ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਜੋਸ਼, ਹੋਸ਼ ਤੇ ਜੱਦੋਜਹਿਦ

Posted On March - 18 - 2017

ਸ਼ਬਦ ਸੰਚਾਰ/  ਸੁਰਿੰਦਰ ਸਿੰਘ ਤੇਜ

ਜਿਨ੍ਹਾਂ ਨੇ ਅਲੈਕਸ ਹੇਲੀ ਦਾ ਸ਼ਾਹਕਾਰ ਨਾਵਲ ‘ਰੂਟਸ’ ਪੜ੍ਹਿਆ ਹੋਇਆ ਹੈ, ਉਹ ਜਾਣਦੇ ਹਨ ਕਿ ਮਹਿਜ਼ ਡੇਢ ਸਦੀ ਪਹਿਲਾਂ ਤਕ ਅਫ਼ਰੀਕੀ ਮਹਾਂਦੀਪ ਦੇ ਲੋਕਾਂ ਨਾਲ ਬਾਕੀ ਦੁਨੀਆਂ ਕੀ ਸਲੂਕ ਕਰਦੀ ਸੀ। 1976 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਇਸ ਸ਼ਾਹਕਾਰ ਦਾ ਹੁਣ ਤਕ 87 ਜ਼ੁਬਾਨਾਂ ਵਿੱਚ ਤਰਜਮਾ ਹੋ ਚੁੱਕਾ ਹੈ। ਅਫ਼ਰੀਕਾ ਬਾਰੇ ਅਸੀਂ ਇਸ ਹੱਦ ਤਕ ਅਣਜਾਣ ਹਾਂ ਕਿ ਇਹ ਪੁਸਤਕ ਪੜ੍ਹਨ ਤੋਂ ਦੋ ਦਹਾਕੇ ਬਾਅਦ ਇਹ ਗਿਆਨ ਹੋਇਆ ਕਿ ਅਮਰੀਕਾ ਵਿੱਚ ਗ਼ੁਲਾਮੀ ਦੇ ਖ਼ਾਤਮੇ ਦੇ ਐਲਾਨ ਤੋਂ ਬਾਅਦ ਸਾਰੇ ਆਜ਼ਾਦ ਸਿਆਹਫ਼ਾਮ, ਅਮਰੀਕੀ ਭੂਮੀ ’ਤੇ ਨਹੀਂ ਰਹੇ। ਉਨ੍ਹਾਂ ਵਿੱਚੋਂ ਕਈ ਹਜ਼ਾਰ ਆਪਣੀਆਂ ਜੜ੍ਹਾਂ ਦੀ ਤਲਾਸ਼ ਵਿੱਚ ਅਫ਼ਰੀਕਾ ਮਹਾਂਦੀਪ ਪਰਤ ਗਏ ਜਿੱਥੇ ਅਮਰੀਕੀ ਮਦਦ ਨਾਲ ਨਵਾਂ ਮੁਲਕ ਲਾਇਬੇਰੀਆ (ਆਜ਼ਾਦ ਧਰਤੀ) ਵਸਾਇਆ ਗਿਆ। ਇਹ ਅਫ਼ਰੀਕਾ ਮਹਾਂਦੀਪ ਦਾ ਸਭ ਤੋਂ ਪੁਰਾਣਾ ਗਣਤੰਤਰ ਹੈ, ਪਰ ਆਜ਼ਾਦ ਅਮਰੀਕੀ ਜਾਂ ਕੈਰੇਬਿਆਈ ‘ਗ਼ੁਲਾਮ’ ਇਥੋਂ ਦੀ ਵਸੋਂ ਦਾ ਸਿਰਫ਼ ਪੰਜ ਫ਼ੀਸਦੀ ਹਿੱਸਾ ਹੀ ਬਣ ਸਕੇ। ਬਾਕੀ ਲੋਕ ਆਸ-ਪਾਸ ਦੇ ਖੇਤਰਾਂ ਤੋਂ ਆ ਗਏ। ਇਹ ਮੁਲਕ ਸੰਯੁਕਤ ਰਾਸ਼ਟਰ ਦਾ ਮੈਂਬਰ ਹੈ, ਪਰ ਇਸ ਵਿੱਚ ਬਹੁਤ ਕੁਝ ਅਜਿਹਾ ਨਹੀਂ ਜਿਸ ਨੂੰ ਆਦਰਸ਼ ਕਿਹਾ ਜਾ ਸਕੇ। ਦਰਅਸਲ, ਮੁਲਕ ਵਸਾਏ ਜਾਣ ਦੇ ਦਸ ਸਾਲਾਂ ਦੇ ਅੰਦਰ ਹੀ ਉੱਥੇ ਸਿਆਹਫ਼ਾਮ ਅਫ਼ਰੀਕੀਆਂ ਨੇ ਉਸੇ ਕਬਾਇਲੀ ਬਿਰਤੀ ਦਾ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਜਿਸ ਦਾ ਜ਼ਿਕਰ ‘ਰੂਟਸ’ ਦੇ ਮੁੱਢ ਵਿੱਚ ਹੈ। ਵੱਖ-ਵੱਖ ਗੁੱਟ ਇੱਕ-ਦੂਜੇ ਦੀ ਧਰਤੀ ਤੇ ਖੁਰਾਕੀ ਵਸੀਲੇ ਹਥਿਆਉਣ ਲਈ ਬਿਲਕੁਲ ਉਨ੍ਹਾਂ ਜ਼ਾਲਮਾਨਾ ਤੌਰ-ਤਰੀਕਿਆਂ ਉੱਤੇ ਉਤਰ ਆਏ ਜਿਨ੍ਹਾਂ ਦੀ ਵਰਤੋਂ ਅਮਰੀਕੀ ਗੋਰੇ ਆਪਣੇ ਸਿਆਹਫ਼ਾਮ ਗ਼ੁਲਾਮਾਂ ਖ਼ਿਲਾਫ਼ ਕਰਦੇ ਰਹੇ ਸਨ। ਇਹ ਅਮਲ ਹੁਣ ਵੀ ਜਾਰੀ ਹੈ।
ਲਾਇਬੇਰੀਆ ਦਾ ਜ਼ਿਕਰ ਇਸ ਕਾਲਮ ਵਿੱਚ ਇਸ ਕਰਕੇ ਆਇਆ ਹੈ ਕਿ ਉੱਥੇ ਵੀ ਪੰਜਾਬੀ ਵਸੇ ਹੋਏ ਹਨ। ਉਹ ਉੱਥੇ ਵੱਸ ਕੇ ਖ਼ੂਬ ਫਲੇ-ਫੁਲੇ ਵੀ, ਪਰ ਖ਼ਤਰਿਆਂ ਦਾ ਪਰਛਾਵਾਂ ਲਗਾਤਾਰ ਬਰਕਰਾਰ ਹੈ। 1960ਵਿਆਂ ਤੋਂ 1980ਵਿਆਂ ਤਕ ਘੱਟ ਸੀ, 1990ਵਿਆਂ ਵਿੱਚ ਖ਼ਾਨਾਜੰਗੀ ਨੇ ਰਾਜਧਾਨੀ ਮੋਨਰੋਵੀਆ ਸਮੇਤ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਪ੍ਰਸ਼ਾਸਨਿਕ ਖਲਾਅ ਪੈਦਾ ਕਰ ਦਿੱਤਾ। ਇਸ ਦਾ ਖ਼ਮਿਆਜ਼ਾ ਭਾਰਤੀਆਂ, ਖ਼ਾਸ ਕਰਕੇ ਪੰਜਾਬੀਆਂ ਨੂੰ ਵੀ ਭੁਗਤਣਾ ਪਿਆ। ਇਸ ਸਮੇਂ ਹਕੂਮਤੀ ਪ੍ਰਬੰਧ ਕੁਝ ਸਥਿਰ ਹੈ, ਪਰ ਮੁਸੀਬਤਾਂ ਬਰਕਰਾਰ ਹਨ। ਦਰਅਸਲ, ਅਫ਼ਰੀਕੀ ਮਹਾਂਦੀਪ ਵਿੱਚ ਪੰਜਾਬੀਆਂ ਲਈ ਹਾਲਾਤ ਕਦੇ ਵੀ ਬਹੁਤ ਸੁਖਾਵੇਂ ਨਹੀਂ ਰਹੇ। ਬ੍ਰਿਟਿਸ਼ ਹਕੂਮਤ ਨੂੰ ਦੁਨੀਆਂ ਦੇ ਵੱਖ-ਵੱਖ ਪਾਸਿਆਂ ’ਤੇ ਸਥਿਤ ਆਪਣੀਆਂ ਬਸਤੀਆਂ ਵਿੱਚ ਜਦੋਂ ਖੇਤੀ ਤੇ ਹੋਰ ਸਾਧਨਾਂ ਦੇ ਵਿਕਾਸ ਲਈ ਮਜ਼ਦੂਰਾਂ ਦੀ ਲੋੜ ਪਈ ਤਾਂ ਕੈਰੇਬੀਅਨ ਖ਼ਿੱਤੇ ਵਿੱਚ ਉਹ 1870ਵਿਆਂ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਗ਼ਰੀਬਾਂ ਨੂੰ ਜਹਾਜ਼ਾਂ ’ਤੇ ਲੱਦ ਕੇ ਲੈ ਗਏ। ਮਲਾਇਆ (ਹੁਣ ਮਲੇਸ਼ੀਆ ਤੇ ਸਿੰਗਾਪੁਰ) ਵਿੱਚ ਰਬੜ ਦੀ ਕਾਸ਼ਤ ਲਈ ਮਦਰਾਸ ਪ੍ਰੈਜ਼ੀਡੈਂਸੀ ਤੋਂ ਤਾਮਿਲ ਗ਼ਰੀਬਾਂ ਦੀ ਵੱਡੀ ਗਿਣਤੀ ਉੱਥੇ ਪਹੁੰਚਾ ਦਿੱਤੀ ਗਈ। ਅਫ਼ਰੀਕਾ ਵਿੱਚ ਅਜਿਹੇ ਕੰਮ ਲਈ ਉੱਥੋਂ ਦੇ ਸਿਆਹਫ਼ਾਮ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਪਰ 1910ਵਿਆਂ ਵਿੱਚ ਰੇਲ ਪਟੜੀਆਂ, ਪੁਲਾਂ ਤੇ ਇਮਾਰਤਾਂ ਦੀ ਉਸਾਰੀ ਲਈ ਹੁਨਰਮੰਦ ਕਾਮਿਆਂ ਦੀ ਲੋੜ ਸੀ। ਇਸ ਲਈ ਪੰਜਾਬ ਤੋਂ ਰਾਮਗੜ੍ਹੀਆ ਸਮਾਜ ਨੂੰ ਕੀਨੀਆ, ਯੂਗਾਂਡਾ ਤੇ ਟਾਕਾਨਿਕਾ (ਮੌਜੂਦਾ ਤਨਜ਼ਾਨੀਆ) ਅਤੇ ਮੌਜ਼ੰਬੀਕ ਲਿਜਾਇਆ ਗਿਆ। ਗੁਜਰਾਤੀ ਪਟੇਲ ਉਸ ਖ਼ਿੱਤੇ ਵਿੱਚ ਭਾਰਤੀਆਂ ਦੀ ਵੱਡੀ ਮੌਜੂਦਗੀ ਵਿੱਚੋਂ ਕਾਰੋਬਾਰੀ ਮੌਕਿਆਂ ਨੂੰ ਸੁੰਘਦਿਆਂ ਉੱਥੇ ਪਹੁੰਚ ਗਏ। 1920ਵਿਆਂ ਵਿੱਚ ਸ਼ੁਰੂ ਹੋਏ ਇਸ ਅਮਲ ਸਦਕਾ ਪੰਜਾਬੀਆਂ ਤੇ ਗੁਜਰਾਤੀਆਂ ਨੇ ਉੱਥੇ ਆਪਣੇ ਕਾਰੋਬਾਰੀ ਸਾਮਰਾਜ ਵੀ ਸਿਰਜ ਲਏ, ਪਰ ਜਦੋਂ ਇਹ ਸਾਰੇ ਖ਼ਿੱਤੇ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਹੋ ਗਏ ਤਾਂ ਦੱਖਣ ਏਸ਼ਿਆਈਆਂ ਦੀ ਖ਼ੁਸ਼ਹਾਲੀ ਹੀ ਉਨ੍ਹਾਂ ਦੀ ਵੈਰੀ ਬਣ ਗਈ। ਉਹ ਧਰਤੀ ਦੇ ਜਾਏ ਨਹੀਂ, ਧਾੜਵੀਂ ਮੰਨੇ ਜਾਣ ਲੱਗੇ। ਅਜਿਹੇ ਵਿਰੋਧ ਕਾਰਨ ਉਨ੍ਹਾਂ ਨੂੰ ਆਪਣੇ ਰਾਸ਼ਟਰਮੰਡਲ ਪਾਸਪੋਰਟਾਂ ਦੀ ਬਦੌਲਤ ਪਹਿਲਾਂ ਬ੍ਰਿਟੇਨ ਅਤੇ ਫਿਰ ਕੈਨੇਡਾ-ਅਮਰੀਕਾ ਵੱਲ ਜਾਣਾ ਪਿਆ। ਜਿਹੜੇ ਖ਼ੁਸ਼ਹਾਲ ਨਹੀਂ ਸਨ, ਉਹ ਹੋਰਨਾਂ ਨੇੜਲੇ ਅਫ਼ਰੀਕੀ ਮੁਲਕਾਂ ਵਿੱਚ ਖਿੰਡਣ ਲੱਗੇ। ਕੁਝ ਕੁ ਹਜ਼ਾਰ ਭਾਰਤੀ-ਅਫ਼ਰੀਕੀ ਲਾਇਬੇਰੀਆ ਵੀ ਜਾ ਪੁੱਜੇ ਜਿੱਥੇ ਨਿੱਕੇ-ਨਿੱਕੇ ਕਾਰੋਬਾਰਾਂ ਦੇ ਜ਼ਰੀਏ ਉਹ ਖ਼ੁਸ਼ਹਾਲ ਹੋਣ ਲੱਗੇ। ਇਹੀ ਖ਼ੁਸ਼ਹਾਲੀ ਫਿਰ ਉਨ੍ਹਾਂ ਦੀ ਦੁਸ਼ਮਣ ਬਣ ਗਈ।
ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ’ਤੇ ਪੰਜਾਬੀਆਂ ਬਾਰੇ ਕੁਝ ਹੌਲਨਾਕ ਦ੍ਰਿਸ਼ ਦੇਖ ਕੇ ਮਨ ਵਿੱਚ ਸਵਾਲ ਉੱਠਣਾ ਸੁਭਾਵਿਕ ਹੈ ਕਿ ਸਾਡੇ ਬੰਦੇ ਉੱਥੇ ਕਿਉਂ ਫਸੇ ਪਏ ਹਨ। ਉਹ ਜਾਨ ਜੋਖੋਂ ਵਿੱਚ ਪਾ ਕੇ ਉਨ੍ਹਾਂ ਖ਼ਿੱਤਿਆਂ ਵਿੱਚ ਕਿਉਂ ਬੈਠੇ ਹਨ ਜਿੱਥੇ ਮੌਤ, ਪਰਛਾਵੇਂ ਵਾਂਗ ਨਾਲ-ਨਾਲ ਤੁਰੀ ਫਿਰਦੀ ਹੈ? ਮਹੀਨਾਂ ਪਹਿਲਾਂ ਇੱਕ ਭਾਈਚਾਰਕ ਸਮਾਗਮ ਵਿੱਚ ਮਿਲੇ ਇੱਕ ਲਾਇਬੇਰੀਆ-ਵਾਸੀ ਪੰਜਾਬੀ ਨੇ ਦੱਸਿਆ ਸੀ ਕਿ ਢਾਈ ਦਹਾਕੇ ਪਹਿਲਾਂ ਉਸ ਦਾ ਪਰਿਵਾਰ ਉਸ ਦੇ ਨਾਲ ਸੀ, 1990ਵਿਆਂ ਵਿੱਚ ਖ਼ਾਨਾਜੰਗੀ ਤੇਜ਼ ਹੋਣ ਮਗਰੋਂ ਉਸ ਨੇ ਪਰਿਵਾਰ ਵਾਪਸ ਜਲੰਧਰ ਭੇਜਣਾ ਮੁਨਾਸਿਬ ਸਮਝਿਆ। ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਫ਼ੌਜੀ ਇਤਿਹਾਸਕਾਰ ਸੁਸ਼ਾਂਤ ਸਿੰਘ ਦੀ ਕਿਤਾਬ ‘ਡਿਫੀਟ ਇਜ਼ ਐਨ ਔਰਫ਼ਨ’ (ਹਾਰ ਅਨਾਥ ਹੁੰਦੀ ਹੈ) ਲਾਇਬੇਰੀਆ ਤੇ ਇਸ ਦੇ ਗੁਆਂਢੀ ਸੀਏਰਾ ਲਿਓਨ ਵਿੱਚ ਵਸੇ ਆਮ ਭਾਰਤੀਆਂ ਦੀਆਂ ਨਿੱਤ ਦੀਆਂ ਦੁਸ਼ਵਾਰੀਆਂ ਤੋਂ ਇਲਾਵਾ ਦੋਵਾਂ ਦੇਸ਼ਾਂ ਵਿੱਚ ਤਾਇਨਾਤ ਰਹੀਆਂ ਭਾਰਤੀ ਅਮਨ ਸੈਨਿਕਾਂ ਦੀਆਂ ਟੁਕੜੀਆਂ ਦੇ ਹਸ਼ਰ ਦਾ ਹੌਲਨਾਕ ਮੰਜ਼ਰ ਸਿਰਜਦੀ ਹੈ। ਦਰਅਸਲ, ਸੀਏਰਾ ਲਿਓਨ ਵਿੱਚ ਤਾਂ ਇੱਕ ਭਾਰਤੀ ਫ਼ੌਜੀ ਯੂਨਿਟ, ਬਾਗ਼ੀਆਂ ਦੀ ਘੇਰਾਬੰਦੀ ਵਿੱਚ ਅਜਿਹੀ ਫਸ ਗਈ ਸੀ ਕਿ ਇੱਕ ਭਾਰਤੀ ਸੈਨਿਕ ਕਮਾਂਡਰ ਨੇ ਆਪਣੀ ਨੌਕਰੀ ਦਾਅ ’ਤੇ ਲਾ ਕੇ ਕੁਝ ਦਲੇਰਾਨਾ ਫ਼ੈਸਲੇ ਲਏ ਅਤੇ ਸਮੁੱਚੀ ਯੂਨਿਟ ਨੂੰ ਕੋਹੇ ਜਾਣ ਤੋਂ ਬਚਾ ਲਿਆ। ਅਜਿਹੇ ਹਾਲਾਤ ਦੇ ਮੱਦੇਨਜ਼ਰ ਚਾਰ ਕੁ ਸੌ ਪੰਜਾਬੀਆਂ ਵੱਲੋਂ ਇਨ੍ਹਾਂ ਮੁਲਕਾਂ ਵਿੱਚ ਕਾਰੋਬਾਰੀ ਮੋਰਚੇ ਲਾਈ ਰੱਖਣੇ ਜੁਝਾਰੂ ਜਜ਼ਬੇ ਨੂੰ ਲੋੜੋਂ ਵੱਧ ਖਿੱਚਣਾ ਜਾਪਦਾ ਹੈ। ਪਰ ਜਿਵੇਂ ਕਿ ਉਸ ਲਾਇਬੇਰੀਅਨ ਪੰਜਾਬੀ ਦਾ ਕਹਿਣਾ ਸੀ, ‘ਵਤਨ ਪਰਤਣ ਬਾਰੇ ਸੋਚਦਿਆਂ ਹੀ ਹਾਰੇ ਹੋਏ ਫ਼ੌਜੀਆਂ ਵਾਲੀ ਨਮੋਸ਼ੀ ਮਹਿਸੂਸ ਹੁੰਦੀ ਹੈ। ਇੱਥੇ ਬੈਠੇ ਹਾਂ ਤਾਂ ਘੱਟੋਘੱਟ ਇਹ ਅਹਿਸਾਸ ਤਾਂ ਬਣਿਆ ਹੋਇਆ ਹੈ ਕਿ ਵਰ੍ਹਿਆਂ ਦੀ ਮਿਹਨਤ ਰਾਹੀਂ ਜੋ ਕੁਝ ਬਣਾਇਆ, ਉਹ ਅਜੇ ਸਾਡੇ ਹੀ ਹੱਥਾਂ ਵਿੱਚ ਹੈ।’
ਇਹ ਅਹਿਮਕਾਈ ਹੈ ਜਾਂ ਸੱਚਮੁੱਚ ਜੁਝਾਰੂ ਜਜ਼ਬਾ, ਇਸ ਬਾਰੇ ਫ਼ੈਸਲਾ ਕਰਨਾ ਆਸਾਨ ਨਹੀਂ। ਅਫ਼ਰੀਕਾ ਮਹਾਂਦੀਪ ਹੋਵੇ ਜਾਂ ਅਮਰੀਕੀ ਮਹਾਂਦੀਪ, ਪੰਜਾਬੀ ‘ਟਰੰਪਨੁਮਾ’ ਖ਼ਤਰਿਆਂ ਦੇ ਬਾਵਜੂਦ ਵਿਦੇਸ਼ ਜਾ ਵੱਸਣ ਦੀ ਲਾਲਸਾ ਤਿਆਗਣ ਲਈ ਤਿਆਰ ਨਹੀਂ। ਇਸ ਬਿਰਤੀ ਨੂੰ ਗਤੀਸ਼ੀਲਤਾ ਦੀ ਨਿਸ਼ਾਨੀ ਕਰੀਏ ਜਾਂ ਬੇਲੋੜੀ ਜਾਂਬਾਜ਼ੀ, ਇਸ ਨੇ ਸੰਘਰਸ਼ ਦੇ ਜਜ਼ਬੇ ਨੂੰ ਬੁਲੰਦ ਜ਼ਰੂਰ ਰੱਖਿਆ ਹੋਇਆ ਹੈ। ਕੀ ਇਹੋ ਜਜ਼ਬਾ ਪੰਜਾਬ ਦੀ ਧਰਤੀ ਉੱਤੇ ਟਿਕੇ ਰਹਿ ਕੇ ਇੱਥੇ ਨਵੀਂ ਰੂਹ ਫੂਕਣ ਲਈ ਨਹੀਂ ਵਰਤਿਆ ਜਾ ਸਕਦਾ?ਂ


Comments Off on ਜੋਸ਼, ਹੋਸ਼ ਤੇ ਜੱਦੋਜਹਿਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.