ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਜਾਟਾਂ ਨਾਲ ਝੜਪ ’ਚ ਐਸਪੀ ਸਮੇਤ 18 ਪੁਲੀਸ ਮੁਲਾਜ਼ਮ ਫੱਟੜ

Posted On March - 19 - 2017

ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੀਆਂ ਦੋ ਬੱਸਾਂ ਸਾੜੀਆਂ; ਮੀਡੀਆ ਨਾਲ ਹੱਥੋ-ਪਾਈ, ਸ਼ਿਕਾਇਤ ਦਰਜ

ਜਾਟ ਪ੍ਰਦਰਸ਼ਨਕਾਰੀਆਂ ਨਾਲ ਝੜਪ ਦੌਰਾਨ ਜ਼ਖ਼ਮੀ ਹੋਏ ਪੁਲੀਸ ਅਧਿਕਾਰੀ ਦੇ ਮੱਲ੍ਹਮ ਪੱਟੀ ਕਰਦੇ ਹੋਏ ਡਾਕਟਰ। -ਫੋਟੋ: ਗੁਰਦੀਪ ਭੱਟੀ

ਜਾਟ ਪ੍ਰਦਰਸ਼ਨਕਾਰੀਆਂ ਨਾਲ ਝੜਪ ਦੌਰਾਨ ਜ਼ਖ਼ਮੀ ਹੋਏ ਪੁਲੀਸ ਅਧਿਕਾਰੀ ਦੇ ਮੱਲ੍ਹਮ ਪੱਟੀ ਕਰਦੇ ਹੋਏ ਡਾਕਟਰ। -ਫੋਟੋ: ਗੁਰਦੀਪ ਭੱਟੀ

ਫਤਿਆਬਾਦ, 19 ਮਾਰਚ
ਦਿੱਲੀ ਵੱਲ ਮਾਰਚ ਕਰਨ ਤੋਂ ਰੋਕਣ ਉਤੇ ਅੱਜ ਜਾਟਾਂ ਅਤੇ ਪੁਲੀਸ ਵਿਚਕਾਰ ਹੋਈ ਝੜਪ ਵਿੱਚ ਐਸਪੀ, ਡੀਐਸਪੀ ਤੇ 18 ਪੁਲੀਸ ਮੁਲਾਜ਼ਮਾਂ ਸਮੇਤ ਕੁੱਲ 35 ਵਿਅਕਤੀ ਫੱਟੜ ਹੋ ਗਏ। ਸਿਰਸਾ-ਹਿਸਾਰ-ਦਿੱਲੀ ਸ਼ਾਹਰਾਹ ਉਤੇ ਪਿੰਡ ਢਾਣੀ ਗੋਪਾਲ ਵਿੱਚ ਹੋਏ ਟਕਰਾਅ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੀਆਂ ਦੋ ਬੱਸਾਂ ਨੂੰ ਅੱਗ ਲਗਾ ਦਿੱਤੀ। ਸਥਿਤੀ ਉਦੋਂ ਤਣਾਅਪੂਰਨ ਬਣ ਗਈ ਜਦੋਂ ਜ਼ਿਲ੍ਹਾ ਹਿਸਾਰ ਦੇ ਪਿੰਡ ਚਮਾਰਖੇੜਾ ਤੇ ਖੇੜੀ ਦੇ ਜਾਟ ਪ੍ਰਦਰਸ਼ਨਕਾਰੀਆਂ ਨੇ ਢਾਣੀ ਗੋਪਾਲ ਵਿੱਚ ਲੱਗੇ ਧਰਨੇ ਵਿੱਚ ਸ਼ਾਮਲ ਹੋਣ ਲਈ ਫਤਿਆਬਾਦ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਦਾ ਯਤਨ ਕੀਤਾ।
ਪੁਲੀਸ ਨੇ ਦੱਸਿਆ ਕਿ ਟਰੈਕਟਰ-ਟਰਾਲੀਆਂ ਉਤੇ ਸਵਾਰ ਜਾਟਾਂ ਨੇ ਪੁਲੀਸ ਰੋਕਾਂ ਤੋੜਨ ਦਾ ਯਤਨ ਕੀਤਾ। ਡੀਐਸਪੀ ਗੁਰਦਿਆਲ ਸਿੰਘ, ਜੋ ਇਥੇ ਨਾਕੇ ਉਤੇ ਤਾਇਨਾਤ ਸਨ, ਨੇ ਪ੍ਰਦਰਸ਼ਨਕਾਰੀਆਂ ਨੂੰ ਪੈਦਲ ਜਾਣ ਅਤੇ ਸ਼ਾਂਤੀਪੂਰਨ ਢੰਗ ਧਰਨੇ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਪਰ ਪ੍ਰਦਰਸ਼ਨਕਾਰੀ ਨਾ ਮੰਨੇ। ਬਾਅਦ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਪੁਲੀਸ ਪਾਰਟੀ ਉਤੇ ਪਥਰਾਅ ਕੀਤਾ। ਇਸ ਕਾਰਨ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਟਕਰਾਅ ਵਿੱਚ ਨੌਂ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੀਆਂ ਦੋ ਬੱਸਾਂ ਨੂੰ ਅੱਗ ਲਗਾ ਦਿੱਤੀ। ਐਸਪੀ ਓਪੀ ਨਰਵਾਲ ਦੇ ਹੱਥ ਉਤੇ ਸੱਟ ਲੱਗੀ ਹੈ। ਡੀਐਸਪੀ ਗੁਰਦਿਆਲ ਸਿੰਘ, ਡੀ.ਐਸ.ਪੀ ਬਿਮਲਾ ਦੇਵੀ, ਇੰਸਪੈਕਟਰ ਕੁਲਦੀਪ, ਏਐਸਆਈਜ਼ ਸਾਧੂ ਰਾਮ, ਸੋਹਣ ਲਾਲ, ਮੇਜਰ ਸਿੰਘ, ਦਯਾ ਰਾਮ ਅਤੇ ਕ੍ਰਿਸ਼ਨ ਜ਼ਖ਼ਮੀ ਹੋਏ ਹਨ। ਐਸਪੀ ਨਰਵਾਲ ਨੇ ਦੱਸਿਆ ਕਿ ਡੀਐਸਪੀ ਤੇ ਇੰਸਪੈਕਟਰ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਸਥਿਤੀ ਨੂੰ ਕੰਟਰੋਲ ਕਰਨ ਲਈ ਹੋਰ ਪੁਲੀਸ ਬੁਲਾਈ ਗਈ।
ਐਸਪੀ ਨੇ ਦੱਸਿਆ, ‘ਸਥਿਤੀ ਕਾਬੂ ਹੇਠ ਹੈ। ਅਸੀਂ ਨਾਕੇ ਉਤੇ ਹਿਸਾਰ ਤੋਂ ਆਏ ਟਰੈਕਟਰ-ਟਰਾਲੀਆਂ ਨੂੰ ਆਪਣੇ ਜ਼ਿਲ੍ਹੇ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਸਾਡੀ ਬੇਨਤੀ ਮੰਨਣ ਬਜਾਏ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਪਥਰਾਅ ਕੀਤਾ।’ ਪ੍ਰਦਰਸ਼ਨਕਾਰੀ ਨੇ ਪੱਤਰਕਾਰਾਂ ਨਾਲ ਵੀ ਹੱਥੋਂ-ਪਾਈ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ’ਤੇ ਕੈਮਰੇ ਖੋਹ ਕੇ ਇਸ ਘਟਨਾ ਦੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਦਿੱਤੀਆਂ। ਉਨ੍ਹਾਂ ਨੇ ਮੀਡੀਆ ਕਰਮੀਆਂ ਦੇ ਸਾਜੋ ਸਾਮਾਨ ਦੀ ਭੰਨ ਤੋੜ ਵੀ ਕੀਤੀ। ਮੀਡੀਆ ਕਰਮੀਆਂ ਨੇ ਜਾਟ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਾਈ ਹੈ।
ਇਕ ਜਾਟ ਆਗੂ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀ ਸ਼ਾਂਤੀਪੂਰਨ ਮਾਰਚ ਕਰ ਰਹੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ, ਜਿਸ ਕਾਰਨ ਮਾਮਲਾ ਵਿਗੜਿਆ। ਆਗੂ ਮੁਤਾਬਕ ਪੁਲੀਸ ਕਾਰਵਾਈ ਵਿੱਚ ਕੁੱਝ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਹਨ।          -ਪੀਟੀਆਈ  
ਟੋਹਾਣਾ ਤੋਂ ਪੱਤਰਕਾਰ ਗੁਰਦੀਪ ਭੱਟੀ ਮੁਤਾਬਕ ਪ੍ਰਦਰਸ਼ਨਕਾਰੀਆਂ ਨਾਲ ਝੜਪ ਵਿੱਚ ਪੁਲੀਸ ਵਾਲੇ ਨਾਕਾ ਛੱਡ ਕੇ ਦੌੜ ਗਏ ਅਤੇ ਪ੍ਰਦਰਸ਼ਨਕਾਰੀਆਂ ਨੇ ਨਾਕੇ ਕੋਲ ਖੜ੍ਹੀਆਂ ਪੁਲੀਸ ਦੀਆਂ ਦੋ ਬੱਸਾਂ ਨੂੰ ਅੱਗ ਲਾ ਦਿੱਤੀ। ਭੂਨਾ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਤਕਰੀਬਨ 40 ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਮੁਢਲੀ ਮੈਡੀਕਲ ਸਹਾਇਤਾ ਦੇਣ ਬਾਅਦ ਛੁੱਟੀ ਦੇ ਦਿੱਤੀ ਗਈ ਜਦੋਂ ਕਿ ਕੁੱਝ ਜ਼ਖ਼ਮੀਆਂ ਨੂੰ ਰੈਫ਼ਰ ਕੀਤਾ ਗਿਆ ਹੈ। ਡੀਐਸਪੀ ਗੁਰਦਿਆਲ ਸਿੰਘ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਅਗਰੋਹਾ ਮੈਡੀਕਲ ਭੇਜ ਦਿੱਤਾ ਗਿਆ ਹੈ। ਢਾਣੀ ਗੋਪਾਲ ਚੌਕ ’ਤੇ ਧਰਨੇ ਵਾਲੀ ਥਾਂ ਉਤੇ ਔਰਤਾਂ ਤੇ ਮਰਦ ਡਟੇ ਹੋਏ ਸਨ।

ਜਾਟਾਂ ਵੱਲੋਂ ਦਿੱਲੀ ਘੇਰਨ ਦਾ ਫੈ਼ਸਲਾ ਵਾਪਸ
ਬਲਵਿੰਦਰ ਜੰਮੂ
ਚੰਡੀਗੜ੍ਹ, 19  ਮਾਰਚ
ਆਲ ਇੰਡੀਆ ਜਾਟ ਆਰਕਸ਼ਨ ਸੰਘਰਸ਼ ਸਮਿਤੀ ਨੇ ਹਰਿਆਣਾ ਤੇ ਕੇਂਦਰ ਸਰਕਾਰ ਵੱਲੋਂ ਜਾਟਾਂ ਦੀਆਂ ਮੰਗਾਂ ਮੰਗਣ ਦਾ ਭਰੋਸਾ ਦਿੱਤੇ ਜਾਣ ਬਾਅਦ 20 ਮਾਰਚ ਨੂੰ ‘ਦਿੱਲੀ ਕੂਚ’ ਦਾ ਸੱਦਾ ਵਾਪਸ ਲੈ ਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਪ੍ਰਧਾਨ ਯਸ਼ਪਾਲ ਮਲਿਕ ਨੇ ਦਿੱਲੀ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਰਾਜ ਸਰਕਾਰ ਜਾਟ ਰਾਖਵੇਂਕਰਨ ਦੇ ਮਾਮਲੇ ਨੂੰ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਕੰਮ ਕਰੇਗੀ। ਜਾਟਾਂ ਨੂੰ ਰਾਖਵਾਂਕਰਨ ਦੇਣ ਲਈ ਕੇਂਦਰ ਸਰਕਾਰ ਪਛੜੀਆਂ ਸ਼੍ਰੇਣੀਆਂ ਦੇ ਕੌਮੀ ਕਮਿਸ਼ਨ ਦਾ ਚੇਅਰਮੈਨ ਅਤੇ ਮੈਂਬਰ ਲਾਉਣ ਦੀ ਪ੍ਰੀਕਿਰਿਆ ਸ਼ੁਰੂ ਕਰੇਗੀ।
ਸ੍ਰੀ ਮਲਿਕ ਨੇ ਕਿਹਾ ਕਿ ਸੰਸਦ ਘੇਰਨ, ਦਿੱਲੀ ਦੀ ਹੱਦ ਨਾਲ ਧਰਨੇ ਲਾਉਣ, ਦਿੱਲੀ ਨੂੰ ਦੁੱਧ ਪਾਣੀ ਤੇ ਹੋਰ ਸਾਮਾਨ ਦੀ ਸਪਲਾਈ ਰੋਕਣ ਦਾ  ਸੱਦਾ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪਿਛਲੇ ਪੰਜਾਹ ਦਿਨਾਂ ਤੋਂ ਜਾਟਾਂ ਦੇ ਧਰਨੇ ਸ਼ਾਂਤਮਈ ਰਹੇ ਹਨ ਅਤੇ ਸੰਕੇਤਕ ਧਰਨੇ ਜਾਰੀ ਰਹਿਣਗੇ। ਸੰਘਰਸ਼ ਕਮੇਟੀ ਦੀ ਕਾਰਜਕਾਰਨੀ ਦੀ ਬੈਠਕ 26 ਮਾਰਚ ਨੂੰ ਹੋਵੇਗੀ, ਜਿਸ ਵਿੱਚ ਧਰਨਿਆਂ ਬਾਰੇ ਫੈਸਲਾ ਲਿਆ ਜਾਵੇਗਾ। ਧਰਨੇ ਵੀ ਸਮਾਪਤ ਕਰ ਦਿੱਤੇ ਜਾਣਗੇ। ਉਨ੍ਹਾਂ ਨੂੰ ਸਰਕਾਰ ’ਤੇ ਭਰੋਸਾ ਹੈ ਕਿ ਉਹ ਮੰਗਾਂ ਮੰਨ ਲਵੇਗੀ, ਜਿਸ ਕਾਰਨ ਦਿੱਲੀ ਘੇਰਨ ਦਾ ਫੈ਼ਸਲਾ ਵਾਪਸ ਲਿਆ ਹੈ।
ਅੱਜ ਦੀ ਗੱਲਬਾਤ ਵਿੱਚ ਕੇਂਦਰੀ ਕਾਨੂੰਨ ਰਾਜ ਮੰਤਰੀ ਪੀ.ਪੀ. ਸਿੰਘ, ਚੌਧਰੀ ਬੀਰੇਂਦਰ ਸਿੰਘ ਵੀ ਸ਼ਾਮਲ ਹੋਏ। ਸ੍ਰੀ ਪੀਪੀ ਸਿੰਘ ਨੇ ਜਾਟਾਂ ਦੇ ਤਕਰੀਬਨ ਪੰਜਾਹ ਆਗੂਆਂ ਨੂੰ ਭਰੋਸਾ ਦਿੱਤਾ ਕਿ ਅਦਾਲਤ ਦਾ ਫੈਸਲਾ ਆਉਣ ਬਾਅਦ ਜਾਟਾਂ ਨੂੰ ਰਾਖਵਾਂਕਰਨ ਦੇਣ ਲਈ ਸੰਵਿਧਾਨ ਦੀ 9ਵੀਂ ਸੂਚੀ ਵਿੱਚ  ਪਾਇਆ ਜਾਵੇਗਾ।
ਰਾਖਵਾਂਕਰਨ ਅੰਦੋਲਨ ਦੌਰਾਨ ਜਾਟਾਂ ਖ਼ਿਲਾਫ਼ ਦਰਜ ਹੋਏ ਕੇਸਾਂ ’ਤੇ ਨਜ਼ਰਸਾਨੀ ਕੀਤੀ ਜਾਵੇਗੀ। ਅੰਦੋਲਨ ਦੌਰਾਨ ਹਲਾਕ ਹੋਏ ਪ੍ਰਦਰਸ਼ਨਕਾਰੀਆਂ ਦੇ ਵਾਰਸਾਂ ਤੇ ਅਪਾਹਜ ਹੋਣ ਵਾਲਿਆਂ ਨੂੰ ਸਰਕਾਰੀ ਨੌਕਰੀ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਅੱਜ ਜੋ ਵੀ ਫੈ਼ਸਲਾ ਹੋਇਆ ਹੈ, ਉਹ ਸਰਕਾਰ ਤੇ ਜਾਟਾਂ ਦੇ ਹੱਕ ਵਿੱਚ ਹੈ।


Comments Off on ਜਾਟਾਂ ਨਾਲ ਝੜਪ ’ਚ ਐਸਪੀ ਸਮੇਤ 18 ਪੁਲੀਸ ਮੁਲਾਜ਼ਮ ਫੱਟੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.