ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦਹਿਸ਼ਤ ਦੀ ਹਨੇਰੀ ਮੂਹਰੇ ਸੁਪਨਿਆਂ ਦੇ ਦੀਵੇ ਰੁਸ਼ਨਾਉਂਦੀ ਰਹੀ ਖ਼ਾਲਿਦਾ

Posted On March - 20 - 2017
ਖ਼ਾਲਿਦਾ ਪੋਪਲ

ਖ਼ਾਲਿਦਾ ਪੋਪਲ

ਅਫ਼ਗ਼ਾਨਿਸਤਾਨ ਦੀ ਮਹਿਲਾ ਫੁਟਬਾਲ ਟੀਮ ਦੀ ਸਾਬਕਾ ਕਪਤਾਨ ਖਾਲਿਦਾ ਪੋਪਲ ਦੀ ਇਹ ਬਹਾਦੁਰੀ ਹੀ ਸੀ ਕਿ ਦੇਸ਼ ’ਚ ਅਤਿਵਾਦ ਦੀ ਹਨੇਰੀ ਦੇ ਚਲਦਿਆਂ ਉਸ ਨੇ ਫੁਟਬਾਲ ਖਿਡਾਰਨ ਬਣਨ ਦਾ ਸੁਪਨਾ ਵੇਖਿਆ। ਫੁਟਬਾਲ ਖੇਡਣ ਕਾਰਨ ਉੁਸ ਨੂੰ ਤਾਲਿਬਾਨ ਵੱਲੋਂ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਪਰ ਪੋਪਲ ਦੇ ਫੁਟਬਾਲ ਖੇਡਣ ਦੇ ਜਨੂੰਨ ਸਾਹਵੇਂ ਇਹ ਡਰਾਵੇ ਖੋਖਲੇ ਸਿੱਧ ਹੋਏ ਤੇ ਉਸ ਨੇ ਬਿਨਾਂ ਕਿਸੇ ਭੈਅ ਤੋਂ ਆਪਣੀ ਖੇਡ ਜਾਰੀ ਰੱਖੀ। ਪੋਪਲ ਖਾਲਿਦਾ ਜਿੱਥੇ ਬਹਾਦਰੀ ਸਦਕਾ ਖਿਡਾਰਨ ਤੋਂ ਬਾਅਦ ਅਫ਼ਗ਼ਾਨ ਟੀਮ ਦੀ ਕਪਤਾਨ ਵੀ ਨਾਮਜ਼ਦ ਹੋਈ ਉਥੇ ਡਰ ਕਾਰਨ ਖੇਡ ਮੈਦਾਨ ਛੱਡਣ ਦਾ ਮਨ ਬਣਾ ਚੁੱਕੀਆਂ ਕੁਝ ਖਿਡਾਰਨਾਂ ਲਈ ਵੀ ਉਹ ਵੀ ਚਾਨਣ ਮੁਨਾਰਾ ਸਾਬਤ ਹੋਈ। ਪੋਪਲ ਖਾਲਿਦਾ ਨੂੰ ਦੇਸ਼ ’ਚ ਮਹਿਲਾਵਾਂ ਦੇ ਫੁਟਬਾਲ ਖੇਡਣ ਦੇ ਹੱਕ ’ਚ ਡਟਣ ਕਰਕੇ ਕੁਝ ਮਹੀਨੇ ਪਹਿਲਾਂ ਲੰਡਨ ’ਚ ‘ਬਿਯਾਨਡ ਸਪੋਰਟਸ ਐਵਾਰਡ’ ਨਾਲ ਸਨਮਾਨਿਆ ਗਿਆ।
ਇਸ ਦੇ ਬਾਵਜੂਦ ਕਿਸੇ ਖਤਰੇ ਨੂੰ ਟਾਲਣ ਲਈ ਕਪਤਾਨ ਪੋਪਲ ਖਾਲਿਦਾ ਸਮੇਤ ਪੂਰੀ ਅਫ਼ਗ਼ਾਨ ਸੌਕਰ ਟੀਮ ਨੂੰ ਨਾਟੋ ਦੇ ਹੈਲੀਕਾਪਟਰ ਲੈਂਡਿੰਗ ਬੇਸ ਅੰਦਰਲੇ ਖਾਲੀ ਮੈਦਾਨ ’ਚ ਪ੍ਰੈਕਟਿਸ ਕਰਨ ਦਾ ਰਾਹ ਚੁਣਨਾ ਪਿਆ। ਖਿਡਾਰਨਾਂ ਨੂੰ ਦਰਪੇਸ਼ ਖਤਰੇ ਦੀ ਨੌਬਤ ਇੱਥੋਂ ਤੱਕ ਸੀ ਕਿ ਅਭਿਆਸ ਦੌਰਾਨ ਉਹ ਉੱਚੀ ਵੀ ਨਹੀਂ ਸੀ ਬੋਲਦੀਆਂ। ਇਸ ਮੋਰਚੇਬੰਦੀ ਤੋਂ ਬਾਅਦ ਵੀ ਤਾਲਿਬਾਨ ਵੱਲੋਂ ਨਾਟੋ ਦੇ ਇਸ ਲੈਂਡਿੰਗ ਬੇਸ ਦੇ ਕੰਪਾਊਂਡ ਦੇ ਮੁੱਖ ਗੇਟ ’ਤੇ ਬੰਬ ਧਮਾਕਾ ਕੀਤਾ ਗਿਆ, ਪਰ ਇਹ ਘਿਨਾਉਣਾ ਕਾਰਾ ਵੀ ਮਹਿਲਾ ਫੁਟਬਾਲ ਖਿਡਾਰਨਾਂ ਨੂੰ ਖੇਡਣ ਦੇ ਰਸਤੇ ’ਚ ਕੋਈ ਅੜਿੱਕਾ ਨਹੀਂ ਬਣ ਸਕਿਆ। ਇਸ ਖ਼ੌਫ਼ਨਾਕ ਘਟਨਾ ਦੇ ਕੁਝ ਹੀ ਦਿਨਾਂ ਬਾਅਦ ਨਾਟੋ ਵਿਮੈਨ ਟੀਮ ਤੇ ਅਫ਼ਗ਼ਾਨ ਮਹਿਲਾ ਟੀਮ ਦਰਮਿਆਨ ਦੋਸਤਾਨਾ ਮੈਚ ਖੇਡਿਆ ਗਿਆ, ਜਿਸ ’ਚ ਪੋਪਲ ਖਾਲਿਦਾ ਦੀ ਅਗਵਾਈ ’ਚ ਮੇਜ਼ਬਾਨ ਟੀਮ ਨੇ ਘਰੇਲੂ ਦਰਸ਼ਕਾਂ ਦੀ ਹਾਜ਼ਰੀ ’ਚ ਜਿੱਤ ਦਾ ਸੁਆਦ ਚੱਖਿਆ।
ਮੈਦਾਨ ’ਚ ਡਿਫੈਂਡਰ ਦੀ ਭੂਮਿਕਾ ਨਿਭਾਉਣ ਲਈ ਲੈਫਟ ਫੁੱਲ ਬੈਕ ਖਾਲਿਦਾ ਪੋਪਲ ਨੂੰ ਰਾਸ਼ਟਰੀ ਮਹਿਲਾ ਫੁਟਬਾਲ ਟੀਮ ਦੀ ਪਲੇਠੀ ਕਪਤਾਨ ਬਣਨ ਦਾ ਮਾਣ ਹਾਸਲ ਹੋਇਆ। ਦੇਸ਼ ਦੀ ਟੀਮ ਨਾਲ 20 ਕੌਮਾਂਤਰੀ ਮੈਚ ਖੇਡਣ ਵਾਲੀ ਖਾਲਿਦਾ ਪੋਪਲ ਨੂੰ ਗੋਡੇ ਦੀ ਸੱਟ ਕਾਰਨ ਸਮੇਂ ਤੋਂ ਪਹਿਲਾਂ ਹੀ ਮੈਦਾਨ ਛੱਡਣਾ ਪਿਆ।
16 ਸਾਲ ਦੀ ਉਮਰ ’ਚ ਮਾਂ ਤੋਂ ਮਿਲੀ ਪ੍ਰੇਰਨਾ ਸਦਕਾ ਖਾਲਿਦਾ ਪੋਪਲ ਨੇ 2004 ’ਚ ਜਦ ਫੁਟਬਾਲ ਖੇਡਣਾ ਸ਼ੁਰੂ ਕੀਤਾ ਤਾਂ ਤਾਲਿਬਾਨ ਨੇ ਅਫ਼ਗ਼ਾਨਿਸਤਾਨ ’ਚ ਕੁੜੀਆਂ ’ਤੇ ਫੁਟਬਾਲ ਖੇਡਣ ਦੀ ਪਾਬੰਦੀ ਲਗਾਈ ਹੋਈ ਹੈ ਤੇ ਕਾਬੁਲ ’ਚ ਸਰਕਾਰੀ ਤੇ ਨਿੱਜੀ ਸਕੂਲ ਟੀਚਰਾਂ ਵੱਲੋਂ ਮਜ਼੍ਹਬ ਦੀ ਆੜ ਅਧੀਨ ਮਹਿਲਾ ਖਿਡਾਰਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ। ਇਸ ਦੇ ਬਾਵਜੂਦ ਪੋਪਲ ਅੜੀ ਰਹੀ ਅਤੇ ਉਸ ਨੇ ਅਧਿਆਪਕਾਂ ਵੱਲੋਂ ਕੀਤੇ ਜਾਂਦੇ ਇਸ ਭੇਦ-ਭਾਵ ਦਾ ਡਟ ਕੇ ਵਿਰੋਧ ਕੀਤਾ। ਇਹ ਮਸਲਾ ਸਰਕਾਰ ਤੇ ਅਫ਼ਗ਼ਾਨ ਫੁਟਬਾਲ ਐਸੋਸੀਏਸ਼ਨ ਦੀ ਕਚਿਹਰੀ ’ਚ ਜਾਣ ਮਗਰੋਂ ਫੁਟਬਾਲ ਖੇਡਣ ਵਾਲੀਆਂ ਕੁੜੀਆਂ ਲਈ ਡਰੈੱਸ ਕੋਡ ਜਾਰੀ ਕੀਤਾ ਗਿਆ ਜਿਸ ਮਗਰੋਂ ਖਿਡਾਰਨਾਂ ਖੇਡਣ ਸਮੇਂ ਹਿਜਾਬ ਤੇ ਸਰੀਰ ਨੂੰ ਢਕਣ ਲਈ ਖਾਸ ਜਰਸੀਆਂ ਪਹਿਨਣ ਲੱਗੀਆਂ।
ਕੱਟੜਪੰਥੀਆਂ ਦੇ ਸੂਹੀਆਂ ਵੱਲੋਂ ਪੇਸ਼ ਰਿਪੋਰਟਾਂ ’ਚ ਦੇਸ਼ ’ਚ ਮਹਿਲਾ ਫੁਟਬਾਲ ਟੀਮ ਖੜ੍ਹੀ ਕਰਨ ਦਾ ਦੋਸ਼ ਖਾਲਿਦਾ ਪੋਪਲ ਦੇ ਸਿਰ ਮੜ੍ਹਿਆ ਗਿਆ ਤਾਂ ਤਾਲਿਬਾਨੀਆਂ ਨੇ ਉਸ ਨੂੰ ਜਾਨੋਂ ਮਾਰਨ ਲਈ ਅਸਾਲਟਾਂ ਚੁੱਕ ਲਈਆਂ। ਪੋਪਲ ਨੂੰ ਆਪਣਾ ਬਚਾਅ ਕਰਨ ਲਈ ਕੁਝ ਮਹੀਨੇ ਦੇਸ਼ ’ਚ ਅੰਡਰ-ਗਰਾਊਂਡ ਵੀ ਹੋਣਾ ਪਿਆ ਤੇ ਉਹ 2010 ’ਚ ਕਾਬੁਲ ਛੱਡ ਕੇ ਡੈਨਮਾਰਕ ਪਹੁੰਚ ਗਈ। ਉਥੇ ਪੋਪਲ ਨੂੰ ਇਕ ਅਨਾਥ-ਆਸ਼ਰਮ ’ਚ ਰੱਖਿਆ ਗਿਆ। ਪੋਪਲ ਲਈ ਤਸੱਲੀ ਵਾਲੀ ਗੱਲ ਇਹ ਸੀ ਕਿ ਉਹ ਫੁਟਬਾਲ ਖੇਡਣਾ ਜਾਰੀ ਰੱਖ ਸਕੀ। ਡੈਨਮਾਰਕ ’ਚ ਗੋਡੇ ਦੀ ਸੱਟ ਤੋਂ ਇਲਾਵਾ ਚਿੰਤਾ ’ਚ ਦਿਨ ਕੱਟਣ ਕਾਰਨ ਪੋਪਲ ਖਾਲਿਦਾ ਦੀ ਖੇਡ ਬਹੁਤ ਪ੍ਰਭਾਵਿਤ ਹੋਈ ਤੇ ਉਸ ਨੇ ਖੇਡ ਛੱਡਣ ਦਾ ਮਨ ਬਣਾ ਲਿਆ, ਪਰ ਸਪਾਂਸਰ ਨੇ ਖਾਲਿਦਾ ਪੋਪਲ ਨੂੰ ਫੁਟਬਾਲ ਨਾਲ ਜੋੜੀ ਰੱਖਣ ਲਈ ਅਫ਼ਗ਼ਾਨ ਮਹਿਲਾ ਕੌਮੀ ਟੀਮ ਦੀ ਖੇਡ ਰਣਨੀਤੀ ਲਈ ਬਣਾਏ ਐਡਵਾਂਸ ਪ੍ਰੋਗਰਾਮ ਦਾ ਡਾਇਰੈਕਟਰ ਨਾਮਜ਼ਦ ਕਰ ਦਿੱਤਾ।

-ਸੁਖਵਿੰਦਰਜੀਤ ਸਿੰਘ ਮਨੌਲੀ


Comments Off on ਦਹਿਸ਼ਤ ਦੀ ਹਨੇਰੀ ਮੂਹਰੇ ਸੁਪਨਿਆਂ ਦੇ ਦੀਵੇ ਰੁਸ਼ਨਾਉਂਦੀ ਰਹੀ ਖ਼ਾਲਿਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.