ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਦਾਸਤਾਨ-ਏ-ਮੁਹੱਬਤ

Posted On March - 19 - 2017

ਪ੍ਰੀਤਮਾ ਦੋਮੇਲ
ਆਪ ਬੀਤੀ
11103cd _aapbitiਮੈਂ ਪਿੰਡ ਦੇ ਸਕੂਲੋਂ ਪੰਜਵੀਂ ਪਾਸ ਕਰ ਕੇ ਆਪਣੇ ਪਿਤਾ ਕੋਲ ਸ਼ਹਿਰ ਗਈ ਸਾਂ। ਮੈਂ ਸਾਧਾਰਨ ਮੱਧਵਰਗੀ ਪਰਿਵਾਰ ਦੀ ਜੰਮਪਲ ਤੇ ਦੁਨਿਆਵੀ ਗੱਲਾਂ ਤੋਂ ਅਣਜਾਣ ਸੀ ਕਿਉਂਕਿ ਉਦੋਂ ਸਭ ਸਾਂਝੇ ਪਰਿਵਾਰ ਵਿੱਚ ਰਹਿੰਦੇ ਸਨ ਤੇ ਘਰ ਦੀਆਂ ਵਡੇਰੀਆਂ ਔਰਤਾਂ, ਬੱਚਿਆਂ ਤੋਂ ਸਭ ਗੱਲਾਂ ਲੁਕਾ ਕੇ ਰੱਖਦੀਆਂ ਸਨ, ਖ਼ਾਸਕਰ ਛੋਟੀ ਕੁੜੀਆਂ ਤੋਂ। ਉਨ੍ਹਾਂ ਨੂੰ ਕੁੜੀਆਂ ਹੋਣ ਦਾ ਅਤੇ ਮੁੰਡਿਆਂ ਤੋਂ ਫ਼ਰਕ ਹੋਣ ਤਕ ਦਾ ਮਤਲਬ ਵੀ ਸਮਝਾਇਆ ਨਹੀਂ ਸੀ ਜਾਂਦਾ। ਅਸੀਂ ਸਾਰੇ ਮੁੰਡੇ-ਕੁੜੀਆਂ ਰਲ ਕੇ ਖੇਡਦੇ, ਇੱਕ-ਦੂਜੇ ਨਾਲ ਲੜਦੇ ਝਗੜਦੇ, ਮਾਰਦੇ-ਕੁੱਟਦੇ ਮੌਜਾਂ ਕਰਦੇ ਸੀ। ਆਪਣੀ ਭੂਆ ਦੇ ਵਿਆਹ ਕਰਕੇ ਸ਼ਹਿਰ ਦੇਰ ਨਾਲ ਆਈ ਹੋਣ ਕਰਕੇ ਮੈਨੂੰ ਕਿਤੇ ਵੀ ਛੇਵੀਂ ਵਿੱਚ ਦਾਖ਼ਲਾ ਨਾ ਮਿਲਿਆ। ਬਾਪੂ ਜੀ ਮੈਨੂੰ ਘਰ ਹੀ ਪੜ੍ਹਾਉਣ ਲੱਗੇ। ਛੇਵੀਂ, ਸੱਤਵੀਂ ਤੇ ਅੱਠਵੀਂ ਤਿੰਨੋਂ ਕਲਾਸਾਂ ਇੱਕੋ ਸਾਲ ਵਿੱਚ ਕਰਵਾ ਦਿੱਤੀਆਂ। ਉਸੇ ਸਕੂਲ ਵਿੱਚ, ਜਿਸ ਨੇ ਦਾਖ਼ਲ ਕਰਨ ਤੋਂ ਜੁਆਬ ਦਿੱਤਾ ਸੀ, ਮੈਨੂੰ ਨੌਵੀਂ ਵਿੱਚ ਦਾਖ਼ਲਾ ਵੀ ਮਿਲ ਗਿਆ। ਪਰ ਉਮਰ ਤਾਂ ਛੋਟੀ ਹੀ ਸੀ, ਮਸਾਂ 10-11 ਸਾਲ ਦੀ। ਅਨਪੜ੍ਹ ਪਰਿਵਾਰ ਦੀ  ਗਵਾਰ ਲੜਕੀ, ਸ਼ਹਿਰੀ ਤੌਰ-ਤਰੀਕਿਆਂ ਤੋਂ ਬਿਲਕੁਲ ਅਣਜਾਣ। ਜੋ ਕੱਪੜੇ ਸਕੂਲ ਪਾ ਕੇ ਗਈ ਉਨ੍ਹਾਂ ਨਾਲ ਹੀ  ਸ਼ਾਮ ਨੂੰ ਖੇਡਦੀ, ਉਵੇਂ ਹੀ ਸੌਂ ਜਾਂਦੀ ਤੇ ਸਵੇਰੇ ਉੱਠ ਕੇ ਮੂੰਹ-ਹੱਥ ਧੋ ਕੇ ਉਵੇਂ ਹੀ ਸਕੂਲ ਚਲੀ ਜਾਂਦੀ। ਮਾਂ ਨੇ ਪੰਜ ਬੱਚਿਆਂ ਨੂੰ ਤਿਆਰ ਕਰਨਾ, ਰੋਟੀ ਖੁਆਣੀ ਤੇ ਸਭ ਤੋਂ ਜ਼ਿਆਦਾ ਬਾਪੂ ਜੀ ਦਾ ਧਿਆਨ ਰੱਖਣਾ। ਉਸ ਨੂੰ ਕਿੱਥੇ ਵਿਹਲ ਸੀ ਕਿ ਉਹ ਦੇਖੇ ਕਿਹੜੇ ਬੱਚੇ ਨੇ ਕੱਪੜੇ ਬਦਲੇ ਜਾਂ ਨਹੀਂ, ਸਿਰ ਵਾਹਿਆ ਜਾਂ ਨਹੀਂ।
ਸਾਡੇ ਘਰ ਅੱਗੋਂ ਲੰਘਦੀ ਸੜਕ ਅੱਗੇ ਜਾ ਕੇ ਫ਼ੌਜੀਆਂ ਦੀਆਂ ਬੈਰਕਾਂ ਤੋਂ ਘੁੰਮਦੀ ਹੋਈ ਅੱਗੇ ਜਾ ਕੇ ਵੱਡੇ ਸਾਰੇ ਮੈਦਾਨ ਨੂੰ ਛੂੰਹਦੀ ਹੋਈ ਅਬੋਹਰ ਨੂੰ ਜਾਂਦੀ ਸੀ। ਅਸੀਂ ਉੱਪਰ ਚੁਬਾਰੇ ਵਿੱਚ ਰਹਿੰਦੇ ਸਾਂ। ਇੱਕ ਉੱਚਾ ਚੁਬਾਰਾ ਤੇ ਦੂਜਾ ਤਿੰਨ ਚਾਰ ਪੌੜੀਆਂ ਉੱਤੇ  ਵਾਲਾ। ਦੋਵਾਂ ਵਿਚਕਾਰ ਖੁੱਲ੍ਹਾ ਵਿਹੜਾ ਸੀ। ਉੱਥੇ ਮੇਰੀ ਮਾਂ ਗਰਮੀਆਂ ਵਿੱਚ ਰੋਟੀ ਪਕਾਉਂਦੀ ਤੇ ਅਸੀਂ ਸਾਰੇ ਹੇਠਾਂ ਬੋਰੀਆਂ ’ਤੇ ਬੈਠ ਕੇ ਰੋਟੀ ਖਾਂਦੇ ਸਾਂ। ਇਸੇ ਪਾਸੇ ਬਾਹਰਲੀ ਕੰਧ ਨਾਲ ਛੋਟਾ ਜਿਹਾ ਬਾਥਰੂਮ ਸੀ ਜਿਸ ਨੂੰ ਮਕਾਨ ਮਾਲਕ ਦੀ ਭਾਸ਼ਾ ਵਿੱਚ ਖੁਰਾ ਕਹਿੰਦੇ ਸਾਂ। ਉੱਥੇ ਪਾਣੀ ਦੀ ਵੱਡੀ ਬਾਲਟੀ ਰੱਖ ਕੇ ਅਸੀਂ ਹੱਥ ਮੂੰਹ ਧੋਂਦੇ ਤੇ ਬਾਅਦ ਵਿੱਚ ਉੱਥੇ ਮੇਰੀ ਮਾਂ ਟੱਬਰ ਦੇ ਜੂਠੇ ਭਾਂਡੇ ਮਾਂਜਦੀ। ਰਾਤ ਨੂੰ ਸੌਂਦੇ ਵੀ ਉੱਥੇ ਹੀ ਸਾਂ। ਖੁਰੇ ਦੇ ਉੱਤੇ ਵੱਲ ਦੀ ਕੰਧ ਉਪਰੋਂ ਥੋੜ੍ਹੀ ਟੁੱਟੀ ਹੋਈ ਸੀ। ਅਸੀਂ ਉਸ ਦੇ ਪਿੱਛੇ ਖੜ੍ਹੇ ਹੋ ਕੇ ਕਦੇ ਕਦੇ ਬਾਪੂ ਜੀ ਤੋਂ ਚੋਰੀ ਐਵੇਂ ਬਿਨਾਂ ਮਤਲਬ ਹੀ ਸੜਕ ’ਤੇ ਲੰਘਣ ਵਾਲੀ ਭੀੜ, ਬੱਸਾਂ ਤੇ ਗੱਡੀਆਂ ਨੂੰ ਤੱਕਣ ਲੱਗ ਪੈਂਦੇ।
ਇੱਕ ਦਿਨ ਮੈਂ ਐਵੇਂ ਹੀ ਖੜ੍ਹੀ ਸੜਕ ਵੱਲ ਦੇਖ ਰਹੀ ਸਾਂ ਕਿ ਸੋਹਣਾ ਜਿਹਾ ਨੌਜਵਾਨ ਸਾਈਕਲ ਦੇ ਹੈਂਡਲ ’ਤੇ ਹਾਕੀ ਰੱਖੀ ਉੱਥੋਂ ਲੰਘਿਆ। ਉਸ ਨੇ ਬੜੀ ਸੋਹਣੀ ਲਾਲ ਰੰਗ ਦੀ ਪਗੜੀ ਬੰਨ੍ਹੀ ਹੋਈ ਸੀ, ਸਫ਼ੈਦ ਨਿੱਕਰ-ਕਮੀਜ਼ ਤੇ ਸਫ਼ੈਦ ਹੀ  ਬੂਟ ਪਾਏ ਹੋਏ ਸਨ। ਉਸ ਨੇ ਉੱਪਰ ਮੇਰੇ ਵੱਲ ਭਰਵੀਂ ਨਜ਼ਰ ਨਾਲ ਦੇਖਿਆ ਤੇ ਅੱਗੇ ਲੰਘ ਗਿਆ। ਥੋੜ੍ਹਾ ਅੱਗੇ ਜਾ ਕੇ ਉਹ ਮੁੜਿਆ ਤੇ ਉਵੇਂ ਹੀ ਮੇਰੇ ਵੱਲ ਦੇਖਦਾ ਹੋਇਆ ਪਿੱਛੇ ਨੂੰ ਚਲਾ  ਗਿਆ ਤੇ ਇੱਕ ਵਾਰੀ ਫਿਰ ਉਹ ਉਸੇ ਸੜਕ ਤੋਂ ਲੰਘ ਗਿਆ। ਮੇਰੇ ਵੱਡੇ ਭਰਾ ਦੀ ਉਮਰ ਦਾ ਹੋਵੇਗਾ। ਸੋਚਿਆ ਸ਼ਾਇਦ ਉਸ ਦਾ ਕੋਈ ਦੋਸਤ ਹੋਵੇਗਾ। ਫਿਰ ਤਾਂ ਉਹ ਅਕਸਰ ਹੌਲੀ ਹੌਲੀ ਉੱਪਰ  ਦੇਖਦਾ ਹੋਇਆ ਸਾਈਕਲ ’ਤੇ ਉਸ ਸੜਕ ਤੋਂ ਲੰਘਦਾ। ਹਰ ਵਾਰੀ ਨਵੇਂ ਖਿੜੇ ਹੋਏ ਰੰਗ ਦੀ ਪਗੜੀ ਬੰਨ੍ਹੀ ਹੁੰਦੀ ਸੀ। ਸਮਝ ਨਹੀਂ ਸੀ ਆਉਂਦੀ ਕਿ ਮੈਨੂੰ  ਉਹ ਕਿਉਂ ਚੰਗਾ ਚੰਗਾ ਲੱਗਣ ਲੱਗ ਪਿਆ ਸੀ।  ਮੱਲੋ-ਮੱਲੀ ਸੜਕ ਵੱਲ ਦੇਖਣ ਨੂੰ ਜੀਅ ਕਰਦਾ ਸੀ। ਜੀਅ ਕਰਦਾ ਕਿ ਜਦ ਵੀ ਮੈਂ ਸੜਕ ਵੱਲ ਦੇਖਾਂ, ਉਹ ਉੱਥੇ ਹੋਵੇ।
ਪਿਆਰ ਮੁਹੱਬਤ ਦਾ ਤਾਂ ਪਤਾ ਹੀ ਨਹੀਂ ਸੀ ਕਿ ਕੀ ਹੁੰਦੀ ਹੈ। ਪਤਾ ਨਹੀਂ ਕਿਹੋ ਜਿਹੀ ਤਾਂਘ ਸੀ ਜੋ ਹਰ ਵੇਲੇ ਸੜਕ ਵੱਲ ਉਸ ਨੂੰ ਦੇਖਣ ਲਈ ਉੱਲਰਦੀ ਰਹਿੰਦੀ।
ਫਿਰ ਇੱਕ ਬੜੇ ਹੀ ਪਿਆਰੇ ਜਜ਼ਬੇ ਨੇ ਮੈਨੂੰ ਘੇਰ ਲਿਆ। ਮੈਨੂੰ ਹਰ ਕੋਈ ਚੰਗਾ-ਚੰਗਾ ਲੱਗਣ ਲੱਗ ਪਿਆ। ਹਰ ਵੇਲੇ ਹੱਸਣ-ਮੁਸਕੁਰਾਉਣ ਨੂੰ ਜੀਅ ਕਰਦਾ ਤੇ ਦਿਨ-ਰਾਤ ਜਿਵੇਂ ਖ਼ੁਸ਼ਬੂਆਂ ਨਾਲ ਮਹਿਕਣ ਲੱਗ ਪਏ। ਫਿਰ ਇੱਕ ਦਿਨ ਭਰਾ ਦਾ ਇੱਕ ਦੋਸਤ ਸਾਡੇ ਘਰ ਆ ਗਿਆ। ਉਂਜ ਤਾਂ ਉਸ ਦੇ ਦੋਸਤ ਆਉਂਦੇ ਹੀ ਰਹਿੰਦੇ ਸਨ, ਪਰ ਉਹ ਜਾਂਦਾ-ਜਾਂਦਾ ਮੇਰੇ ਕੋਲ ਰੁਕ ਕੇ ਗੱਲਾਂ ਮਾਰਨ ਲੱਗ ਪਿਆ ਤੇ ਫਿਰ ਤਾਂ ਉਹ ਰੋਜ਼ ਆਉਣ ਲੱਗ ਪਿਆ ਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਉਹ ਮੇਰੇ ਕੋਲ ਆ ਕੇ ਬੈਠ ਜਾਂਦਾ। ਇੱਕ ਦਿਨ ਉਹ ਆਪਣੀ ਛੋਟੀ ਭੈਣ, ਜੋ ਮੇਰੀ ਹੀ  ਉਮਰ ਦੀ ਸੀ, ਨੂੰ ਵੀ ਨਾਲ ਲੈ ਆਇਆ। ਫਿਰ ਉਹ ਕੁੜੀ ਗੇੜੇ ’ਤੇ ਗੇੜੇ ਮਾਰਨ ਲੱਗ ਪਈ। ਪਤਾ ਲੱਗਿਆ ਕਿ ਉਨ੍ਹਾਂ ਦਾ ਘਰ ਸਾਡੇ ਤੋਂ ਪਿਛਲੇ ਮੁਹੱਲੇ ਵਿੱਚ ਹੀ ਸੀ। ਹੌਲੀ ਹੌਲੀ ਉਹ ਕੁੜੀ (ਬੀਬੋ) ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਈ, ‘‘ਪ੍ਰੀਤ ਤੈਨੂੰ ਪਤਾ ਹੈ ਸਾਡੇ ਘਰ ਜਿਹੜਾ ਭਾਪਾ (ਭਰਾ) ਰਹਿੰਦਾ ਹੈ, ਉਹ ਕਾਲਜ ਵਿੱਚ ਪੜ੍ਹਦਾ ਹੈ। ਬੜਾ ਹੀ ਅਮੀਰ ਹੈ। ਉਸ ਕੋਲ ਬੜੇ ਸੋਹਣੇ ਸੋਹਣੇ ਕੱਪੜੇ ਹਨ। ਉਹ ਤੈਨੂੰ ਜਾਣਦਾ ਹੈ। ਉਹ ਤੇਰੀਆਂ ਹੀ ਗੱਲਾਂ ਕਰਦਾ ਹੈ। ਤੂੰ ਦੇਖਿਆ ਹੀ ਹੋਵੇਗਾ। ਉਹ ਰੋਜ਼ ਤੇਰੇ ਘਰ ਅੱਗੋਂ ਦੀ ਲੰਘ ਕੇ ਹਾਕੀ ਖੇਡਣ ਜਾਂਦਾ ਹੈ।’’
ਇੱਕ ਦਿਨ ਮੇਰੀ ਮਾਂ ਨੇ ਤਾੜ ਲਿਆ ਤੇ ਮੇਰੇ ਕੋਲੋਂ ਇੱਕ ਦਿਨ ਪੁੱਛਣ ਲੱਗੀ, ‘‘ਇਹ ਬੀਬੋ ਹਰ ਰੋਜ਼ ਤੇਰੇ ਕੋਲ ਕੀ ਕਰਨ ਆਉਂਦੀ ਹੈ, ਨਾ ਉਹ ਤੇਰੇ ਸਕੂਲ ਵਿੱਚ ਪੜ੍ਹਦੀ ਹੈ, ਨਾ ਤੇਰੀ ਜਮਾਤਣ ਹੈ। ਇੰਨੀ ਇੰਨੀ ਦੇਰ ਉਹ ਕੀ ਗੱਲਾਂ ਕਰਦੀ ਹੈ।’’ ਮੈਂ ਖਿੱਝ ਕੇ ਕਿਹਾ, ‘‘ਮੈਨੂੰ ਕੀ ਪਤਾ ਹੈ। ਮੈਂ ਕੀ ਉਸ ਨੂੰ ਬੁਲਾਉਣ ਜਾਂਦੀ ਹਾਂ!’’ ਮਾਂ ਚੁੱਪ ਕਰ ਗਈ। ਇੱਕ ਦਿਨ ਉਹ ਮੇਰੀ ਅੰਗਰੇਜ਼ੀ ਦੀ ਕਿਤਾਬ ਮੰਗ ਕੇ ਲੈ ਗਈ ਤੇ ਦੂਜੇ ਦਿਨ ਵਾਪਸ ਕਰ ਗਈ। ਖੋਲ੍ਹੀ ਤਾਂ ਵਿੱਚ ਇੱਕ ਚਿੱਠੀ ਸੀ। ਬੜੇ ਹੀ ਸੋਹਣੇ ਗੁਲਾਬੀ ਰੰਗ ਦੇ ਕਾਗ਼ਜ਼ਾਂ ਉੱਤੇ ਸਾਫ਼-ਸੁਥਰੀ ਲਿਖਾਈ ਨਾਲ ਤਿੰਨ-ਚਾਰ ਸਫ਼ਿਆਂ ’ਤੇ ਕੁਝ ਲਿਖਿਆ ਹੋਇਆ ਸੀ। ਇਕਦਮ ਪੜ੍ਹਨ ਦੀ ਹਿੰਮਤ ਨਾ ਪਈ। ਬਿਨਾਂ ਪੜ੍ਹਿਆਂ ਹੀ ਲੱਗਿਆ ਕਿ ਇਸ ਵਿੱਚ ਕੁਝ ਅਜਿਹਾ ਹੈ ਜੋ ਨਿਰੋਲ ਮੇਰੇ ਲਈ ਹੀ ਲਿਖਿਆ ਹੋਇਆ ਹੈ। ਜੀਅ ਕਰਦਾ ਸੀ ਕਿ ਕਿਸੇ ਨਿਵੇਕਲੀ ਜਿਹੀ ਥਾਂ ’ਤੇ ਮੈਂ ਬਿਨਾਂ ਕਿਸੇ ਦੇ ਧਿਆਨ ਵਿੱਚ ਆਇਆਂ ਖ਼ੂਬਸੂਰਤ ਗੁਲਾਬੀ ਕਾਗਜ਼ਾਂ ’ਤੇ ਲਿਖੀ ਇਬਾਰਤ ਪੜ੍ਹ ਸਕਾਂ। ਵੱਡਾ ਸਾਰਾ ਘਰ ਸੀ। ਉਸ ਦੇ ਇੱਕ ਪਾਸੇ ਵਾਸੂ ਕਮਰਿਆਂ ਤੋਂ ਪਰ੍ਹਾਂ ਕਰਕੇ ਸਾਡੀ ਮੱਝ ਬੰਨ੍ਹੀ ਹੁੰਦੀ ਸੀ। ਮੈਂ ਉੱਥੇ ਹੀ ਚਲੀ ਗਈ। ਚਿੱਠੀ ਖੋਲ੍ਹ ਕੇ ਹਾਲੇ ਮੈਂ ਤਿੰਨ-ਚਾਰ ਲਾਈਨਾਂ ਹੀ ਪੜ੍ਹੀਆਂ ਸਨ ਕਿ ਉਸੇ ਵੇਲੇ ਮੇਰੀ ਮਾਂ ਹੱਥ ਵਿੱਚ ਬਾਲਟੀ ਫੜੀ ਮੱਝ ਦੀ ਧਾਰ ਕੱਢਣ ਲਈ ਆ ਗਈ। ਮੇਰੇ ਹੱਥ ਵਿੱਚ ਚਿੱਠੀ ਦੇਖ ਕੇ ਉਹ ਝਟਪਟ ਬੋਲੀ, ‘‘ਤੂੰ ਇੱਥੇ ਕੀ ਕਰਦੀ ਹੈਂ ਤੇ ਇਹ ਤੇਰੇ ਹੱਥ ਵਿੱਚ ਕੀ ਹੈ?’’ ਮਾਂ ਦੀਆਂ ਗੁੱਸੇ ਭਰੀਆਂ ਅੱਖਾਂ ਦੇਖ ਕੇ ਮੈਂ ਬਹੁਤ ਡਰ ਗਈ ਤੇ ਸਭ ਕੁਝ ਸੱਚੋ-ਸੱਚ ਦੱਸ ਦਿੱਤਾ। ਮਾਂ ਨੇ ਕੜਕ ਕੇ ਕਿਹਾ, ‘‘ਤਾਹੀਓਂ ਮੈਂ ਕਹਾਂ ਇਹ ਬੀਬੋ ਕਿਉਂ ਹਰ ਵੇਲੇ ਤੈਨੂੰ ਚਿੰਬੜੀ ਰਹਿੰਦੀ ਹੈ! ਤੂੰ ਚੱਲ ਇੱਕ ਵਾਰੀ ਉਪਰ ਤੇਰੀ ਖ਼ਬਰ ਲੈਂਦੀ ਹਾਂ।’’ ਚਿੱਠੀ ਉਸ ਨੇ ਮੇਰੇ ਕੋਲੋਂ ਖੋਹ ਲਈ। ਮੈਂ ਕੰਬਦੀ-ਕੰਬਦੀ ਉਪਰ ਆਈ ਤੇ ਫਾਂਸੀ ਲੱਗੇ ਕੈਦੀ ਵਾਂਗੂੰ ਮਾਂ ਦੀ ਇੰਤਜ਼ਾਰ ਕਰਨ ਲੱਗੀ।
ਮਾਂ ਮੱਝ ਚੋਅ ਕੇ ਉਪਰ ਆਈ ਤੇ ਦੁੱਧ ਦੀ ਬਾਲਟੀ ਨੂੰ ਪੋਣੇ ਨਾਲ ਢਕ ਕੇ ਅੰਗੀਠੀ ਕੋਲ ਰਿੱਝਦੀ ਮਾਂਹ ਦੀ ਦਾਲ ਦਾ ਢੱਕਣ ਚੁੱਕ ਕੇ ਬੋਲੀ, ‘‘ਤੂੰ ਮੈਨੂੰ ਇਹ ਦੱਸ ਕਿ ਤੂੰ ਇਹ ਕਿਹੜੇ ਲੱਛਣ ਫੜੇ ਨੇ ਇੱਥੇ ਆ ਕੇ! ਕੀ ਤੈਨੂੰ ਇਸੇ ਕਰਕੇ ਪਿੰਡ ਤੋਂ ਇੱਥੇ ਪੜ੍ਹਨ ਲਈ ਲਿਆਂਦਾ ਸੀ ਕਿ ਤੂੰ ਇਹ ਕਰਤੂਤਾਂ ਕਰੇਂ! ਆਉਂਦਾ ਹੈ ਤੇਰਾ ਬਾਪੂ ਸ਼ਾਮੀਂ ਦਫ਼ਤਰੋਂ ਤਾਂ ਮੈਂ ਉਸ ਨੂੰ ਇਹ ਸਭ ਕੁਝ ਦੱਸਦੀ ਹਾਂ ਤੇ ਕੱਲ੍ਹ ਹੀ ਉਹ ਤੈਨੂੰ ਪਿੰਡ ਛੱਡ ਕੇ ਆਉਂਦਾ ਹੈ! ਉੱਥੇ ਜਾ ਕੇ ਨਾਲੇ ਡੰਗਰਾਂ ਦਾ ਗੋਹਾ ਹੂੰਝੀ ਤੇ ਨਾਲੇ ਆਪਣੇ ਲੱਛਣਾਂ ਨੂੰ ਯਾਦ ਕਰੀਂ। ਦੱਸ ਇਹੋ ਜਿਹੀਆਂ ਕਿੰਨੀਆਂ ਕੁ ਚਿੱਠੀਆਂ ਹੋਰ ਤੇਰੇ ਕੋਲ ਹਨ!’’ ਮੈਂ ਤਾਂ ਬਹੁਤ ਡਰ ਗਈ ਸਾਂ। ਰੋ-ਰੋ ਕੇ ਮਾਂ ਕੋਲੋਂ ਮੁਆਫ਼ੀਆਂ ਮੰਗੀਆਂ ਤੇ ਸਹੁੰ ਵੀ ਖਾਧੀ ਕਿ ਚਿੱਠੀ ਤਾਂ ਉਹ ਪਹਿਲੀ ਹੀ ਸੀ। ਮਾਂ ਨੇ ਝੱਟਪਟ ਉਹ ਗੁਲਾਬੀ ਰੰਗੀ ਮੋਤੀਆਂ ਵਰਗੇ ਅੱਖਰਾਂ ਵਾਲੀ ਚਿੱਠੀ ਅੰਗਿਆਰਾਂ ’ਤੇ ਸੁੱਟ ਦਿੱਤੀ। ਚਿੱਠੀ ਦੇ ਸ਼ੁਰੂ ਵਿੱਚ ਬੜੀ ਹੀ ਪਿਆਰੀ ਜਿਹੀ ‘ਪੀ’ ਵਾਹ ਕੇ ਉਸ ਨੇ ਮੇਰਾ ਨਾਂ ਲਿਖਿਆ ਸੀ ਤੇ ਮੈਂ ਉਸ ਤੋਂ ਅਗਲੀਆਂ ਇੱਕ-ਦੋ ਲਾਈਨਾਂ ਹੀ ਪੜ੍ਹੀਆਂ ਸਨ ਜੋ ਕਿਸੇ ਫ਼ਿਲਮੀ ਗੀਤ ਦੀਆਂ ਪੰਕਤੀਆਂ ਸਨ।
11403cd _new doc 2017_03_11 (1)_1ਉਸ ਤੋਂ ਬਾਅਦ ਮੈਂ ਆਪਣੀ ਪੂਰੀ ਕੁਆਰੀ ਜ਼ਿੰਦਗੀ ਮੁਹੱਬਤ ਦੇ ਨਾਂ ਤੋਂ ਡਰਦੀ ਰਹੀ ਤੇ ਉਸ ਭਲੀਮਾਣਸ ਨੇ ਵੀ ਫਿਰ ਕਦੇ ਮੇਰੇ ਦਰ ’ਤੇ ਦਸਤਕ ਨਹੀਂ ਦਿੱਤੀ। ਉਹ ਵੀ ਵਿਚਾਰੀ ਕੀ ਕਰਦੀ। ਮੈਂ ਆਪਣੇ ਦਰ ਹੀ ਇੰਨੀ ਬੁਰੀ ਤਰ੍ਹਾਂ ਭੀੜ ਲਏ ਸਨ ਕਿ ਉਸ ਨੇ ਖੜਕਾਇਆ ਵੀ ਹੋਵੇਗਾ ਤਾਂ ਮੇਰੇ ਕੰਨਾਂ ਤਕ ਉਸ ਦੀ ਆਵਾਜ਼ ਹੀ ਨਹੀਂ ਪੁੱਜੀ ਤੇ ਮੈਂ ਉਸ ਗੁਨਾਹ ਦੀ ਸਜ਼ਾ ਪਾਉਂਦੀ ਰਹੀ ਜੋ ਮੈਂ ਕੀਤਾ ਹੀ ਨਹੀਂ ਸੀ।
ਸੰੰਪਰਕ: 99881-52523


Comments Off on ਦਾਸਤਾਨ-ਏ-ਮੁਹੱਬਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.