ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਟਲ ਗਿਆ ਦਿੱਲੀ ਵੱਲ ਕੂਚ

Posted On March - 20 - 2017

ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਜਾਟਾਂ ਦਾ ਦਿੱਲੀ ਕੂਚ ਆਪਣੇ ਆਗਾਜ਼ ਤੋਂ ਇੱਕ ਦਿਨ ਪਹਿਲਾਂ ਟਲ ਜਾਣ ਨਾਲ ਸਾਰੀਆਂ ਧਿਰਾਂ ਨੂੰ ਰਾਹਤ ਮਹਿਸੂਸ ਹੋਣੀ ਸੁਭਾਵਿਕ ਹੈ। ਦਿੱਲੀ ਕੂਚ ਨਾਲ ਹਰਿਆਣਾ ਵਿੱਚ ਹੀ ਨਹੀਂ, ਕੌਮੀ ਰਾਜਧਾਨੀ ਖੇਤਰ ਦਿੱਲੀ ਵਿੱਚ ਵੀ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਸੀ। ਸ਼ਨਿਚਰਵਾਰ ਨੂੰ ਤਕਰੀਬਨ ਸਾਰੀਆਂ ਧਿਰਾਂ ਨੇ ਸਮਝੌਤੇ ਦੀਆਂ ਉਮੀਦਾਂ ਛੱਡ ਦਿੱਤੀਆਂ ਸਨ, ਪਰ ਐਤਵਾਰ ਨੂੰ ਅਚਾਨਕ ਕੇਂਦਰ ਤੇ ਹਰਿਆਣਾ ਸਰਕਾਰਾਂ ਨੇ ਸਰਗਰਮੀ ਦਿਖਾਈ ਅਤੇ ਸਰਕਾਰ ਨੇ ਅਖਿਲ ਭਾਰਤੀ ਜਾਟ ਆਰਕਸ਼ਣ ਸੰਘਰਸ਼ ਸਮਿਤੀ ਨੂੰ ਗੱਲਬਾਤ ਲਈ ਸੱਦਾ ਦੇ ਦਿੱਤਾ। ਸਮਿਤੀ ਨੇ ਵੀ ਸੱਦਾ ਪ੍ਰਵਾਨ ਕਰਨ ਵਿੱਚ ਦੇਰ ਨਹੀਂ ਲਾਈ। ਦਰਅਸਲ, ਇਹ ਜਥੇਬੰਦੀ ਜਾਟਾਂ ਲਈ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪਿਛਲੇ 50 ਦਿਨਾਂ ਤੋਂ ਧਰਨੇ ਦਿੰਦੀ ਆ ਰਹੀ ਹੈ। ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਆਖ਼ਰੀ ਪਲਾਂ ਵਿੱਚ ਹੋਈ ਪਹਿਲ ਪਿੱਛੇ ਕਿਸ ਆਗੂ ਦੀ ਭੂਮਿਕਾ ਰਹੀ, ਪਰ ਮੌਜੂਦਾ ਹਾਲਾਤ ਵਿੱਚ ਕਿਸੇ ਇੱਕ ਨੂੰ ਸਿਹਰਾ ਦੇਣ ਦੀ ਥਾਂ ਸੰਕਟ ਟਾਲਣਾ ਅਤੇ ਸਰਬ-ਪ੍ਰਵਾਨਤ ਹੱਲ ਦੀ ਤਲਾਸ਼ ਸੰਭਵ ਬਣਾਉਣਾ ਵੱਧ ਅਹਿਮ ਸੀ। ਦਰਅਸਲ, ਦਿੱਲੀ ਕੂਚ ਟਾਲਣ ਦਾ ਸਿਹਰਾ ਹਰਿਆਣਾ ਸਰਕਾਰ ਤੇ ਸੰਘਰਸ਼ ਸਮਿਤੀ ਦੋਵਾਂ ਦੀ ਲੀਡਰਸ਼ਿਪ ਨੂੰ ਜਾਂਦਾ ਹੈ। ਉਨ੍ਹਾਂ ਨੇ ਮਾਮਲਾ ਵਿਗਾੜਨ ਦੀ ਥਾਂ ਸੁਧਾਰਨ ਨੂੰ ਤਰਜੀਹ ਦਿੱਤੀ ਅਤੇ ਲਚੀਲਾ ਰੁਖ ਅਪਣਾਇਆ। ਖੁਰਾਫ਼ਾਤੀ ਤੱਤ ਗੱਲ ਬਣਨ ਦੇਣ ਦੀ ਥਾਂ ਵਿਗਾੜਨ ਲਈ ਵੱਧ ਤਤਪਰ ਰਹਿੰਦੇ ਹਨ। ਉਨ੍ਹਾਂ ਨੇ ਅੰਦੋਲਨ ਵਾਲੀ ਸਥਿਤੀ ਦਾ ਲਾਭ ਲੈਣ ਦਾ ਯਤਨ ਵੀ ਕੀਤਾ। ਮਸਲਨ, ਐਤਵਾਰ ਨੂੰ ਜਿਨ੍ਹਾਂ ਮੁੱਦਿਆਂ ਉੱਤੇ ਦੋਵਾਂ ਧਿਰਾਂ ਦੀ ਰਜ਼ਾਮੰਦੀ ਸੰਭਵ ਹੋਈ, ਉਨ੍ਹਾਂ ਨੁਕਤਿਆਂ ਉੱਤੇ ਹੀ ਦੋ ਦਿਨ ਪਹਿਲਾਂ ਸੀਨੀਅਰ ਮੰਤਰੀ ਰਾਮ ਵਿਲਾਸ ਸ਼ਰਮਾ ਦੀ ਅਗਵਾਈ ਵਾਲੀ ਸਰਕਾਰੀ ਕਮੇਟੀ ਅਤੇ ਜਾਟ ਸੰਘਰਸ਼ ਸਮਿਤੀ ਦਰਮਿਆਨ ਪਾਣੀਪਤ ਵਿੱਚ ਹੋਈ ਵਾਰਤਾ ਦੌਰਾਨ ਸਹਿਮਤੀ ਬਣ ਗਈ ਸੀ, ਪਰ ਇਸ ਸਹਿਮਤੀ ਮਗਰੋਂ ਸਮਿਤੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਅਚਾਨਕ ਟਲ ਜਾਣ ਕਾਰਨ ਬਣੀ ਹੋਈ ਗੱਲ ਵਿਗੜ ਗਈ।
ਇਹ ਮੰਨਿਆ ਜਾ ਸਕਦਾ ਹੈ ਕਿ ਹਰਿਆਣਾ ਸਰਕਾਰ ਦੇ ਰੁਖ ਵਿੱਚ ਐਤਵਾਰ ਨੂੰ ਫਤਿਆਬਾਦ ਵਿੱਚ ਹੋਈ ਹਿੰਸਾ ਤੋਂ ਬਾਅਦ ਨਰਮਾਈ ਆਈ। ਹਿੰਸਾ ਅੰਦੋਲਨਕਾਰੀਆਂ ਨੂੰ ਇੱਕ ਨਾਕੇ ਉੱਤੇ ਰੋਕੇ ਜਾਣ ਤੋਂ ਭੜਕੀ। ਅੰਦੋਲਨਕਾਰੀਆਂ ਨੇ ਨਾ ਸਿਰਫ਼ ਤਿੰਨ ਬੱਸਾਂ ਸਾੜ ਦਿੱਤੀਆਂ ਸਗੋਂ ਇੱਕ ਡੀਐੱਸਪੀ ਸਮੇਤ 38 ਪੁਲੀਸ ਕਰਮੀਆਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਅਜਿਹੀ ਹਿੰਸਾ ਮਗਰੋਂ ਸਰਕਾਰ ਵੱਲੋਂ ਗੱਲਬਾਤ ਲਈ ਸੱਦਾ ਭੇਜਣਾ ਇਹ ਪ੍ਰਭਾਵ ਦਿੰਦਾ ਹੈ ਕਿ ਉਹ ਸਿਰਫ਼ ਹਿੰਸਾ ਦੀ ਭਾਸ਼ਾ ਤੋਂ ਡਰਦੀ ਹੈ। ਪ੍ਰਸ਼ਾਸਨਿਕ ਨਜ਼ਰੀਏ ਤੋਂ ਇਹ ਪ੍ਰਭਾਵ ਸੁਖਾਵਾਂ ਨਹੀਂ ਮੰਨਿਆ ਜਾ ਸਕਦਾ। ਉਂਜ, ਜਾਟ ਸੰਘਰਸ਼ ਸਮਿਤੀ ਦੇ ਹੱਕ ਵਿੱਚ ਇਹ ਗੱਲ ਜਾਂਦੀ ਹੈ ਕਿ ਉਸ ਨੇ ਰਾਜ ਵਿੱਚ ਬਹੁਤੀਆਂ ਥਾਵਾਂ ’ਤੇ ਆਪਣੇ ਧਰਨਿਆਂ ਨੂੰ ਨਾ ਸਿਰਫ਼ ਪੁਰਅਮਨ ਰੱਖਿਆ ਸਗੋਂ ਹੁੱਲੜਬਾਜ਼ੀ ਦੀ ਗੁੰਜਾਇਸ਼ ਖ਼ਤਮ ਕਰਨ ਲਈ ਕਈ ਸੰਜੀਦਾ ਕਦਮ ਵੀ ਪੁੱਟੇ।
ਫਤਿਆਬਾਦ ਵਿਚਲੀ ਹਿੰਸਾ ਲਈ ਸ਼ੱਕ ਦੀ ਉਂਗਲ ਵਿਰੋਧੀ ਧਿਰ ਨਾਲ ਸਬੰਧਤ ਕੁਝ ਨੇਤਾਵਾਂ ਵੱਲ ਉੱਠੀ ਹੈ। ਇਸ ਬਾਰੇ ਜਾਂਚ ਅਵੱਸ਼ ਹੋਣੀ ਚਾਹੀਦੀ ਹੈ। ਬਹਰਹਾਲ, ਹੁਣ ਜਦੋਂ ਸਰਕਾਰ ਤੇ ਜਾਟ ਭਾਈਚਾਰੇ ਦਰਮਿਆਨ ਪ੍ਰਮੁੱਖ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਹੀ ਗਈ ਹੈ ਤਾਂ ਇਸ ਸਹਿਮਤੀ ਨੂੰ ਇਮਾਨਦਾਰੀ ਨਾਲ ਨਿਭਾਉਣ ਦੇ ਯਤਨ ਵੀ ਸ਼ੁਰੂ ਹੋ ਜਾਣੇ ਚਾਹੀਦੇ ਹਨ। ਦਰਅਸਲ, ਅੰਦੋਲਨ ਨੂੰ ਲੈ ਕੇ ਜਾਟ ਭਾਈਚਾਰਾ ਦੋ ਗੁੱਟਾਂ ਵਿੱਚ ਵੰਡਿਆ ਹੋਇਆ ਹੈ। ਇਕ ਗੁੱਟ ਦੀ ਅਗਵਾਈ ਯਸ਼ਪਾਲ ਮਲਿਕ ਕਰਦੇ ਆ ਰਹੇ ਹਨ ਜੋ ਕਿ ਖ਼ੁਦ ਉੱਤਰ ਪ੍ਰਦੇਸ਼ ਦੇ ਮੂਲ ਵਾਸੀ ਹਨ। ਦੂਸਰੇ ਗੁੱਟ ਵਿੱਚ ਵੱਖ-ਵੱਖ ਖਾਪ ਨੇਤਾ ਸ਼ਾਮਲ ਹਨ। ਮਲਿਕ ਵੱਲੋਂ ਹੁਣ ਤਕ ਚਲਾਏ ਗਏ ਅੰਦੋਲਨ ਤੋਂ ਸਾਫ਼ ਹੈ ਕਿ ਬਹੁਗਿਣਤੀ ਜਾਟ ਉਨ੍ਹਾਂ ਨਾਲ ਹਨ। ਉਂਜ, ਇਹ ਗੱਲ ਵੀ ਸਾਫ਼ ਹੈ ਕਿ ਜਾਟ ਨੇਤਾ ਰਾਖਵੇਂਕਰਨ ਸਬੰਧੀ ਜੋ ਕੁਝ ਚਾਹੁੰਦੇ ਹਨ, ਉਸ ਸਬੰਧੀ ਉਨ੍ਹਾਂ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਕੋਈ ਢੁਕਵੀਂ ਰਾਹਤ ਮਿਲਣੀ ਅਸੰਭਵ ਹੈ। ਅਜਿਹੇ ਹਾਲਾਤ ਵਿੱਚ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਆਮ ਸਹਿਮਤੀ ਵਾਲੇ ਸਿਲਸਿਲੇ ਦੀ ਬਰਕਰਾਰੀ ਲਈ ਸੰਜੀਦਾ ਯਤਨ ਜਾਰੀ ਰੱਖੇ ਜਾਣ ਅਤੇ ਜੋ ਕੁਝ ਫਿਲਹਾਲ ਸੰਵਿਧਾਨਕ ਦਾਇਰੇ ਅੰਦਰ ਰਹਿ ਕੇ ਸੰਭਵ ਹੈ, ਉਸ ਨੂੰ ਅਮਲੀ ਰੂਪ ਦਿੱਤਾ ਜਾਵੇ।


Comments Off on ਟਲ ਗਿਆ ਦਿੱਲੀ ਵੱਲ ਕੂਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.