ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਤੂਤਾ ਵੇ ਹਰਿਔਲਿਆ……

Posted On March - 4 - 2017

ਡਾ. ਬਲਵਿੰਦਰ ਸਿੰਘ ਲੱਖੇਵਾਲੀ

12202cd _lakhewali 2ਤੂਤਾ ਵੇ ਹਰਿਔਲਿਆ, ਤੇਰੀ ਠੰਢੜੀ ਛਾਂ
ਲੱਗ ਲੱਗ ਗਈਆਂ ਮਹਿਫ਼ਲਾਂ, ਬਹਿ ਬਹਿ ਗਏ ਦੀਵਾਨ
ਜਦੋਂ ਪੰਜਾਬ ਦੀ ਆਬੋ-ਹਵਾ ਵਿੱਚ ਜ਼ਹਿਰਾਂ ਨਹੀਂ ਘੁਲੀਆਂ ਸਨ, ਜਦੋਂ ਧਰਤੀ ਦੀ ਹਿੱਕ ਵਿੱਚੋਂ ਨਿਕਲਦਾ ਪਾਣੀ ਸੱਚਮੁੱਚ ਸ਼ਰਬਤ ਵਰਗਾ ਹੁੰਦਾ ਸੀ, ਜਦ ਲੋਕੀਂ ਆਪਣੀਆਂ ਮਹਿਫ਼ਲਾਂ ਸੱਚਮੁੱਚ ਹੀ ਤੂਤਾਂ ਦੀਆਂ ਠੰਢੜੀਆਂ ਛਾਵਾਂ ਹੇਠ ਸਜਾਉਂਦੇ  ਸਨ। ਏ.ਸੀ. ਘਰਾਂ, ਕਾਰਾਂ ਅਤੇ ਏ.ਸੀ. ਦਫ਼ਤਰਾਂ ਦੀ ਆਦੀ ਹੋ ਰਹੀ ਨਵੀਂ ਪੀੜ੍ਹੀ ਕੀ ਜਾਣੇ ਜੇਠ-ਹਾੜ੍ਹ ਦੀ ਤਪਦੀ ਰੁੱਤੇ ਤੂਤਾਂ ਹੇਠ ਰੁਕਮਦੀ ਪੌਣ ਦਾ ਨਜ਼ਾਰਾ ਕਿੰਨਾ ਕੁਦਰਤੀ ਤੇ ਸਕੂਨਮਈ ਹੁੰਦਾ ਸੀ। ਤੂਤਾਂ ਤੇ ਖੂਹਾਂ ਦੀ ਸਾਂਝ ਬਹੁਤ ਲੰਮਾ ਸਮਾਂ ਰਹੀ ਪਰ ਤਰੱਕੀ ਦੀ ਪੌੜੀ ਨੇ ਸਾਥੋਂ ਖੂਹ ਅਤੇ ਤੂਤ ਦੋਨੋਂ ਖੋਹ ਲਏ। ਮੈਨੂੰ ਅੱਜ ਵੀ ਯਾਦ ਹੈ ਕਿ ਬਚਪਨ ਵਿੱਚ ਨਾਵਲਕਾਰ ਸੋਹਣ ਸਿੰਘ ਸੀਤਲ ਦਾ ਨਾਵਲ ‘‘ਤੂਤਾਂ ਵਾਲਾ ਖੂਹ’’ ਪਤਾ ਹੀ ਨਹੀਂ ਕਿੰਨੇ ਵਾਰੀ ਪੜ੍ਹ ਛੱਡਿਆ ਸੀ ਤੇ ਲੇਖਕ ਨੇ ਪੁਰਾਣੇ ਸਮੇਂ ਦਾ ਮਾਹੌਲ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਸੀ। ਪਹਿਲਾਂ ਗੱਭਰੂ ਆਪਣੀ ਮਹਿਬੂਬ ਨੂੰ ਮਹਿੰਗੀਆਂ ਕਾਰਾਂ ਜਾਂ ਘਰਾਂ ਆਦਿ ਬਾਰੇ ਦੱਸਣ ਨਾਲੋਂ ਰੁੱਖਾਂ ਲੱਦੇ ਖੂਹ ਬਾਰੇ ਦੱਸਣਾ ਜ਼ਿਆਦਾ ਪਸੰਦ ਕਰਦੇ ਸਨ:
ਜੇ ਜੱਟੀਏ ਮੇਰਾ ਖੂਹ ਨਹੀਂ ਜਾਣਦੀ
ਖੂਹ ਐ ਤੂਤਾਂ ਵਾਲਾ…
ਰੋਮ ਦੇਸ਼ ਦੀ ਇੱਕ ਪ੍ਰੇਮ ਕਹਾਣੀ ਅਨੁਸਾਰ ਪਹਿਲਾਂ-ਪਹਿਲ ਤੂਤਾਂ ਨੂੰ ਸਿਰਫ਼ ਸਫ਼ੈਦ ਰੰਗ ਦੀਆਂ ਤੂਤੀਆਂ ਹੀ ਲੱਗਦੀਆਂ ਸਨ। ਪਰ ਪ੍ਰੇਮ ਗਾਥਾ ਅਨੁਸਾਰ ਉਨ੍ਹਾਂ ਦਾ ਪਿਆਰ ਸਿਰੇ ਨਾ ਚੜ੍ਹਦਾ ਵੇਖ ਜੋੜੇ ਨੇ ਆਪਣੀ ਜਾਨ ਤੂਤ ਦੇ ਰੁੱਖ ਹੇਠ ਦੇ ਦਿੱਤੀ ਤਾਂ ਉਸ ਉਪਰੰਤ ਤੂਤਾਂ ਨੂੰ ਲੱਗਣ ਵਾਲੀਆਂ ਤੂਤੀਆਂ ਸਫ਼ੈਦ ਦੇ ਨਾਲ ਗੂੜ੍ਹੇ ਲਾਲ ਰੰਗ ਦੀਆਂ ਵੀ ਹੋਣ ਲੱਗ ਪਈਆਂ।

ਡਾ. ਬਲਵਿੰਦਰ ਸਿੰਘ ਲੱਖੇਵਾਲੀ

ਡਾ. ਬਲਵਿੰਦਰ ਸਿੰਘ ਲੱਖੇਵਾਲੀ

ਗੋਰਿਆਂ ਲਈ ‘ਮਲਬਰੀ’ ਜਾਂ ‘ਰਸ਼ੀਅਨ ਮਲਬਰੀ’ ਵਜੋਂ ਜਾਣੇ ਜਾਂਦੇ ਇਸ ਰੁੱਖ ਨੂੰ ਤੂਤ, ਸ਼ਹਿਤੂਤ, ਚਿੱਟਾ ਤੂਤ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਰੇਸ਼ਮ ਦੇ ਕੀੜਿਆਂ ਦੀ ਸਭ ਤੋਂ ਵਧੀਆ ਖੁਰਾਕ ਤੂਤ ਦੇ ਪੱਤੇ ਹਨ ਅਤੇ ਇਸ ਰੁੱਖ ਦਾ ਮੂਲ ਸਥਾਨ ਚੀਨ ਹੋਣ ਕਰਕੇ ਉੱਥੋਂ ਦੇ ਲੋਕ ਰੇਸ਼ਮ ਦੇ ਕੀੜੇ ਪਾਲਣ ਅਤੇ ਰੇਸ਼ਮ ਤਿਆਰ ਕਰਨ ਵਿੱਚ ਕਾਫ਼ੀ ਮਸ਼ਹੂਰ ਹਨ।
ਪ੍ਰੰਤੂ ਜਾਪਾਨ ਵਿੱਚ ਦੁਨੀਆਂ ਦੀ ਸਭ ਤੋਂ ਵੱਧ ਰੇਸ਼ਮ ਪੈਦਾ ਹੋਣ ਲੱਗੀ ਹੈ ਅਤੇ ਉੱਥੇ ਤੂਤ ਦੀਆਂ ਤਕਰੀਬਨ 700 ਕਿਸਮਾਂ ਪਾਈਆਂ ਜਾਂਦੀਆਂ ਹਨ। ਭਾਰਤ ਵਿੱਚ ਵੀ ਕਈ ਕਿਸਮਾਂ ਤਾਂ ਹਨ ਪ੍ਰੰਤੂ ਇਹ ਚਿੱਟੀਆਂ ਤੂਤੀਆਂ ਅਤੇ ਦੂਸਰੀ ਕਾਲੀਆਂ ਤੂਤੀਆਂ ਵਾਲੀਆਂ ਕਿਸਮਾਂ ਹਨ ਅਤੇ ਕਾਫ਼ੀ ਦੇਸ਼ਾਂ ਜਾਂ ਇਲਾਕਿਆਂ ਵਿੱਚ ਇਸ ਤੋਂ ਰੇਸ਼ਮ ਦੀ ਪ੍ਰਾਪਤੀ ਖਾਤਰ ਖੇਤੀ ਵੀ ਕੀਤੀ ਜਾਂਦੀ ਹੈ ਤਾਂ ਜੋ ਇਸ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਸਕੇ।
ਤੂਤ ਦਰਮਿਆਨੇ ਕੱਦ ਦਾ ਪੱਤਝੜੀ ਰੁੱਖ ਹੈ, ਜਿਸ ਦੀ ਛਿੱਲ ਸਲੇਟੀ, ਭੂਰੀ ਜਿਹੀ ਖੁਰਦੁਰੀ ਤੇ ਲੰਮੇ ਲੋਟ ਕਟਾਵਾਂ ਵਾਲੀ ਹੁੰਦੀ ਹੈ। ਇਸ ਦੇ ਪੱਤਿਆਂ ਦੀ ਦਿੱਖ ਵੰਨ-ਸਵੰਨੀ ਭਾਵ ਅੰਡਾਕਾਰ, ਦਿਲ ਵਰਗੇ ਵਿੰਗੇ-ਟੇਢੇ ਕੱਟ ਵਾਲੇ ਅਤੇ ਕਿਨਾਰਿਆਂ ਤੋਂ ਆਰੀ ਦੇ ਦੰਦਿਆਂ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਸਰਦੀ ਦੇ ਦਿਨਾਂ ਵਿੱਚ ਇਹ ਰੁੱਖ ਪੱਤਹੀਣ ਹੋ ਜਾਂਦਾ ਹੈ ਅਤੇ ਫਰਵਰੀ-ਮਾਰਚ ਦੇ ਮਹੀਨਿਆਂ ਦੌਰਾਨ ਰੁੱਖ ਦੁਬਾਰਾ ਖੇੜੇ ਵਿੱਚ ਆਉਣ ’ਤੇ ਉਨ੍ਹਾਂ ਦਿਨਾਂ ਵਿੱਚ ਹੀ ਛੋਟੇ-ਛੋਟੇ ਹਰੇ ਰੰਗ ਦੇ ਫੁੱਲ ਵੀ ਵਿਖਾਈ ਦੇਣੇ  ਸ਼ੁਰੂ ਹੋ ਜਾਂਦੇ ਹਨ ਜੋ ਸਮਾਂ ਪਾ ਕੇ ਅਪਰੈਲ ਮਹੀਨੇ ਤੋਂ ਤੂਤੀਆਂ ਵਿੱਚ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਤੂਤੀਆਂ ਰੁੱਖ ਦੀ ਕਿਸਮ ਅਨੁਸਾਰ ਸਫ਼ੈਦ, ਗੁਲਾਬੀ, ਜਾਮਣੀ, ਗੂੜ੍ਹੀਆਂ ਲਾਲ ਜਾਂ ਲਗਪਗ ਭੂਰੀ ਕਾਲੇ ਆਦਿ ਰੰਗਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ। ਪਹਿਲਾਂ ਜਦ ਲੋਕੀਂ ਵਿਦੇਸ਼ੀ ਫਲਾਂ ਦੇ ਜ਼ਿਆਦਾ ਸ਼ੌਕੀਨ ਨਹੀਂ ਸਨ ਤਾਂ ਕਈ ਪਿੰਡਾਂ ਵਿੱਚ ਖਾਸ ਮਿੱਠੀਆਂ ਤੂਤੀਆਂ ਵਾਲੇ ਤੂਤ ਆਪਣੇ ਇਲਾਕੇ ਵਿੱਚ ਮਸ਼ਹੂਰ ਹੁੰਦੇ ਸਨ ਤੇ ਉਨ੍ਹਾਂ ਤੂਤਾਂ ਦਾ ਜ਼ਿਕਰ ਪਿੰਡ ਦੇ ਨਾਂ ਨਾਲ ਬੋਲੀਆਂ ਵਿੱਚ ਵੀ ਸੁਣਨ ਨੂੰ ਮਿਲਦਾ ਸੀ:
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਡਾਲਾ
ਡਾਲੇ ਦਾ ਇੱਕ ਤੂਤ ਸੁਣੀਂਦਾ
ਤੂਤ ਤੂਤੀਆਂ ਵਾਲਾ
ਲੰਮੀ ਲਗਰ ਤੇ ਤੋਤਾ ਬੈਠਾ
ਗਲ ਮੂੰਗਾਂ ਦੀ ਮਾਲਾ
ਨਾ ਉਹ ਖਾਂਦਾ ਕੁੱਟੀਆਂ, ਚੂਰੀਆਂ
ਨਾ ਉਹ ਖਾਂਦਾ ਮੇਵਾ
ਨਾਰ ਬਿਗਾਨੀ ਦੀ ਮੂਰਖ ਕਰਦੇ ਸੇਵਾ।
ਤੂਤ ਦੀ ਲਚਕਤਾ ਇਸ ਦਾ ਬਹੁਤ ਵੱਡਾ ਗੁਣ ਹੈ ਅਤੇ ਇਸ ਦਾ ਜ਼ਿਕਰ ਵੀ ਲੋਕ ਬੋਲਾਂ ਵਿੱਚ ਵੇਖਣ ਨੂੰ ਮਿਲਦਾ ਹੈ:
ਯਾਰੀ ਜੱਟ ਦੀ ਤੂਤ ਦਾ ਮੋਛਾ
ਕਦੇ ਨਾ ਵਿਚਾਲਿਓਂ ਟੁੱਟਦੀ।
ਤੂਤ ਦੇ ਜੇਕਰ ਗੁਣਾਂ ਦੀ ਗੱਲ ਕਰੀਏ ਤਾਂ ਇਸ ਦੇ ਪੱਤੇ, ਫਲ, ਲੱਕੜ, ਛਿਲ-ਛਟੀਆਂ ਯਾਨੀ ਟਾਹਣੀਆਂ ਸਭ ਵੱਖ-ਵੱਖ ਤਰੀਕਿਆਂ ਰਾਹੀਂ ਮਨੁੱਖ ਦੇ ਕੰਮ ਆਉਂਦੀਆਂ ਹਨ। ਸਭ ਤੋਂ ਵੱਡਾ ਲਾਭ ਤਾਂ ਇਸ ਦੇ ਪੱਤਿਆਂ ਉੱਪਰ ਰੇਸ਼ਮ ਦੇ ਕੀੜੇ ਪਲਦੇ ਹਨ ਅਤੇ ਇਹੀ ਪੱਤੇ ਜਾਨਵਰਾਂ ਲਈ ਬਹੁਤ ਵਧੀਆ ਪੌਸ਼ਟਿਕ ਖੁਰਾਕ ਹਨ। ਇਸ ਦੇ ਫ਼ਲ ਯਾਨੀ ਤੂਤੀਆਂ ਨੂੰ ਕੱਚੇ ਖਾਣ ਤੋਂ ਇਲਾਵਾ ਇਨ੍ਹਾਂ ਤੋਂ ਜੂਸ, ਸਿਰਕਾ, ਸ਼ਰਾਬ ਆਦਿ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਪੁਰਾਣੇ ਸਮੇਂ ਤੋਂ ਤੂਤਾਂ ਦੀਆਂ ਛਟੀਆਂ ਤੋਂ ਟੋਕਰੇ-ਟੋਕਰੀਆਂ ਬਣਾਉਣ ਦਾ ਕੰਮ ਲਿਆ ਜਾਂਦਾ ਹੈ ਅਤੇ ਇਸ ਦਾ ਮੁਕਾਬਲਾ ਹੋਰ ਕਿਸੇ ਰੁੱਖ ਦੀ ਛਟੀ, ਛਮਕ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਇਸ ਦੀ ਲੱਕੜ ਤੋਂ ਖੇਡਾਂ ਦਾ ਸਾਮਾਨ ਜਿਵੇਂ ਹਾਕੀ, ਬੈਡਮਿੰਟਨ ਦੇ ਡੰਡੇ ਦਾ ਫਰੇਮ, ਟੈਨਿਸ ਦਾ ਬੱਲਾ, ਕ੍ਰਿਕਟ ਦੀ ਸਟੰਪ ਆਦਿ ਤਿਆਰ ਕਰਨ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਖੇਤੀ ਸੰਦ ਵੀ ਤਿਆਰ ਕੀਤੇ ਜਾਂਦੇ ਹਨ ਲੱਕੜ ਅਤੇ ਛਿੱਲ ਦੇ ਰੇਸ਼ੇ ਕਾਗਜ਼ ਬਣਾਉਣ ਲਈ ਵਰਤੇ ਜਾਂਦੇ ਹਨ।
ਤੂਤ ਰੁੱਖ ਦੇ ਦਵਾਈਆਂ ਵਾਲੇ ਗੁਣਾਂ ਦੀ ਗੱਲ ਕਰੀਏ ਤਾਂ ਇਸ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ੂਗਰ, ਕਬਜ਼, ਵਾਲਾਂ ਦਾ ਡਿੱਗਣਾ, ਮੂਤਰ ਰੋਗ, ਸ਼ਕਤੀਵਰਧਕ, ਉੱਲੀ ਨਾਸ਼ਕ, ਉਦਾਸੀ, ਪੇਟ ਰੋਗ, ਖ਼ੂਨ ਸਾਫ਼, ਸਿਰ ਦਰਦ ਆਦਿ ਅਨੇਕਾਂ ਬਿਮਾਰੀਆਂ ਦੇ ਇਲਾਜ ਲਈ ਨੁਸਖੇ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਜੇ ਤੂਤ ਦਾ ਸਬੰਧ ਧਰਮ ਨਾਲ ਵੇਖਿਆ ਜਾਵੇ ਤਾਂ ਸਿੱਖ ਧਰਮ ਨਾਲ ਇਸ ਦਾ ਸਬੰਧ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਨੇੜੇ ਸੁਲਤਾਨ ਵਿੰਡ ਵਿਖੇ ਤੂਤ ਹੇਠ ਆਰਾਮ ਕਰਦੇ ਸਨ ਜੋ ਬਾਅਦ ਵਿੱਚ ਤੂਤ ਸਾਹਿਬ ਨਾਲ ਜਾਣਿਆ ਜਾਣ ਲੱਗਾ। ਹਾਲਾਂਕਿ ਹੁਣ ਉਹ ਰੁੱਖ ਮੌਜੂਦ ਨਹੀਂ ਹੈ। ਤੂਤ ਨੂੰ ਅਸੀਂ ਬੀਜ, ਕਲਮ ਅਤੇ ਪਿਉਂਦ ਆਦਿ ਵੱਖ-ਵੱਖ ਤਰੀਕਿਆਂ ਰਾਹੀਂ ਤਿਆਰ ਕਰ ਸਕਦੇ ਹਾਂ। ਵੱਡੇ ਆਕਾਰ ਦੇ ਬੂਟਿਆਂ ਨੂੰ ਇੱਕ ਥਾਂ ਤੋਂ ਪੁੱਟ ਕੇ ਦੂਜੀ ਥਾਂ ਲਾਉਣਾ ਹੋਵੇ ਤਾਂ ਸਰਦ ਰੁੱਤ ਠੀਕ ਰਹਿੰਦੀ ਹੈ। ਉਸ ਸਮੇਂ ਰੁੱਖ ਪੱਤਹੀਣ ਅਵਸਥਾ ਵਿੱਚ ਹੁੰਦਾ ਹੈ। ਵੈਸੇ ਪੁਰਾਣਿਆਂ ਸਮਿਆਂ ਵਿੱਚ ਤੂਤ ਵਰਗੇ ਰੁੱਖਾਂ ਨੂੰ ਵਿਸ਼ੇਸ਼ ਧਿਆਨ ਹੇਠ ਲਿਆਉਣ ਦੀ ਲੋੜ ਪੈਂਦੀ ਸੀ। ਜ਼ਿਕਰਯੋਗ ਰੁੱਖਾਂ ਦਾ ਵਾਧਾ ਪਸ਼ੂ-ਪੰਛੀਆਂ ਦੇ ਮਲ-ਬਿੱਠਾਂ ਰਾਹੀਂ ਹੀ ਹੋ ਜਾਂਦਾ ਸੀ।
ਕਹਿਣ ਤੋਂ ਭਾਵ ਤੂਤੀਆਂ ਖਾ ਕੇ ਕੀਤੀਆਂ ਬਿੱਠਾਂ ਨੂੰ ਜਦ ਸਹੀ ਮਾਹੌਲ ਤੇ ਵਾਤਾਵਰਣ ਮਿਲਦਾ ਸੀ ਤਾਂ ਰੁੱਖ ਆਪਣੇ ਆਪ ਉੱਗ ਪੈਂਦੇ ਸਨ। ਹਾਲਾਂਕਿ ਇਹ ਰੁੱਖ ਖ਼ਤਮ ਹੋਣ ਕਿਨਾਰੇ ਤਾਂ ਬਿਲਕੁਲ ਨਹੀਂ ਪ੍ਰੰਤੂ ਪਹਿਲਾਂ ਨਾਲੋਂ ਗਿਣਤੀ ਦਿਨ-ਬ-ਦਿਨ ਘੱਟ ਜ਼ਰੂਰ ਰਹੀ ਹੈ। ਉਸ ਦਾ ਇੱਕ ਕਾਰਨ ਇਹ ਵੀ ਹੈ ਕਿ ਸ਼ਹਿਰੀਆਂ ਵਾਂਗ ਪਿੰਡਾਂ ਵਾਲਿਆਂ ਨੇ ਵੀ ਰੀਸੋ-ਰੀਸ ਵਿਰਾਸਤੀ ਰੁੱਖਾਂ ਦੀ ਬਜਾਏ ਹੋਰਨਾਂ ਰੁੱਖਾਂ ਵੱਲ ਝੁਕਾਅ ਕਰ ਲਿਆ ਹੈ। ਅੱਜਕੱਲ੍ਹ ਪਿੰਡਾਂ ਵਿੱਚ ਬਣੇ ਵੱਖ-ਵੱਖ ਕਲੱਬ ਬੜਾ ਸੋਹਣਾ ਕੰਮ ਕਰ ਰਹੇ ਹਨ ਪ੍ਰੰਤੂ ਕਈ ਰੁੱਖਾਂ ਦੀਆਂ ਕਿਸਮਾਂ ਦੀ ਚੋਣ ਗ਼ਲਤ ਕਰ ਜਾਂਦੇ ਹਨ। ਜਿਵੇਂ ਕਿ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਖਾਸ ਕਰਕੇ ਸੱਥਾਂ, ਛੱਪੜਾਂ ਕੰਢੇ, ਧਾਰਮਿਕ ਸਥਾਨਾਂ, ਸ਼ਮਸ਼ਾਨਘਾਟ, ਬੱਸ ਅੱਡਾ ਆਦਿ ਵਿੱਚ ਛਾਂ ਵਾਲੇ ਰੁੱਖਾਂ ਦੀ ਲੋੜ ਹੁੰਦੀ ਹੈ ਤੇ ਉਹ ਉੱਥੇ ਵੀ ਪਾਮ ਜਾਤੀ ਦੇ ਬੂਟੇ ਲਾਈ ਜਾਂਦੇ ਹਨ। ਅਜਿਹੀਆਂ ਸਥਿਤੀਆਂ ਜਦ ਵੀ ਨਜ਼ਰੀਂ ਪੈਂਦੀਆਂ ਹਨ ਤਾਂ ਮੱਲੋ ਜ਼ੋਰੀ ਮਨ ਵਿੱਚ ਲੋਕ ਗੀਤ ਦੇ ਬੋਲ ਘੁੰਮਣ ਲੱਗਦੇ ਹਨ:
ਕਿੱਥੇ ਤਾਂ ਲਾਨੀਆਂ ਟਾਹਲੀਆਂ,
ਵੇ ਪੱਤਾਂ ਵਾਲੀਆਂ।
ਵੇ ਮੇਰਾ ਪਤਲਾ ਮਾਹੀ।
ਕਿੱਥੇ ਤਾਂ ਲਾਵਾਂ ਸ਼ਤੂਤ,
ਬੇਸਮਝੇ ਨੂੰ ਸਮਝ ਨਹੀਂ।
ਬਾਗੀਂ ਤਾਂ ਲਾਨੀਆਂ ਟਾਹਲੀਆਂ,
ਵੇ ਪੱਤਾਂ ਵਾਲੀਆਂ
ਵੇ ਮੇਰਾ ਪਤਲਾ ਮਾਹੀ!
ਬੂਹੇ ਤਾਂ ਲਾਵਾਂ ਸ਼ਤੂਤ,
ਬੇਸਮਝੇ ਨੂੰ ਸਮਝ ਨਹੀਂ।

ਸੰਪਰਕ :98142-39041


Comments Off on ਤੂਤਾ ਵੇ ਹਰਿਔਲਿਆ……
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.