ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਦਲੇਰ ਸ਼ਹਿਜ਼ਾਦਾ, ਹਿੰਦ ਦਾ ਛੇਵਾਂ ਮੁਗ਼ਲ ਬਾਦਸ਼ਾਹ ਜਾਂ ਸਦੀਵੀ ਖਲਨਾਇਕ?

Posted On March - 12 - 2017

ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਨਾਂ ਸੁਣਦਿਆਂ ਹੀ ਜ਼ਿਹਨ ਵਿੱਚ ਫ਼ਿਰਕਾਪ੍ਰਸਤ ਅਤੇ ਅਤਿ ਜ਼ਾਲਮ ਵਿਅਕਤੀ ਦਾ ਚਿਹਰਾ ਆਉਂਦਾ ਹੈ। ਇੱਥੋਂ ਤਕ ਕਿ ਕਿਸੇ ਵਿਅਕਤੀ ਦੀ ਕਰੂਰਤਾ ਦਰਸਾਉਣ ਲਈ ਉਸ ਨੂੰ ਔਰੰਗਜ਼ੇਬ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਉਸ ਬਾਰੇ ਇਹ ਭਰਮ ਤੋੜਦੇ ਹਨ ਇਹ ਖੋਜ ਭਰਪੂਰ ਪੁਸਤਕ ਅੰਸ਼।

ਹਾਥੀ ਸੁਧਾਕਰ ਦੇ ਮੱਥੇ ਵਿੱਚ ਬਰਛਾ ਮਾਰਦਾ ਹੋਇਆ ਔਰੰਗਜ਼ੇਬ।

ਹਾਥੀ ਸੁਧਾਕਰ ਦੇ ਮੱਥੇ ਵਿੱਚ ਬਰਛਾ ਮਾਰਦਾ ਹੋਇਆ ਔਰੰਗਜ਼ੇਬ।

ਤਵਾਰੀਖ਼ੀ ਨਕਸ਼
ਔਰੰਗਜ਼ੇਬ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦਾ ਤੀਜਾ ਪੁੱਤਰ ਸੀ। ਦਾਰਾ ਸ਼ੁਕੋਹ ਤੇ ਸ਼ਾਹ ਸ਼ੁਜਾਹ ਉਸ ਦੇ ਵੱਡੇ ਭਰਾ ਸਨ। ਚੌਥਾ ਪੁੱਤਰ ਮੁਰਾਦ, ਔਰੰਗਜ਼ੇਬ ਤੋਂ ਇੱਕ ਸਾਲ ਬਾਅਦ ਪੈਦਾ ਹੋਇਆ। ਇਹ ਚਾਰੋ ਸਕੇ ਭਰਾ ਸਨ; ਸ਼ਾਹਜਹਾਂ ਦੀ ਸਭ ਤੋਂ ਚਹੇਤੀ ਬੇਗ਼ਮ ਮੁਮਤਾਜ਼ ਮਹਿਲ ਦੇ ਬੇਟੇ। ਆਪਣੇ ਭਰਾਵਾਂ ਵਾਂਗ ਔਰੰਗਜ਼ੇਬ ਨੂੰ ਵੀ ਸ਼ਹਿਜ਼ਾਦਿਆਂ ਵਾਲੀ ਪੜ੍ਹਾਈ ਕਰਨੀ ਪਈ ਜਿਸ ਵਿੱਚ ਕਈ ਬੌਧਿਕ ਤੇ ਸਾਹਿਤਕ ਧਾਰਾਵਾਂ ਤੇ ਰਵਾਇਤਾਂ ਦਾ ਗਿਆਨ ਸ਼ਾਮਲ ਸੀ।
ਆਪਣੀ ਇਸ ਪੜ੍ਹਾਈ ਦੌਰਾਨ ਔਰੰਗਜ਼ੇਬ ਨੇ ਇਸਲਾਮੀ ਮਜ਼ਹਬੀ ਗਰੰਥ ਪੜ੍ਹੇ ਜਿਨ੍ਹਾਂ ਵਿੱਚ ਕੁਰਾਨ ਸ਼ਰੀਫ਼, ਹਦੀਥ (ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ) ਤੇ ਧਾਰਮਿਕ ਜੀਵਨੀਆਂ ਸ਼ਾਮਲ ਸਨ। ਉਸ ਨੇ ਤੁਰਕੀ ਸਾਹਿਤਕ ਕਿਰਤਾਂ ਵੀ ਪੜ੍ਹੀਆਂ ਅਤੇ ਕੈਲੀਗ੍ਰਾਫ਼ੀ ਦੀ ਕਲਾ ਵੀ ਸਿੱਖੀ। ਮੁਗ਼ਲ ਸ਼ਹਿਜ਼ਾਦਿਆਂ ਦੀ ਸਿੱਖਿਆ ਵਿੱਚ ਫ਼ਾਰਸੀ ਲੇਖਣੀਆਂ ਪੜ੍ਹਨਾ ਵੀ ਸ਼ਾਮਲ ਹੁੰਦਾ ਸੀ ਜਿਨ੍ਹਾਂ ਵਿੱਚ ਸ਼ੇਖ ਸਾਅਦੀ, ਨਸੀਰੂਦੀਨ ਤੂਸੀ ਅਤੇ ਹਾਫ਼ਿਜ਼ ਦੀਆਂ ਲੇਖਣੀਆਂ ਵਿਸ਼ੇਸ਼ ਤੌਰ ’ਤੇ ਸ਼ੁਮਾਰ ਸਨ। ਔਰੰਗਜ਼ੇਬ ਬਾਰੇ ਕਿਹਾ ਜਾਂਦਾ ਹੈ ਕਿ ਉਹ ਰੂਮੀ ਦੀਆਂ ਮਸਨਵੀਆਂ ਤੋਂ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਸੀ। ਇਹ ਫਾਰਸੀ ਲੇਖਣੀਆਂ ਮੁਗ਼ਲ ਸ਼ਹਿਜ਼ਾਦਿਆਂ ਅੰਦਰ ਇਖ਼ਲਾਕ ਤੇ ਇਨਸਾਨੀ ਕਦਰਾਂ-ਕੀਮਤਾਂ ਵਿਕਸਤ ਕਰਨ ਲਈ ਪੜ੍ਹਾਈਆਂ ਜਾਂਦੀਆਂ ਸਨ। ਮੰਨਿਆ ਜਾਂਦਾ ਸੀ ਕਿ ਬਾਦਸ਼ਾਹਤ ਨਾਲ ਜੁੜੀ ਮਾਣ-ਮਰਿਆਦਾ ਅਤੇ ‘ਇਨਸਾਫ਼, ਅਦਬ ਤੇ ਅਖ਼ਲਾਕ’ ਦੇ ਸੰਕਲਪ ਇਨ੍ਹਾਂ ਲੇਖਣੀਆਂ ਦੇ ਅਧਿਐਨ ਰਾਹੀਂ ਹੀ ਸ਼ਹਿਜ਼ਾਦਿਆਂ ਦੀ ਮਨੋ-ਬਣਤਰ ਦਾ ਹਿੱਸਾ ਬਣਦੇ ਸਨ।

ਬਾਦਸ਼ਾਹ ਸ਼ਾਹਜਹਾਂ ਆਪਣੇ ਤਿੰਨਾਂ ਸ਼ਹਿਜ਼ਾਦਿਆਂ ਨਾਲ।

ਬਾਦਸ਼ਾਹ ਸ਼ਾਹਜਹਾਂ ਆਪਣੇ ਤਿੰਨਾਂ ਸ਼ਹਿਜ਼ਾਦਿਆਂ ਨਾਲ।

ਔਰੰਗਜ਼ੇਬ ਨੇ ਇਸੇ ਅਰਸੇ ਦੌਰਾਨ ਸੰਸਕ੍ਰਿਤ ਗਰੰਥਾਂ ਦੇ ਫ਼ਾਰਸੀ ਵਿੱਚ ਤਰਜਮੇ ਅਵੱਸ਼ ਪੜ੍ਹੇ ਹੋਣਗੇ। ਇਨ੍ਹਾਂ ਗਰੰਥਾਂ ਵਿੱਚ ‘ਰਾਮਾਇਣ’ ਤੇ ‘ਮਹਾਂਭਾਰਤ’ ਸ਼ਾਮਲ ਸਨ। ਇਹ ਤਰਜਮੇ ਔਰੰਗਜ਼ੇਬ ਦੇ ਦਾਦੇ, ਬਾਦਸ਼ਾਹ ਅਕਬਰ ਨੇ ਕਰਵਾਏ ਸਨ। ਅਕਬਰ ਨੇ ਆਪਣੇ ਪੁੱਤਰਾਂ ਤੇ ਪੋਤਿਆਂ ਲਈ ‘ਮਹਾਂਭਾਰਤ’ ਪੜ੍ਹਨੀ ਯਕੀਨੀ ਬਣਾਈ ਸੀ। ਉਸ ਦਾ ਮਤ ਸੀ ਕਿ ਸ਼ਹਿਜ਼ਾਦਿਆਂ ਨੂੰ ਰਾਜ ਧਰਮ ਨਿਭਾਉਣ ਤੇ ਗ਼ਲਤੀਆਂ ਨਾ ਕਰਨ ਦਾ ਸੁਨੇਹਾ ਦੇਣ ਲਈ ‘ਮਹਾਂਭਾਰਤ’ ਬਿਹਤਰੀਨ ਸਰੋਤ ਸੀ। ਔਰੰਗਜ਼ੇਬ ਮੁਗ਼ਲ ਖ਼ਾਨਦਾਨ ਦੀ ਚੌਥੀ ਅਜਿਹੀ ਪੀੜ੍ਹੀ ਵਿੱਚੋਂ ਸੀ ਜੋ ਹਿੰਦੋਸਤਾਨ ਦੀ ਜੰਮਪਲ ਸੀ। ਇਸ ਲਈ ਉਸ ਨੂੰ ਹਿੰਦੀ ਆਉਂਦੀ ਸੀ ਅਤੇ ਇਸ ਨੂੰ ਬੋਲਣ ਤੋਂ ਝਿਜਕਦਾ ਵੀ ਨਹੀਂ ਸੀ। ਉਹ ਹਿੰਦੀ (ਹਿੰਦੋਸਤਾਨੀ) ਵਿੱਚ ਰੋਜ਼ਨਾਮਚੇ ਪੜ੍ਹਿਆ ਕਰਦਾ ਸੀ ਅਤੇ ਬ੍ਰਜ ਭਾਸ਼ਾ ਵਿੱਚ ਕੁਝ ਅਜਿਹੀਆਂ ਲਿਖ਼ਤਾਂ ਮੌਜੂਦ ਹਨ ਜੋ ਉਸ ਨੇ ਖ਼ੁਦ ਲਿਖੀਆਂ। ਮੁਗ਼ਲ ਸ਼ਹਿਜ਼ਾਦਿਆਂ ਦੇ ਵਿੱਦਿਅਕ ਪਾਠਕ੍ਰਮ ਵਿੱਚ ਅਮਲੀ ਸਿੱਖਿਆ ਵੀ ਸ਼ਾਮਲ ਸੀ ਜੋ ਬੁਨਿਆਦੀ ਤੌਰ ’ਤੇ ਜੰਗੀ ਕਲਾਵਾਂ ਜਿਵੇਂ ਤਲਵਾਰਬਾਜ਼ੀ, ਗੁਰਜਬਾਜ਼ੀ, ਕਟਾਰਬਾਜ਼ੀ, ਬੰਦੂਕ (ਮਸਕਟ) ਚਲਾਉਣ, ਫ਼ੌਜੀ ਰਣਨੀਤੀ ਘੜਨੀ ਤੇ ਪ੍ਰਬੰਧਕੀ ਹੁਨਰ ਹਾਸਲ ਕਰਨ ਆਦਿ ਉੱਤੇ ਆਧਾਰਿਤ ਸੀ।
* * *
ਸਿੱਖਿਆ ਤੋਂ ਇਲਾਵਾ ਹਰ ਮੁਗ਼ਲ ਸ਼ਹਿਜ਼ਾਦੇ ਨੂੰ ਬਚਪਨ ਵਿੱਚ ਹੀ ਭਰਾਵਾਂ ਨਾਲ ਟੱਕਰ ਲੈਣ ਦੀ ਕਲਾ ਤੇ ਗੁਰ ਵੀ ਵਿਕਸਿਤ ਕਰਨੇ ਪੈਂਦੇ ਸਨ। ਇਸ ਪੱਖੋਂ ਔਰੰਗਜ਼ੇਬ ਦਾ ਬਚਪਨ ਵੀ ਵੱਖਰਾ ਨਹੀਂ ਸੀ। ਸ਼ਾਹਜਹਾਂ ਦੇ ਚਾਰੋ ਬੇਟੇ ਛੋਟੀ ਉਮਰ ਤੋਂ ਤਖ਼ਤ-ਓ-ਤਾਜ ਹਾਸਲ ਕਰਨ ਦੀ ਦੌੜ ਵਿੱਚ ਪੈ ਗਏ ਸਨ। ਮੱਧ ਏਸ਼ਿਆਈ ਵਿਰਾਸਤ ਦੇ ਪਾਲਣਹਾਰੇ ਹੋਣ ਕਾਰਨ ਸ਼ਾਹੀ ਪਰਿਵਾਰ ਦੇ ਹਰ ਮਰਦ ਮੈਂਬਰ ਨੂੰ ਤਖ਼ਤ-ਓ-ਤਾਜ ਦਾ ਹੱਕਦਾਰ ਸਮਝਿਆ ਜਾਂਦਾ ਸੀ। ਬਾਦਸ਼ਾਹ ਅਕਬਰ ਨੇ ਤਖ਼ਤ ਦੇ ਹੱਕਦਾਰਾਂ ਦਾ ਮੁਕਾਬਲਾ ਬਾਦਸ਼ਾਹ ਦੇ ਪੁੱਤਰਾਂ ਤਕ ਸੀਮਤ ਕਰਨ ਦੀ ਰੀਤ ਤੋਰਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ। (ਇਸ ਤੋਂ ਪਹਿਲਾਂ ਤਾਂ ਭਤੀਜੇ ਜਾਂ ਬਾਦਸ਼ਾਹ ਦੇ ਭਰਾ ਤੇ ਨੀਮ-ਭਰਾ ਵੀ ਰਾਜ-ਗੱਦੀ ’ਤੇ ਹੱਕ ਜਤਾ ਸਕਦੇ ਸਨ), ਪਰ ਅਜੇ ਵੀ ਜੇਠਾ ਪੁੱਤਰ ਬਾਦਸ਼ਾਹ ਦਾ ਸੁਭਾਵਿਕ ਜਾਨਸ਼ੀਨ ਨਹੀਂ ਸੀ ਮੰਨਿਆ ਜਾਂਦਾ। ਲਿਹਾਜ਼ਾ, ਹਰ ਸ਼ਹਿਜ਼ਾਦੇ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਦਰਬਾਰੀਆਂ ਤੇ ਹੋਰ ਅਹਿਮ ਲੋਕਾਂ ਦੀਆਂ ਨਜ਼ਰਾਂ ਵਿੱਚ ਖ਼ੁਦ ਨੂੰ ਦੂਜੇ ਭਰਾਵਾਂ ਨਾਲੋਂ ਬਿਹਤਰ ਸਾਬਿਤ ਕਰੇ। ਉਂਜ, ਬਚਪਨ ਦੌਰਾਨ ਔਰੰਗਜ਼ੇਬ ਨੂੰ ਆਪਣੇ ਹੋਰਨਾਂ ਭਰਾਵਾਂ ਨਾਲੋਂ ਬਿਹਤਰ ਦਿਖਾਉਣ ਦੇ ਬਹੁਤ ਘੱਟ ਮੌਕੇ ਮਿਲੇ।
ਸ਼ਾਹਜਹਾਂ ਆਪਣੇ ਜੇਠੇ ਪੁੱਤਰ ਨੂੰ ਸਭ ਤੋਂ ਵੱਧ ਪਸੰਦ ਕਰਦਾ ਸੀ। ਮਿਸਾਲ ਵਜੋਂ ਦਾਰਾ ਸ਼ੁਕੋਹ ਦਾ ਪਹਿਲਾ ਵਿਆਹ ਮੁਗ਼ਲ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਵਿਆਹ ਸੀ। ਇਸ ਉੱਤੇ 32 ਲੱਖ ਰੁਪਏ ਖ਼ਰਚ ਕੀਤੇ ਗਏ। 1633 ਵਿੱਚ ਹੋਏ ਇਸ ਵਿਆਹ ਦੌਰਾਨ ਜਿਹੜੀ ਦ੍ਰਿਸ਼ਾਵਲੀ ਰਚੀ ਗਈ, ਉਸ ਦੀ ਚਰਚਾ ਹੁਣ ਵੀ ਹੁੰਦੀ ਹੈ। ਇਸ ਵਿਆਹ ਨਾਲ ਜੁੜੇ ਜਸ਼ਨਾਂ ਦੀਆਂ ਤਸਵੀਰਾਂ ਸ਼ਾਹਜਹਾਂ ਦੀ ਹਕੂਮਤ ਦੇ ਸਰਕਾਰੀ ਇਤਿਹਾਸ, ‘ਪਾਦਸ਼ਾਹਨਾਮਾ’ ਦੀ ਉਸ ਨਕਲ ਵਿੱਚ ਮੌਜੂਦ ਹਨ ਜੋ ਇੰਗਲੈਂਡ ਦੇ ਵਿੰਡਸਰ ਕੈਸਲ ਮਿਊਜ਼ੀਅਮ ਵਿੱਚ ਸਾਂਭੀ ਪਈ ਹੈ।
* * *
ਦਾਰਾ ਸ਼ੁਕੋਹ ਦੇ ਵਿਆਹ ਤੋਂ ਕੁਝ ਮਹੀਨੇ ਬਾਅਦ ਔਰੰਗਜ਼ੇਬ ਨੂੰ ਆਪਣੇ ਪਿਤਾ ਦੀ ਮਿਹਰੇ-ਨਜ਼ਰ ਹਾਸਲ ਕਰਨ ਦਾ ਸੁਨਹਿਰਾ ਮੌਕਾ ਮਿਲਿਆ। ਸ਼ਾਹਜਹਾਂ ਨੇ ਹਾਥੀਆਂ ਦੀ ਲੜਾਈ ਦਾ ਨਜ਼ਾਰਾ ਦੇਖਣ ਦੀ ਇੱਛਾ ਜਤਾਈ। ਅਜਿਹੀਆਂ ਲੜਾਈਆਂ ਦੇਖਣਾ ਸ਼ਾਹੀ ਪਰਿਵਾਰਾਂ ਦਾ ਸ਼ੌਕ ਸੀ। ਸੁਧਾਕਰ ਤੇ ਸੂਰਤ ਸੁੰਦਰ ਨਾਮੀ ਹਾਥੀ (ਮੁਗ਼ਲ ਹਾਥੀਆਂ ਦੇ ਨਾਮ ਅਕਸਰ ਹਿੰਦੂਆਂ ਵਾਲੇ ਹੁੰਦੇ ਸਨ) ਆਪਸ ਵਿੱਚ ਭਿੜੇ। ਬਾਦਸ਼ਾਹ ਤੇ ਉਸ ਦੇ ਤਿੰਨ ਵੱਡੇ ਸ਼ਹਿਜ਼ਾਦੇ ਘੋੜਿਆਂ ’ਤੇ ਸਵਾਰ ਹੋ ਕੇ ਲੜਾਈ ਵਾਲੇ ਪਿੜ ਦੇ ਨੇੜੇ ਰਹੇ ਤਾਂ ਜੋ ਲੜਾਈ ਨੂੰ ਨੇੜਿਉਂ ਦੇਖਿਆ ਜਾ ਸਕੇ। ਅਚਾਨਕ ਸੁਧਾਕਰ ਨੇ ਤੈਸ਼ ਵਿੱਚ ਆ ਕੇ ਔਰੰਗਜ਼ੇਬ ਵੱਲ ਧਾਵਾ ਬੋਲ ਦਿੱਤਾ। ਔਰੰਗਜ਼ੇਬ ਨੇ ਬਰਛਾ ਹਾਥੀ ਦੇ ਮੱਥੇ ਵਿੱਚ ਘੁਸੇੜ ਦਿੱਤਾ ਜਿਸ ਤੋਂ ਹਾਥੀ ਦਾ ਗੁੱਸਾ ਹੋਰ ਵੀ ਵਧ ਗਿਆ। ਉਸ ਨੇ ਸ਼ਹਿਜ਼ਾਦੇ ਦੇ ਘੋੜੇ ਨੂੰ ਆਪਣੇ ਪੈਰਾਂ ਹੇਠ ਮਸਲਦਿਆਂ ਔਰੰਗਜ਼ੇਬ ਨੂੰ ਸੁੰਢ ਨਾਲ ਚੁੱਕ ਕੇ ਦੂਰ ਵਗਾਹ ਮਾਰਿਆ। ਹੋਰਨਾਂ ਦਰਸ਼ਕਾਂ ਨੇ ਦਖ਼ਲ ਦੇ ਕੇ ਸ਼ਹਿਜ਼ਾਦੇ ਨੂੰ ਬਚਾਉਣ ਦਾ ਯਤਨ ਕੀਤਾ। ਸ਼ਹਿਜ਼ਾਦਾ ਸ਼ੁਜਾਹ ਤੇ ਰਾਜਾ ਜੈ ਸਿੰਘ ਨੇ ਹਥਿਆਰਾਂ ਨਾਲ ਅਤੇ ਰਾਖਿਆਂ ਨੇ ਪਟਾਕੇ ਚਲਾ ਕੇ ਸੁਧਾਕਰ ਦਾ ਧਿਆਨ ਔਰੰਗਜ਼ੇਬ ਵੱਲੋਂ  ਹਟਾਉਣ ਦਾ ਯਤਨ ਕੀਤਾ, ਪਰ ਬਚਾਇਆ ਸੂਰਤ ਸੁੰਦਰ ਨੇ। ਉਸ ਨੇ ਸੁਧਾਕਰ ਨੂੰ ਮੁੜ ਲੜਾਈ ਵਿੱਚ ਉਲਝਾ ਲਿਆ।
ਔਰੰਗਜ਼ੇਬ ਦੀ ਜਾਨ ਨੂੰ ਅੰਤਾਂ ਦਾ ਖ਼ਤਰਾ ਹੋਣ ਦੇ ਬਾਵਜੂਦ ਦਾਰਾ ਸ਼ੁਕੋਹ ਨੇੜੇ ਨਾ ਆਇਆ। ਸ਼ਾਹੀ ਰਿਕਾਰਡਾਂ ਵਿੱਚ ਉਸ ਦੀ ਕੋਈ ਭੂਮਿਕਾ ਦਰਜ ਨਹੀਂ। ਇੱਕ ਚਿੱਤਰ ਵਿੱਚ ਉਸ ਨੂੰ ਇਸ ਮੁਕਾਬਲੇ ਦੌਰਾਨ ਬਹੁਤ ਦੂਰ ਘੋੜੇ ’ਤੇ ਸਵਾਰ ਦਿਖਾਇਆ ਗਿਆ ਹੈ।
ਸ਼ਾਹਜਹਾਂ ਦੇ ਦਰਬਾਰੀ ਸ਼ਾਇਰ ਅਬੂ ਤਾਲਿਬ ਕਲੀਮ ਨੇ ਆਪਣੀ ਫਾਰਸੀ ਸ਼ਾਇਰੀ ਰਾਹੀਂ ਔਰੰਗਜ਼ੇਬ ਦੀ ਬਹਾਦਰੀ ਨੂੰ ਯਾਦਗਾਰੀ ਬਣਾਇਆ ਹੈ। ਸ਼ਾਹਜਹਾਂ ਨੇ ਔਰੰਗਜ਼ੇਬ ਦੇ ਸਾਹਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਸ ਨੂੰ ਆਪਣੇ ਪੁੱਤਰ ਵਿੱਚੋਂ ਆਪਣਾ ਅਕਸ ਨਜ਼ਰ ਆਇਆ। ਸ਼ਾਹੀ ਰੋਜ਼ਨਾਮਚਾ ਲੇਖਕ ਨੇ ਸਾਲ 1610 ਦੇ ਉਸ ਸਮੇਂ ਦੀ ਯਾਦ ਤਾਜ਼ਾ ਕਰਵਾਈ ਜਦੋਂ ਸ਼ਾਹਜਹਾਂ (ਉਦੋਂ ਸ਼ਹਿਜ਼ਾਦਾ ਖੁੱਰਮ) ਨੇ ਇੱਕ ਹਮਲਾਵਰ ਬੱਬਰ ਸ਼ੇਰ ਨੂੰ ਆਪਣੇ ਪਿਤਾ ਜਹਾਂਗੀਰ ਦੀ ਹਾਜ਼ਰੀ ਵਿੱਚ ਚਿੱਤ ਕਰ ਦਿੱਤਾ ਸੀ।
* * *
ਆਪਣੇ ਸਾਮਰਾਜ ਵਿੱਚ ਸ਼ਰਾਬ ਦੀ ਖ਼ਪਤ ਘਟਾਉਣ ਦੀ ਔਰੰਗਜ਼ੇਬ ਦੀ ਨੀਤੀ ਬੇਹੱਦ ਨਾਕਾਮਯਾਬ ਰਹੀ। ਅਲਕੋਹਲ ਨੂੰ ਗ਼ੈਰਇਸਲਾਮੀ ਮੰਨਿਆ ਜਾਂਦਾ ਹੈ ਅਤੇ ਮੁਗ਼ਲ ਬਾਦਸ਼ਾਹਾਂ ਦੀ ਇਸ ਗੱਲੋਂ ਵੱਖ ਵੱਖ ਧਰਮਾਂ ਦੇ ਆਗੂਆਂ ਵੱਲੋਂ ਪ੍ਰਸ਼ੰਸਾ ਹੁੰਦੀ ਰਹੀ ਹੈ ਕਿ ਉਨ੍ਹਾਂ ਨੇ ਇਸ ਦੀ ਖ਼ਪਤ ਘਟਾਉਣ ਲਈ ਲਗਾਤਾਰ ਉਪਰਾਲੇ ਕੀਤੇ। ਮਿਸਾਲ ਵਜੋਂ ਜੈਨ ਭਿਖ਼ਸ਼ੂ ਸ਼ਾਂਤੀਚੰਦਰ ਨੇ 1390 ਵਿੱਚ ਲਿਖਿਆ ਕਿ ਬਾਦਸ਼ਾਹ ਅਕਬਰ ਨੇ ਸ਼ਰਾਬ ਉੱਤੇ ਪਾਬੰਦੀ ਲਾ ਦਿੱਤੀ ਅਤੇ ਕਿਹਾ ਕਿ ਇਸ ਨਸ਼ੇ ਦੀ ਹਰ ਪਾਸਿਉਂ ਨਿੰਦਾ ਹੋਣੀ ਚਾਹੀਦੀ ਹੈ। ਜਹਾਂਗੀਰ ਨੇ ਵੀ ਸ਼ਰਾਬ ਉੱਤੇ ਪਾਬੰਦੀ ਲਾਉਣ ਦਾ ਫ਼ਰਮਾਨ ਜਾਰੀ ਕੀਤਾ (ਭਾਵੇਂ ਉਹ ਖ਼ੁਦ ਪੱਕਾ ਸ਼ਰਾਬੀ ਸੀ!) …ਔਰੰਗਜ਼ੇਬ ਵੱਲੋਂ ਪਾਬੰਦੀ ਦੁਹਰਾਏ ਜਾਣ ਦੇ ਬਾਵਜੂਦ ਉਸ ਦੇ ਦਰਬਾਰੀਆਂ ਵੱਲੋਂ ਸ਼ਰਾਬ ਪੀਤੇ ਜਾਣਾ ਆਮ ਹੀ ਸੀ। 18ਵੀਂ ਸਦੀ ਵਿੱਚ ਔਰੰਗਜ਼ੇਬ ਦੇ ਦਰਬਾਰ ਵਿੱਚ ਬਰਤਾਨਵੀ ਸਫ਼ੀਰ ਰਹੇ ਵਿਲੀਅਮ ਨੌਰਿਸ ਨੇ ਲਿਖਿਆ ਕਿ ਵਜ਼ੀਰ-ਏ-ਆਲ੍ਹਾ ਅਸਦ ਖ਼ਾਨ ਤੇ ਹੋਰ ਦਰਬਾਰੀ ‘ਹੌਟ ਸਪਿਰਿਟਸ’ (ਸ਼ਰਾਬ) ਦੇ ਪੂਰੇ ਸ਼ੌਕੀਨ ਸਨ ਅਤੇ ਤਕਰੀਬਨ ਰੋਜ਼ ਹੀ ਪੀਂਦੇ ਸਨ। ਨੌਰਿਸ ਨੇ ਅਸਦ ਖ਼ਾਨ ’ਤੇ ਆਪਣਾ ਰਸੂਖ਼ ਵਧਾਉਣ ਲਈ ਉਸ ਕੋਲ ਸ਼ਰਾਬ ਦੀਆਂ ਕੁਝ ਸੁਰਾਹੀਆਂ ਤੇ ਖ਼ਾਸ ਕਿਸਮ ਦੇ ਗਲਾਸ ਤੋਹਫ਼ੇ ਵਜੋਂ ਭੇਜੇ।
ਹਾਲਾਂਕਿ ਔਰੰਗਜ਼ੇਬ ਆਪ ਬਿਲਕੁਲ ਨਹੀਂ ਸੀ ਪੀਂਦਾ, ਉਸ ਨੂੰ ਇਹ ਪਤਾ ਸੀ ਕਿ ਉਸ ਦੇ ਬਹੁਤੇ ਦਰਬਾਰੀ ਪੂਰੇ ਪਿਅੱਕੜ ਹਨ। ਇਤਾਲਵੀ ਸੈਲਾਨੀ ਨਿਕੋਲਾਈ ਮਾਨੁਕੀ ਗਪੌੜੀਆਂ ਦੀਆਂ ਗੱਲਾਂ ਨੂੰ ਸੱਚ ਵਾਂਗ ਮੰਨਣ ਦਾ ਸ਼ੌਕੀਨ ਸੀ। ਉਸ ਨੇ ਲਿਖਿਆ ਹੈ ਕਿ ਔਰੰਗਜ਼ੇਬ, ਸ਼ਾਹੀ ਦਰਬਾਰ ਦੇ ਬਹੁਤੇ ਮੈਂਬਰਾਂ ਵੱਲੋਂ ਦਾਰੂ ਪੀਤੇ ਜਾਣ ਤੋਂ ਇੰਨਾ ਦੁਖੀ ਸੀ ਕਿ ਇੱਕ ਦਿਨ ਉਸ ਨੇ ਅੱਕ ਕੇ ਕਿਹਾ: ‘ਮੇਰੇ ਤੇ ਅਬਦ-ਉਲ-ਵਹਾਬ (ਮੁੱਖ ਕਾਜ਼ੀ) ਤੋਂ ਬਿਨਾਂ ਹੋਰ ਸਾਰੇ ਸ਼ਰਾਬ ਪੀਂਦੇ ਹਨ।’ ਮਾਨੁੱਕੀ ਅਨੁਸਾਰ, ਅਸਲੀਅਤ ਇਹ ਸੀ ਕਿ ਅਬਦੁਲ ਵਹਾਬ ਬਾਰੇ ਬਾਦਸ਼ਾਹ ਦੀ ਰਾਇ ਗ਼ਲਤ ਸੀ। ਕਿਉਂਕਿ ‘‘ਮੈਂ ਤਾਂ ਹਰ ਰੋਜ਼ ਵਹਾਬ ਨੂੰ ਵਾਈਨ ਦੀਆਂ ਬੋਤਲਾਂ ਭੇਜਦਾ ਰਿਹਾ ਜੋ ਉਹ ਲੁਕ ਕੇ ਪੀਂਦਾ ਸੀ ਤਾਂ ਜੋ ਬਾਦਸ਼ਾਹ ਨੂੰ ਪਤਾ ਨਾ ਲੱਗੇ।’’ ਔਰੰਗਜ਼ੇਬ ਵੱਲੋਂ ਹੋਰ ਨਸ਼ਿਆਂ ’ਤੇ ਪਾਬੰਦੀਆਂ ਲਾਉਣ ਦੇ ਯਤਨ ਵੀ ਨਾਕਾਮ ਰਹੇ। ਪਾਬੰਦੀ ਦੇ ਬਾਵਜੂਦ ਅਫ਼ੀਮ ਦਾ ਸੇਵਨ ਤੇ ਉਤਪਾਦਨ, ਔਰੰਗਜ਼ੇਬ ਦੇ ਜ਼ਮਾਨੇ ਵਿੱਚ ਖ਼ੂਬ ਵਧਿਆ।
* * *
ਔਰੰਗਜ਼ੇਬ ਨੇ ਬਹੁਤੇ ਤਿਉਹਾਰਾਂ ਨੂੰ ਸਾਦਗੀਪੂਰਨ ਢੰਗ ਨਾਲ ਮਨਾਏ ਜਾਣ ਦੇ ਹੁਕਮ ਦਿੱਤੇ। ਇਹ ਬੰਦਿਸ਼ਾਂ ਕਿਸੇ ਇੱਕ ਧਰਮ ’ਤੇ ਨਹੀਂ ਸਗੋਂ ਸਾਰੇ ਧਰਮਾਂ ’ਤੇ ਆਇਦ ਕੀਤੀਆਂ ਗਈਆਂ। ਆਪਣੇ ਸ਼ਾਸਨ ਕਾਲ ਦੇ 8ਵੇਂ ਵਰ੍ਹੇ ਔਰੰਗਜ਼ੇਬ ਨੇ ਪਾਰਸੀ ਭਾਈਚਾਰੇ ਦੇ ਨਵੇਂ ਸਾਲ ‘ਨੌਰੋਜ਼’ ਨੂੰ ਬਹੁਤੀ ਸ਼ਾਨੋ-ਸ਼ੌਕਤ ਨਾਲ ਮਨਾਏ ਜਾਣਾ ਰੋਕ ਦਿੱਤਾ। ਫਿਰ, ਉਸ ਨੇ ਮੁਸਲਿਮ ਤਿਉਹਾਰਾਂ- ਈਦ-ਉਲ-ਫਿਤਰ ਅਤੇ ਈਦ-ਉਲ-ਜ਼ੁਹਾ ਨੂੰ ਵੀ ‘ਬਹੁਤੇ ਸ਼ਾਹਾਨਾ ਪੈਮਾਨੇ ਉੱਤੇ ਨਾ ਮਨਾਏ ਜਾਣ’ ਦੇ ਹੁਕਮ ਜਾਰੀ ਕੀਤੇ। ਫਿਰ ਉਸ ਨੇ ਹੋਲੀ ਤੇ ਦੀਵਾਲੀ ਦੇ ਹਿੰਦੂ ਤਿਉਹਾਰਾਂ ਨੂੰ ਮਨਾਏ ਜਾਣ ਸਮੇਂ ਘੱਟ ਖ਼ਰਚ ਤੇ ਘੱਟ ਰੌਲਾ-ਰੱਪਾ ਪਾਏ ਜਾਣ ਦੇ ਹੁਕਮ ਦਿੱਤੇ। ਇਨ੍ਹਾਂ ਹੁਕਮਾਂ ਦਾ ਮਨੋਰਥ ਜਨਤਕ ਸੁਰੱਖਿਆ ਯਕੀਨੀ ਬਣਾਉਣਾ ਸੀ।…
ਔਰੰਗਜ਼ੇਬ ਨੂੰ ਬੇਹੱਦ ਤੁਅੱਸਬੀ ਤੇ ਜਬਰੀ ਧਰਮ ਪਰਿਵਰਤਨ ਦਾ ਮੁਦਈ ਦੱਸਿਆ ਜਾਂਦਾ ਹੈ, ਪਰ ਅਸਲੀਅਤ ਇਹ ਸੀ ਕਿ ਉਹ ਤੁਅੱਸਬੀ ਨਹੀਂ ਸੀ। ਉਸ ਦੀ ਬਾਦਸ਼ਾਹਤ ਦੌਰਾਨ ਮੁਸਲਿਮ ਬਣਨ ਵਾਲੇ ਹਿੰਦੂਆਂ ਦੀ ਗਿਣਤੀ ਪਹਿਲੇ ਮੁਗ਼ਲ ਬਾਦਸ਼ਾਹਾਂ ਦੇ ਮੁਕਾਬਲੇ ਘੱਟ ਸੀ। ਧਰਮ ਪਰਿਵਰਤਨ ਬਾਰੇ ਰੋਜ਼ ਦੀਆਂ ਖ਼ਬਰਾਂ ਬਾਦਸ਼ਾਹ ਕੋਲ ਪਹੁੰਚਦੀਆਂ ਸਨ। ਉਸ ਨੇ, ਦਰਅਸਲ, ਮੁਸਲਮਾਨਾਂ ਉੱਤੇ ਮਜ਼ਹਬ ਦਾ ਪਾਬੰਦ ਰਹਿਣ ਲਈ ਵੱਧ ਸਖ਼ਤੀ ਕੀਤੀ।… ਉਸ ਨੇ ਸੂਫ਼ੀ ਨਕਸ਼ਬੰਦੀ ਸੰਪਰਦਾ ਨਾਲ ਸਬੰਧਿਤ ਆਗੂ ਅਹਿਮਦ ਸਿੱਦੀਕੀ ਦੀਆਂ ਕਈ ਲਿਖਤਾਂ ਉੱਪਰ ਪੂਰਨ ਪਾਬੰਦੀ ਲਾ ਦਿੱਤੀ।    ਇਸੇ ਤਰ੍ਹਾਂ ਉਸ ਨੇ ਹੋਲੀ ਤੇ ਦੀਵਾਲੀ ਦੇ ਮੌਕਿਆਂ ’ਤੇ ਹਾਸੇ-ਮਜ਼ਾਕ ਦੇ ਨਾਂ ’ਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਵੀ ਬੈਨ ਕਰ ਦਿੱਤੀ। ਭਾਵੇਂ ਉਸ ਨੇ ਧਾਰਮਿਕ ਤਿੱਥ-ਤਿਉਹਾਰਾਂ ਦੌਰਾਨ ‘ਬੇਲੋੜੇ ਜਸ਼ਨਾਂ’ ਉੱਤੇ ਰੋਕ ਲਾ ਦਿੱਤੀ, ਫਿਰ ਵੀ ਤਿਉਹਾਰ ਮਨਾਏ ਜਾਣ ਤੋਂ ਨਹੀਂ ਰੋਕਿਆ। ਲੋਕ ਇਨ੍ਹਾਂ ਤਿਉਹਾਰਾਂ ਨੂੰ ਆਮ ਵਾਂਗ ਮਨਾਉਂਦੇ ਰਹੇ। ਮਿਸਾਲ ਵਜੋਂ ਬਹੁਤੇ ਯੂਰੋਪੀਅਨ ਸੈਲਾਨੀਆਂ ਤੇ ਹਿੰਦੂ ਲੇਖਕਾਂ ਨੇ ਇਹ ਲਿਖਿਆ ਕਿ 1690ਵਿਆਂ ਤਕ ਹੋਲੀ ਉਤਸਵ ਪੂਰੇ ਸ਼ਬਾਬ ਨਾਲ ਮਨਾਇਆ ਜਾਂਦਾ ਰਿਹਾ। ਇੱਥੋਂ ਤਕ ਕਿ ਔਰੰਗਜ਼ੇਬ ਦੇ ਆਪਣੇ ਬੇਟੇ ਵੀ ਗ਼ੈਰ-ਮੁਸਲਿਮ ਤਿਉਹਾਰ ਸ਼ਾਹੀ ਮਹੱਲਾਂ ਵਿੱਚ ਮਨਾਉਂਦੇ ਰਹੇ। ਆਪਣੇ ਜੀਵਨ ਦੇ ਆਖ਼ਰੀ ਸਾਲਾਂ ਦੌਰਾਨ ਔਰੰਗਜ਼ੇਬ ਨੇ ਆਪਣੇ ਸ਼ਹਿਜ਼ਾਦੇ ਮੁਅੱਜ਼ਮ ਨੂੰ ਇੱਕ ਖ਼ਤ ਲਿਖ ਕੇ ਉਸ ਨੂੰ ਪਾਰਸੀ ਤਿਉਹਾਰ ‘ਨੌਰੋਜ਼’ ਵਿੱਚ ਸ਼ਾਮਲ ਹੋਣ ਲਈ ਝਿੜਕਿਆ। ਂ

ਔਰੰਗਜ਼ੇਬ ਬਾਰੇ ਗਿਆਨ ਗਾਥਾ

10803cd _aurangzeb_coverਭਾਰਤ ਦੇ ਮੁਗ਼ਲ ਬਾਦਸ਼ਾਹਾਂ ਵਿੱਚੋਂ ਬਾਬੁਰ ਤੇ ਔਰੰਗਜ਼ੇਬ ਨੂੰ ਸਭ ਤੋਂ ਵੱਧ ਤੁਅੱਸਬੀ ਮੰਨਿਆ ਜਾਂਦਾ ਹੈ। ਸਾਡੀਆਂ ਪਾਠ ਪੁਸਤਕਾਂ ਇਨ੍ਹਾਂ ਦੋਵਾਂ ਨੂੰ ਜ਼ਾਲਮ ਤੇ ਅੱਤਿਆਚਾਰੀ ਦੱਸਦੀਆਂ ਹਨ। ਦੋਵਾਂ ਵੱਲੋਂ ਭਾਰਤੀ ਪਰਜਾ ਉੱਤੇ ਢਾਹੇ ਜ਼ੁਲਮਾਂ ਦੀਆਂ ਕਹਾਣੀਆਂ ਸਾਡੀ ਲੋਕ-ਧਾਰਾ ਦਾ ਅੰਗ ਵੀ ਬਣੀਆਂ ਹੋਈਆਂ ਹਨ। ਸੋਸ਼ਲ ਮੀਡੀਆ ’ਤੇ ਇੱਕ ਖ਼ਾਸ ਮਜ਼ਹਬੀ ਫਿਰਕੇ ਨੂੰ ਵਹਿਸ਼ੀ ਦੱਸਣ ਤੇ ਨਿੰਦਣ ਲਈ ਉਸ ਦੇ ਮੈਂਬਰਾਂ ਨੂੰ ਬਾਬੁਰ ਤੇ ਔਰੰਗਜ਼ੇਬ ਦੇ ਵਾਰਿਸ ਦੱਸਿਆ ਜਾਂਦਾ ਹੈ। ਬਾਬੁਰ ਨੂੰ ਤਾਂ ਫਿਰ ਵੀ ਕੁਝ ਹੱਦ ਤਕ ਬਖ਼ਸ਼ ਦਿੱਤਾ ਜਾਂਦਾ ਹੈ, ਪਰ ਔਰੰਗਜ਼ੇਬ ਆਲਮਗੀਰ (1618-1707 ਈ.) ਨੂੰ ਤਾਂ ਹਿੰਦੂਆਂ ਨੂੰ ਨਫ਼ਰਤ ਕਰਨ ਵਾਲਾ, ਹੱਤਿਆਰਾ ਅਤੇ ਕੱਟੜ ਇਸਲਾਮਪ੍ਰਸਤ ਦੱਸ ਕੇ ਭਾਰਤੀ ਇਤਿਹਾਸ ਦੇ ਖਲਨਾਇਕਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਅਜਿਹੇ ਪ੍ਰਭਾਵ ਇੰਨੇ ਪੱਕੇ ਹੋ ਚੁੱਕੇ ਹਨ ਕਿ ਪੰਡਿਤ ਜਵਾਹਰਲਾਲ ਨਹਿਰੂ ਵੀ ਔਰੰਗਜ਼ੇਬ ਦੀ ਸ਼ਖ਼ਸੀਅਤ ਨੂੰ ਸਹੀ ਪਰਿਪੇਖ ਤੋਂ ਸਮਝਣ ਤੇ ਪੇਸ਼ ਕਰਨ ਵਿੱਚ ਨਾਕਾਮ ਰਹੇ। ਇਸ ਸਥਿਤੀ ਦਾ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਨਾ ਤਾਂ ਭਾਰਤੀ ਇਤਿਹਾਸਕਾਰ ਅਤੇ ਨਾ ਹੀ ਬਰਤਾਨਵੀ ਤੇ ਹੋਰ ਵਿਦੇਸ਼ੀ ਇਤਿਹਾਸਕਾਰਾਂ ਨੇ ਭਾਰਤ ਦੇ ਇਸ ਛੇਵੇਂ ਬਾਦਸ਼ਾਹ ਦੀ ਸ਼ਖ਼ਸੀਅਤ ਦੇ ਚੰਗੇਰੇ ਪੱਖਾਂ ਨੂੰ ਲੱਭਣ ਤੇ ਉਭਾਰਨ ਦਾ ਸੰਜੀਦਾ ਯਤਨ ਕੀਤਾ। ਜਿਹੜੇ ਕੁਝ ਯਤਨ ਹੋਏ, ਉਹ ਵੀ ਥੋੜ੍ਹਾ-ਬਹੁਤ ਸੰਤੁਲਨ ਬਿਠਾਉਣ ਦੇ ਇਰਾਦੇ ਨਾਲ ਹੋਏ, ਇਸ ਯਕੀਨ ਨਾਲ ਨਹੀਂ ਕਿ ਬਦੀ ਦੇ ਪੁਤਲਿਆਂ ਅੰਦਰ ਵੀ ਨੇਕੀ ਦੇ ਕਣ ਮੌਜੂਦ ਹੁੰਦੇ ਹਨ।
ਭਾਰਤ ਤਾਂ ਕੀ, ਪਾਕਿਸਤਾਨ ਵਿੱਚ ਵੀ ਔਰੰਗਜ਼ੇਬ ਨੂੰ ਬਹੁਤ ਚੰਗੀ ਰੌਸ਼ਨੀ ਵਿੱਚ ਨਹੀਂ ਦਰਸਾਇਆ ਜਾਂਦਾ। ਇਤਿਹਾਸਕਾਰ ਤੇ ਉੱਘੇ ਕਲਾ ਸਮੀਖਿਅਕ ਫਕੀਰ ਸੱਯਦ ਐਜਾਜ਼ੂਦੀਨ ਨੇ ਪਿਛਲੇ ਦਿਨੀਂ ‘ਡਾਅਨ’ ਵਿੱਚ ‘ਆਲਮਗੀਰੀ’ ਨਾਮੀਂ ਪੁਸਤਕ ਦੀ ਸਮੀਖਿਆ ਕਰਦਿਆਂ ਲਿਖਿਆ ਕਿ ਪਾਕਿਸਤਾਨੀ ਕੱਟੜਪੰਥੀ, ਔਰੰਗਜ਼ੇਬ ਨੂੰ ਇਸ ਕਰਕੇ ਨਾਇਕ ਮੰਨਦੇ ਹਨ ਕਿ ਉਸ ਨੇ ‘‘ਹਿੰਦੂਆਂ ਉੱਤੇ ਕਹਿਰ ਢਾਹੇ ਅਤੇ ਇਸਲਾਮਪ੍ਰਸਤੀ ਨੂੰ ਸ਼ਾਹੀ ਸੋਚਣੀ ਤੇ ਕਰਮ-ਧਰਮ ਦਾ ਅਹਿਮ ਹਿੱਸਾ ਬਣਾਇਆ।’’ ਦੂਜੇ ਪਾਸੇ, ਅਜਿਹੇ ਪਾਕਿਸਤਾਨੀਆਂ ਦੀ ਵੀ ਕਮੀ ਨਹੀਂ ਜੋ ਉਸ ਨੂੰ ‘‘ਮੁਗ਼ਲ ਰਾਜ ਦੇ ਨਿਘਾਰ ਤੇ ਪਤਨ ਦਾ ਮੋਢੀ ਮੰਨਦੇ ਹਨ ਅਤੇ ਇਹ ਸਮਝਦੇ ਹਨ ਕਿ ਉਸ ਦੀਆਂ ਗ਼ਲਤੀਆਂ ਕਾਰਨ ਹੀ ਅੱਠ ਸੌ ਸਾਲਾਂ ਬਾਅਦ ਭਾਰਤੀ ਉਪ ਮਹਾਂਦੀਪ ਵਿੱਚ ਹਿੰਦੂਆਂ ਦੇ ਪ੍ਰਤਾਪ ਦੀ ਵਾਪਸੀ ਹੋਈ ਅਤੇ ਹਿੰਦੂ ਭਾਈਚਾਰਾ ਮੁਸਲਮਾਨਾਂ ਉੱਤੇ ਹਾਵੀ ਹੋਣ ਲੱਗਿਆ।’’
ਅਮਰੀਕੀ ਵਿਦਵਾਨ ਔਡਰੇ ਟਰੁਸ਼ਕੇ ਦੀ ਕਿਤਾਬ ‘ਔਰੰਗਜ਼ੇਬ : ਦਿ ਮੈਨ ਐਂਡ ਦਿ ਮਿੱਥ’ (ਪੈਂਗੁਇਨ ਰੈਂਡਮ ਹਾਊਸ, 399 ਰੁਪਏ) ਭਾਰਤੀ ਇਤਿਹਾਸ ਦੇ ਇਸ ਅਤਿਅੰਤ ਵਿਵਾਦਿਤ ਕਿਰਦਾਰ ਦੀ ਸ਼ਖ਼ਸੀਅਤ ਨਾਲ ਨਿਆਂ ਕਰਨ ਦਾ ਉਪਰਾਲਾ ਹੈ। ਔਡਰੇ ਨੇ ਨਵੇਂ ਤੇ ਸੰਤੁਲਿਤ ਪਰਿਪੇਖ ਤੋਂ ਔਰੰਗਜ਼ੇਬ ਦੀ ਸ਼ਖ਼ਸੀਅਤ ਤੇ ਕਾਰਗੁਜ਼ਾਰੀ ਦਾ ਅਧਿਐਨ ਕੀਤਾ ਹੈ। ਕਿਤਾਬ ਨਾ ਤਾਂ ਉਸ ਨੂੰ ਵਡਿਆਉਂਦੀ ਹੈ ਅਤੇ ਨਾ ਹੀ ਕੰਸਨੁਮਾ ਦੁਸ਼ਟ ਵਜੋਂ ਪੇਸ਼ ਕਰਦੀ ਹੈ। ਔਡਰੇ ਨੇ ਇੱਕ ਸਾਲ ਪਹਿਲਾਂ ‘ਕਲਚਰ ਆਫ਼ ਐਨਕਾਊਂਟਰਜ਼ : ਸੰਸਕ੍ਰਿਤ ਇਨ ਮੁਗਲ ਕੋਰਟ’ ਨਾਮੀਂ ਕਿਤਾਬ ਰਾਹੀਂ ਮੁਗ਼ਲ ਬਾਦਸ਼ਾਹਾਂ ਵੱਲੋਂ ਸੰਸਕ੍ਰਿਤ ਤੇ ਭਾਰਤੀ ਸੱਭਿਅਤਾ ਦੇ ਹੋਰਨਾਂ ਅੰਗਾਂ ਨੂੰ ਸ਼ਾਹੀ ਸੱਭਿਆਚਾਰ ਦਾ ਹਿੱਸਾ ਬਣਾਉਣ ਅਤੇ ਇਸ ਤਰ੍ਹਾਂ ਦੇ ਤਹਿਜ਼ੀਬੀ ਸੁਮੇਲ ਰਾਹੀਂ ਗੰਗਾ-ਜਮੁਨੀ ਤਹਿਜ਼ੀਬ ਨੂੰ ਮਜ਼ਬੂਤੀ ਬਖ਼ਸ਼ਣ ਦਾ ਵਿਦਵਤਾਪੂਰਨ ਖੁਲਾਸਾ ਕੀਤਾ ਸੀ। ਇਹ ਕਿਤਾਬ ਉਸੇ ਅਧਿਐਨ ਦੀ ਹੀ ਕੜੀ ਹੈ।  ਫ਼ਰਕ ਇਹ ਹੈ ਕਿ ਇਹ ਵੱਧ ਸਲੀਕੇ, ਵੱਧ ਕਰੀਨੇ ਨਾਲ ਲਿਖੀ ਗਈ ਹੈ; ਇਸ ਵਿੱਚ ਉਪਨਿਆਸ ਵਾਲਾ ਰਸ ਮੌਜੂਦ ਹੈ ਅਤੇ 89 ਸਾਲ ਜਿਊਣ ਵਾਲੀ ਸ਼ਾਹੀ ਹਸਤੀ ਦੀ ਪੂਰੀ ਗਾਥਾ ਨੂੰ 155 ਪੰਨਿਆਂ ਅੰਦਰ ਸਮੇਟ ਦਿੱਤਾ ਗਿਆ ਹੈ।
10803cd _audreyਇੱਕ ਗੱਲ ਸਾਫ਼ ਹੈ ਕਿ ਜੇਕਰ ਔਰੰਗਜ਼ੇਬ ਬੇਰਹਿਮ ਸੀ ਤਾਂ ਇਤਿਹਾਸ ਨੇ ਵੀ ਉਸ ਨਾਲ ਬੇਤਰਸੀ ਵਰਤੀ। ਉਸ ਬਾਰੇ ਇਹ ਪ੍ਰਭਾਵ ਬੜ੍ਹਾ ਗੂੜ੍ਹਾ ਹੈ ਕਿ ਉਹ ਬੇਦਰਦ ਹੁਕਮਰਾਨ ਸੀ ਜਿਸ ਨੇ ਆਪਣੇ ਪੜਦਾਦਾ ਅਕਬਰ ਦੀ ਸੁਲ੍ਹਾਕੁਲ ਵਿਰਾਸਤ ਮਲੀਆਮੇਟ ਕਰ ਦਿੱਤੀ, ਆਪਣੇ ਦਾਦਾ ਜਹਾਂਗੀਰ ਦੀ ਇਨਸਾਫ਼ਪਸੰਦੀ ਰੋਲ ਕੇ ਰੱਖ ਦਿੱਤੀ ਅਤੇ ਪਿਤਾ ਸ਼ਾਹਜਹਾਂ ਦੇ ਕਲਾ-ਪ੍ਰੇਮ ਨਾਲ ਲਗਾਤਾਰ ਅਨਿਆਂ ਕੀਤਾ। ਉਸ ਨੇ ਬੇਕਿਰਕੀ ਨਾਲ ਹਿੰਦੂ ਮੰਦਿਰ ਢਾਹੇ ਅਤੇ ਨਾਲ ਹੀ ਹਿੰਦੂਆਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਮੌਤ ਦੇ ਘਾਟ ਉਤਾਰਿਆ।
ਪਰ ਔਡਰੇ ਦੀ ਪੁਸਤਕ ਔਰੰਗਜ਼ੇਬ ਦਾ ਵੱਧ ਸੰਤੁਲਿਤ ਰੂਪ ਪੇਸ਼ ਕਰਦੀ ਹੈ। ਲੇਖਿਕਾ ਨੇ ਸਾਖੀਕਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਇਤਿਹਾਸਕ ਤੱਥਾਂ ਤੇ ਸਬੂਤਾਂ ਨੂੰ ਸਹਿ-ਪਰਿਪੇਖ ਵਿੱਚ ਪੇਸ਼ ਕੀਤਾ ਹੈ। ਉਸ ਨੇ ਔਰੰਗਜ਼ੇਬ ਬਾਰੇ ਝੂਠ-ਸੱਚ ਦਾ ਨਿਤਾਰਾ ਕਰਨ ਦਾ ਸੰਜੀਦਾ ਯਤਨ ਕੀਤਾ ਹੈ। ਉਸ ਨੇ ਔਰੰਗਜ਼ੇਬ ਦੀ ਸ਼ਖ਼ਸੀਅਤ ਵਿਚਲੇ ਨੁਕਸਾਂ ਤੇ ਉਨ੍ਹਾਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਜਿੰਨੇ ਹਿੰਦੂ ਸਰਕਾਰੀ ਅਹਿਲਕਾਰ ਔਰੰਗਜ਼ੇਬ ਨੇ ਨਿਯੁਕਤ ਕੀਤੇ, ਓਨੇ ਕਿਸੇ ਵੀ ਹੋਰ ਮੁਗ਼ਲ ਬਾਦਸ਼ਾਹ ਨੇ ਨਹੀਂ ਕੀਤੇ। ਉਸ ਨੇ ਇੱਕ ਪਾਸੇ ਕਾਸ਼ੀ ਦਾ ਵਿਸ਼ਵਨਾਥ ਮੰਦਿਰ ਤੇ ਮਥੁਰਾ ਦਾ ਕੇਸ਼ਵਦੇਵ ਮੰਦਿਰ ਢਾਹੇ, ਪਰ ਦੂਜੇ ਪਾਸੇ ਦੱਖਣੀ ਭਾਰਤ ਵਿੱਚ ਆਪਣੀ ਮੁਹਿੰਮ ਦੌਰਾਨ ਕਿਸੇ ਵੀ ਮੰਦਿਰ ਨੂੰ ਨੁਕਸਾਨ ਨਹੀਂ ਪਹੁੰਚਾਇਆ। ਅਕਬਰ ਦੇ ਦਰਬਾਰੀ ਰਾਜਾ ਮਾਨ ਸਿੰਘ ਦਾ ਪੁੱਤਰ ਮਿਰਜ਼ਾ ਰਾਜਾ ਜੈ ਸਿੰਘ ਉਨ੍ਹਾਂ ਜਰਨੈਲਾਂ ਵਿੱਚੋਂ ਸੀ ਜਿਸ ਉੱਤੇ ਔਰੰਗਜ਼ੇਬ ਸਭ ਤੋਂ ਵੱਧ ਯਕੀਨ ਕਰਦਾ ਸੀ। ਮਰਨ ਤੋਂ ਪਹਿਲਾਂ ਔਰੰਗਜ਼ੇਬ ਅੰਦਰ ਇਹ ਅਹਿਸਾਸ ਪ੍ਰਬਲ ਰਿਹਾ ਕਿ ਉਹ ਨਾ ਤਾਂ ਹੁਕਮਰਾਨ ਵਜੋਂ ਕਾਮਯਾਬ ਰਿਹਾ ਅਤੇ ਨਾ ਹੀ ਇਨਸਾਨ ਵਜੋਂ। ਇਸ ਦਾ ਇਕਬਾਲ ਉਸ ਨੇ ਆਪਣੇ ਪੁੱਤਰ ਕਾਮ ਬਖ਼ਸ਼ ਨੂੰ ਲਿਖੇ ਖ਼ਤਾਂ ਵਿੱਚ ਕੀਤਾ।
ਪੁਸਤਕ ਵਿੱਚ ਔਰੰਗਜ਼ੇਬ ਦੇ ਤਿੰਨ ਪ੍ਰਮੁੱਖ ਹਿੰਦੂ ਅਹਿਲਕਾਰਾਂ – ਰਾਜਾ ਰਘੂਨਾਥ, ਚੰਦਰ ਭਾਨ ਬ੍ਰਾਹਮਣ ਅਤੇ ਭੀਮਸੈਨ ਸਕਸੈਨਾ ਦਾ ਜ਼ਿਕਰ ਕਈ ਵਾਰ ਆਉਂਦਾ ਹੈ। ਪਰ ਉਨ੍ਹਾਂ ਬਾਰੇ ਜਾਣਕਾਰੀ ਬਹੁਤ ਸੀਮਿਤ ਹੈ। ਜੇਕਰ ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਤਾਂ ਪੁਸਤਕ ਵਧੇਰੇ ਤਸੱਲੀਬਖ਼ਸ਼ ਜਾਪਣੀ ਸੀ।

-ਸ. ਸ. ਤ. 


Comments Off on ਦਲੇਰ ਸ਼ਹਿਜ਼ਾਦਾ, ਹਿੰਦ ਦਾ ਛੇਵਾਂ ਮੁਗ਼ਲ ਬਾਦਸ਼ਾਹ ਜਾਂ ਸਦੀਵੀ ਖਲਨਾਇਕ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.