ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਡਾਕ ਐਤਵਾਰ ਦੀ

Posted On March - 18 - 2017

ਔਰੰਗਜ਼ੇਬ ਬਾਰੇ ਨਵੀਂ ਜਾਣਕਾਰੀ
12 ਮਾਰਚ ਦੇ ‘ਦਸਤਕ’ ਵਿੱਚ ਔਰੰਗਜ਼ੇਬ ਬਾਰੇ ਜਾਣਕਾਰੀ ਉਸ ਦੀ ਸ਼ਖ਼ਸੀਅਤ ’ਤੇ ਨਵਾਂ ਚਾਨਣਾ ਪਾਉਂਦੀ ਹੈ। ਉਂਜ, ਇਤਿਹਾਸ ਇਸ ਜਾਣਕਾਰੀ ਨਾਲ ਪੂਰਾ ਸਹਿਮਤ ਨਹੀਂ। ਬਾਬਰ ਦੇ ਜ਼ੁਲਮਾਂ ਬਾਰੇ ਗੁਰੂ ਨਾਨਕ ਦੇਵ ਜੀ ਦੀ ‘ਬਾਬਰ ਬਾਣੀ’ ਗਵਾਹ ਹੈ। ਔਰੰਗਜ਼ੇਬ ਦੀ ਹੋਲੀ ਤੇ ਦੀਵਾਲੀ ਤਿਉਹਾਰਾਂ ਨੂੰ ਮਨਾਉਣ ਬਾਰੇ ਰਵਾਦਾਰੀ ਤੇ ਤੁਅੱਸਬੀ ਨਾ ਹੋਣ ਬਾਰੇ ਜੋ ਲੇਖਕ ਲਿਖਦਾ ਹੈ, ਉਹ ਸੱਚਾਈ ਦੇ ਉਲਟ ਹੈ। ਉਸ ਨੇ ਅੱਠਵੇਂ ਗੁਰੂ ਨੂੰ ਰਾਜਾ ਜੈ ਸਿੰਘ ਦੇ ਬੰਗਲੇ (ਹੁਣ ਬੰਗਲਾ ਸਾਹਿਬ) ’ਚ ਰੱਖਿਆ ਤੇ ਕੋਈ ਤੰਗ ਨਹੀਂ ਕੀਤਾ, ਪਰ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਦੇ ਨਾਲ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਕੇਵਲ ਹਰ ਧਰਮ ਦੇ ਲੋਕਾਂ ਲਈ ਆਪਣੇ ਅਕੀਦੇ ਮੁਤਾਬਿਕ ਆਪੋ-ਆਪਣੇ ਧਰਮ ’ਤੇ ਪਾਬੰਦ ਰਹਿਣ ਲਈ ਹੀ ਆਵਾਜ਼ ਉਠਾ ਰਹੇ ਸਨ, ਉਹ ਕੋਈ ਜੰਗ ਨਹੀਂ ਸੀ ਕਰ ਰਹੇ। ਉਂਜ, ਉਸ ਦੀ ਤਾਰੀਫ਼ ਕਰਨੀ ਚਾਹੀਦੀ ਹੈ ਕਿ ਉਸ ਨੇ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਕਾਮ ਬਖ਼ਸ਼ ਨੂੰ ਪੱਤਰ ਲਿਖ ਕੇ ਕਬੂਲ ਕੀਤਾ ਕਿ ਨਾ ਤਾਂ ਉਹ ਚੰਗਾ ਹੁਕਮਰਾਨ ਰਿਹਾ ਅਤੇ ਨਾ ਹੀ ਚੰਗਾ ਇਨਸਾਨ। ਉਸ ਨੇ ਇਹ ਆਦੇਸ਼ ਵੀ ਦਿੱਤਾ ਕਿ ਉਸ ਦੀ ਕਬਰ ’ਤੇ ਨਾ ਕੋਈ ਸੰਗਮਰਮਰ ਲੱਗੇ, ਨਾ ਹੀ ਉਥੇ ਰੁੱਖ ਹੋਣ। ਔਰੰਗਾਬਾਦ ’ਚ ਉਸ ਦੀ ਕਬਰ ਬਹੁਤ ਹੀ ਸਾਦਾ ਹੈ। ਇਹ ਔਰੰਗਜ਼ੇਬ ਦੇ ਕਿਰਦਾਰ ਦਾ ਸੁਖਾਵਾਂ ਪੱਖ ਸੀ।
-ਪ੍ਰੋ. ਹਰੀ ਸਿੰਘ ਦੁੱਗਰੀ, ਲੁਧਿਆਣਾ
(2)
ਇੱਕ ਔਗੁਣ ਆਦਮੀ ਦੇ ਸਾਰੇ ਗੁਣਾਂ ’ਤੇ ਪਰਦਾ ਪਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਔਰੰਗਜ਼ੇਬ ਨੂੰ ਪੱਕਾ ਨਮਾਜ਼ੀ, ਪੱਕਾ ਸ਼ੀਰ੍ਹਾਜ਼ੀ, ਪੱਕਾ ਹਾਜੀ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਿਤ ਹੋਣ ਤੋਂ ਬਾਅਦ ਹੀ ‘ਪੱਕਾ ਸ਼ੈਤਾਨ’ ਕਿਹਾ ਸੀ। 12 ਮਾਰਚ ਦੇ ‘ਦਸਤਕ’ ਵਿੱਚ ਔਰੰਗਜ਼ੇਬ ਬਾਰੇ ਖੋਜ ਭਰਪੂਰ ਪੁਸਤਕ ਅੰਸ਼ਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਯਕੀਨਨ ਹੀ ਇਸ ਪੁਸਤਕ ਵਿੱਚ ਔਰੰਗਜ਼ੇਬ ਦੇ ਜੀਵਨ ਨੂੰ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਵੇਖਿਆ ਗਿਆ ਹੋਵੇਗਾ।
-ਕਾਤਿਬ ਜਗਤਾਰ, ਹਮੀਦੀ (ਬਰਨਾਲਾ)
(3)
‘ਦਸਤਕ’ ਵਿੱਚ ਭਾਰਤੀ ਇਤਿਹਾਸ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਸਬੰਧੀ ਵਧੀਆ ਜਾਣਕਾਰੀ ਦਿੱਤੀ ਗਈ ਹੈ। ਭਾਰਤ ਦੇ ਛੇਵੇਂ ਮੁਗ਼ਲ ਸ਼ਾਸਕ ਔਰੰਗਜ਼ੇਬ ਸਬੰਧੀ ਅਮਰੀਕੀ ਵਿਦਵਾਨ ਔਡਰੇ ਟਰੁਸ਼ਕੇ ਦੀ ਪੁਸਤਕ ‘ਦਿ ਮੈਨ ਐਂਡ ਦਿ ਮਿੱਥ’ ਦੇ ਅੰਸ਼ਾਂ ਅਤੇ ਇਸ ਪੁਸਤਕ ਦੀ ਸਮੀਖਿਆ ਨੇ ਇਸ ਸ਼ਾਸਕ ਦੀ ਸ਼ਖ਼ਸੀਅਤ ਦੇ ਵਿਭਿੰਨ ਪੱਖਾਂ ਨੂੰ ਬਾਖੂਬੀ ਉਜਾਗਰ ਕੀਤਾ। ਪੁਸਤਕ ਅੰਸ਼ਾਂ ਵਿੱਚ ਔਰੰਗਜ਼ੇਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਬੰਧਾਂ ਬਾਰੇ ਕੋਈ ਜ਼ਿਕਰ ਨਹੀਂ। ਇੰਜ ਹੀ ਇਕਬਾਲ ਸਿੰਘ ਹਮਜਾਪੁਰ ਨੇ ਭਾਰਤ ਦੀ ਮਹਿਲਾ ਸ਼ਾਸਕ ਰਜ਼ੀਆ ਸੁਲਤਾਨ ਤੇ ਕੈਥਲ ਵਿਖੇ ਉਸਦੇ ਮਕਬਰੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਪਰ ਰਜ਼ੀਆ ਸੁਲਤਾਨ ਦੇ ਐਬੇਸੀਨੀਅਨ ਅੰਗ-ਰੱਖਿਅਕ ਯਾਕੂਤ ਨਾਲ ਸਬੰਧਾਂ ਬਾਰੇ ਲੇਖਕ ਨੇ ਕੋਈ ਜ਼ਿਕਰ ਨਹੀਂ ਕੀਤਾ। ਅਜਿਹੇ ਤੱਥਾਂ ਨੂੰ ਨਜ਼ਰਅੰਦਾਜ਼ ਕਰਨਾ ਇਤਿਹਾਸ ਨਾਲ ਧੱਕਾ ਹੈ।
-ਡਾ. ਲਾਭ ਸਿੰਘ ਖੀਵਾ, ਚੰਡੀਗੜ੍ਹ
ਜਮਹੂਰੀ ਜਜ਼ਬੇ ਨੂੰ ਸਲਾਮ
12 ਮਾਰਚ ਦੇ ਹਫ਼ਤਾਵਾਰੀ ਮੈਗਜ਼ੀਨ ‘ਦਸਤਕ’ ਤੇ ਇਸ ਦਿਨ ਦੇ ਅੰਕ ਦੀਆਂ ਕਈ ਹੋਰ ਰਚਨਾਵਾਂ ਨੇ ਪੱਤਰ ਲਿਖਣ ਲਈ ਮਜਬੂਰ ਕਰ ਦਿੱਤਾ। ਸ਼ਬਦ ਸੰਚਾਰ ‘ਜਮਹੂਰੀ ਜਜ਼ਬੇ ਨੂੰ ਸਲਾਮ’ ਵਧੀਆ ਲੱਗਿਆ। ਠੀਕ ਹੈ ਉਮੀਦ ਨਾਲੋਂ ਕਿਤੇ ਵੱਧ ਸੀਟਾਂ ਜਿੱਤ ਕੇ ਕਾਂਗਰਸ ਨੇ ਪੂਰਨ ਬਹੁਮਤ ਹਾਸਲ ਕੀਤਾ ਹੈ, ਪਰ ਹੁਣ ਇਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਬਹੁਤ ਵਧ ਗਈ ਹੈ। ਜੇ ਹੁਣ ਇਹ ਸਰਕਾਰ ਪੰਜਾਬ ਵਾਸੀਆਂ ਦੀਆਂ ਆਸਾਂ-ਉਮੀਦਾਂ ’ਤੇ ਖ਼ਰੀ ਨਹੀਂ ਉਤਰਦੀ, ਤਾਂ ਬਹੁਤ ਸਿਆਣਾ ਹੋ ਚੁੱਕਾ ਵੋਟਰ ਪੰਜ ਸਾਲਾਂ ਬਾਅਦ ਫੇਰ ਬਦਲਾਅ ਲਿਆ ਸਕਦਾ ਹੈ ਤੇ ਕਾਂਗਰਸ ਪਾਰਟੀ ਵੀ ਪਹਿਲੇ ਸਥਾਨ ਤੋਂ ਤੀਜੇ ਸਥਾਨ ’ਤੇ ਆ ਸਕਦੀ ਹੈ। ‘ਦਸਤਕ’ ਅੰਕ ਦੇ ਮੁੱਖ ਪੰਨੇ ’ਤੇ ਜੰਗਪਾਲ ਸਿੰਘ ਦੀ ਦਿਲਚਸਪ ਰਚਨਾ ‘ਗ੍ਰਾਮੋਫੋਨ ਤੋਂ ਔਨ ਲਾਈਨ ਸੰਗੀਤ ਤਕ ਦਾ ਸਫ਼ਰ’ ਪੜ੍ਹ ਕੇ ਮੈਨੂੰ ਉਹ ਦਿਨ ਯਾਦ ਆ ਗਏ ਜਦੋਂ ਮੈਂ ਆਕਾਸ਼ਵਾਣੀ ਦੇ ਵੱਖ ਵੱਖ ਕੇਂਦਰਾਂ ਨੂੰ ਰੰਗ-ਬਿਰੰਗੀਆਂ ਚਿੱਠੀਆਂ ਲਿਖਦਾ ਹੁੰਦਾ ਸੀ ਤੇ ਮੇਰੀਆਂ ਚਿੱਠੀਆਂ ਬੜੇ ਪਿਆਰ ਨਾਲ ਪੜ੍ਹੀਆਂ ਜਾਂਦੀਆਂ ਸਨ। ਅੱਜ ਮੈਂ ਆਕਾਸ਼ਵਾਣੀ ਵਿੱਚ ਹਾਂ ਅਤੇ ਸਰੋਤਿਆਂ ਦੀਆਂ ਉਸੇ ਤਰਾਂ ਦੀਆਂ ਖ਼ੂਬਸੂਰਤ ਚਿੱਠੀਆਂ ਪੜ੍ਹ ਕੇ ਮੈਨੂੰ ਬਹੁਤ ਪ੍ਰਸੰਨਤਾ ਹੁੰਦੀ ਹੈ। ‘ਅਦਬੀ ਸੰਗਤ’ ਪੰਨੇ ’ਤੇ ਮਹਿੰਦਰ ਸਿੰਘ ਦੋਸਾਂਝ ਦੀ ਰਚਨਾ ‘ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ’ ਵਿੱਚ ਉਠਾਏ ਗਏ ਨੁਕਤੇ ਬਿਲਕੁਲ ਠੀਕ ਹਨ। ਸੰਜਮ ਪ੍ਰੀਤ ਸਿੰਘ ਨੇ ‘ਧੁੱਪ ਦੀ ਮਹਿਫਿਲ ਮਾਣਦਿਆਂ’ ਰਚਨਾ ਵਿੱਚ ਨਵਯੁੱਗ ਪ੍ਰੈੱਸ ਵਾਲੇ ਭਾਪਾ ਪ੍ਰੀਤਮ ਸਿੰਘ ਬਾਰੇ ਕਈ ਅਜਿਹੀਆਂ ਜਾਣਕਾਰੀਆਂ ਦਿੱਤੀਆਂ ਜੋ ਪਹਿਲਾਂ ਨਹੀਂ ਸੀ ਜਾਣਦੇ।
-ਪਰਮਜੀਤ ਸਿੰਘ ਪਰਵਾਨਾ, ਪਟਿਆਲਾ
ਇਰਾਨੀ ਫਿਲਮਸਾਜ਼ਾਂ ਬਾਰੇ ਜਾਣਕਾਰੀ
ਐਤਵਾਰ (5 ਮਾਰਚ) ਦੇ ਅੰਕ ਵਿੱਚ ਜਿੱਥੇ ਹੋਰ ਸਮੱਗਰੀ ਪੜ੍ਹਨਯੋਗ ਅਤੇ ਗਿਆਨ ਵਧਾਊ ਹੈ, ਉੱਥੇ ‘ਸ਼ਬਦ ਸੰਚਾਰ’ ਕਾਲਮ ਵਿੱਚ ਇਰਾਨ ਦੇ ਫਿਲਮਸਾਜ਼ ਅਸਗ਼ਰ ਫਰਹਾਦੀ ਅਤੇ ਉਨ੍ਹਾਂ ਦੀ ਫਿਲਮ ‘ਦਿ ਸੇਲਜ਼ਮੈਨ’ ਬਾਰੇ ਖ਼ਿਆਲਾਤ ਵਧੀਆ ਰਹੇ। ਇਸ ਲਿਖਤ ਤੋਂ ਪਤਾ ਲੱਗਦਾ ਹੈ ਕਿ ਫਰਹਾਦੀ 1995 ਵਿੱਚ ਵੀ ਔਸਕਰ ਅਵਾਰਡ ਜਿੱਤਿਆ ਸੀ। ਇਸ ਤੋਂ ਇਲਾਵਾ ਅੱਬਾਸ ਕਿਆਰੋਸਤਾਮੀ, ਮਾਜਿਦ ਮਜੀਦੀ, ਮੋਹਸਿਨ ਮਖਮਲਬਾਫ਼, ਦਾਰੀਅਸ ਮਿਹਰਜੂਈ, ਬਹਿਰਾਮ ਬੇਇਜਾਈ ਆਦਿ ਵਧੀਆ ਫਿਲਮਸਾਜ਼ਾਂ ਬਾਰੇ ਪੜ੍ਹਿਆ। ਇਸ ਤਰ੍ਹਾਂ ਦੀਆਂ ਲਿਖ਼ਤਾਂ ਗਿਆਨ ਵਧਾਉਂਦੀਆਂ ਹਨ।
-ਨਿਸ਼ਾਨ ਸਿੰਘ ਜੌਹਲ, ਵਡਾਲਾ ਜੌਹਲ (ਅੰਮ੍ਰਿਤਸਰ)
ਸ਼ਾਨਦਾਰ ਕੇਸਰ ਕਿਆਰੀ
ਪੰਜ ਮਾਰਚ ਦਾ ‘ਦਸਤਕ’ ਅੰਕ ਪੜ੍ਹਿਆ। ‘ਕੇਸਰ ਕਿਆਰੀ’ ਵਿੱਚ ‘ਪੁਰਸਲਾਤ’, ‘ਬਸੰਤ’, ‘ਦਿਸ਼ਾਹੀਣ’ ਹਿਰਦੇਵੇਧਕ ਰਚਨਾਵਾਂ ਹਨ। ਬਾਕੀ ਕਾਵਿ ਰਚਨਾਵਾਂ ਵੀ ਵਿਸ਼ੇਸ਼ ਹਨ। ਕਥਾ ਪ੍ਰਵਾਹ ‘ਫ਼ਲ’ ਆਧੁਨਿਕ ਜੀਵਨ ਅਤੇ ਸੋਚ ਦੇ ਦਵੰਦ ਨੂੰ ਪੇਸ਼ ਕਰਦੀ ਬਿਹਤਰ ਕਹਾਣੀ ਹੈ। ਮਿਨੀ ਕਹਾਣੀ ‘ਨਾਸ਼ਤਾ’ ਜਜ਼ਬਾਤੀ ਸੀ, ਮਨ ਮੱਲੋਮੱਲੀ ਉਦਾਸ ਹੋ ਗਿਆ।
-ਪਰਦੀਪ ਮਹਿਤਾ, ਮੌੜ ਮੰਡੀ (ਬਠਿੰਡਾ)
ਬਹੁਪੱਖੀ ਪ੍ਰਤਿਭਾ ਨਾਲ ਪਛਾਣ
5 ਮਾਰਚ ਦੇ ‘ਦਸਤਕ’ ਅੰਕ ਵਿੱਚ ਗੁਲਜ਼ਾਰ ਸਿੰਘ ਸੰਧੂ ਵੱਲੋਂ ਬਹੁਪੱਖੀ ਪ੍ਰਤਿਭਾ ਬਰਜਿੰਦਰ ਸਿੰਘ ਹਮਦਰਦ ਨਾਲ ਕਰਵਾਇਆ ਗਿਆ ਤੁਆਰਫ਼ ਕਮਾਲ ਦਾ ਸੀ। ਇਸ ਰਾਹੀਂ ਪੱਤਰਕਾਰਿਤਾ ਦੇ ਕਿੱਤੇ ਨਾਲ ਜੁੜੀ ਸ਼ਖ਼ਸੀਅਤ ਦੇ ਸੰਗੀਤਕ ਸ਼ੌਕ, ਜੋ ਕਿ ਸੱਚਮੁੱਚ ਇੱਕ ਰੱਬੀ ਦਾਤ ਹੁੰਦੀ ਹੈ, ਦੇ ਨਾਲ ਨਾਲ ਉਨਾਂ ਦੇ ਖੁੱਲ੍ਹੀ ਕਿਤਾਬ ਵਰਗੇ ਸੁਨਹਿਰੀ ਜੀਵਨ ਸਫਰ ਦੀ ਪਾਠਕਾਂ ਨਾਲ ਜਾਣ-ਪਛਾਣ ਕਰਵਾਈ ਗਈ ਹੈ। ਪੂਰੀ ਰਚਨਾ ਨੂੰ ਪੜ੍ਹਨ ’ਤੇ ਇਹ ਕੁਝ ਹੱਦ ਤੱਕ ਟੂ-ਇਨ-ਵਨ ਮਹਿਸੂਸ ਹੋਈ। ਸੰਧੂ ਖ਼ੁਦ ਪੰਜਾਬੀ ਸਾਹਿਤਕ ਖੇਤਰ ਵਿੱਚ ਆਪਣੀ ਨਿਵੇਕਲੀ ਪਛਾਣ ਰੱਖਦੇ ਹਨ। ਉਨ੍ਹਾਂ ਨੇ ਆਪਣੇ ਜੀਵਨ ਦੇ ਕੁਝ ਅਹਿਮ ਵਾਕਿਆਤ ਵੀ ਇਸ ਰਚਨਾ ਰਾਹੀਂ ਪਾਠਕਾਂ ਨਾਲ ਸਾਂਝੇ ਕੀਤੇ।
-ਗੁਰਮੀਤ ਸਿੰਘ ਭਗੜਾਣਾ, ਫਤਹਿਗੜ੍ਹ ਸਾਹਿਬ
ਵਿਚਾਰਧਾਰਾ, ਸਿਧਾਂਤ ਤੇ ਪ੍ਰਯੋਗੀ ਅਨੁਭਵ
26 ਫਰਵਰੀ (ਐਤਵਾਰ) ਦੇ ਅੰਕ ਵਿੱਚ ਅਨੂਪ ਸੇਠੀ ਦੀ ਰਚਨਾ ਭਾਸ਼ਾ ਬਾਰੇ ਹੈ। ਉਹ ਪ੍ਰਸੰਗ ਜਾਂ ਉਦਾਹਰਣਾਂ ਤਾਂ ਇਕਹਿਰੇ ਪਰਿਵਾਰ ਦੀਆਂ ਦਿੰਦੇ ਹਨ, ਪਰ ਲਾਗੂ ਸਮੂਹ ’ਤੇ ਕਰਨਾ ਚਾਹੁੰਦੇ ਹਨ। ਸਕੂਲੀ ਸਿੱਖਿਆ ਵਿੱਚ ਭਾਸ਼ਾ ਦੀ ਪਰਿਭਾਸ਼ਾ ਤਾਂ ‘ਆਪਣੇ ਮਨ ਦੀ ਗੱਲ ਨੂੰ ਅਗਲੇ ਦੇ ਕੰਨਾਂ ਤਕ ਪਹੁੰਚਾਉਣ ਦਾ ਸਾਧਨ’ ਵਜੋਂ ਹੀ ਪੜ੍ਹੀ ਜਾਂਦੀ ਸੀ। ਇਹ ਭਾਸ਼ਾ ਕੋਈ ਵੀ ਹੋ ਸਕਦੀ ਹੈ। ਇੱਕ ਪੰਜਾਬੀ ਵੀਰ ਨੇ ਕੈਨੇਡਾ ਵਿੱਚ ਰਹਿੰਦਿਆਂ ਬੋਲੀ ਦੀ ਸਮੱਸਿਆ ਬਾਰੇ ਕਿਹਾ ਸੀ, ‘‘ਮੈਂ ਆਪਣੇ ਕਿੱਤੇ ਬਾਰੇ ਕੁਝ ਕੁ ਸ਼ਬਦ ਸਿੱਖ ਲਏ ਹਨ। ਉਨ੍ਹਾਂ ਸ਼ਬਦਾਂ ਨੂੰ ਦੂਜਿਆਂ ਅੱਗੇ ਖਿਲਾਰ ਦਿੰਦਾ ਹਾਂ। ਸੁਣਨ ਵਾਲੇ ਆਪੇ ਲੋੜੀਂਦੇ ਸ਼ਬਦ ਚੁਗ ਕੇ ਮੇਰੀ ਗੱਲ ਦੀ ਰਮਜ਼ ਸਮਝ ਲੈਂਦਾ ਹੈ।’’ ਲੇਖ ਲਿਖਣ ਵਾਸਤੇ ਮੈਟਰ ਤੇ ਉਸ ਦੀ ਬਣਤਰ ਅਤੇ ਪ੍ਰਯੋਗੀ ਅਨੁਭਵ ਦੋ ਵੱਖੋ-ਵੱਖਰੀਆਂ ਜ਼ਰੂਰਤਾਂ ਹਨ।
-ਗੁਲਜ਼ਾਰ ਸਿੰਘ ਨਰੂਲਾ, ਫ਼ਰੀਦਕੋਟ

ਮਨੁੱਖੀ ਵਿਕਾਸ ਤੇ ਕਾਇਨਾਤੀ ਨਿਘਾਰ
12 ਮਾਰਚ ਦੇ ‘ਨਜ਼ਰੀਆ’ ਪੰਨੇ ਉੱਤੇ ਸੁਰਜੀਤ ਸਿੰਘ ਢਿੱਲੋ ਦਾ ਲੇਖ ‘ਵਿਸ਼ਵ ਦਾ ਮੁੱਢ, ਮਨੁੱਖੀ ਵਿਕਾਸ ਤੇ ਕਾਇਨਾਤੀ ਨਿਘਾਰ’ ਜਾਣਕਾਰੀ ਭਰਪੂਰ ਸੀ। ਰੇਲ ਗੱਡੀ ਨਾਲ ਸਬੰਧਤ ਮੁਸਾਫਰਾਂ ਦੀ ਭੀੜ ਨੂੰ ਦਰਸਾਉਂਦੀ ਤਸਵੀਰ ਅਖੀਰਲੇ ਪੈਰੇ ਦੀ ਤਰਜਮਾਨੀ ਕਰ ਗਈ। ਅਗਾਂਹ ਤੋਂ ਇਹੋ ਜਿਹੇ ਸਾਇੰਸ ਦੇ ਲੇਖ ਨੂੰ ਲਿਖਣ ਲਈ ਵਰਤੀਆਂ ਇੱਕ ਜਾਂ ਦੋ ਮੁੱਖ ਸਹਾਇਕ ਕਿਤਾਬਾਂ ਦੇ ਹਵਾਲੇ ਦੇ ਦਿੱਤੇ ਜਾਣ ਤਾਂ ਬਹੁਤ ਚੰਗਾ ਹੋਵੇਗਾ। ਇਸ ਨਾਲ ਹਵਾਲਾ ਕਰਤਾ ਨੂੰ ਵੀ ਬਣਦਾ ਕਰੈਡਿਟ ਮਿਲ ਸਕੇਗਾ ਅਤੇ ਲੇਖ ਦੇ ਵਿਸ਼ੇ ’ਤੇ ਜਗਿਆਸੂ ਪਾਠਕਾਂ ਨੂੰ ਹੋਰ ਵੀ ਖੋਜ ਕਰਕੇ ਪੜ੍ਹਨ ਵਿੱਚ ਆਸਾਨੀ ਹੋਵੇਗੀ।
-ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)


Comments Off on ਡਾਕ ਐਤਵਾਰ ਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.