ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਨੌਜਵਾਨ ਸੋਚ: ਕੀ ਕੀ ਕਰੇ ਨਵੀਂ ਸਰਕਾਰ ?

Posted On March - 8 - 2017

ਫੋਕੇ ਵਾਅਦਿਆਂ ਦੀ ਜਗ੍ਹਾ ਕੰਮ ਕਰੇ ਸਰਕਾਰ

10803CD _SANDEEP SINGHਨਵੀਂ ਸਰਕਾਰ ਚਾਹੇ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਗੱਠਜੋੜ ਦੀ ਬਣੇ, ਉਸ ਅੱਗੇ ਸਿਹਤ, ਸਿੱਖਿਆ, ਨਸ਼ਾਖੋਰੀ, ਬੇਰੁਜ਼ਗਾਰੀ ਤੇ ਕਿਸਾਨਾਂ ਦੀ ਦੁਰਦਸ਼ਾ ਵੱਡੇ ਮਸਲੇ ਹਨ। ਸਿਹਤ ਪ੍ਰਬੰਧਾਂ ਵਿੱਚ ਸੁਧਾਰ ਬਹੁਤ ਜ਼ਰੂਰੀ ਹੈ। ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਵੀ ਸੁਧਾਰ ਦੀ ਲੋੜ ਹੈ। ਜੇਕਰ ਨਸ਼ਿਆਂ     ਦੀ ਗੱਲ ਕਰੀਏ ਤਾਂ ਹਫ਼ਤੇ ਅੰਦਰ ਨਸ਼ੇ ਖਤਮ ਕਰਨ ਜਾਂ ਵੱਡੇ ਲੀਡਰਾਂ ਨੂੰ ਜੇਲ੍ਹ ਡੱਕਣ ਵਰਗੇ ਫੋਕੇ ਦਾਅਵੇ ਕਰਨ ਦੀ ਬਜਾਏ ਹੇਠਲੇ ਪੱਧਰ ’ਤੇ ਨਸ਼ਿਆਂ ਦਾ ਜਾਲ ਤੋੜਿਆ ਜਾਵੇ। ਹਰ ਪਰਿਵਾਰ ਦੇ ਜੀਅ ਨੂੰ ਨੌਕਰੀ ਦੇਣ ਵਰਗੇ ਦਾਅਵੇ ਕਰਨ ਦੀ ਜਗ੍ਹਾ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਕਿਸਾਨੀ ਖ਼ੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ।
ਸੰਦੀਪ ਸਿੰਘ, ਪਿੰਡ ਸੁਲਤਾਨਪੁਰ (ਸੰਗਰੂਰ)

ਸਿੱਖਿਆ ਤੰਤਰ ਮਜ਼ਬੂਤ ਕਰੇ ਸਰਕਾਰ
ਨਵੀਂ ਸਰਕਾਰ ਸਭ ਤੋਂ ਪਹਿਲਾ ਸਿੱਖਿਆ ਤੰਤਰ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਵੇ। ਸਰਕਾਰੀ ਸਕੂਲਾਂ ਵਿਚਲੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਾਹਸੀ ਕਦਮ ਉਠਾਉਣ ਦੀ ਤਿਆਰੀ ਵਿੱਡਣੀ ਪਵੇਗੀ, ਕਿਉਂਕਿ ਸਰਕਾਰੀ ਸਿੱਖਿਆ ਅਤੇ ਪ੍ਰਾਈਵੇਟ ਸਿੱਖਿਆ ਤੰਤਰ ਵਿਚਕਾਰ ਵੱਡਾ ਪਾੜਾ ਹੈ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਨਾਲ ਹੀ ਗ਼ਰੀਬ ਅਤੇ ਪਿਛੜੇ ਵਰਗਾਂ ਦੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਸਕਣਗੇ।
ਮਨੀਸ਼ ਕੰਬੋਜ, ਪਿੰਡ ਸਲੇਮ ਸ਼ਾਹ (ਫ਼ਾਜ਼ਿਲਕਾ)

10803CD _RAJINDER SINGHਹਰੇਕ ਦੀ ਪਹੁੰਚ ਵਿੱਚ ਹੋਵੇ ਉਚ ਸਿੱਖਿਆ
ਸਰਕਾਰ ਨੂੰ ਉੱਚ ਸਿੱਖਿਆ ਲਈ ਉਪਰਾਲੇ ਕਰਕੇ ਇਸ ਨੂੰ ਗ਼ਰੀਬਾਂ ਤੱਕ ਪਹੁੰਚਦੀ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾ ਆਉਣ ਵਾਲੀ ਸਰਕਾਰ ਨੂੰ ਪੰਜਾਬ ਦੀ ਸਿੱਖਿਆ ਪ੍ਰਣਾਲੀ  ਵਿੱਚ ਸੁਧਾਰ ਕਰਨੇ ਚਾਹੀਦੇ ਹਨ, ਕਿਉਂਕਿ  ਸਿੱਖਿਆ ਪ੍ਰਣਾਲੀ ਨਾਲ ਹੀ ਦੇਸ਼ ਦਾ ਭਵਿੱਖ ਰੌਸ਼ਨ ਹੋਣਾ ਹੈ। ਅੱਜ-ਕੱਲ੍ਹ ਪੰਜਾਬ ਦੇ ਸਕੂਲਾਂ-ਕਾਲਜਾਂ ਵਿੱਚ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ, ਜੋ ਗ਼ਲਤ ਹੈ। ਇੱਕ ਰਿਪੋਰਟ  ਮੁਤਾਬਕ  ਪੰਜਾਬ ਦੀ ਸਿੱਖਿਆ ਭਾਰਤ ਵਿੱਚ ਸਭ ਤੋਂ ਮਹਿੰਗੀ ਹੈ  ਅਤੇ ਸਿਰਫ਼ 4%  ਪੇਂਡੂ ਵਿਦਿਆਰਥੀ ਹੀ ਉੱਚ ਸਿੱਖਿਆ ਹਾਸਲ ਕਰ ਪਾਉਂਦੇ ਹਨ। ਜੇਕਰ ਵਿਦਿਆਰਥੀ ਉੱਚ   ਸਿੱਖਿਆ ਪ੍ਰਾਪਤ ਕਰਦੇ ਵੀ ਹਨ ਤਾਂ ਉਨ੍ਹਾਂ ਨੂੰ ਸਿਲੇਬਸ ਦੀਆਂ ਕਿਤਾਬਾਂ ਤੱਕ ਸੀਮਤ ਰੱਖਿਆ ਜਾਂਦਾ ਹੈ  ਅਤੇ ਵਿਦਿਆਰਥੀ ਸਿਲੇਬਸ ਦੇ ਬੋਝ ਕਾਰਨ ਸਹਾਇਕ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਪਾਉਂਦੇ। ਇਸ  ਲਈ ਆਉਣ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉੱਚ ਸਿੱਖਿਆ ਨੂੰ ਆਮ ਆਦਮੀ ਦੀ ਪਹੁੰਚ ਵਿੱਚ ਲਿਆਵੇ।
ਰਜਿੰਦਰ ਸਿੰਘ, ਪਿੰਡ ਅਕਲੀਆ (ਮਾਨਸਾ)

10803CD _JAGWINDER SINGHਨਿੱਜੀ ਹਿੱਤਾਂ ਦੀ ਥਾਂ ਲੋਕ ਭਲਾਈ ਬਾਰੇ ਸੋਚਿਆ ਜਾਵੇ
ਨਵੀਂ ਸਰਕਾਰ ਸਭ ਤੋਂ ਪਹਿਲਾਂ ਨਿਰਾਸ਼ ਹੋ ਚੁੱਕੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਮੁਹੱਈਆ ਕਰਵਾਏ। ਇਸ ਤੋਂ ਇਲਾਵਾ ਨਸ਼ਿਆਂ ਨੂੰ ਨੱਥ ਪਾਈ ਜਾਵੇ ਅਤੇ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਿਆ ਜਾਵੇ। ਇਕ ਨਰੋਏ ਸਮਾਜ ਦੀ ਸਥਾਪਨਾ ਕੀਤੀ ਜਾਵੇ, ਜਿਸ ਵਿੱਚ ਦਲਿਤ ਜਾਂ ਨਿਮਨ ਵਰਗ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਉਪਰਾਲੇ ਕੀਤੇ ਜਾਣ। ਕਮਜ਼ੋਰ ਵਰਗਾਂ ’ਤੇ ਹੁੰਦੇ ਜ਼ੁਲਮਾਂ ਨੂੰ ਠੱਲ੍ਹ ਪਾਈ ਜਾਵੇ। ਸਰਕਾਰ ਨਿੱਜੀ ਹਿੱਤਾਂ ਦੀ ਥਾਂ ਲੋਕ ਭਲਾਈ ਬਾਰੇ ਸੋਚੇ।
ਜਗਵਿੰਦਰ ਸਿੰਘ, ਪਿੰਡ ਰੱਖੜਾ (ਪਟਿਆਲਾ)

ਖੇਤੀ ਆਧਾਰਿਤ ਸਨਅਤਾਂ ਨੂੰ ਮਿਲੇ ਹੁਲਾਰਾ
10803CD _AKASHDEEP SINGH BHULLARਪੰਜਾਬ ਦੀ ਨਵੀਂ ਸਰਕਾਰ ਸਭ ਤੋਂ ਪਹਿਲਾਂ ਸੂਬੇ ਦੀ ਮਾਲੀ ਹਾਲਤ, ਕਿਸਾਨੀ ਦੀ ਹਾਲਤ ਤੇ ਜਵਾਨੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਯਤਨ ਕਰੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਖੁਸ਼ਹਾਲ ਸੂਬਾ ਰਿਹਾ ਹੈ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਜਾਂ ਢਿੱਲੀ ਕਾਰਗੁਜ਼ਾਰੀ ਕਾਰਨ ਹੁਣ ਸੂਬੇ ਦੀ ਮਾਲੀ ਹਾਲਤ ਚਿੰਤਾਜਨਕ ਬਣ ਚੁੱਕੀ ਹੈ। ਇਸ ਵਿੱਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ ਅਤੇ ਨਵੀਂ ਸਰਕਾਰ ਲਈ ਚਣੌਤੀ ਵੀ ਹੈ। ਸਰਕਾਰ ਆਰਥਿਕ ਮਾਹਿਰਾਂ, ਬੁੱਧੀਜੀਵੀਆਂ ਤੇ ਚਿੰਤਕਾਂ ਨਾਲ ਵਿਚਾਰਾਂ ਕਰਕੇ ਸੂਬੇ ਦੀ ਵਿੱਤੀ ਹਾਲਾਤ ਸੁਧਾਰਨ ਲਈ ਯੋਗ ਕਦਮ ਚੁੱਕੇ। ਪੰਜਾਬ ਵਿੱਚ ਖੇਤੀ ਘਾਟੇ ਦਾ ਸੌਦਾ ਬਣ ਚੁੱਕੀ ਹੈ ਤੇ ਕਿਸਾਨ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀਆਂ ਕਰ ਰਹੇ ਹਨ। ਨਵੀਂ ਸਰਕਾਰ ਫ਼ਸਲਾਂ ਲਈ ਚੰਗੇ ਬੀਜ, ਦਵਾਈਆਂ ਤੇ ਖਾਦ ਮੁਹੱਈਆ ਕਰਾ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦਾ ਯਤਨ ਕਰੇ ਅਤੇ ਖੇਤੀ ਆਧਾਰਿਤ ਸਨਅਤਾਂ ਸਥਾਪਿਤ ਕਰਨ ਵੱਲ ਧਿਆਨ ਕੇਂਦਰਿਤ ਕਰੇ।
ਅਕਾਸ਼ਦੀਪ ਸਿੰਘ ਭੁੱਲਰ, ਭਾਈ ਮਤੀ ਦਾਸ ਨਗਰ, ਬਠਿੰਡਾ

ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਫੁਲਿਤ ਕੀਤਾ ਜਾਵੇ
10803CD _ARSHDEEP KAURਪੰਜਾਬ ਦੀਆਂ ਪ੍ਰਮੁੱਖ ਸਮੱਸਿਆਵਾਂ ਬੇਰੁਜ਼ਗਾਰੀ, ਨਸ਼ਾ, ਭ੍ਰਿਸ਼ਟਾਚਾਰ, ਨਿਘਰ ਰਿਹਾ ਸਮਾਜਿਕ-ਆਰਥਿਕ ਜੀਵਨ ਹਨ ਜੋ ਆਉਣ ਵਾਲੀ ਸਰਕਾਰ ਲਈ ਵੱਡੀਆਂ ਚੁਣੌਤੀਆਂ ਹਨ। ਲੋਕਾਂ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਪਰ ਚੁੱਕਣਾ ਹਰੇਕ ਸਰਕਾਰ ਦਾ ਪ੍ਰਮੁੱਖ ਫ਼ਰਜ਼ ਹੈ। ਇਸ ਮਾਮਲੇ ਵਿੱਚ ਪਹਿਲਾਂ ਸਰਕਾਰੀ ਨੁਮਾਇੰਦਿਆਂ ਨੂੰ ਨੈਤਿਕਤਾ ਦੀ ਮਿਸਾਲ ਪੇਸ਼ ਕਰਨੀ ਪਵੇਗੀ। ਜੇਕਰ ਨੁਮਾਇੰਦੇ ਨੈਤਿਕਤਾ ਨਾਲ ਲਿਬਰੇਜ਼ ਹੋਣਗੇ ਤਾਂ ਲੋਕਾਂ ਵਿੱਚ ਵੀ ਨੈਤਿਕ ਕਦਰਾਂ-ਕੀਮਤਾਂ ਵਧਣ ਫੁੱਲਣਗੀਆਂ।
ਅਰਸ਼ਦੀਪ ਕੌਰ, ਵਾਰਡ ਨੰਬਰ 7, ਤਪਾ

10803CD _CHAMANDEEPਬੇਲੋੜੀਆਂ ਸਬਸਿਡੀਆਂ ਹੋਣ ਬੰਦ
ਪੰਜ ਦਰਿਆਵਾਂ ਦੀ ਧਰਤੀ ਹੁਣ ਅਨੇਕਾਂ ਮਸਲਿਆਂ ਨਾਲ ਜੂਝ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ‘ਅੰਨ੍ਹਾ ਵੰਡੇ ਰੇਵੜੀਆਂ ਮੁੜ-ਮੁੜ ਆਪਣਿਆਂ ਨੂੰ’ ਵਾਲਾ ਕੰਮ ਛੱਡ ਕੇ ਆਮ ਲੋਕਾਂ ਬਾਰੇ ਸੋਚੇ। ਪੰਜਾਬ ਸਿਰ ਲਗਭਗ ਦੋ ਲੱਖ ਕਰੋੜ ਦਾ ਕਰਜ਼ਾ ਹੈ। ਸਰਕਾਰ ਪਹਿਲਾਂ ਕਰਜ਼ਾ ਲਾਹੁਣ ਬਾਰੇ ਸੋਚੇ। ਸਰਕਾਰ ਆਪਣੇ ਵਿਧਾਇਕਾਂ ਦੇ ਖ਼ਰਚੇ ਘਟਾਏ ਅਤੇ ਬੇਲੋੜੀਆਂ ਸਬਸਿਡੀਆਂ ਬੰਦ ਕਰੇ। ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਅਤੇ ਯੋਗਤਾ ਦੇ ਮੁਤਾਬਕ ਰੁਜ਼ਗਾਰ ਦਿੱਤਾ ਜਾਵੇ। ਨਸ਼ਿਆਂ, ਬਾਲ ਮਜ਼ਦੂਰੀ, ਦੂਸ਼ਿਤ ਹੋ ਰਹੇ ਵਾਤਾਵਰਨ, ਲੱਚਰ ਗਾਇਕੀ ’ਤੇ ਨੱਥ ਪਾਈ ਜਾਵੇ। ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਖੇਤੀਬਾੜੀ ਨੂੰ ਵਿਕਸਿਤ ਕੀਤਾ ਜਾਵੇ।
 ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਪਟਿਆਲਾ

ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ
ਨਵੀਂ ਸਰਕਾਰ ਨੂੰ ਆਮ ਆਦਮੀ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਲੋੜ ਹੈ। ਆਮ ਆਦਮੀ ਮਹਿੰਗਾਈ ਦੀ ਮਾਰ ਨਾਲ ਤੜਫ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰ ਆਪਣੇ ਖ਼ਰਚੇ ਘਟਾ ਕੇ ਜਨਤਾ ਵੱਲ ਧਿਆਨ ਦੇਵੇ। ਸਰਕਾਰ ਨੂੰ ਟਰਾਂਸਪੋਰਟ, ਸਿੱਖਿਆ, ਬਜ਼ੁਰਗਾਂ ਤੇ ਨੌਜਵਾਨਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪ੍ਰਦੂਸ਼ਣ, ਬਿਜਲੀ ਦੀ ਸਮੱਸਿਆ ਤੇ ਪਾਣੀ ਦੀ ਸਮੱਸਿਆ ਸਬੰਧੀ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਨੂੰ ਬਣਦੇ ਹੱਕ ਦਿੱਤੇ ਜਾਣ। ਸਰਕਾਰ ਨੂੰ ਹੇਠਲੇ ਵਰਗਾਂ ਦੀ ਭਲਾਈ ਲਈ ਢੁੱਕਵੇਂ ਕਦਮ ਚਿੱਕਣੇ ਚਾਹੀਦੇ ਹਨ ਤਾਂ ਜੋ ਸਾਰੇ ਵਰਗਾਂ ਦਾ ਬਰਾਬਰ ਆਰਥਿਕ ਤੇ ਸਮਾਜਿਕ ਵਿਕਾਸ ਹੋਵੇ।
ਰਵਿੰਦਰ ਕੌਰ, ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਕੋਟਭਾਈ (ਸ੍ਰੀ ਮੁਕਤਸਰ ਸਾਹਿਬ)
(ਇਹ ਬਹਿਸ ਅਗਲੇ ਵੀਰਵਾਰ ਵੀ ਜਾਰੀ ਰਹੇਗੀ)


Comments Off on ਨੌਜਵਾਨ ਸੋਚ: ਕੀ ਕੀ ਕਰੇ ਨਵੀਂ ਸਰਕਾਰ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.