ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਨਹੀਂ ਬਦਲੀ ਔਰਤ ਦੀ ਹੋਣੀ

Posted On March - 4 - 2017

ਸ਼ਮਿੰਦਰ ਕੌਰ

12202cd _village ladyਹਰ ਸਾਲ 8 ਮਾਰਚ ਨੂੰ ਔਰਤਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਔਰਤ ਦਿਵਸ ਮਨਾਇਆ ਜਾਂਦਾ ਹੈ, ਪਰ ਸਤਿਯੁਗ ਦੀ ਸੀਤਾ ਮਾਤਾ ਤੋਂ ਲੈ ਕੇ 2017 ਤਕ ਔਰਤਾਂ ’ਤੇ ਹੁੰਦੇ ਜ਼ੁਲਮ ਰੁਕਣ ਦਾ ਨਾਮ ਨਹੀਂ ਲੈ ਰਹੇ। ਜ਼ੁਲਮ ਦਾ ਰੂਪ ਬਦਲਿਆ ਹੈ, ਪਰ ਇਸ ਦੀ ਮੌਜੂਦਗੀ ਬਰਕਰਾਰ ਹੈ। ਪੁਰਾਤਨ ਸਮੇਂ ਤੋਂ ਹਰ ਵੰਸ਼ ਦੇ ਰਾਜਿਆਂ ਨੇ ਔਰਤਾਂ ਦਾ ਪੂਰਾ ਸ਼ੋਸ਼ਣ ਕੀਤਾ ਹੈ। ਜਿਸ ਰਾਜੇ ਦੀ ਜੰਗ ਵਿੱਚ ਹਾਰ ਹੁੰਦੀ ਸੀ, ਉਹ ਜਿੱਤੇ ਹੋਏ ਰਾਜੇ ਨੂੰ ਧਨ ਦੌਲਤ ਅਤੇ ਤੋਹਫ਼ੇ ਦਿੰਦਾ ਸੀ। ਇਨ੍ਹਾਂ ਤੋਹਫ਼ਿਆਂ ਵਿੱਚ ਔਰਤਾਂ ਵੀ ਦਿੱਤੀਆਂ ਜਾਂਦੀਆਂ ਸਨ। ਸੰਧੀਆਂ ਸਮਝੌਤੇ ਪੱਕੇ ਕਰਨ ਲਈ ਆਪਣੀਆਂ ਧੀਆਂ ਰਾਜੇ ਨਾਲ ਵਿਆਹ ਦਿੱਤੀਆਂ ਜਾਂਦੀਆਂ ਸਨ। ਇਸ ਤਰ੍ਹਾਂ ਰਾਜਿਆਂ ਦੇ ਹਰਮ ਵਿੱਚ ਹਜ਼ਾਰਾਂ ਔਰਤਾਂ ਇਕੱਠੀਆਂ ਹੋ ਜਾਂਦੀਆਂ ਸਨ।
ਮੁਗ਼ਲ ਰਾਜੇ ਅਕਬਰ ਦੇ ਹਰਮ ਵਿੱਚ 5000 ਔਰਤਾਂ ਸਨ। ਰਾਜਾ ਤੇ ਉਸਦੇ ਦਰਬਾਰੀ ਅਹਿਲਕਾਰ ਇਨ੍ਹਾਂ ਔਰਤਾਂ ਦਾ ਸ਼ੋਸ਼ਣ ਕਰਦੇ ਸਨ। ਮੁਗ਼ਲ-ਰਾਜਪੂਤ ਯੁੱਧਾਂ ਸਮੇਂ ਰਾਜਪੂਤ ਔਰਤਾਂ ਇਸ ਤਰ੍ਹਾਂ ਦੇ ਅਪਮਾਨ ਤੋਂ ਬਚਣ ਲਈ ਬੱਚਿਆਂ ਸਮੇਤ ਸਮੂਹਿਕ ਰੂਪ ਵਿੱਚ ਅੱਗ ਦੇ ਇੱਕ ਵੱਡੇ ਕੁੰਡ ਵਿੱਚ ਕੁੱਦ ਕੇ ਆਤਮ ਹੱਤਿਆ ਕਰ ਲੈਂਦੀਆਂ ਸਨ। ਇਸ ਨੂੰ ਜੌਹਰ ਪ੍ਰਥਾ ਕਿਹਾ ਜਾਂਦਾ ਸੀ। ਚਿਤੌੜ ਦੇ ਕਿਲੇ ਵਿੱਚ 3 ਵਾਰੀ ਜੌਹਰ ਹੋਏ। ਫ਼ਿਰੋਜ਼ ਸ਼ਾਹ ਤੁਗ਼ਲਕ ਅਤੇ ਅਲਾਉਦੀਨ ਖ਼ਿਲਜੀ ਦੇ ਸਮੇਂ ਵੀ ਜੌਹਰ ਹੋਏ।
ਮਹਾਰਾਜਾ ਰਜਿੰਦਰ ਸਿੰਘ ਤੇ ਭੁਪਿੰਦਰ ਸਿੰਘ ਪਟਿਆਲਾ ਦੇ ਹਰਮ ਵਿੱਚ ਕ੍ਰਮਵਾਰ 365 ਤੇ 350 ਔਰਤਾਂ ਸਨ।
ਔਰਤਾਂ ਉੱਤੇ ਹੁੰਦੇ ਇਨ੍ਹਾਂ ਜ਼ੁਲਮਾਂ ਤੋਂ ਬਚਣ ਲਈ ਪਰਦਾ ਪ੍ਰਥਾ ਦਾ ਆਰੰਭ ਹੋਇਆ। ਇਹ ਪ੍ਰਥਾ ਮੁਸਲਮਾਨਾਂ ਦੀ ਦੇਣ ਹੈ। ਮੁਗ਼ਲ ਸ਼ਾਸਕਾਂ ਦੇ ਜ਼ੁਲਮਾਂ ਕਰਕੇ ਇਹ ਪ੍ਰਥਾ ਪ੍ਰਚੱਲਿਤ ਹੋਈ। ਰਾਜਪੂਤ ਔਰਤਾਂ ਵਿੱਚ ਇਹ ਪ੍ਰਥਾ ਬਹੁਤ ਪ੍ਰਚੱਲਿਤ ਰਹੀ ਹੈ ਤੇ ਅੱਜ ਵੀ ਦੇਖੀ ਜਾ ਸਕਦੀ ਹੈ। ਸਦੀਆਂ ਤੋਂ ਭਾਰਤ ਵਿੱਚ ਸਤੀ ਪ੍ਰਥਾ ਵਰਗੀ ਅਣਮਨੁੱਖੀ ਪ੍ਰਥਾ ਚਲਦੀ ਰਹੀ ਹੈ। ਦੱਖਣੀ ਭਾਰਤ ਵਿੱਚ ਦੇਵਦਾਸੀ ਪ੍ਰਥਾ ਪ੍ਰਚੱਲਿਤ ਹੈ। ਇਸ ਪ੍ਰਥਾ ਅਧੀਨ 12-13 ਸਾਲ ਦੀਆਂ ਲੜਕੀਆਂ ਨੂੰ ਮੰਦਰ ਵਿੱਚ ਅਰਪਣ ਕਰ ਦਿੱਤਾ ਜਾਂਦਾ ਹੈ। ਉੱਥੇ ਪੁਜਾਰੀ ਤੇ ਅਮੀਰ ਲੋਕ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦੇ ਹਨ।
ਦਹੇਜ ਪ੍ਰਥਾ ਹਮੇਸ਼ਾਂ ਤੋਂ ਹੀ ਭਾਰਤੀ ਸਮਾਜ ਵਿੱਚ ਵਿਸ਼ੇਸ਼ ਥਾਂ ਰੱਖਦੀ ਹੈ। ਭਾਰਤ ਵਿੱਚ ਹਰ ਦਿਨ 80 ਤੋਂ 90 ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਜ਼ਿਆਦਾਤਰ ਮਾਮਲੇ ਦਰਜ ਹੀ ਨਹੀਂ ਕਰਵਾਏ ਜਾਂਦੇ। ਹੁਣ ਵਹਿਸ਼ੀਅਤ ਇਸ ਮੁਕਾਮ ’ਤੇ ਪੁੱਜ ਚੁੱਕੀ ਹੈ ਕੇ 3-4 ਮਹੀਨਿਆਂ ਦੀਆਂ ਨਵਜੰਮੀਆਂ ਬੱਚੀਆਂ ਤੇ ਮ੍ਰਿਤਕ ਸਰੀਰਾਂ ਨੂੰ ਇਸਦਾ ਸ਼ਿਕਾਰ ਬਣਾਇਆ ਜਾਣ ਲੱਗਾ ਹੈ। ਦਸੰਬਰ 2015 ਵਿੱਚ ਉੱਤਰ ਪ੍ਰਦੇਸ਼ ਦੇ ਆਸਿਫ਼ ਨਗਲਾ ਪਿੰਡ ਵਿੱਚ 28 ਦਿਨ ਦੀ ਬੱਚੀ ਨਾਲ ਬਲਾਤਕਾਰ ਹੋਇਆ। ਜਨਵਰੀ 2016 ਵਿੱਚ ਗਾਜ਼ੀਆਬਾਦ ਵਿੱਚ 26 ਸਾਲ ਔਰਤ ਨੂੰ ਜਿਸਦੀ ਇੱਕ ਦਿਨ ਪਹਿਲਾਂ ਮੌਤ ਹੋਈ ਸੀ, ਉਸ ਨੂੰ ਕਬਰ ਵਿੱਚੋਂ ਕੱਢ ਕੇ ਬਲਾਤਕਾਰ ਕੀਤਾ ਗਿਆ।
ਜਦੋਂ ਵੀ ਕਿਤੇ ਦੰਗੇ ਫ਼ਸਾਦ ਹੁੰਦੇ ਹਨ ਔਰਤਾਂ ਨਾਲ ਦਰਿੰਦਗੀ ਜ਼ਰੂਰ ਹੁੰਦੀ ਹੈ। ਦੇਸ਼ ਦੀ ਵੰਡ ਸਮੇਂ, ’84 ਦੇ ਦੰਗਿਆਂ ਸਮੇਂ, ਗੁਜਰਾਤ ਅਤੇ ਮੁਜ਼ੱਫਰਨਗਰ ਦੇ ਦੰਗਿਆਂ ਸਮੇਂ ਔਰਤਾਂ ਦੀ ਬਹੁਤ ਬੇਪਤੀ ਹੋਈ। ਕੁਝ ਮਹੀਨੇ ਪਹਿਲਾਂ ਹਰਿਆਣਾ ਵਿੱਚ ਹੋਇਆ ਜਾਟ ਅੰਦੋਲਨ ਇਸਦੀ ਤਾਜ਼ਾ ਉਦਾਹਰਣ ਹੈ।
ਸਤੀ ਪ੍ਰਥਾ ਨੂੰ ਠੱਲ ਪਏ ਜ਼ਿਆਦਾ ਸਮਾਂ ਨਹੀਂ ਹੋਇਆ, ਪਰ ਹੁਣ ਤੇਜ਼ਾਬ ਪਾ ਕੇ ਔਰਤਾਂ ਨੂੰ ਸਾੜਿਆ ਜਾਣ ਲੱਗਾ ਹੈ। ‘ਐਸਿਡ ਸਰਵਾਈਵਰ ਟਰੱਸਟ ਇੰਟਰਨੈਸ਼ਨਲ’ ਮੁਤਾਬਿਕ ਦੁਨੀਆਂ ਵਿੱਚ ਹਰ ਸਾਲ ਤੇਜ਼ਾਬ ਸੁੱਟਣ ਦੇ 1,500 ਮਾਮਲੇ ਵਾਪਰਦੇ ਹਨ ਜਿਨ੍ਹਾਂ ਵਿੱਚੋਂ 1000 ਸਿਰਫ਼ ਭਾਰਤ ਵਿੱਚ ਹੁੰਦੇ ਹਨ।
ਭਾਰਤੀ ਮਾਂ ਬਾਪ ਲੜਕੀ ਦੇ ਵਿਆਹ ਸਮੇਂ ਬਹੁਤ ਕਰਜ਼ਾ ਲੈ ਲੈਂਦੇ ਹਨ, ਪਰ ਜਾਇਦਾਦ ਵਿੱਚੋਂ ਉਸ ਨੂੰ ਇੱਕ ਤੀਲਾ ਦੇ ਕੇ ਰਾਜ਼ੀ ਨਹੀਂ ਹਨ। ਜੇਕਰ ਕੋਈ ਔਰਤ ਬਾਪ ਦੀ ਜਾਇਦਾਦ ਵਿੱਚੋਂ ਕੁਝ ਹਿੱਸਾ ਲੈਂਦੀ ਵੀ ਹੈ ਤਾਂ ਸਮਾਜ ਵਿੱਚ ਉਸ ਨੂੰ ਤ੍ਰਿਸਕਾਰਿਆ ਜਾਂਦਾ ਹੈ। ਉਸ ਨੂੰ ਨਾ ਹੀ ਸਹੁਰੇ ਘਰ ਦੀ ਜਾਇਦਾਦ ਵਿੱਚੋਂ ਕੋਈ ਹੱਕ ਮਿਲਦਾ ਹੈ ਨਾ ਹੀ ਪੇਕਿਆਂ ਦੀ ਵਿੱਚੋਂ।
ਭਾਰਤੀ ਸਮਾਜ ਵਿੱਚ ਲੜਕੀ ਨੂੰ ਆਪਣਾ ਜੀਵਨ ਸਾਥੀ ਆਪ ਚੁਣਨ ਦਾ ਅਧਿਕਾਰ ਵੀ ਸੰਪੂਰਨ ਤੌਰ ’ਤੇ ਨਹੀਂ ਹੈ। ਜੇਕਰ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੀ ਹੈ ਜਾਂ ਕਰਾਉਣਾ ਚਾਹੁੰਦੀ ਹੈ ਤਾਂ ਇੱਜ਼ਤ ਦੇ ਨਾਮ ਉੱਤੇ ਦੋਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਅਣਖ ਲਈ ਕਤਲ ਹਿੰਦੂ, ਸਿੱਖ ਤੇ ਮੁਸਲਮਾਨ ਤਿੰਨੋਂ ਕੌਮਾਂ ਵਿੱਚ ਆਮ ਗੱਲ ਹੈ। ਹਰ ਸਾਲ ਦੁਨੀਆਂ ਵਿੱਚ ਅਣਖ ਲਈ ਕਤਲ  ਵਿੱਚ 5000 ਮਾਮਲੇ ਦਰਜ ਹੁੰਦੇ ਹਨ ਜਿਨ੍ਹਾਂ ਵਿੱਚੋਂ 1000  ਇਕੱਲੇ ਭਾਰਤ ਵਿੱਚ ਹੀ ਹੁੰਦੇ ਹਨ।
ਅਜਿਹੀਆਂ ਘਟਨਾਵਾਂ ਤੋਂ ਜ਼ਾਹਿਰ ਹੈ ਕਿ ਕੌਣ ਬੇਟੀ ਪੈਦਾ ਕਰਨਾ ਚਾਹੇਗਾ? ਇਸ ਲਈ ਨਵਜੰਮੀ ਬੱਚੀ ਨੂੰ ਮਾਰਨ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਤਰੀਕੇ ਪ੍ਰਚੱਲਿਤ ਰਹੇ ਹਨ। ਪੁਰਾਤਨ ਸਮੇਂ ਵਿੱਚ ਕੁਝ ਨਿਸ਼ਾਨੀਆਂ ਤੋਂ ਗਰਭ ਵਿਚਲੇ ਬੱਚੇ ਦੇ ਲਿੰਗ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਜੇਕਰ ਕੁੜੀ ਦੀਆਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਸਨ ਤਾਂ ਮਾਂ ਦੇ ਪੇਟ ਨੂੰ ਕੁੱਟ-ਕੁੱਟ ਕੇ ਬੱਚਾ ਮਾਰ ਦਿੱਤਾ ਜਾਂਦਾ ਸੀ। ਫਿਰ ਵਿਗਿਆਨ ਨੇ ਵਿਕਾਸ ਕੀਤਾ ਅਤੇ ਅਲਟਰਾ ਸਾਊਂਡ ਤਕਨੀਕ ਦੀ ਵਰਤੋਂ ਵੱਡੇ ਪੱਧਰ ਉੱਤੇ ਬੱਚੇ ਦਾ ਲਿੰਗ ਪਤਾ ਕਰਨ ਲਈ ਹੋਣ ਲੱਗੀ। ਜਿਸਦੇ ਚਲਦੇ 1994 ਵਿੱਚ ਸਰਕਾਰ ਨੇ ਇਸ ਵਿਰੁੱਧ ਕਾਨੂੰਨ ਬਣਾਇਆ। ਪਰ ਅੱਜ ਵੀ ਇਸ ਦੀ ਵਰਤੋਂ ਕੰਨਿਆ ਭਰੁਣ ਹੱਤਿਆ ਲਈ ਵੱਡੇ ਪੱਧਰ ਉੱਤੇ ਕੀਤੀ ਜਾਂਦੀ ਹੈ।
ਭਾਰਤ ਵਿੱਚ 70 ਫ਼ੀਸਦੀ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਦੀਆਂ ਹਨ। ਹਿੰਸਾ ਦਾ ਸ਼ਿਕਾਰ ਸਿਰਫ਼ ਪਤਨੀ ਹੀ ਨਹੀਂ ਬਲਕਿ ਘਰ ਦੀ ਹਰ ਔਰਤ ਹੁੰਦੀ ਹੈ। ਮਰਦ ਆਪਣੇ ਜਾਇਜ਼ ਨਾਜਾਇਜ਼ ਹੁਕਮ ਉਨ੍ਹਾਂ ਉੱਤੇ ਥੋਪਦੇ ਹਨ। ਸੁਰੱਖਿਆ ਦੇ ਨਾਮ ਉੱਤੇ ਉਨ੍ਹਾਂ ਦੀ ਆਜ਼ਾਦੀ ਦੀ ਬਲੀ ਦਿੱਤੀ ਜਾਂਦੀ ਹੈ। ਇਸ ਕਾਰਨ ਉਨ੍ਹਾਂ ਦੀ ਪੜ੍ਹਾਈ, ਵੱਖ-ਵੱਖ ਯੋਗਤਾਵਾਂ, ਹੁਨਰ ਅਤੇ ਸੁਪਨੇ ਘਰ ਅੰਦਰ ਹੀ ਦਮ ਤੋੜ ਜਾਂਦੇ ਹਨ।
ਇਹ ਸਿਰਫ਼ ਭਾਰਤ ਵਿੱਚ ਔਰਤਾਂ ਦੀ ਹਾਲਤ ਦਾ ਸੰਖੇਪ ਜਿਹਾ ਵਰਨਣ ਹੈ। ਜੇਕਰ ਸਾਰੀ ਦੁਨੀਆਂ ਵਿੱਚ ਔਰਤਾਂ ਦੀ ਹਾਲਤ ਬਿਆਨ ਕਰਨੀ ਹੋਵੇ ਤਾਂ ਇਸ ਤੋਂ ਵੀ ਡਰਾਉਣੀ ਹਕੀਕਤ ਸਾਹਮਣੇ ਆਏਗੀ। ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਹਰ ਪੱਖੋਂ ਵਿਕਾਸ ਕਰਨ ਹੋਣ ਨਾਲ ਔਰਤਾਂ ’ਤੇ ਜ਼ੁਲਮ ਕਰਨ ਦੇ ਵੀ ਨਵੇਂ ਢੰਗ ਵਿਕਸਤ ਹੋ ਗਏ ਹਨ।

ਸੰਪਰਕ: shaminderbrar83@gmail.com


Comments Off on ਨਹੀਂ ਬਦਲੀ ਔਰਤ ਦੀ ਹੋਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.