ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਪਰਿਵਰਤਨ

Posted On March - 12 - 2017

ਐੱਸ. ਸਾਕੀ
ਕਥਾ ਪ੍ਰਵਾਹ

10603cd _storyਘਰ ’ਚ ਦਾਖ਼ਲ ਹੁੰਦਿਆਂ ਹੀ ਰਾਜੇਸ਼ ਨੇ ਰੋਜ਼ ਵਾਂਗ ਸਾਈਕਲ ਕੰਧ ਨਾਲ ਲਾ ਦਿੱਤਾ। ਉਸ ਨੇ ਵਿਹੜੇ ’ਚ ਖੇਡ ਰਹੇ ਆਪਣੇ ਦੋ ਵਰ੍ਹਿਆਂ ਦੇ ਪੁੱਤ ਵਿੱਕੀ ਨੂੰ ਬਾਹਾਂ ’ਚ ਭਰ ਗੋਦੀ ਚੁੱਕ ਲਿਆ ਸੀ। ਹਰ ਰੋਜ਼ ਵਾਂਗ ਬਾਹਰ ਦਾ ਦਰਵਾਜ਼ਾ ਉਸ ਦੀ ਪਤਨੀ ਇੰਦਰਾ ਨੇ ਹੀ ਖੋਲ੍ਹਿਆ ਸੀ। ਪਤੀ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਉਹ ਬਹੁਤ ਹੈਰਾਨ ਸੀ। ਉਸ ਦੀ ਹੈਰਾਨੀ ਉਦੋਂ ਹੋਰ ਵਧ ਗਈ ਜਦੋਂ ਰਾਜੇਸ਼ ਨੇ ਆਪਣੇ ਦੋ ਵਰ੍ਹਿਆਂ ਦੇ ਪੁੱਤ ਵਿੱਕੀ ਤੋਂ ਵੱਡੀ ਧੀ ਪਿੰਕੀ ਨੂੰ ਚਾਕਲੇਟ ਦੇਣ ਲਈ ਆਵਾਜ਼ ਮਾਰੀ ਸੀ।
ਇੰਦਰਾ ਆਪਣੇ ਪਤੀ ਦੇ ਇਸ ਤਰ੍ਹਾਂ ਦੇ ਵਰਤਾਓ ਤੋਂ ਹੈਰਾਨ ਸੀ। ਉਨ੍ਹਾਂ ਦੇ ਵਿਆਹ ਨੂੰ ਪੰਜ ਵਰ੍ਹੇ ਹੋ ਗਏ ਸਨ। ਪਿਛਲੇ ਚਾਰ ਸਾਲਾਂ ਤੋਂ ਤਾਂ ਅਜਿਹਾ ਕਦੇ ਵੀ ਨਹੀਂ ਸੀ ਹੋਇਆ ਕਿ ਰਾਜੇਸ਼ ਸ਼ਾਂਤ ਮਨ ਸਕੂਲੋਂ ਘਰ ਪਰਤਿਆ ਹੋਵੇ। ਇੰਦਰਾ ਨੂੰ ਤਾਂ ਕਈ ਵਾਰੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੇ ਪਤੀ ਨੇ ਸਾਰੀ ਦੁਨੀਆਂ ਖ਼ਿਲਾਫ਼ ਜੰਗ ਛੇੜ ਰੱਖੀ ਹੋਵੇ ਅਤੇ ਉਹ ਜੰਗ ਹਰ ਵੇਲੇ ਉਸ ਅੰਦਰ ਚਲਦੀ ਰਹਿੰਦੀ ਹੋਵੇ। ਇਸ ਕਰਕੇ ਉਹ ਹਮੇਸ਼ਾਂ ਖਿੱਝਿਆ ਅਤੇ  ਗੁੱਸੇ ’ਚ ਭਰਿਆ ਹੀ ਦਿੱਸਦਾ ਸੀ।
ਰਾਜੇਸ਼ ਸ਼ਹਿਰ ਦੇ ਇੱਕ ਦਿਵਿਆਂਗ ਬੱਚਿਆਂ ਦੇ ਸਕੂਲ ਵਿੱਚ ਅਧਿਆਪਕ ਲੱਗਿਆ ਹੋਇਆ ਸੀ। ਉਸ ਥਾਂ ਉਹ ਪਿਛਲੇ ਛੇ-ਸੱਤ ਸਾਲਾਂ ਤੋਂ ਬੱਚਿਆਂ ਨੂੰ ਪੇਂਟਿੰਗ ਅਤੇ ਕਰਾਫਟ ਸਿਖਾਉਂਦਾ ਆ ਰਿਹਾ ਸੀ। ਜਦੋਂ ਇੰਦਰਾ ਦੇ ਪਿਓ ਨੂੰ ਕਿਸੇ ਨੇ ਰਾਜੇਸ਼ ਦੀ ਦੱਸ ਪਾਈ ਸੀ ਤਾਂ ਉਸ ਨੇ ਰਾਜੇਸ਼ ਲਈ ਇਹ ਆਖ ਮਨ੍ਹਾਂ ਕਰ ਦਿੱਤਾ ਸੀ ਕਿ ਮੁੰਡਾ ਅਜਿਹੀ ਥਾਂ ਨੌਕਰੀ ਕਰਦਾ ਜਿੱਥੇ ਸਾਬਤ ਅੰਗਾਂ ਜਾਂ ਠੀਕ ਬੁੱਧੀ ਵਾਲਾ ਕੋਈ ਬੱਚਾ ਵੀ ਨਹੀਂ ਪੜ੍ਹਦਾ ਸਗੋਂ ਸਾਰੇ ਹੀ ਟੁੱਟੇ-ਭੱਜੇ ਅੰਗਾਂ ਅਤੇ ਸਰੀਰਾਂ ਵਾਲੇ ਹਨ। ਉਨ੍ਹਾਂ ਨੂੰ ਵੇਖ ਕੇ ਉਹ ਆਪ ਵੀ ਕਮਜ਼ੋਰ ਮਨ ਦਾ ਹੀ ਹੋਵੇਗਾ। ਫਿਰ ਕਮਜ਼ੋਰ ਮਨ ਦਾ ਵਿਅਕਤੀ ਅੱਜ ਦੇ ਸਮਾਜ ਵਿੱਚ ਰਹਿ ਕੇ ਕੀ ਕਰ ਸਕਦਾ ਹੈ। ਉਹ ਤਾਂ ਆਪਣੇ ਟੱਬਰ ਨੂੰ ਠੀਕ ਤਰ੍ਹਾਂ ਪਾਲ ਵੀ ਨਹੀਂ ਸਕੇਗਾ।
ਜਦੋਂ ਇੰਦਰਾ ਨੇ ਪਿਓ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਸ ਨੇ ਪਿਓ ਨੂੰ ਜ਼ੋਰ ਪਾਇਆ ਕਿ ਅਜਿਹੇ ਬੰਦੇ ਨਾਲ ਰਹਿਣਾ ਪਸੰਦ ਕਰੇਗੀ ਜਿਹੜਾ ਸਾਰਾ ਦਿਨ ਦੁਖੀਆਂ ਵਿੱਚ ਰਹਿੰਦਾ ਹੈ ਕਿਉਂਕਿ ਉਸ ਨੂੰ ਆਪ ਜ਼ਰੂਰ ਪਤਾ ਹੋਵੇਗਾ ਕਿਸੇ ਦਾ ਦੁੱਖ ਕੀ ਹੁੰਦਾ ਹੈ। ਕਿਸੇ ਲਈ ਹਮਦਰਦੀ ਕੀ ਹੁੰਦੀ ਹੈ। ਪਿਆਰ ਕੀ ਹੁੰਦਾ ਹੈ। ਅਜਿਹੀਆਂ ਕਈ ਗੱਲਾਂ ਇੰਦਰਾ ਨੇ ਆਪਣੇ ਪਿਓ ਨੂੰ ਆਖੀਆਂ ਸਨ।
ਪਿਓ ਸ਼ੁਰੂ ਤੋਂ ਹੀ ਧੀ ਦੀ ਹਰ ਗੱਲ ਮੰਨਦਾ ਆਇਆ ਸੀ ਕਿਉਂਕਿ ਇੰਦਰਾ ਉਨ੍ਹਾਂ ਦੀ ਇਕੱਲੀ ਧੀ ਸੀ। ਉਹ ਬਹੁਤ ਸਮਝਦਾਰ ਸੀ ਅਤੇ ਲੋਕਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲੀ ਤਬੀਅਤ ਦੀ ਮਾਲਕ ਸੀ। ਰਿਸ਼ਤੇਦਾਰਾਂ ਵਿੱਚ ਜਦੋਂ ਵੀ ਕਿਸੇ ਨੂੰ ਤਕਲੀਫ਼ ਹੁੰਦੀ, ਉਹ ਸਭ ਤੋਂ ਮੂਹਰੇ ਦਿਸਦੀ। ਉਸ ਨੇ ਤਾਂ ਆਪਣੀਆਂ ਕਈ ਜਾਣਨ ਵਾਲੀਆਂ ਦੇ ਹਸਪਤਾਲ ਵਿੱਚ ਜਣੇਪੇ ਵੀ ਕਰਵਾਏ ਸਨ।

ਐੱਸ. ਸਾਕੀ

ਐੱਸ. ਸਾਕੀ

ਵਿਆਹ ਤੋਂ ਪਹਿਲਾਂ ਮਾਪਿਆਂ ਨੇ ਦੋਵਾਂ ਦਾ ਮੇਲ ਕਰਵਾਇਆ ਸੀ ਤਾਂ ਉਨ੍ਹਾਂ ਕੋਈ ਖ਼ਾਸ ਗੱਲ ਨਹੀਂ ਸੀ ਕੀਤੀ। ਬੱਸ ਇੱਕ-ਦੂਜੇ ਨੂੰ ਵੇਖ ਕੇ ਹੀ ਪਸੰਦ ਕਰ ਲਿਆ ਸੀ। ਇੰਦਰਾ ਨੂੰ ਤਾਂ ਇਹੋ ਖ਼ੁਸ਼ੀ ਸੀ ਕਿ ਉਸ ਦਾ ਹੋਣ ਵਾਲਾ ਪਤੀ ਵੇਖਣ ਵਿੱਚ ਸੁਨੱਖਾ ਸੀ, ਲੰਮਾ-ਲੰਝਾ ਸੀ, ਪੜ੍ਹਿਆ-ਲਿਖਿਆ ਸੀ, ਨੌਕਰੀ ਕਰਦਾ ਸੀ, ਆਪਣਾ ਘਰ ਸੀ, ਘਰ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਸੀ, ਲੈ ਦੇ ਕੇ ਇੱਕ ਵਿਧਵਾ ਮਾਂ ਸੀ ਜਿਹੜੀ ਉਸ ਨਾਲ ਰਹਿੰਦੀ ਸੀ।
ਵਿਆਹ ਹੋ ਗਿਆ ਅਤੇ ਇੰਦਰਾ ਸਹੁਰੇ ਘਰ ਆ ਗਈ। ਵਿਆਹ ਤੋਂ ਬਾਅਦ ਦੇ ਛੇ ਮਹੀਨੇ ਬਹੁਤ ਵਧੀਆ ਲੰਘੇ। ਰਾਜੇਸ਼ ਉਸ ਨੂੰ ਨਾਲ ਲੈ ਕੇ ਕਿਤੇ ਵੀ ਘੁੰਮਣ ਨਿਕਲ ਜਾਂਦਾ ਸੀ। ਕਈ ਵਾਰੀ ਉਹ ਰਾਤ ਦੀ ਰੋਟੀ ਵੀ ਬਾਹਰ ਹੀ ਖਾ ਆਉਂਦੇ। ਭਾਵੇਂ ਰਾਜੇਸ਼ ਦਾ ਰਹਿਣ-ਸਹਿਣ ਮੱਧਵਰਗੀ ਸੀ, ਪਰ ਤਾਂ ਵੀ ਉਸ ਦੀ ਤਨਖ਼ਾਹ ਨਾਲ ਉਨ੍ਹਾਂ ਦਾ ਗੁਜ਼ਾਰਾ ਠੀਕ ਟੁਰਦਾ ਰਹਿੰਦਾ ਸੀ। ਇੰਦਰਾ ਕਈ ਵਾਰੀ ਕੋਸ਼ਿਸ਼ ਕਰਦੀ ਕਿ ਥੋੜ੍ਹੇ ਬਹੁਤੇ ਪੈਸੇ ਤਨਖ਼ਾਹ ’ਚੋਂ ਬਚਾ ਲਏ ਜਾਣ, ਪਰ ਅਜਿਹਾ ਕਦੇ ਨਾ ਹੁੰਦਾ।
ਇੱਕ ਵਰ੍ਹੇ ਬਾਅਦ ਜਦੋਂ ਉਨ੍ਹਾਂ ਘਰ ਧੀ ਪਿੰਕੀ ਆ ਗਈ ਤਾਂ ਰਾਜੇਸ਼ ’ਚ ਪਰਿਵਰਤਨ ਆਉਣਾ ਸ਼ੁਰੂ ਹੋ ਗਿਆ। ਇਹ  ਨਹੀਂ ਕਿ ਉਸ ਨੂੰ ਧੀ ਚੰਗੀ ਨਹੀਂ ਸੀ ਲੱਗਦੀ ਜਾਂ ਉਹ ਉਸ ਨੂੰ ਪਿਆਰ ਨਹੀਂ ਸੀ ਕਰਦਾ, ਪਰ ਘਰ ਵਿੱਚ ਆਈ ਧੀ ਨੇ ਰਾਜੇਸ਼ ਦੀ ਮਿਲਦੀ ਤਨਖ਼ਾਹ ਵਿੱਚੋਂ ਹਿੱਸਾ ਵੰਡਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਲਈ ਦੁੱਧ, ਕੱਪੜੇ, ਕਈ ਵਾਰੀ ਬਿਮਾਰ ਹੋ ਜਾਣ ’ਤੇ ਡਾਕਟਰ ਦੀ ਫੀਸ। ਇੰਦਰਾ ਘਰੋਂ ਆਏ ਮਹਿਮਾਨ ਉਸ ਨੂੰ ਮਿਲਦੀ ਤਨਖ਼ਾਹ ਵਿੱਚੋਂ ਥੋੜ੍ਹਾ-ਥੋੜ੍ਹਾ ਕਰ ਕੇ ਕੁਝ ਨਾ ਕੁਝ ਕੱਢਦੇ ਹੀ ਰਹਿੰਦੇ। ਮਹੀਨੇ ਦੇ ਆਖ਼ਰੀ ਦਿਨ ਰਾਜੇਸ਼ ਲਈ ਬਹੁਤ ਔਖੇ ਲੰਘਦੇ। ਉਸ ਨੂੰ ਕਈ ਵਾਰੀ ਤੋੜ-ਜੋੜ ਕਰਨੇ ਪੈਂਦੇ। ਆਪਣੇ ਕਿਸੇ ਨਾ ਕਿਸੇ ਮਿੱਤਰ ਕੋਲੋਂ ਉਧਾਰ ਲੈਣਾ ਪੈਂਦਾ।
ਅਜਿਹਾ ਹੋਣ ’ਤੇ ਉਸ ਦਾ ਸੁਭਾਅ ਚਿੜਚਿੜਾ ਹੋ ਗਿਆ। ਪਹਿਲਾਂ ਜਿਹੜਾ ਰਾਜੇਸ਼ ਪਤਨੀ ਨੂੰ ਨਾਲ ਲੈ ਕੇ ਘੁੰਮਣ ਜਾਂਦਾ ਸੀ, ਕਈ ਵਾਰੀ ਪਤਨੀ ਨਾਲ ਮਿਲ ਕੇ ਬਾਹਰ ਹੀ ਖਾਣਾ ਖਾਂਦਾ ਸੀ। ਉਹ ਹੁਣ ਹਰ ਵੇਲੇ ਜਿਵੇਂ ਆਪਣੇ-ਆਪ ਨਾਲ ਖਿੱਝਿਆ-ਖਿੱਝਿਆ ਰਹਿਣ ਲੱਗਾ। ਉਸ ਦੇ ਮਨ ਵਿੱਚ ਆਉਂਦਾ ਕਿ ਕਿਤੋਂ ਬਹੁਤ ਸਾਰੇ ਪੈਸੇ ਮਿਲ ਜਾਣ ਤਾਂ ਜੋ ਉਸ ਨੂੰ ਹਰ ਮਹੀਨੇ ਬਜਟ ਨਾ ਬਣਾਉਣਾ ਪਵੇ। ਥੁੜ ਨਾਲ ਮਹੀਨਾ ਪੂਰਾ ਨਾ ਕਰਨਾ ਪਵੇ। ਮਹੀਨੇ ਦੇ ਆਖ਼ਰੀ ਦਿਨ  ਕਿਰਸ ਨਾਲ ਨਾ ਕੱਢਣੇ ਪੈਣ। ਕਿਸੇ  ਮਿੱਤਰ ਕੋਲੋਂ ਉਧਾਰ ਨਾ ਫੜਨਾ ਪਵੇ।
ਔਖੇ ਲੰਘਦੇ ਦਿਨਾਂ ਨਾਲ ਇੱਕ ਸਾਲ ਬੀਤ ਗਿਆ। ਦੂਜੇ ਵਰ੍ਹੇ ’ਚ ਇੰਦਰਾ ਇੱਕ ਪੁੱਤ ਦੀ ਮਾਂ ਬਣ ਗਈ। ਭਾਵੇਂ ਰਾਜੇਸ਼  ਨੂੰ ਘਰ ਵਿੱਚ ਪੁੱਤ ਆਉਣ ਦੀ ਬਹੁਤ ਖ਼ੁਸ਼ੀ ਸੀ, ਪਰ ਇਹ ਖ਼ੁਸ਼ੀ ਵੀ ਆਰਜ਼ੀ ਸੀ। ਪੁੱਤ ਨੇ ਭੈਣ ਪਿੰਕੀ ਨਾਲ ਮਿਲ ਕੇ ਉਸ ਦੀ ਤਨਖ਼ਾਹ ਵਿੱਚੋਂ ਹੋਰ ਖ਼ਰਚਾ ਕਰਵਾਉਣਾ ਸ਼ੁਰੂ ਕਰ ਦਿੱਤਾ। ਫਿਰ ਤਾਂ ਰਾਜੇਸ਼ ਨੂੰ ਸਮਝ ਹੀ ਨਾ ਆਇਆ ਕਰੇ ਕਿ ਉਹ ਘਰ ਨੂੰ ਕਿਵੇਂ ਤੋਰੇ, ਕਿਵੇਂ ਚਲਾਵੇ ਮਹੀਨੇ ਦਾ ਖ਼ਰਚ?
ਇਸ ਤੋਂ ਬਾਅਦ ਰਾਜੇਸ਼ ਨੇ ਇੰਦਰਾ ਨਾਲ ਸਿੱਧੇ ਮੂੰਹ ਬੋਲਣਾ ਹੀ ਬੰਦ ਕਰ ਦਿੱਤਾ। ਉਹ ਪਤਨੀ ਨੂੰ ਹੀ ਦੋਸ਼ੀ ਸਮਝਦਾ ਸੀ ਜਿਸ ਨੇ ਬੱਚੇ ਪੈਦਾ ਕਰ ਕੇ ਉਸ ਦਾ ਸਕੂਨ ਖੋਹ ਲਿਆ ਸੀ। ਉਸ ਦਾ ਸੁਖ ਖੋਹ ਲਿਆ ਸੀ। ਉਹ ਰਾਜੇਸ਼, ਜਿਹੜਾ ਸਕੂਲ ਵਿੱਚ ਇੱਕ ਵਧੀਆ ਤੇ ਸੱਭਿਆ ਅਧਿਆਪਕ ਕਰ ਕੇ ਜਾਣਿਆ ਜਾਂਦਾ ਸੀ। ਜਿਹੜਾ ਬਹੁਤ ਮਿਲਣਸਾਰ ਸੀ। ਉਹ ਰਾਜੇਸ਼ ਹੁਣ ਕਿਸੇ ਵੀ ਛੋਟੀ ਗੱਲ ਨੂੰ ਲੈ ਕੇ ਅਧਿਆਪਕਾਂ ਨਾਲ ਲੜ ਪੈਂਦਾ ਸੀ। ਉਨ੍ਹਾਂ ਨੂੰ ਉਲਟਾ-ਸਿੱਧਾ ਬੋਲਣ ਤੋਂ ਵੀ ਗੁਰੇਜ਼ ਨਹੀਂ ਸੀ ਕਰਦਾ। ਉਸ ਨੂੰ ਸਰਕਾਰ ’ਤੇ ਗੁੱਸਾ ਆਉਂਦਾ, ਲੋਕਾਂ ’ਤੇ ਗੁੱਸਾ ਆਉਂਦਾ ਜਿਹੜੇ ਉਸ ਨੂੰ ਸ਼ਾਂਤੀ ਨਾਲ ਨਹੀਂ ਸੀ ਰਹਿਣ ਦਿੰਦੇ। ਉਸ ਨੂੰ ਤਾਂ ਸਾਰਿਆਂ ’ਤੇ ਗੁੱਸਾ ਆਉਂਦਾ ਜਿਨ੍ਹਾਂ ਨੇ ਉਸ ਦਾ ਚੈਨ ਖੋਹ ਲਿਆ ਸੀ। ਲੋਕਾਂ ਨਾਲ ਸਰਕਾਰ ਦੀਆਂ ਕੀਤੀਆਂ ਜ਼ਿਆਦਤੀਆਂ ਉਸ ਕੋਲੋਂ ਸਹਿਣ ਨਾ ਹੁੰਦੀਆਂ। ਉਹ ਪਤਨੀ ਨੂੰ ਕਿੰਨੀ ਵਾਰੀ ਕਹਿ ਚੁੱਕਾ ਸੀ ਕਿ ਇਹ ਭੁੱਖੇ ਭੇੜੀਏ ਰਿਸ਼ਵਤ ਦਾ ਲਹੂ ਪੀਤੇ ਬਿਨਾਂ ਕੋਈ ਕੰਮ ਕਰਦੇ ਹੀ ਨਹੀਂ। ਇਨ੍ਹਾਂ ਦੇ ਤਾਂ ਰੋਮ ਰੋਮ ਵਿੱਚ ਬੇਈਮਾਨੀ ਵੜ ਗਈ ਹੈ। ਮੱਕਾਰੀ ਵੜ ਗਈ ਹੈ। ਇਹ ਹੁਣ ਕਦੇ ਨਹੀਂ ਸੁਧਰ ਸਕਦੇ। ਇਸ ਮੁਲਕ ’ਚ ਹੁਣ ਪੈਸੇ ਦਾ ਹੀ ਜ਼ੋਰ ਹੈ। ਪੈਸੇ ਬਿਨਾਂ ਬੰਦਾ ਕਿਸੇ ਜੋਗਾ ਨਹੀਂ। ਕੋਈ ਪੁੱਛ ਨਹੀਂ ਉਸ ਦੀ। ਰਿਸ਼ਤੇਦਾਰ ਵੀ ਉਸ ਨੂੰ ਦੁਤਕਾਰ ਦਿੰਦੇ  ਹਨ। ਪੈਸੇ ਨਾਲ ਇਨਸਾਨ ਕੀ ਨਹੀਂ ਖ਼ਰੀਦ ਸਕਦਾ?
‘ਪਰ ਮੇਰੇ ਕੋਲ ਪੈਸਾ ਕਿਉਂ ਨਹੀਂ?’ ਅਜਿਹੇ ਕਿੰਨੇ ਹੀ ਸਵਾਲ ਉਸ ਨੂੰ ਹਰ ਵੇਲੇ ਬੇਚੈਨ ਕਰੀ ਰੱਖਦੇ।
ਦੋ ਦਿਨ ਪਹਿਲਾਂ ਦੀ ਹੀ ਗੱਲ ਸੀ। ਉਹ ਰੋਜ਼ ਵਾਂਗ ਸਕੂਲੋਂ ਘਰ ਆਇਆ। ਸਾਈਕਲ ਉਸ ਨੇ ਕੰਧ ਨਾਲ ਲਾ ਦਿੱਤਾ। ਕਮਰੇ ਵਿੱਚ ਜਾ ਕੇ ਬਿਨਾਂ ਕੱਪੜੇ ਬਦਲਿਆਂ ਉਹ ਮੰਜੇ ’ਤੇ ਲੰਮਾ ਪੈ ਗਿਆ। ਇੰਦਰਾ ਚਾਹ ਬਣਾ ਕੇ ਮੰਜੇ ਨੇੜੇ ਪਏ ਮੇਜ਼ ’ਤੇ ਧਰ ਗਈ। ਹੁਣ ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੀ ਸੀ। ਉਹ ਮੁੜ ਰਸੋਈ ਵਿੱਚ ਜਾ ਕੇ ਰਾਤ ਦੀ ਰੋਟੀ ਤਿਆਰ ਕਰਨ ਲੱਗੀ। ਬੱਚੇ ਦੂਜੇ ਕਮਰੇ ਵਿੱਚ ਟੀ.ਵੀ. ’ਤੇ ਕਾਰਟੂਨ ਫ਼ਿਲਮ ਵੇਖ ਰਹੇ ਸਨ।
ਜਦੋਂ ਇੱਕ ਘੰਟੇ ਬਾਅਦ ਇੰਦਰਾ ਰੋਟੀ ਵਾਲੀ ਥਾਲੀ ਲੈ ਕੇ ਆਈ ਤਾਂ ਰਾਜੇਸ਼ ਅਜੇ ਤਕ ਵੀ ਮੰਜੇ ’ਤੇ ਲੰਮਾ ਪਿਆ ਸੀ। ਉਹ ਰੋਟੀ ਵਾਲੀ ਥਾਲੀ ਖਾਲੀ ਕੱਪ ਕੋਲ ਰੱਖ ਕੇ ਮੁੜ ਗਈ। ਹੁਣ ਹਾਲਾਤ ਅਜਿਹੇ ਹੋ ਗਏ ਸਨ ਕਿ ਪਤੀ ਪਤਨੀ ਦੋਵੇਂ ਆਪਸ ਵਿੱਚ ਘੱਟ ਹੀ ਗੱਲ ਕਰਦੇ ਸਨ। ਦੋਵਾਂ ਦਾ ਇੱਕ ਘਰ ਵਿੱਚ ਇਕੱਠੇ ਰਹਿਣਾ ਵੀ ਜਿਵੇਂ ਇੱਕ ਮਜਬੂਰੀ ਹੀ ਸੀ।
ਅਜੇ ਇੰਦਰਾ ਨੂੰ ਰਸੋਈ ’ਚ ਗਿਆਂ ਥੋੜ੍ਹਾ ਚਿਰ ਹੀ ਹੋਇਆ ਸੀ ਕਿ ਫਟਾਕ ਦੀ ਆਵਾਜ਼ ਆਈ। ਜਿਵੇਂ ਕਿਸੇ ਨੇ ਭਾਂਡੇ ਵਗਾਹ ਮਾਰੇ ਹੋਣ। ਇੰਦਰਾ ਨੱਸੀ-ਨੱਸੀ ਕਮਰੇ ਅੰਦਰ ਆਈ। ਉਸ ਨੇ ਵੇਖਿਆ ਕਿ ਪਤੀ ਨੇ ਰੋਟੀ ਵਾਲੀ ਥਾਲੀ ਥੋੜ੍ਹਾ ਚਿਰ ਪਹਿਲਾਂ ਕੰਧ ਨਾਲ ਮਾਰੀ ਸੀ ਕਿਉਂਕਿ ਸਬਜ਼ੀ ਦੇ ਨਿਸ਼ਾਨ ਕੰਧ ’ਤੇ ਵੀ ਦਿੱਸ ਰਹੇ ਸਨ। ਇਸ ਤੋਂ ਪਹਿਲਾਂ ਕਿ ਇੰਦਰਾ ਕੁਝ ਪੁੱਛਦੀ, ਉਹ ਆਪੇ ਹੀ ਉੱਚੀ ਆਵਾਜ਼ ਵਿੱਚ ਬੋਲ ਪਿਆ, ‘‘ਇਹ ਸਬਜ਼ੀ ’ਚ ਕਿੰਨਾ ਲੂਣ ਪਾ ਰੱਖਿਆ ਹੈ। ਕੌੜੀ ਕਰ ਰੱਖੀ ਹੈ। ਕੀ ਬੰਦਾ ਇਸ ਨੂੰ ਖਾ ਸਕਦਾ ਹੈ?’’
ਇੰਦਰਾ ਨੂੰ ਆਪ ਨਹੀਂ ਸੀ ਪਤਾ ਕਿ ਸਬਜ਼ੀ ਵਿੱਚ ਲੂਣ ਕਿਵੇਂ ਵੱਧ ਪੈ ਗਿਆ ਸੀ। ਭਾਵੇਂ ਘਰ ਵਿੱਚ ਰਾਜੇਸ਼ ਦਾ ਇੰਦਰਾ ਨਾਲ ਕਿਹੋ ਜਿਹਾ ਵੀ ਵਰਤਾਓ ਰਿਹਾ ਸੀ, ਪਰ ਤਾਂ ਵੀ ਉਹ ਹਰ ਪਾਸਿਓਂ ਉਸ ਨੂੰ ਸਹਿਯੋਗ ਦਿੰਦੀ ਆਈ ਸੀ। ਉਹ ਪਤੀ ਦੀ ਹਰ ਜ਼ਿਆਦਤੀ ਸਹਿਣ ਕਰਦੀ ਆਈ ਸੀ। ਪਿਛਲੇ ਹਫ਼ਤੇ ਹੀ ਪਤਾ ਨਹੀਂ ਕਿਸ ਛੋਟੀ ਜਿਹੀ ਗੱਲ ਨੂੰ ਲੈ ਕੇ ਜਦੋਂ ਉਸ ਦੇ ਪਤੀ ਨੇ ਪਿੰਕੀ ਦੇ ਮੂੰਹ ’ਤੇ ਚੰਡ ਮਾਰੀ ਸੀ ਤਾਂ ਵੀ ਉਹ ਚੁੱਪ ਕਰ ਕੇ ਰਹਿ ਗਈ ਸੀ ਜਦੋਂਕਿ ਉਸ ਦਾ ਮਨ ਬਹੁਤ ਕੁਝ ਕਹਿਣ ਨੂੰ ਸੀ।
ਪਰ ਅੱਜ ਤਾਂ ਰਾਜੇਸ਼ ਜਿਵੇਂ ਸਾਰੀਆਂ ਹੱਦਾਂ ਪਾਰ ਕਰ ਗਿਆ ਸੀ। ਜਦੋਂ ਉਸ ਨੇ ਰੋਟੀ ਵਾਲੀ ਥਾਲੀ ਗੁੱਸੇ ਵਿੱਚ ਭਰਿਆਂ ਕੰਧ ਨਾਲ ਮਾਰੀ ਸੀ।
ਰਾਤੀਂ ਇੰਦਰਾ ਫਿਰ ਪਹਿਲਾਂ ਵਾਂਗ ਚੁੱਪਚਾਪ ਸੌਂ ਗਈ। ਅਗਲੇ ਦਿਨ ਐਤਵਾਰ ਦੀ ਛੁੱਟੀ ਸੀ। ਰਾਤੀਂ ਉਹ ਪੱਕਾ ਕਰ ਕੇ ਸੁੱਤੀ ਸੀ ਕਿ ਸਵੇਰ ਸਾਰ ਪਤੀ ਕੋਲੋਂ ਜ਼ਰੂਰ ਪੁੱਛੇਗੀ ਕਿ ਉਹ ਇਸ ਤਰ੍ਹਾਂ ਕਿਉਂ ਕਰਦਾ ਹੈ? ਉਹ ਕਿਉਂ ਬਦਲ ਗਿਆ? ਉਸ ਦਾ ਉਹ ਰਾਜੇਸ਼ ਕਿੱਥੇ ਚਲਾ ਗਿਆ ਜਿਹੜਾ ਵਿਆਹ ਤੋਂ ਬਾਅਦ ਦੇ ਕੁਝ ਮਹੀਨੇ ਕਿਵੇਂ ਉਸ ਨਾਲ ਜੁੜਿਆ ਰਿਹਾ ਸੀ। ਕਿਵੇਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸ ਦੀ ਹਰ ਇੱਕ ਛੋਟੀ ਤੋਂ ਛੋਟੀ ਗੱਲ ਦੀ ਛੋਟੀ ਤੋਂ ਛੋਟੀ ਇੱਛਾ ਦੀ ਪੂਰਤੀ ਕਰਦਾ ਸੀ?
ਪਰ ਜਦੋਂ ਸਵੇਰੇ ਇੰਦਰਾ ਨੇ ਰਾਜੇਸ਼ ਕੋਲੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਉਹ ਤਾਂ ਮਨ ਵਿੱਚ ਬੱਸ ਇਹੋ ਸੋਚਦਾ ਰਿਹਾ: ‘ਲੋਕਾਂ ਕੋਲ ਕਿੰਨੇ ਪੈਸੇ ਹਨ, ਪਰ ਮੇਰੇ ਕੋਲ ਕਿਉਂ ਨਹੀਂ? ਉਹ ਪੈਸੇ ਨਾਲ ਐਸ਼ ਕਰਦੇ ਹਨ। ਪੈਸੇ ਨਾਲ ਸਾਰੇ ਸੁਖ ਮੁੱਲ ਖ਼ਰੀਦ ਲੈਂਦੇ ਹਨ, ਪਰ ਮੈਂ…?’
ਪਤੀ ਦੀ ਇਸ ਸੋਚ ਨੂੰ ਸਮਝਦਿਆਂ ਇੰਦਰਾ ਦੇ ਮਨ ਵਿੱਚ ਵੀ ਆਇਆ ਕਿ ਉਹ ਪਤੀ ਨੂੰ ਦੱਸੇ ਪੈਸੇ ਤੋਂ ਬਿਨਾਂ ਸਾਡੇ ਕੋਲ ਹੋਰ ਵੀ ਤਾਂ ਕਿੰਨਾ ਕੁਝ ਹੈ। ਬੱਚੇ ਹਨ, ਘਰ ਹੈ, ਨੌਕਰੀ ਹੈ, ਇੱਜ਼ਤ ਹੈ…। ਪਰ ਉਹ ਤਾਂ ਕੁਝ ਕਹਿ ਹੀ ਨਹੀਂ ਸਕੀ।
ਅਗਲੇ ਦਿਨ ਤੋਂ ਰਾਜੇਸ਼ ਫਿਰ ਸਕੂਲ ਜਾਣ ਲੱਗਾ। ਤਿੰਨ-ਚਾਰ ਦਿਨ ਇਸੇ ਤਰ੍ਹਾਂ ਕਲਪਦਿਆਂ, ਖਿੱਝਦਿਆਂ ਲੰਘ ਗਏ। ਆਪਣੇ ਪਤੀ ਨੂੰ ਵੇਖ ਕੇ ਇੰਦਰਾ ਨੂੰ ਬਹੁਤ ਅਫ਼ਸੋਸ ਹੁੰਦਾ। ਪਰ ਅੱਜ…।
ਸਕੂਲੋਂ ਛੇਤੀ ਘਰ ਆ ਕੇ ਰਾਜੇਸ਼ ਨੇ ਵਿੱਕੀ ਨੂੰ ਗੋਦੀ ਚੁੱਕਿਆ ਉਹ ਪਿੰਕੀ, ਜਿਸ ਦੇ ਮੂੰਹ ’ਤੇ ਕਿਸੇ ਮਾੜੀ ਜਿਹੀ ਗੱਲ ’ਤੇ ਉਸ ਨੇ ਚੰਡ ਮਾਰੀ ਸੀ, ਚਾਕਲੇਟ ਲਈ ਸੱਦਿਆ ਤਾਂ ਇੰਦਰਾ ਨੂੰ ਇਸ ਤਰ੍ਹਾਂ ਹੁੰਦਾ ਕੇ ਵੇਖ ਯਕੀਨ ਹੀ ਨਹੀਂ ਸੀ ਆਇਆ ਕਿ ਰਾਜੇਸ਼ ਇੱਕੋ ਵਾਰੀ ਕਿਵੇਂ ਬਦਲ ਗਿਆ। ਉਸ ਦਾ ਮਨ ਹੋਇਆ ਕਿ ਪਤੀ ਨੂੰ ਪੁੱਛ ਵੇਖੇ, ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹ ਤਾਂ ਬੱਸ ਆਪਣੇ ਕੰਮ ਲੱਗੀ ਰਹੀ ਕਿਉਂਕਿ ਹੁਣ ਚੁੱਪ ਰਹਿ ਜਾਣਾ ਉਸ ਦੀ ਆਦਤ ਬਣ ਗਈ ਸੀ।
ਅਸਲ ਵਿੱਚ ਹੋਇਆ ਇੰਜ ਕਿ ਅੱਜ ਸਵੇਰੇ ਰਾਜੇਸ਼ ਰੋਜ਼ ਵਾਂਗ ਸਕੂਲ ਗਿਆ। ਜਾਂਦਿਆਂ ਸਾਰ ਉਸ ਦੀ ਸਕੂਲ ਚਪੜਾਸੀ ਨਾਲ ਝੜਪ ਹੋ ਗਈ ਜਿਸ ਨੇ ਉਸ ਦੇ ਕਮਰੇ ਦੇ ਮੇਜ਼ ’ਤੇ ਕੱਪੜਾ ਨਹੀਂ ਸੀ ਮਾਰਿਆ। ਉਹ ਇੱਕ ਅਧਿਆਪਕ ਸਾਥੀ ਨਾਲ ਵੀ ਲੜ ਪਿਆ ਸੀ ਜਿਹੜਾ ਰੋਜ਼ ਸਾਈਕਲ ਦੀ ਥਾਂ ਮੋਟਰਸਾਈਕਲ ’ਤੇ ਸਕੂਲ ਆਉਂਦਾ ਸੀ। ਰਾਜੇਸ਼ ਕੋਲੋਂ ਇਹ ਸਹਿਣ ਨਹੀਂ ਸੀ ਹੁੰਦਾ ਕਿ ਉਸ ਨਾਲ ਕੰਮ ਕਰਦਾ ਅਧਿਆਪਕ ਮੋਟਰਸਾਈਕਲ ’ਤੇ ਕਿਉਂ ਆਉਂਦਾ ਹੈ? ਉਸ ਵਾਂਗ ਸਾਈਕਲ ਇਸਤੇਮਾਲ ਕਿਉਂ ਨਹੀਂ ਕਰਦਾ।
ਪਰ ਅਜੇ ਉਹ ਆਪਣਾ ਪਹਿਲਾ ਪੀਰੀਅਡ ਅਟੈਂਡ ਕਰ ਕੇ ਕਲਾਸ-ਰੂਮ ਵਿੱਚੋਂ ਬਾਹਰ ਨਿਕਲ ਕੇ ਸਟਾਫ-ਰੂਮ ਵੱਲ ਜਾ ਹੀ ਰਿਹਾ ਸੀ ਕਿ ਸਕੂਲ ਦੇ ਵੱਡੇ ਗੇਟ ਤੋਂ ਥੋੜ੍ਹਾ ਜਿਹਾ ਅੰਦਰ ਨੂੰ ਕਰ ਕੇ ਇੱਕ ਵੱਡੀ ਲੰਮੀ ਕਾਰ ਆ ਕੇ ਰੁਕੀ, ਜਿਸ ਨੂੰ ਵੇਖਦਿਆਂ ਸਾਰ ਰਾਜੇਸ਼ ਦੇ ਮਨ ’ਚ ਆਇਆ ‘ਕਾਸ਼ ਅਜਿਹੀ ਕਾਰ ਮੇਰੇ ਕੋਲ ਵੀ ਹੁੰਦੀ?’
ਅਜੇ ਉਹ ਇਹ ਸੋਚ ਹੀ ਰਿਹਾ ਸੀ ਕਿ ਡਰਾਈਵਰ ਨੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ। ਉਸ ਵਿੱਚੋਂ ਕੋਈ ਸੱਤਰ-ਅੱਸੀ ਸਾਲ ਦੀ ਇੱਕ ਔਰਤ ਬਾਹਰ ਨਿਕਲੀ। ਬਹੁਤ ਪਿਆਰੀ ਸ਼ਖ਼ਸੀਅਤ ਵਾਲੀ। ਫਿਰ ਡਰਾਈਵਰ ਨੇ ਕਾਰ ਦੀ ਡਿੱਕੀ ਖੋਲ੍ਹ ਕੇ ਉਸ ਵਿੱਚੋਂ ਵੀਲ੍ਹ-ਚੇਅਰ ਬਾਹਰ ਕੱਢੀ। ਫਿਰ ਕਾਰ ਦੀ ਪਿਛਲੀ ਸੀਟ ਤੋਂ ਅੱਠ-ਨੌਂ ਵਰ੍ਹਿਆਂ ਦੇ ਮੰਦਬੁੱਧੀ ਬੱਚੇ ਨੂੰ ਬਾਹਰ ਕੱਢ ਕੇ ਉਸ ’ਤੇ ਬਿਠਾ ਦਿੱਤਾ ਜਿਸ ਦੀਆਂ ਦੋਵੇਂ ਲੱਤਾਂ ਵੀ ਕੰਮ ਨਹੀਂ ਸਨ ਕਰਦੀਆਂ।
ਉਸ ਔਰਤ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਰਾਜੇਸ਼ ਤਾਂ ਆਪਣੀ ਥਾਵੇਂ ਖੜ੍ਹੋਤਾ ਰਹਿ ਗਿਆ।
‘‘ਬੇਟਾ, ਕੀ ਤੁਸੀਂ ਇਸ ਸਕੂਲ ਵਿੱਚ ਕੰਮ ਕਰਦੇ ਹੋ?’’
ਰਾਜੇਸ਼ ਨੇੜੇ ਪਹੁੰਚ ਕੇ ਉਸ ਉਮਰ-ਦਰਾਜ਼ ਔਰਤ ਦਾ ਇਹ ਪਹਿਲਾ ਸਵਾਲ ਸੀ। ਉਸ ਨੇ ਬਹੁਤ ਨਿਮਰਤਾ ਨਾਲ ਪੁੱਛਿਆ ਸੀ। ਪਹਿਲਾਂ ਤਾਂ ਰਾਜੇਸ਼ ਦੇ ਮਨ ਵਿੱਚ ਆਇਆ ਕਿ ਵੱਡੀ ਕਾਰ ਵਾਲੀ ਇਸ ਅਮੀਰ ਔਰਤ ਨੂੰ ਕੋਈ ਜਵਾਬ ਦੇਵੇ ਹੀ ਨਾ, ਪਰ ਉਸ ਨਾਲ ਆਏ ਵੀਲ੍ਹ-ਚੇਅਰ ’ਤੇ ਬੈਠੇ ਮੁੰਡੇ ਨੂੰ ਵੇਖ ਕੇ ਉਸ ਨੂੰ ਬੋਲਣਾ ਹੀ ਪਿਆ, ‘‘ਹਾਂ ਮਾਂ ਜੀ, ਮੈਂ ਇਸ ਸਕੂਲ ’ਚ ਅਧਿਆਪਕ ਹਾਂ ਅਤੇ ਬੱਚਿਆਂ ਨੂੰ ਪੇਂਟਿੰਗ ਸਿਖਾਉਂਦਾ ਹਾਂ।’’
ਰਾਜੇਸ਼ ਦਾ ਜਵਾਬ ਸੁਣ ਕੇ ਉਹ ਬਜ਼ੁਰਗ ਔਰਤ ਕੁਝ ਚਿਰ ਚੁੱਪ ਰਹਿ ਕੇ ਉਸ ਦੇ ਚਿਹਰੇ ਵੱਲ ਵੇਖਦੀ ਰਹੀ। ਪਰ ਉਹ ਮੁੜ ਆਪੇ ਬੋਲਣ ਲੱਗੀ, ‘‘ਪੁੱਤ, ਮੈਂ ਇਸ ਬੱਚੇ ਦੀ ਦਾਦੀ ਹਾਂ। ਇਹ ਮੇਰੇ ਪੁੱਤ ਦਾ ਇੱਕੋ-ਇੱਕ ਬੇਟਾ ਹੈ। ਇਹ ਜਮਾਂਦਰੂ ਹੀ ਅਜਿਹਾ ਹੈ। ਅਸੀਂ ਇਸ ਦਾ ਇਲਾਜ ਕਰਵਾ ਰਹੇ ਹਾਂ। ਡਾਕਟਰ ਤਾਂ ਕਹਿੰਦੇ ਹਨ ਇਹ ਠੀਕ ਹੋ ਜਾਵੇਗਾ, ਪਰ ਇਸ ਲਈ ਵਕਤ ਲੱਗੇਗਾ। ਸਾਡੇ ਕੋਲ ਬਹੁਤ ਕੁਝ ਹੈ ਬੇਟਾ। ਕਿਸੇ ਚੀਜ਼ ਦੀ ਕਮੀ ਨਹੀਂ, ਪਰ ਇਹ ਬੱਚਾ…। ਇਸ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਪਰ ਕਿੰਨੇ ਲਾਚਾਰ ਹਾਂ। ਪੁੱਤ, ਸਾਨੂੰ ਮਾਨਸਿਕ ਸ਼ਾਂਤੀ ਨਹੀਂ। ਮੇਰੇ ਪੋਤੇ ਨੂੰ ਤਕਲੀਫ਼ ਹੈ। ਇਸ ਕਰਕੇ ਮੇਰਾ ਪੁੱਤ ਵੀ ਦੁਖੀ ਰਹਿੰਦਾ ਹੈ। ਇਸ ਬੱਚੇ ਦੀ ਮਾਂ ਵੀ ਦੁਖੀ ਰਹਿੰਦੀ ਹੈ। ਇਸ ਤਕਲੀਫ਼ ਵਿੱਚ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ…? ਕੀ ਰਹਿ ਸਕਦੇ ਹਾਂ ਬੇਟਾ…? ਨਹੀਂ ਰਹਿ ਸਕਦੇ ਨਾ…? ਫਿਰ ਬਾਕੀ ਸਾਰੇ ਸੁਖਾਂ ਨੂੰ ਅਸੀਂ ਕੀ ਕਰਾਂਗੇ। ਪੁੱਤ, ਮੈਂ ਇਸ ਬੱਚੇ ਨੂੰ ਸਕੂਲ ਵਿੱਚ ਦਾਖ਼ਲ ਕਰਵਾਉਣ ਆਈ ਹਾਂ। ਤੁਹਾਡੇ ਲੋਕਾਂ ਨੂੰ ਸੌਂਪ ਰਹੀ ਹਾਂ ਮੈਂ ਇਸ ਨੂੰ। ਦੇਖੀਂ ਬੇਟਾ, ਸਕੂਲ ਵਿੱਚ ਇਸ ਨੂੰ ਕੋਈ ਤਕਲੀਫ਼ ਨਾ ਹੋਵੇ। ਪੁੱਤ, ਇਹ ਤਾਂ ਪਹਿਲਾਂ ਤੋਂ ਹੀ ਰੱਬ ਦੇ ਦਿੱਤੇ ਦੁੱਖਾਂ ਦਾ ਮਾਰਿਆ ਹੋਇਆ ਹੈ।’’
ਇੰਨਾ ਆਖਦਿਆਂ ਉਸ ਬਿਰਧ ਔਰਤ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਕਰਕੇ ਪਾਣੀ ਦੀਆਂ ਲਕੀਰਾਂ ਵਗ ਤੁਰੀਆਂ।
ਰਾਜੇਸ਼ ਤਾਂ ਜਿਵੇਂ ਧਰਤੀ ਵਿੱਚ ਗੱਡਿਆ ਪੱਥਰ ਬਣ ਕੇ ਰਹਿ ਗਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਔਰਤ ਨੂੰ ਕੀ ਜਵਾਬ ਦੇਵੇ। ਪਲਾਂ ਵਿੱਚ ਉਸ ਦੀ ਸੋਚ ਆਪਣੇ ਘਰ ਚਲੀ ਗਈ ਜਿੱਥੇ ਉਸ ਦਾ ਖ਼ਿਆਲ ਰੱਖਣ ਵਾਲੀ, ਪਿਆਰ ਕਰਨ ਵਾਲੀ ਉਸ ਦੀ ਪਤਨੀ ਸੀ, ਉਨ੍ਹਾਂ ਦੇ ਬੱਚੇ ਸਨ।
ਪੈਸਾ ਨਾ ਹੋਣ ’ਤੇ ਵੀ, ਗ਼ਰੀਬੀ ਹੋਣ ’ਤੇ ਵੀ, ਤੰਗੀ ਹੋਣ ’ਤੇ ਵੀ ਸਾਰੇ ਮਾਨਸਿਕ ਸੁਖ ਸਨ ਉਨ੍ਹਾਂ ਕੋਲ। ਪਰ ਇਹ ਬਜ਼ੁਰਗ ਔਰਤ…?
ਰਾਜੇਸ਼ ਨੂੰ ਆਪਣੀ ਸੋਚ ਝੂਠੀ ਜਾਪੀ। ਪਤਨੀ ਨੂੰ ਕਹੇ ਉਹ ਸ਼ਬਦ ਵੀ ਝੂਠੇ ਜਾਪੇ ਕਿ ਪੈਸੇ ਨਾਲ ਸੁਖ ਖ਼ਰੀਦੇ ਜਾ ਸਕਦੇ ਹਨ। ਜੇ ਅਜਿਹਾ ਹੁੰਦਾ ਤਾਂ ਫਿਰ ਇਹ ਬਿਰਧ ਔਰਤ ਦੁਖੀ ਕਿਉਂ ਹੁੰਦੀ…?
ਉਸ ਬਜ਼ੁਰਗ ਔਰਤ ਦੀ ਗੱਲ ਮੁੱਕ ਜਾਣ ’ਤੇ ਰਾਜੇਸ਼ ਨੇ ਪਹਿਲਾਂ ਉਸ ਔਰਤ ਵੱਲ ਤੇ ਫਿਰ ਵੀਲ੍ਹਚੇਅਰ ’ਤੇ ਬੈਠੇ ਉਸ ਬੱਚੇ ਵੱਲ ਇਉਂ ਵੇਖਿਆ ਜਿਵੇਂ ਉਹ ਤਾਂ ਉਸ ਦੇ ਸਾਰੇ ਦੁੱਖ ਵੰਡ ਲਵੇਗਾ। ਸਕੂਲ ਵਿੱਚ ਉਸ ਨੂੰ ਕੋਈ ਤਕਲੀਫ਼ ਨਹੀਂ ਆਉਣ ਦੇਵੇਗਾ।
ਕੁਝ ਚਿਰ ਪਹਿਲਾਂ ਉਸ ਕੋਲ ਖੜ੍ਹੋਤੀ ਹੰਝੂਆਂ ਨਾਲ ਭਰੀਆਂ ਅੱਖਾਂ ਵਾਲੀ ਉਹ ਬਿਰਧ ਦੁਖੀ ਔਰਤ, ਪ੍ਰਿੰਸੀਪਲ ਦੇ ਦਫ਼ਤਰ ਵੱਲ ਚੱਲੀ ਗਈ ਸੀ ਅਤੇ ਰਾਜੇਸ਼ ਤਦੇ ਸਕੂਲੋਂ ਛੁੱਟੀ ਲੈ ਕੇ ਘਰ ਵੱਲ ਤੁਰ ਪਿਆ।
ਇੰਨੇ ਵਰ੍ਹਿਆਂ ਬਾਅਦ ਰਾਜੇਸ਼ ਨੇ ਪਹਿਲੀ ਵਾਰੀ ਵਿੱਕੀ ਨੂੰ ਗੋਦ ਚੁੱਕਿਆ ਸੀ ਅਤੇ ਪਿੰਕੀ ਨੂੰ ਖਾਣ ਲਈ ਚਾਕਲੇਟ ਦਿੱਤਾ ਸੀ।
ਘਰ ਆ ਕੇ ਉਸ ਨੇ ਪਤਨੀ ਨੂੰ ਕੁਝ ਨਹੀਂ ਦੱਸਿਆ ਕਿ ਸਕੂਲ ਵਿੱਚ ਕੀ ਹੋਇਆ ਸੀ।
ਅਤੇ ਇੰਦਰਾ…! ਉਸ ਨੇ ਵੀ ਅੱਜ ਪਤੀ ਵਿੱਚ ਆਏ ਇਸ ਪਰਿਵਰਤਨ ਬਾਰੇ ਕੋਈ ਗੱਲ ਨਹੀਂ ਕੀਤੀ ਸਗੋਂ ਉਹ ਤਾਂ ਉਸੇ ਤਰ੍ਹਾਂ ਚੁੱਪ-ਚਾਪ ਹਰ ਰੋਜ਼ ਵਾਂਗ ਰਸੋਈ ਘਰ ਵਿੱਚ ਜਾ ਕੇ ਪਤੀ ਲਈ ਚਾਹ ਬਣਾਉਣ ਲੱਗੀ ਸੀ।

ਸੰਪਰਕ: 0061-403848789


Comments Off on ਪਰਿਵਰਤਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.