ਜੂਠ ਤਾਂ ਨਾ ਲਿਜਾਓ।’’ ਇੱਕ ਲੰਗੜੀ ਬੁੱਢੀ ਔਰਤ ਲਗਾਤਾਰ ਬੋਲ ਰਹੀ ਸੀ। ਸਫ਼ੈਦ ਕੱਪੜਿਆਂ ਵਾਲੇ ਉਹ ਲੋਕ ਕਾਫ਼ੀ ਮਾਤਰਾ ਵਿੱਚ ਭੋਜਨ ਲਿਆ ਕੇ ਵੈਨ ਅੰਦਰ ਰੱਖ ਰਹੇ ਸਨ। ਤਲੀਆਂ ਮੱਛੀਆਂ, ਮਾਸ, ਵੱਡੀਆਂ ਵੱਡੀਆਂ ਮਠਿਆਈਆਂ, ਆਈਸਕਰੀਮ ਤੇ ਕੋਲਡ ਡਰਿੰਕਸ ਦੇ ਡੱਬੇ।
‘‘ਦੇ ਜਾਓ ਬਾਬੂ, ਅਸੀਂ ਕਦੋਂ ਦੇ ਇੱਥੇ ਬੈਠੇ ਹਾਂ। ਸਾਨੂੰ ਦੇ ਜਾਓ।’’
ਸੋਹਣੇ ਕੱਪੜਿਆਂ ਵਾਲੇ ਤਿੰਨ ਨੌਜਵਾਨ ਮਕਾਨ ਵਿੱਚੋਂ ਆਏ। ਉਨ੍ਹਾਂ ਨੇ ਆ ਕੇ ਵੈਨ ਵਾਲਿਆਂ ਨੂੰ ਕਿਹਾ, ‘‘ਇਨ੍ਹਾਂ ਨੂੰ ਇੱਕ ਦਾਣਾ ਵੀ ਨਹੀਂ ਦੇਣਾ। ਆਪਾਂ ਫੁਟਪਾਥ ਗੰਦਾ ਨਹੀਂ ਕਰਨ ਦੇਣਾ। ਗੋ ਨਾਓ…।’’
‘‘ਸਰ, ਇਨ੍ਹਾਂ ਨੂੰ ਹਟਾਓ, ਨਹੀਂ ਤਾਂ ਅਸੀਂ ਕਿਵੇਂ ਜਾਵਾਂਗੇ?’’
ਤਿੰਨਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਪਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੋਰ ਜਵਾਨ ਲੜਕੇ ਉੱਥੇ ਆ ਗਏ ਤੇ ਕਹਿਣ ਲੱਗੇ, ‘‘ਚਲੋ ਭੱਜ ਜਾਓ ਇੱਥੋਂ।’’
‘‘ਮਾਲਕ ਇੰਨੇ ਕਠੋਰ ਨਾ ਬਣੋ।’’
‘‘ਪਿੱਛੇ ਹਟੋ, ਵੈਨ ਨੂੰ ਜਾਣ ਦਿਉ। ਐਵੇਂ ਤੁਹਾਨੂੰ ਕੁਚਲ ਦੇਵੇਗੀ।’’
ਲੰਗੜੀ ਬਜ਼ੁਰਗ ਔਰਤ ਅਚਾਨਕ ਸਾਹਮਣੇ ਆ ਗਈ, ‘‘ਵੈਨ ਨੂੰ ਜਾਣ ਨਹੀਂ ਦਿਆਂਗੀ। ਦੇਖਦੀ ਹਾਂ, ਸਾਡਾ ਖਾਣਾ ਕਿਵੇਂ ਲੈ ਜਾਓਗੇ?’’
ਕੂੜਨ ਦੀ ਮਾਂ ਨੇ ਖਿੱਚ ਕੇ ਉਸ ਨੂੰ ਪਰ੍ਹਾਂ ਕੀਤਾ ਤੇ ਕਿਹਾ, ‘‘ਪਾਗਲ ਹੋ ਗਈ ਹੈਂ? ਵੈਨ ਦੇ ਥੱਲੇ ਆ ਗਈ ਤਾਂ ਕੀ ਬਚੇਂਗੀ?’’
ਵੈਨ ਸਟਾਰਟ ਹੋਈ। ਰੌਲਾ ਪੈ ਗਿਆ। ਮੰਗਤੇ ਹਟ ਗਏ। ਵੈਨ ਤੇਜ਼ੀ ਨਾਲ ਚਲੀ ਗਈ।
ਕੂੜਨ ਨੂੰ ਇਉਂ ਜਾਪਿਆ ਜਿਵੇਂ ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰਾ ਪਾਣੀ ਆ ਗਿਆ ਹੈ। ਨਿਸਫਲ ਕ੍ਰੋਧ, ਭੁੱਖ ਦੀ ਪੀੜਾ ਨਾਲ ਉਸ ਦਾ ਮੂੰਹ ਕੁਸੈਲੇ ਤੇ ਬੇਸੁਆਦ ਪਾਣੀ ਨਾਲ ਭਰ ਗਿਆ। ਉਸ ਨੇ ਜਾਂਦੀ ਹੋਈ ਵੈਨ ਵੱਲ ਜ਼ੋਰ ਨਾਲ ਥੁੱਕਿਆ। ਫਿਰ ਮਾਂ ਨੂੰ ਮਾਰਦਿਆਂ ਕਹਿਣ ਲੱਗਾ, ‘‘ਖਾਣ ਨੂੰ ਦੇ ਡੈਣੇ। ਇੱਥੇ ਭੋਜਨ ਮਿਲੇਗਾ ਕਹਿ ਕੇ ਭੀਖ ਮੰਗਣ ਲਈ ਨਹੀਂ ਗਈ। ਹੁਣ ਖਾਣ ਨੂੰ ਦੇ ਕਿਤੋਂ।’’
ਮਾਂ ਉਸ ਨੂੰ ਸੰਭਾਲਦੀ ਹੋਈ ਚੱਲ ਪਈ। ਮੰਗਤਿਆਂ ਦਾ ਸ਼ੋਰ ਹਾਲੇ ਵੀ ਥੰਮਿਆ ਨਹੀਂ ਸੀ। ਅਚਾਨਕ ਜਗਮਗਾਉਂਦੇ ਘਰ ਵਿੱਚ ਕੋਈ ਸਟੀਰੀਓ ਚਲਾ ਕੇ ਉੱਚੀ ਆਵਾਜ਼ ਵਿੱਚ ਗਾਣਾ ਵਜਾਉਣ ਲੱਗਾ। ਸ਼ੋਰ ਉਸ ਵਿੱਚ ਦਬ ਗਿਆ। ਮਾਂ ਨੇ ਕੂੜਨ ਨੂੰ ਕਿਹਾ, ‘‘ਕੱਲ੍ਹ ਕਿਤੇ ਹੋਰ ਚੱਲਾਂਗੇ। ਸ਼ਮਸ਼ਾਨ ਚੱਲੇਂਗਾ?’’
‘‘ਹਾਂ, ਉੱਥੇ ਹੀ ਜਾਵਾਂਗਾ। ਘੱਟੋ ਘੱਟ ਖਿੱਲਾਂ ਤੇ ਪੈਸੇ ਤਾਂ ਮਿਲਣਗੇ।’’
ਉਹ ਬਹੁਤ ਦੇਰ ਤਕ ਰੋਂਦਾ ਰਿਹਾ। ਫਿਰ ਉਸ ਦੀ ਮਾਂ ਨਲਕੇ ਤੋਂ ਉਸ ਲਈ ਪਾਣੀ ਲੈ ਆਈ ਤੇ ਉਸ ਦੇ ਮੋਢੇ ’ਤੇ ਹੱਥ ਰੱਖਦਿਆਂ ਬੋਲੀ, ‘‘ਪਾਣੀ ਪੀ ਲੈ ਅਤੇ ਕਮਰ ਦਾ ਕੱਪੜਾ ਕਸ ਕੇ ਬੰਨ੍ਹ ਲੈ। ਮੈਂ ਵੀ ਇੱਦਾਂ ਹੀ ਕੀਤਾ ਹੈ। ਵੇਖੀਂ ਪੇਟ ਨਹੀਂ ਰੋਵੇਗਾ, ਨੀਂਦ ਆ ਜਾਵੇਗੀ।’’
11103cd _mahashweta_devi_1– ਪੰਜਾਬੀ ਰੂਪ: ਹਰਿੰਦਰ ਸਿੰਘ ਗੋਗਨਾ
ਸੰਪਰਕ: 98723-25960


Comments Off on ਜਨਮ ਦਿਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.