ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਜਲ ਪਰੀਆਂ ਦੇ ਪ੍ਰਤੱਖ ਦਰਸ਼ਨ

Posted On March - 19 - 2017

ਡਾ. ਸੁਰਿੰਦਰ ਗਿੱਲ
ਅਨੂਠਾ ਅਨੁਭਵ
11403cd _russia_synchronized_swimming_2016_rio_olympicsਕੁਝ ਸਮਾਂ ਪਹਿਲਾਂ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਬਾਰਵੀਂ ‘ਫ਼ੀਨਾ’ ਵਿਸ਼ਵ ਚੈਂਪੀਅਨਸ਼ਿਪ ਦੇ ਮੁਕਾਬਲੇ ਦੇਖਣ ਦਾ ਮੌਕਾ ਮਿਲਿਆ। ਇਸ ਚੈਂਪੀਅਨਸ਼ਿਪ ਦਾ ਨਾਅਰਾ ਸੀ ‘ਮਹਾਨਤਾ ਦੀ ਆਸ ਰੱਖੋ।’ ਅਸੀਂ ਪਰਿਵਾਰ ਦੇ ਸਾਰੇ ਜੀਅ ‘ਸਿੰਕਰੋਨਾਈਜ਼ਡ ਸਵਿਮਿੰਗ’ ਮੁਕਾਬਲੇ ਦੇਖਣ ਲਈ ਸਟੇਡੀਅਮ ਵਿੱਚ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਏ। ਬਹੁਤੀ ਭੀੜ ਨਹੀਂ ਸੀ। ਟਿਕਟਾਂ ਖ਼ਰੀਦੀਆਂ ਅਤੇ ਨਿਰਧਾਰਤ ਦਰਵਾਜ਼ੇ ਰਾਹੀਂ ਅੰਦਰ ਚਲੇ ਗਏ। ਅੰਦਰ ਵੜਦਿਆਂ ਸਾਰ ਇੱਕ ਵਿਸ਼ੇਸ਼ ਪੁਸ਼ਾਕ ਵਿੱਚ ਸਜੀਆਂ ਕੁਝ ਮੁਟਿਆਰਾਂ ਟਿਕਟਾਂ ਦੇਖ ਕੇ ਸੀਟ ਨੰਬਰ, ਕਤਾਰ ਅਤੇ ਦਿਸ਼ਾ ਦੱਸ ਰਹੀਆਂ ਸਨ। ਸਾਰਾ ਕੰਮ-ਕਾਰ ਇਸ ਤਰ੍ਹਾਂ ਚੱਲ ਰਿਹਾ ਸੀ ਜਿਵੇਂ ਇਹ ਕੋਈ ਤੈਰਾਕੀ ਮੁਕਾਬਲਾ ਨਹੀਂ ਸਗੋਂ ਕੋਈ ਹੋਰ ਸਮਾਗਮ ਹੋਵੇ। ਲੋਕ ਚੁੱਪ-ਚਾਪ ਆਪਣੀ ਥਾਂ ਮੱਲ ਰਹੇ ਸਨ। ਕੋਈ ਵੀ ਵਿਅਕਤੀ ਆਪਣੀ ਸੀਟ ਛੱਡ ਕੇ ਸਾਹਮਣੇ ਖਾਲੀ ਪਈਆਂ ਸੀਟਾਂ ਵੱਲ ਜਾਣ ਦੀ ਝਾਕ ਨਹੀਂ ਸੀ ਰੱਖ ਰਿਹਾ।
‘ਰਾਡ ਲੇਵਰ ਐਰਿਨਾ’ ਨਾਂ ਦੇ ਇਸ ਅੰਡਾਕਾਰ ਸਟੇਡੀਅਮ ਵਿੱਚ ਇੱਕੋ ਸਮੇਂ ਦੋ ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਹੈ। ਰਾਡ ਲੇਵਰ ਟੈਨਿਸ ਦਾ ਵਿਸ਼ਵ ਪ੍ਰਸਿੱਧ ਖਿਡਾਰੀ ਸੀ। ਟੈਨਿਸ ਵੱਲੋਂ ਪੇਸ਼ੇਵਾਰਾਨਾ ਤੇ ਬਹੁਤ ਕਮਾਈ ਵਾਲੀ ਖੇਡ ਦਾ ਰੂਪ ਧਾਰਨ ਤੋਂ ਪਹਿਲਾਂ ਉਸ ਨੇ ਚਾਰੋਂ ਗਰੈਂਡ ਸਲੈਮ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਸੀ।
ਠੀਕ ਸ਼ਾਮ ਸੱਤ ਵਜੇ ਸੰਗੀਤ ਦੀ ਧੁਨ ਮੱਧਮ ਹੋ ਗਈ ਅਤੇ ਤੈਰਾਕੀ ਚੈਂਪੀਅਨਸ਼ਿਪ ਦੇ ਆਰੰਭ ਦਾ ਐਲਾਨ ਕੀਤਾ ਗਿਆ। ਇਸ ਤੈਰਾਕੀ ਮੁਕਾਬਲੇ ਵਿੱਚ ਵਿਸ਼ਵ ਭਰ ਦੀਆਂ ਪ੍ਰਸਿੱਧ ਤੈਰਾਕ ਟੀਮਾਂ ਭਾਗ ਲੈ ਰਹੀਆਂ ਸਨ। ਭਾਗ ਲੈਣ ਵਾਲੇ ਦੇਸ਼ ਸਨ- ਕੋਰੀਆ, ਇਟਲੀ, ਫਰਾਂਸ, ਯੂਨਾਨ, ਬ੍ਰਾਜ਼ੀਲ, ਯੂਕਰੇਨ, ਸਪੇਨ, ਕੈਨੇਡਾ, ਰੂਸ, ਚੀਨ ਅਤੇ ਅਮਰੀਕਾ। ਬਾਰਵੀਂ ਟੀਮ ਸਵਿਟਜ਼ਰਲੈਂਡ ਦੀ ਸੀ। ਪਰ ਸਵਿਟਜ਼ਰਲੈਂਡ ਦੀ ਟੀਮ ਨੇ ਪ੍ਰਤੀਯੋਗਤਾ ਵਿੱਚ ਭਾਗ ਨਹੀਂ ਲਿਆ, ਸਿਰਫ਼ ਆਪਣੀ ਕਲਾ ਦੇ ਚਮਤਕਾਰ ਹੀ ਦਿਖਾਏ। ਸਭ ਤੋਂ ਪਹਿਲਾਂ ਕੋਰੀਆ ਦੀ ਵਾਰੀ ਆਈ। ਸਰੋਵਰ ਦੇ ਇੱਕ ਪਾਸੇ ਬਣੇ ਇੱਕ ਆਕਰਸ਼ਕ ਦੁਆਰ ਵਿੱਚੋਂ ਕੋਰੀਆ ਦੀਆਂ ਦਸ ਸੁੰਦਰ, ਸੁਡੌਲ ਅਤੇ ਚੁਸਤ ਮੁਟਿਆਰਾਂ ਮੇਲ੍ਹਦੀਆਂ ਤੇ ਪੈਲਾਂ ਪਾਉਂਦੀਆਂ ਸਰੋਵਰ ਮੰਚ ’ਤੇ ਆਈਆਂ ਅਤੇ ਵਾਰੀ-ਵਾਰੀ ਸਰੋਵਰ ਵਿੱਚ ਛਾਲਾਂ ਮਾਰ ਦਿੱਤੀਆਂ। ਉਨ੍ਹਾਂ ਨੇ ਤੈਰਾਕੀ ਵਾਲੇ ਵਸਤਰ ਪਹਿਨੇ ਹੋਏ ਸਨ ਪਰ ਇਹ ਪਹਿਰਾਵਾ ਬੜੀਆਂ ਰੀਝਾਂ ਨਾਲ ਸ਼ਿੰਗਾਰਿਆ ਹੋਇਆ ਸੀ। ਬਿਲਕੁਲ ਉਵੇਂ ਜਿਵੇਂ ਸਾਡੇ ਪੰਜਾਬ ਵਿੱਚ ਭੰਗੜੇ ਜਾਂ ਗਿੱਧੇ ਦੇ ਕਲਾਕਾਰ ਸਜਦੇ ਹਨ।
ਗੋਰੇ ਗੁਲਾਬੀ ਰੰਗ ਦੀਆਂ ਅਤਿ ਸੁੰਦਰ ਅਤੇ ਸੁਡੌਲ ਮੁਟਿਆਰਾਂ ਪਾਣੀ ਵਿੱਚ ਤਾਰੀਆਂ ਲਾਉਂਦੀਆਂ, ਇੱਕ ਤਾਲ ਨੱਚਦੀਆਂ ਨਿਰੀਆਂ ਮੱਛੀਆਂ ਹੀ ਤਾਂ ਜਾਪਦੀਆਂ ਸਨ। ਉਨ੍ਹਾਂ ਦੀਆਂ ਭਾਂਤ-ਸੁਭਾਂਤ ਮੁਦਰਾਵਾਂ ਦੇਖ ਕੇ ਹੀ ਮੈਨੂੰ ਸਮਝ ਆਈ ਕਿ ‘ਸਿੰਕਰੋਨਾਈਜ਼ਡ ਸਵਿਮਿੰਗ’ ਸਿਰਫ਼ ਪਾਣੀ ਵਿੱਚ ਤੈਰਨ ਦਾ ਜਾਂ ਤੈਰ ਕੇ ਪਹਿਲਾਂ ਅਗਲੇ ਪਾਰ ਜਾਣ ਦਾ ਮੁਕਾਬਲਾ ਨਹੀਂ ਸਗੋਂ ਪਾਣੀ ਵਿੱਚ ਤੈਰਦਿਆਂ ਦੂਜੇ ਸਾਥੀਆਂ (ਸਾਥਣਾਂ) ਨਾਲ ਕੋਈ ਵਿਸ਼ੇਸ਼ ਤਾਲ ਤੇ ਤਾਨ ਉੱਤੇ ਨ੍ਰਿਤ ਪੈਦਾ ਕਰਨਾ ਵੀ ਹੈ। ਪਾਣੀ ਵਿੱਚ ਭਾਂਤ-ਸੁਭਾਂਤ ਮੁਦਰਾਵਾਂ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕਰਨ ਦਾ ਨਾਂ ਹੈ ਸਮੂਹ ਤੈਰਾਕੀ।
ਤੈਰਾਕੀ ਆਰੰਭ ਹੋਈ ਤਾਂ ਸਭ ਤੋਂ ਪਹਿਲਾਂ ਸਵਿਟਜ਼ਰਲੈਂਡ ਦੀਆਂ ਮੁਟਿਆਰਾਂ ਮੰਚ ’ਤੇ ਆਈਆਂ। ਸਵਿਟਜ਼ਰਲੈਂਡ ਦੇ ਸੰਗੀਤ ਦੀਆਂ ਧੁਨਾਂ ਵਿੱਚ ਇੱਕ ਤੋਂ ਬਾਅਦ ਇੱਕ ਅੱਠ ਮੁਟਿਆਰਾਂ ਮੰਚ ’ਤੇ ਇਕੱਠੀਆਂ ਹੋ ਕੇ ਇੱਕ ਤੋਂ ਪਿੱਛੋਂ ਦੂਜੀ ਪਾਣੀ ਵਿੱਚ ਕੁੱਦ ਪਈਆਂ। ਸਰੋਵਰ ਵਿੱਚ ਜਾ ਕੇ ਉਨ੍ਹਾਂ ਇੱਕ ਦਾਇਰਾ ਬਣਾ ਲਿਆ। ਇੱਕ-ਦੂਜੀ ਦੇ ਹੱਥ ਫੜ ਕੇ ਦੋ ਗੇੜੇ ਕੱਢੇ ਅਤੇ ਪਾਣੀ ਵਿੱਚ ਚੁੱਭੀਆਂ ਮਾਰ ਗਈਆਂ। ਥੋੜ੍ਹਾ ਚਿਰ ਪਿੱਛੋਂ ਇੱਕ ਮੁਟਿਆਰ ਅਚਾਨਕ ਪਾਣੀ ਉੱਤੇ ਸਿੱਧੀ ਖੜ੍ਹੀ ਹੋ ਗਈ। ਅਸਲ ਵਿੱਚ ਉਹ ਪਾਣੀ ਉੱਤੇ ਨਹੀਂ ਸਗੋਂ ਪਾਣੀ ਹੇਠ ਲੁਕੀਆਂ ਆਪਣੀਆਂ ਸਾਥਣਾਂ ਦੇ ਮੋਢਿਆਂ ’ਤੇ ਖੜ੍ਹੀ ਸੀ। ਹੌਲੀ-ਹੌਲੀ ਉਹ ਫਿਰ ਪਾਣੀ ਵਿੱਚ ਲੋਪ ਹੋ ਗਈ ਅਤੇ ਦੂਜੀਆਂ ਮੁਟਿਆਰਾਂ ਤੇਜ਼ ਹੁੰਦੇ ਸੰਗੀਤ ਦੀ ਗਰਜਵੀਂ ਧੁਨ ਵਿੱਚ ਇੱਕੋ ਸਮੇਂ ਪਾਣੀ ਵਿੱਚੋਂ ਉਪਰ ਖਲਾਅ ਵੱਲ ਨੂੰ ਉਛਲੀਆਂ ਤੇ ਸਭ ਨੇ ਇਕੱਠੀ ਤਾੜੀ ਮਾਰੀ। ਮੰਤਰ-ਮੁਗਧ ਹੋਏ ਦਰਸ਼ਕਾਂ ਨੂੰ ਤਾੜੀਆਂ ਦਾ ਖ਼ਿਆਲ ਹੀ ਨਾ ਆਇਆ।
ਇਸ ਪਿੱਛੋਂ ਉਨ੍ਹਾਂ ਨੇ ਭਾਂਤ-ਭਾਂਤ ਦੀਆਂ ਨ੍ਰਿਤ ਮੁਦਰਾਵਾਂ ਵਿੱਚ ਪਾਣੀ ਵਿੱਚ ਅਠਖੇਲੀਆਂ ਕੀਤੀਆਂ ਅਤੇ ਅਚਾਨਕ ਇੱਕ ਅਨੂਠੇ ਅੰਦਾਜ਼ ਨਾਲ ਆਪਣੇ ਕਰਤੱਬਾਂ ਦੀ ਸਮਾਪਤੀ ਕੀਤੀ ਅਤੇ ਇੱਕ-ਇੱਕ ਕਰਕੇ ਖੱਬੇ ਪਾਸੇ ਵੱਲ ਚਲੀਆਂ ਗਈਆਂ। ਸਵਿਟਜ਼ਰਲੈਂਡ ਦੀ ਇਹ ਟੀਮ ਸਿਰਫ਼ ਮਹਿਮਾਨ ਪ੍ਰਦਰਸ਼ਨ ਕਰ ਰਹੀ ਸੀ। ਚੈਂਪੀਅਨਸ਼ਿਪ ਵਿੱਚ ਭਾਗ ਨਹੀਂ ਲੈ ਸੀ ਰਹੀ। ਮੰਚ ਤੋਂ ਪ੍ਰਸਾਰਨ।
ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਪਹਿਲੀ ਟੀਮ ਸੀ- ਕੋਰੀਆ। ਕੋਰੀਆ ਪਿੱਛੋਂ ਇਟਲੀ, ਫਰਾਂਸ, ਯੂਨਾਨ, ਬ੍ਰਾਜ਼ੀਲ, ਯੂਕਰੇਨ, ਸਪੇਨ, ਕੈਨੇਡਾ, ਚੀਨ, ਰੂਸ ਅਤੇ ਅਮਰੀਕਾ ਦੀਆਂ ਟੀਮਾਂ ਦੀਆਂ ਖ਼ੂਬਸੂਰਤ ਮੁਟਿਆਰਾਂ ਆਪਣੀ ਵਾਰੀ ਸਿਰ ਮੰਚ ’ਤੇ ਆਈਆਂ ਅਤੇ ਪਾਣੀ ਵਿੱਚ ਆਪਣੀ ਤੈਰਾਕੀ ਕਲਾ ਦਾ ਪ੍ਰਦਰਸ਼ਨ ਕਰਕੇ ਸੋਰਤਿਆਂ ਨੂੰ ਕੀਲ ਲਿਆ।
ਸਰੋਵਰ ਦੇ ਕਿਨਾਰੇ ’ਤੇ ਅਤੇ ਦਰਸ਼ਕਾਂ ਦੇ ਮੂਹਰੇ, ਦਸ ਜੱਜ ਸੁਸ਼ੋਭਿਤ ਸਨ। ਇਹ ਜੱਜ ਨਾਲ ਦੀ ਨਾਲ ਹੀ ਹਰ ਇੱਕ ਟੀਮ ਦੇ ਨੰਬਰ ਲਗਾ ਰਹੇ ਸਨ। ਜੱਜਾਂ ਦਾ ਫ਼ੈਸਲਾ ਨਾਲੋ-ਨਾਲ ਕੰਪਿਊਟਰ ਸਕਰੀਨ ’ਤੇ ਦਿਖਾਇਆ ਜਾ ਰਿਹਾ ਸੀ। ਹਰ ਟੀਮ ਦੀ ਆਪਣੀ ਤਾਰੀ ਸੰਪੂਰਨ ਹੋਣ ’ਤੇ ਹਰ ਤੈਰਾਕ ਮੁਟਿਆਰ ਦੇ ਪ੍ਰਾਪਤ ਅੰਕ ਅਤੇ ਟੀਮ ਵੱਲੋਂ ਪ੍ਰਾਪਤ ਸੁਮੱਚੇ ਅੰਕ (ਸਮੁੱਚਾ ਪ੍ਰਭਾਵ) ਸਕਰੀਨ ਉੱਤੇ ਛਪਦੇ ਰਹਿੰਦੇ ਅਤੇ ਮੰਚ ਤੋਂ ਮਾਈਕ ’ਤੇ ਬੋਲ ਕੇ ਵੀ ਦੱਸੇ ਜਾ ਰਹੇ ਸਨ।
surinder gillਬਾਰਾਂ ਦੇ ਬਾਰਾਂ ਦੇਸ਼ਾਂ ਦੇ ਪ੍ਰਦਰਸ਼ਨ ਪਿੱਛੋਂ ਸਭ ਨੂੰ ਜੱਜਾਂ ਦਾ ਫ਼ੈਸਲਾ ਅਰਥਾਤ ਨਤੀਜਾ ਸੁਣਨ ਦੀ ਉਤਸੁਕਤਾ ਸੀ। ਸੁੰਨਸਾਨ ਵਰਗੀ ਚੁੱਪ ਵਿੱਚ ਜੱਜਾਂ ਦਾ ਫ਼ੈਸਲਾ ਸੁਣਾਇਆ ਗਿਆ: ਸੋਨ ਤਮਗਾ ਰੂਸ ਦੀ ਟੀਮ; ਚਾਂਦੀ ਦਾ ਤਮਗਾ ਜਾਪਾਨ ਦੀ ਟੀਮ; ਅਤੇ ਕਾਂਸੀ ਦਾ ਤਮਗਾ ਸਪੇਨ ਦੀ ਟੀਮ ਨੂੰ ਮਿਲਿਆ। ਮੈਨੂੰ ਦੱਸਿਆ ਗਿਆ ਕਿ ਸਿੰਕਰੋਨਾਈਜ਼ਡ ਸਵਿਮਿੰਗ ਓਲੰਪਿਕ ਸਪੋਰਟ ਹੈ। ਤੈਰਾਕੀ ਨੂੰ ਤਾਲਬੱਧ ਤੇ ਲੈਅਬੱਧ ਸੰਗੀਤਕ ਰੂਪ ਵਿੱਚ ਦੇਖਣਾ ਮੇਰੇ ਲਈ ਅਨੂਠਾ ਤਜਰਬਾ ਸੀ।
ਸੰਪਰਕ: 99154-73505


Comments Off on ਜਲ ਪਰੀਆਂ ਦੇ ਪ੍ਰਤੱਖ ਦਰਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.