ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਨਾਰੀਵਾਦੀ ਚਿੰਤਨ ਦੀ ਭਾਸ਼ਾ

Posted On March - 18 - 2017

11803CD _SECOND SEX BOOK TITLEਨਾਰੀਵਾਦ ਬਾਰੇ ਸਭ ਤੋਂ ਪਹਿਲਾਂ ਸੱਠ੍ਹਵਿਆਂ ਦੌਰਾਨ ਫਰਾਂਸ ’ਚ ਸਾਈਮਨ ਦਿ ਬੁਆ ਦੀ ਕਿਤਾਬ ‘ਦਾ ਸੈਕੰਡ ਸੈਕਸ’ ਦੇ ਆਉਣ ਨਾਲ ਚਰਚਾ ਆਰੰਭ ਹੋਇਆ। ਇਸ ਤੋਂ ਪਹਿਲਾਂ ਉਨ੍ਹੀਵੀਂ ਸਦੀ ’ਚ ਯੂਰਪ ਤੇ ਅਮਰੀਕਾ ’ਚ ਨਾਰੀ ਚਿੰਤਕਾਂ ਤੇ ਕਾਰਕੁਨਾਂ ਨੇ ਵੋਟ ਦੇ ਅਧਿਕਾਰ ਲਈ ਸੰਘਰਸ਼ ਕੀਤਾ। ਇਸ ਸੰਘਰਸ਼ ਕਾਰਨ ਉਨ੍ਹਾਂ ਅੰਦਰ ਨਾਰੀ ਦੀ ਹੋਂਦ ਤੇ ਦੇਹ ਬਾਰੇ ਚਿੰਤਨੀ ਗਿਆਨਸ਼ਾਸਤਰੀ ਸਮਝ ਪੈਦਾ ਹੋਈ।
ਸਾਈਮਨ ਦਿ ਬੁਆ ਤੇ ਫਰਾਂਸਿਸੀ ਨਾਰੀਵਾਦੀ ਚਿੰਤਕਾਵਾਂ ਨੇ ਨਾਰੀ ਦੇਹ, ਭਾਸ਼ਾ ਤੇ ਸੱਭਿਆਚਾਰ ਬਾਰੇ ਸਾਰੇ ਸਰਬਸੱਤਾਵਾਦੀ ਪ੍ਰਵਚਨ ਨੂੰ ਵਿਸਥਾਪਿਤ ਕੀਤਾ। ਉਨ੍ਹਾਂ ਨੇ ਨਾ ਸਿਰਫ਼ ਨਾਰੀ  ਦੇਹ ਨੂੰ ‘ਐਬਜੈਕਟ’/ਸੂਤਕ ਦੀ ਸਥਿਤੀ ’ਚੋਂ ਬਾਹਰ ਕੱਢਿਆ, ਸਗੋਂ ਇਸ ਨੂੰ ਵਾਧ (ਜੌਰਜ ਬਾਤੱਈ ਦੇ ਸੰਕਲਪ ਅਕਸੈੱਸ ਅਨੁਸਾਰ) ਨਾਲ ਜੋੜ ਕੇ ਦੇਖਣ ਲਈ ਵੱਡੀ ਦਖ਼ਲਅੰਦਾਜ਼ੀ ਕੀਤੀ। ਇਹ ਵਾਧ ਨਾ ਸਿਰਫ਼ ਨਾਰੀ ਦੇਹ ਦੀ ਕਿਸੇ ਗਣਿਤ ਤੋਂ ਬਾਹਰ ਹੋ ਕੇ ਨਿਭਾਅ ਦੀ ਯੋਗਤਾ ਕਾਰਨ ਆਉਂਦੀ ਹੈ, ਬਲਕਿ ਉਸ ਦੇ ਬਹੁਵਚਨੀ ਬ੍ਰਹਿਮੰਡੀ ਊਰਜਾਵਾਂ ਨਾਲ ਗਠਬੰਧਨ ’ਚੋਂ ਵੀ ਪੈਦਾ ਹੁੰਦੀ ਹੈ। ਨਾਰੀਵਾਦੀ ਚਿੰਤਕਾਵਾਂ ਜਿਵੇਂ ਇਰੀਗਿਰੇ, ਹੈਲਨ ਸਿੱਖੂ, ਜੂਲੀਆ ਕ੍ਰਿਸਤੀਵਾ, ਡੋਨਾ ਹਾਰਾਵੇ ਨੇ ਵੱਖਰਤਾ ਦੇ ਸਿਧਾਂਤ ਦੀ ਵਿਆਖਿਆ ਕੀਤੀ ਹੈ, ਉਸ ਨਾਲ ਨਿਰਪੇਖੀ ਪੈਰਾਡਾਈਮ ਹੋਰ ਬਿਖਰਿਆ। ਇਨ੍ਹਾਂ ਚਿੰਤਕਾਵਾਂ ਦਾ ਬਲ ਨਾਰੀ ਦੇਹ ਤੇ ਸਪੇਸ ਦੇ ਵੱਖਰੇ ਵਿਆਖਿਆ ਸ਼ਾਸਤਰ ਨੂੰ ਸਥਾਪਿਤ ਕਰਨ ’ਤੇ ਸੀ। ਇੰਝ ਕਰਦਿਆਂ ਇਨ੍ਹਾਂ ਨੇ ਨਾ ਸਿਰਫ਼ ਨਾਰੀ ਸਪੇਸ ਨੂੰ ਮੁੜ ਸੋਚਿਆ, ਬਲਕਿ ਕਈ ਪਿਤਰਕੀ, ਧਾਰਮਿਕ ਅਤੇ ਸੱਭਿਆਚਾਰਕ ਸਥਿਰਤਾਵਾਂ ਨੂੰ ਵੀ ਸਥਾਪਤ ਕੀਤਾ।

ਸਾਈਮਨ ਦਿ ਬੁਆ

ਸਾਈਮਨ ਦਿ ਬੁਆ

ਇਰੀਗੇਰੇ ਪ੍ਰਵਚਨਾਂ, ਭਾਸ਼ਾ ਅਤੇ ਸੰਸਥਾਵਾਂ ਨੂੰ ਕਾਮੁਕ ਵਿਸ਼ੇਸ਼ਤਾ ਅਤੇ ਵੱਖਰਤਾ ਤੋਂ ਮੁੜ ਸੰਗਠਿਤ ਕਰਨ ‘ਤੇ ਬਲ ਦਿੰਦੀ ਹੈ। ਉਸ ਦਾ ਵਿਚਾਰ ਹੈ ਕਿ ਨਾਰੀ ਦੀ ਪੁਜ਼ਿਸ਼ਨ ਪਿਛਲੀਆਂ ਕਈ ਸਦੀਆਂ ਤੋਂ ਹਾਸ਼ੀਆਕ੍ਰਿਤ ਰਹੀ ਹੈ। ਇਸ ਲਈ ਕਈ ਪ੍ਰਵਚਨ ਤੇ ਸੰਸਥਾਵਾਂ ਨਾਰੀ ਦੇਹ ਦੀ ਵੱਖਰੀ ਵਾਧ, ਭਾਸ਼ਾ ਤੇ ਆਨੰਦਿਤਾ ਪਹਿਚਾਣੇ ਬਿਨਾਂ ਹੀ ਕਾਰਜਸ਼ੀਲ ਰਹੀਆਂ। ਨਾਰੀ ਦੇ ਅਭਾਵ ਤੇ ਘਾਟੇ ’ਚ ਕਾਰਜ ਕਰਦੇ ਫਰਾਈਡੀਅਨ ਤੇ ਲਾਕਾਨੀਅਨ ਬਿੰਬ ਵਿਰੁੱਧ ਇਰੀਗੇਰੇ ਦੱਸਦੀ ਹੈ ਕਿ ਨਾਰੀ ਛੋਹ, ਅਦਾ ਤੇ ਕਲਪਨਾ ਰਾਹੀਂ ਆਪਣੇ ਆਪ ਨੂੰ  ਬਹੁਪਰਤਤਾ ਨਾਲ ਪ੍ਰਗਟਾਉਂਦੀ ਹੈ। ਆਪਣੇ ਲੇਖ ‘ਦਿ ਜੈਸਚਰ ਇਨ ਸਾਈਕੋਅਨੈਲੇਸਿਸ’ ’ਚ ਉਹ ਨਾਰੀ ਦੇ ਮਰਦ ਤੋਂ ਵੱਖਰੀ ਪ੍ਰਤੀਕਾਤਮਕਤਾ ‘ਚ ਆਰੰਭ ਨੂੰ ਰੇਖਾਂਕਿਤ ਕਰਦੀ ਹੈ। ਫਰਾਇਡ ਦੇ ‘ਫੋਰਤ-ਦਾ’ ਦੇ ਪੈਰਾਡਾਈਮ ਨੂੰ ਤੱਜਦਿਆਂ ਉਸ ਦਾ ਸੁਝਾਅ ਹੈ ਕਿ ਮੁੰਡਾ/ਬੱਚਾ ਆਪਣੀ ਮਾਂ ਦੀ ਗ਼ੈਰਹਾਜ਼ਰੀ ’ਚ ਪੈਦਾ ਹੋਈ ਨਿਪੁੰਨਤਾ ਨਾਲ ਪ੍ਰਤੀਕ ਅੰਦਰ ਦਾਖ਼ਿਲ ਹੁੰਦਾ ਹੈ। ਕੁੜੀ/ਬੱਚੀ ਆਪਣੀ ਮਾਂ ਨਾਲ ਬਾਤ-ਚੀਤ ਦੇ ਰਿਦਮ ਰਾਹੀਂ ਭਾਸ਼ਾ ’ਚ ਪ੍ਰਵੇਸ਼ ਕਰਦੀ ਹੈ। ਉਹ ਨਾਰੀ ਦੀਆਂ ਕਾਮ ਵਿਸ਼ੇਸ਼ਤਾਵਾਂ ਅਤੇ ਚੱਕਰੀ ਊਰਜਾਵਾਂ ਦੀ ਬ੍ਰਹਿਮੰਡ ਦੇ ਇੱਕਵਚਨਤਾ ਨਾਲ ਤੁਲਨਾ ਕਰਦੀ
ਹੈ।  ਉਸ ਦਾ ਇਹ ਵੀ ਕਹਿਣਾ ਹੈ ਕਿ ਨਾਰੀ ਆਪਣੀ ਦੇਹ ਦੀ ਲੈਅ, ਛੋਹ ਤੇ ਦੁਵੱਲੀ ਸਾਮਿਅਕਤਾ ਰਾਹੀਂ ਪੈਦਾ ਹੋਈ ਖ਼ਾਸ ਯੋਗਤਾ ਕਾਰਣ ਕਾਮੁਕ ਆਰਥਿਕਤਾ ਬਾਰੇ ਗੱਲ ਬਾਤ ਕਰਦੀ ਹੈ। ਇੰਝ ਨਾਰੀ ਦੇਹ ਅਤੇ ਸਪੇਸ ਉਸ ਨੂੰ ਬ੍ਰਹਿਮੰਡ ਨਾਲ ਨਾ ਘਟਾਏ ਜਾ ਸਕਣ ਵਾਲੇ ਸਬੰਧਾਂ ’ਚ ਪਾਉਂਦੀ ਹੈ।

 ਮਨਮੋਹਨ ਮਨਮੋਹਨ

ਮਨਮੋਹਨ
ਮਨਮੋਹਨ

ਹੈਲਨ ਸਿੱਖੂ ਨਾਰੀ ਦੀ ਲਿਬੀਡੀਨਲ ਆਰਥਿਕਤਾ ਦੀ ਵਿਆਖਿਆ ਉਸ ਦੀ ਨਿਰਸਵਾਰਥ ਭਾਵਨਾ ਨਾਲ ਆਪਣੇ ਆਪ ਨੂੰ ਪੇਸ਼ ਕਰਨ ਦੀ ਸਮਰੱਥਾ ਦੀ ਵਿਆਖਿਆ ਕਰਦੀ ਹੈ। ਉਹ ਨਾਰੀ ਦੇਹ ਦੀ ਲਿਬੀਡਨਲ ਵਾਧ ਨੂੰ ਬ੍ਰਹਿਮੰਡ/ ਕੋਸਮੋਸ ਨਾਲ ਜੋੜਦੀ ਹੈ। ਨਾਰੀ ਦਾ ਕਾਮ ਖੜ੍ਹੇ ਹੋਣ ਜਾਂ ਆਕੜਣ ’ਚ ਨਹੀਂ ਹੁੰਦਾ, ਬਲਕਿ ਸਫੁੱਟਨ ’ਚ ਹੁੰਦਾ ਹੈ। ਇਸੇ ਲਈ ਉਸ ਦੀਆਂ ਲਿਖਤਾਂ ਲਿੰਗ-ਕੇਂਦ੍ਰਿਤ ਸਿਸਟਮਾਂ ਤੋਂ ਅਗਾਂਹ ਜਾਂਦੀਆਂ ਹਨ। ਹੈਲਨ ਫਰਾਇਡ ਤੇ ਬਾਤੱਈ ਦੋਹਾਂ ਤੋਂ ਪ੍ਰਭਾਵਿਤ ਹੈ। ਉਸ ਦਾ ਕਹਿਣਾ ਹੈ ਕਿ ਨਾਰੀ ਦੇਹ ਵਾਧ ਦਾ ਅਵਤਾਰ ਹੈ, ਜੋ ਕਿ ਔਡੀਪੀਅਲੀਕ੍ਰਿਤ ਹੋਣ ਤੋਂ ਇਨਕਾਰੀ ਹੈ।
ਜੂਲੀਆ ਕ੍ਰਿਸਤੀਵਾ ਉਨ੍ਹਾਂ ਪੱਛਮੀ ਸਰਬੀਕ੍ਰਿਤ ਪੈਰਾਡਾਈਮਾਂ ਨੂੰ ਤੋੜਦੀ ਹੈ,  ਜਿਨ੍ਹਾਂ ਨਾਰੀ ਦੇਹ ਨੂੰ ਚਿਹਨਤਾਮਤਕਤਾ ਦੀ ਸਪੇਸ ਤੋਂ ਗ਼ੈਰ-ਚਿਹਨਾਤਮਕਤਾ ਵੱਲ ਧਕੇਲ ਦਿੱਤਾ ਹੈ। ਉਸ ਦੀ ਮੁੱਖ ਦੇਣ ਹੈ ਕਿ ਉਸ ਨੇ ਨਾਰੀ ਦੇਹ ਦੀ ਮਹੱਤਤਾ ਨੂੰ, ਉਸ ਦੀ ਭਾਸ਼ਾ ’ਚ ਵਾਪਸ ਲਿਆਂਦਾ। ਜੁਲੀਆ ਕ੍ਰਿਸਤੀਵਾ ਨੇ ਆਪਣੀ ਕਿਤਾਬ ‘ਪਾਵਰ ਆਫ਼ ਹੌਰਰ ’ਚ ਇਹ ਚਰਚਾ ਕੀਤੀ ਹੈ ਕਿ ਕਿਵੇਂ ਨਾਰੀ ਦੇਹ ਨੂੰ ਐਬਜੈਕਟ/ਸੂਤਕ ਸਥਿਤੀ ’ਚ ਧੱਕ ਦਿੱਤਾ। ਇਹ ਕੋਈ ਪਰਿਭਾਸ਼ਿਤ ਕੀਤੀ ਜਾ ਸਕਣ ਵਾਲੀ ਵਸਤ ਨਹੀਂ, ਬਲਕਿ ਇਕ ਦੂਜਾਪਨ ਹੈ, ਜੋ ਨਿਰੰਤਰ ਦੂਰ ਭੱਜ ਰਿਹਾ ਹੈ ਅਤੇ ਲੀਨ ਹੋਣ ਤੋਂ ਇਨਕਾਰੀ ਹੈ। ਜੂਲੀਆ ਕ੍ਰਿਸਤੀਵਾ ਵਸਤੂ ਵੱਲੋਂ ਆਪਣੇ ਮਾਲਿਕ ਵਿਰੁੱਧ ਨਾਬਰੀ ’ਤੇ ਬਲ ਦਿੰਦੀ ਹੈ। ਨਾਰੀ ਦੇਹ ਨੂੰ ਪਲੀਤ ਕਰਕੇ ਹਾਸ਼ੀਏ ’ਤੇ ਧਕੇਲ ਦਿੱਤਾ ਗਿਆ ਹੈ, ਜੋ ਦਿਸਹੱਦੇ ਅਤੇ ਗਰਜ਼ ਦੇ ਦੂਹਰੇ ਸਮੇਂ ’ਚ ਪ੍ਰਵੇਸ਼ ਕਰ
ਜਾਂਦਾ ਹੈ। ਇਸੇ ਦੁਬਿਧਾ ’ਚ ਨਾਰੀ ਦੇਹ, ਭਾਸ਼ਾ ਤੇ ਲਿਖਤ ਆਪਣੀ ਚਿਹਨਾਤਮਕਤਾ ਲੈਂਦੀ ਹੈ। ਹਿੰਸਾ ਤੇ ਆਨੰਦ ਦੇ ਇਸ ਪ੍ਰਮੁੱਖ ਅਮਲ ’ਚ ਨਾਰੀ ਦੇਹ ਦੀਆਂ ਲੈਆਤਮਕ, ਸਿਰਜਣਾਤਮਕ ਊਰਜਾਵਾਂ ਉਸਨੂੰ ਐਬਜੈਕਟਿਵੀ/ ਸੂਤਕਤਾ ਤੋਂ ਪਾਰ ਲੈ ਜਾ ਕੇ ਉਸ ਨੂੰ ਸਬਜੈਕਟ ਬਣਾ ਦਿੰਦੀਆਂ ਹਨ।
ਜੂਲੀਆ ਕ੍ਰਿਸਤੀਵਾ ਦਾ ਕਹਿਣਾ ਹੈ ਕਿ ਨਾਰੀ ਦੇਹ, ਨਾਰੀ ਇਤਿਹਾਸ ਅਤੇ ਨਾਰੀ ਸਮਿਆਂ ਦੀ ਇਹ ਬਹੁ-ਰੂਪੀ ਦੁਬਿਧਾ ’ਚ ਵਿਸ਼ੇਸ਼ ਸੰਭਾਵਨਾਵਾਂ ਦੀ ਸ਼ਕਤੀ ਪਈ ਹੁੰਦੀ ਹੈ। ਉਸ ਅਨੁਸਾਰ ਨਾਰੀ ਦੇਹ ਚੱਕਰੀ ਤੇ ਸਮਾਰਕੀ ਦੋਹਾਂ ਸਮਿਆਂ ’ਚ ਕਾਰਜ ਕਰਦੀ ਹੈ।
ਇਨ੍ਹਾਂ ਨਾਰੀਵਾਦੀ ਚਿੰਤਕਾਵਾਂ ਦੇ ਕਾਮ-ਵਿਸ਼ੇਸ਼ ਵਿਆਖਿਆ ਸ਼ਾਸਤਰ ਨੂੰ ਅੱਗੇ ਸੱਭਿਆਚਾਰ ਵਿਸ਼ੇਸ਼ੀ ਪਹੁੰਚ ਤੋਂ ਵੀ ਸਮਝਣਾ ਜ਼ਰੂਰੀ ਹੈ। ‘ਫੈਮਨਿਜ਼ਮ ਇਨ ਦਿ ਸਟੱਡੀ ਆਫ਼ ਰਿਲੀਜਨ’ ’ਚ ਹੋਰ ਨਾਰੀਵਾਦੀ ਚਿੰਤਕਾਵਾਂ ਜਿਵੇਂ ਐਚ. ਸ਼ੁਕਰਉਲਾਹ, ਜੁਡਿਥ ਬਟਲਰ ਤੇ ਸ਼ੈਰੀ ਬੀ. ਔਰਨਰ ਦਾ ਬਲ ਹੈ ਕਿ ਨਾਰੀ ਦੇਹ, ਭਾਸ਼ਾ ਤੇ ਪਵਿੱਤਰ ਦਾ ਪ੍ਰਗਟਾਵਾ ਸਿਰਫ਼ ਸੱਭਿਆਚਾਰ-ਵਿਸ਼ੇਸ਼ੀ ਵਿਆਖਿਆ ਸ਼ਾਸਤਰ ਰਾਹੀਂ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਨਾਰੀ ਇਤਿਹਾਸ, ਸੱਭਿਆਚਾਰ ਨੂੰ ਰੇਖਕੀਅਤਾ ’ਚ ਦੇਖਣ ਵਾਲੇ ਪੱਛਮੀ ਸਾਰਵਭੌਮਿਕ ਨਾਰੀਵਾਦੀ ਪ੍ਰਾਜੈਕਟਾਂ ਦੀ ਇਸ ਲਈ ਸਖ਼ਤ ਆਲੋਚਨਾ ਕੀਤੀ ਕਿਉਂ ਕਿ ਇਨ੍ਹਾਂ ਪ੍ਰਾਜੈਕਟਾਂ ਨੇ ਏਸ਼ੀਆ, ਅਫਰੀਕਾ ਤੇ ਅਰਬ ਜਗਤ ਦੀਆਂ ਨਾਰੀਆਂ ਦੀ ਸੱਭਿਆਚਾਰਕ ਮੀਮਾਂਸਕ ਸਪੇਸ ਦਾ ਕੋਈ ਲੇਖਾ-ਜੋਖਾ ਨਹੀਂ ਲਿਆ।
ਸ਼ੈਰੀ ਬੀ. ਔਰਨਰ ਓਸ ਸੱਭਿਆਚਾਰਕ ਮੁੱਲਾਂਕਣ ਦੀ ਗੱਲ ਕਰਦੀ ਹੈ ਜਿਸ ਨੇ ਲਗਾਤਾਰ ਨਾਰੀ ਨੂੰ ਹਾਸ਼ੀਆਕ੍ਰਿਤ ਕੀਤਾ ਅਤੇ ਇਹ ਔਰਤ ਦੀ ਗ਼ੁਲਾਮੀ ਸੱਭਿਆਚਾਰਕ ਰੂਪ ’ਚ ਸਾਰਵਭੌਮਿਕ ਹੈ। ਸ਼ੁਕਰਉਲਾਹ ਉਸ ਪੱਛਮੀ ਸਭਿੱਆਚਾਰਕ ਗ਼ਲਬੇ ਨੂੰ ਪ੍ਰਸ਼ਨ ਕਰਦੀ ਹੈ ਜਿਸ ’ਚ ਪਰਦਾ, ਜੋ ਕਿ ਰੋਸ ਤੇ ਸਵੀਕਾਰ ਦੋਹਾਂ ਦਾ ਚਿਹਨ ਹੈ, ਨੂੰ ਇਸਲਾਮੀ ਵਿਸ਼ੇਸ਼ਤਾ ’ਚ ਦੇਖਣ ਦੀ ਲੋੜ ਹੈ। ਐਮ. ਪੈਸਕੋਵਿਟਜ਼ ਨਾਰੀ ਯਥਾਰਥ ਨੂੰ ਸ਼ਾਮਲ ਕਰਨ ਲਈ ਸੱਭਿਆਚਾਰਕ ਪਹੁੰਚ ਅਪਣਾਉਣ ਬਾਰੇ ਗੱਲ ਕਰਦੀ ਹੈ। ਪਿਛਲੇ ਸਮਿਆਂ ’ਚ ਨਾਰੀ ਦੀ ਸਥਿਤੀ ਨੂੰ ਸਮਝਣ ਲਈ ਸੱਭਿਆਚਾਰਕ ਪਹੁੰਚ ’ਤੇ ਬਲ ਦਿੱਤਾ ਜਾ ਰਿਹਾ ਹੈ। ਭਾਵੇਂ ਕਿ ਐਲਨ ਸਿੱਖੂ ਤੇ ਇਰੀਗੇਰੇ ਦੇ ਸੰਕਲਪਾਂ ਨੇ ਨਾਰੀ ਦੇਹ ਦੀ ਵੱਖਰਤਾ ’ਤੇ ਜ਼ੋਰ ਦਿੱਤਾ ਹੈ ਪਰ ਉਨ੍ਹਾਂ ਨੇ ਅਜੇ ਨਾਰੀ ਦੇਹ ਨੂੰ ਸਬਕੈਜਟ ਦਾ ਸਰੂਪ ਬਖ਼ਸ਼ਦੀਆਂ ਵਿਸ਼ੇਸ਼ਤਾਵਾਂ ਤੇ ਬਹੁ-ਰੂਪਤਾਵਾਂ ਨੂੰ ਨਹੀਂ ਖੋਜਿਆ। ਉਨ੍ਹਾਂ ਦੀਆਂ ਲਿਖਤਾਂ ਨਾਰੀ ਦੇਹ ਨੂੰ ਨੂੰ ਜ਼ਿਆਦਾ ਪਹਿਲ ਦਿੱਤੀ ਭਾਵੇਂ ਕਿ ਉਹ ਵੀ ਸੱਭਿਆਚਾਰਕ ਵਿਸ਼ੇਸ਼ ਦੀ ਵਿਆਖਿਆ ਦੀ ਗੱਲ ਕਰਦੀਆਂ ਹਨ।
ਨਾਰੀ ਦੀਆਂ ਹੋਰ ਸੰਭਾਵਨਾਵਾਂ ਨੂੰ ਖੋਜਣ ਲਈ ਡੋਨਾ ਹਾਰਾਵੇ ਸਾਈਬੋਰਗ ਦਾ ਸੰਕਲਪ ਦਿੰਦੀ ਹੈ ਜੋ ਕਿ ਜੈਵਿਕਤਾ ਤੇ ਮਸ਼ੀਨ ਦਾ ਸੰਕਰ ਹੈ। ਇਹ ਗਲਪ ਤੇ ਯਥਾਰਥ ਦੋਹਾਂ ਦਾ ਪ੍ਰਾਣੀ ਹੈ। ਹਾਰਾਵੇ ਸਾਈਬੋਰਗ ਤੇ ਨਾਰੀ ਦੇਹ ਨੂੰ ਇਤਿਹਾਸਕ ਰੂਪਾਂਤਰਣ ਦੀਆਂ ਸੰਭਾਵਨਾਵਾਂ ਨਾਲ ਭਰ ਦਿੰਦੀ ਹੈ। ਹਾਰਾਵੇ ਲਈ ਸਾਈਬੋਰਗੀਅਨ ਸਪੇਸ ਦੀ ਸਿਰਜਣਾ ਇਕਹਿਰੀਆਂ ਸੰਰਚਨਾਵਾਂ ਨੂੰ ਤੋੜਦੀ ਹੈ। ਸਾਈਬੋਰਗ ਉਲੰਘੀਆਂ ਸੀਮਾਵਾਂ, ਸ਼ਕਤੀਸ਼ਾਲੀ ਮਿਸ਼ਰਣਾਂ ਅਤੇ ਖ਼ਤਰਨਾਕ ਸੰਭਾਵਨਾਵਾਂ ਬਾਰੇ ਹੈ।
ਉਤਰ ਆਧੁਨਿਕ ਗਜਤ ’ਚ ਜਿੱਥੇ ਦੇਹਾਂ ਸੂਚਨਾਵਾਂ ਤੇ ਤਕਨੀਕਾਂ ਨਾਲ ਮੁੜ ਘੜ੍ਹੀਆਂ ਜਾ ਰਹੀਆਂ ਹਨ ਉਥੇ ਸਾਈਬੋਰਗ ਕਲਪਨਾ ਅਤੇ ਵਿਰੋਧ ਦੀ ਸਪੇਸ ਸਿਰਜਦਾ ਹੈ ਤਾਂ ਕਿ ਲਿੰਗਕ, ਜਮਾਤੀ ਤੇ ਸੱਭਿਆਚਾਰਕ ਦੁਵੱਲਤਾਵਾਂ ਤੋਂ ਬਚਿਆ ਜਾ ਸਕੇ। ਨਾਰੀ ਦੇਹ ਨੂੰ ਸਿਰਫ਼ ਲਿੰਕ ਕੇਂਦ੍ਰਿਤ ਨਿਰਪੇਖਵਾਦ ਰਾਹੀਂ ਹੀ ਵਿਆਖਿਆਇਆ ਗਿਆ ਹੈ ਜਿਸ ਨੂੰ ਹਾਰਾਵੇ ਐਪਰੋਪਰੀਏਸ਼ਨ ਤੋਂ ਪਾਰ ਲੈ ਜਾਂਦੀ ਹੈ।  ਫਰਾਂਸਿਸੀ ਨਾਰੀਵਾਦੀਆਂ ਅਤੇ ਹਾਰਾਵੇ ਨੇ ਨਾਰੀ ਦੇਹ ਦੀ ਵਾਧ ਨਾਲ ਸਬੰਧਤ ਵੱਖਰੀ ਤਰ੍ਹਾਂ ਵਿਆਖਿਆ ਸ਼ਾਸਤਰ ਵਿਕਸਤ ਕੀਤਾ, ਜੋ ਨਾਰੀ ਨੂੰ ਸਾਰੀਆ ਸੀਮਾਵਾਂ ਤੋਂ ਪਾਰ ਜਾਣ ਦੀ ਅਤੇ ਸਿਰਜਣਾਤਮਕ ਲੈਅ ’ਚ ਰਹਿਣ ਦੀ ਸਮਰੱਥਾ ਬਖ਼ਸ਼ਦਾ ਹੈ।  ਅੱਜ ਦੀ ਵਿਚਾਰ-ਚਰਚਾ ਸਿਰਫ਼ ਨਾਰੀ ਦੀ ਦੇਹ ਬਾਰੇ ਹੀ ਨਹੀਂ ਰਹਿ ਗਿਆ। ਵਿਸ਼ਵ ’ਚ ਬੜੇ ਤੇਜ਼ ਸੱਭਿਆਚਾਰਕ ਪਰਿਵਰਤਨ ਵਾਪਰੇ ਹਨ। ਹੁਣ ਸਮਲਿੰਗੀਆਂ, ਲੈਸਬੀਅਨਾਂ ਅਤੇ ਪਾਰਲਿੰਗੀਆਂ ਨੂੰ ਸਵੀਕਾਰ ਤੇ ਉਨ੍ਹਾਂ ਬਾਰੇ ਪੁੱਛਗਿੱਛ ਹੀ ਨਹੀਂ ਹੋ ਰਹੀ, ਬਲਕਿ ਸਮੁੱਚੇ ਲਿੰਗਕ ਵਿਮਰਸ਼ ਬਾਰੇ ਮੁੜ ਸੋਚਿਆ ਜਾ ਰਿਹਾ ਹੈ।
ਅੱਜ ਦੇ ਦੌਰ ’ਚ ਸਾਰੇ ਨਿਰਪੇਖ ਮਿਟ ਰਹੇ ਹਨ। ਦੂਜੇ/ਹੋਰ  ਸਾਰਵਭੌਮਿਕ ਨਿਰਪੇਖੀ ਪੈਰਾਡਾਈਮਾਂ ਨੂੰ ਆਪਣੇ ਕਾਵਿ ਸ਼ਾਸਤਰ, ਸੱਤਾ ਸਬੰਧਾਂ ਅਤੇ ਸਪੇਸੀ ਤਾਣੇ-ਬਾਣੇ ਨਾਲ ਮੁੜ ਸਰੂਪਿਤ ਕੀਤਾ ਹੈ। ਨਾਰੀਵਾਦੀ ਅਨੁਭਵਾਂ, ਚਿੰਤਨ, ਸਿਧਾਂਤਾਂ ਤੇ ਸੋਚ ਦੀ ਆਮਦ ਨਾਲ ਸਾਡੇ ਜਗਤ, ਸੱਭਿਆਚਾਰ ਤੇ ਸਬੰਧਾਂ ਨੂੰ ਪਰਿਭਾਸ਼ਿਤ ਕਰਦੇ ਸਥਿਰ, ਤਾਰਕਿਕ ਸੰਰਚਨਾਵਾਂ ਦੇ ਅਫਲਾਤੂਨੀ ਦਵੈਤ ਦੇ ਵਿਚਾਰ ਲੋਪ ਹੋ ਰਹੇ ਹਨ। ਸੱਭਿਆਚਾਰਕ ਬਹੁ-ਰੂਪਤਾ, ਤਕਨੀਕੀ ਤੇ ਸੂਚਨਾਵੀ ਸੰਘਣੇਪਣ, ਟਕਰਾਵੀ ਇਤਿਹਾਸ ਅਤੇ ਦੇਹ ਦੀ ਵਾਧ ਕਾਰਣ ਨਾਰੀਵਾਦੀ ਚਿੰਤਨ ਨਾਲ ਜੁੜੇ ਹੋਰ ਸਰੋਕਾਰਾਂ ਦੀ ਵਿਆਖਿਆ ਨੂੰ ਨਿਸ਼ਚੇ ਹੀ ਮੁੜ ਵਿਚਾਰਨ ਦੀ ਲੋੜ ਹੈ।
ਸੰਪਰਕ: 08283948811


Comments Off on ਨਾਰੀਵਾਦੀ ਚਿੰਤਨ ਦੀ ਭਾਸ਼ਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.