ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪਾਠਕਾਂ ਦੇ ਖ਼ਤ

Posted On March - 17 - 2017

ਕਪਤਾਨ ਦੀ ਦੂਜੀ ਪਾਰੀ
16 ਮਾਰਚ ਨੂੰ ਸੰਪਾਦਕੀ ‘ਕਪਤਾਨ ਦੀ ਦੂਜੀ ਪਾਰੀ’ ਵਿੱਚ ਪੰਜਾਬ ਦੀ ਮੌਜੂਦਾ ਹਾਲਾਤ ਦਾ ਵਰਨਣ ਕਰਦਿਆਂ ਸੂਬੇ ਦੀ ਕਮਾਂਡ ਸੰਭਾਲ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਭਲਾਈ ਲਈ ਸੰਜੀਦਗੀ ਵਰਤਣ ਲਈ ਸੁਚੇਤ ਕੀਤਾ ਗਿਆ ਹੈ। ਕੈਪਟਨ ਨੂੰ ਦਰਿਆਈ ਪਾਣੀਆਂ ਦਾ ਰਾਖਾ ਤੇ ਕਿਸਾਨ ਹਮਾਇਤੀ ਮੰਨਿਆ ਜਾਂਦਾ ਹੈ। ‘ਕੈਪਟਨ’ ਹੋਣ ਦੇ ਨਾਤੇ ਉਨ੍ਹਾਂ ਨੂੰ ਸੂਬੇ ਦੀ ਕਮਾਂਡ ਸੰਭਾਲਣੀ ਵੀ ਆਉਂਦੀ ਹੈ। ਪਰ ਪਰਜਾ ਵਿੱਚ ਘੱਟ ਵਿਚਰਨਾ ਤੇ ਲੇਟ-ਲਤੀਫ਼ੀ ਵਰਗੀਆਂ ਕਮੀਆਂ ਉਨ੍ਹਾਂ ਦੀ ਸਿਆਸੀ ਜ਼ਿੰਮੇਵਾਰੀ ਤੇ ਪ੍ਰਸ਼ਾਸਨਿਕ ਸਾਖ਼ ਨੂੰ ਢਾਹ ਲਾਉਂਦੀਆਂ ਆਈਆਂ ਹਨ। ਇਸ ਕਰਕੇ ਸਿਆਸੀ ਲਾਲਚਾਂ ਤੋਂ ਉੱਪਰ ਉੱਠ ਕੇ ਨਿਰਪੱਖ ਤੌਰ ’ਤੇ ਕੰਮ ਕਰਨ ਅਤੇ ਆਰਥਿਕ ਤੇ ਸਮਾਜਿਕ ਖੇਤਰਾਂ ਵਿੱਚ ਸਮੁੱਚਾ ਵਿਕਾਸ ਸੰਭਵ ਬਣਾਉਣ ਦੀ ਜ਼ਰੂਰਤ ਹੈ।
-ਗੁਰਬਾਜ ਸਿੰਘ ਹੁਸਨਰ, ਸਿਰਸਾ (ਹਰਿਆਣਾ)
(2)
‘ਕਪਤਾਨ ਦੀ ਦੂਜੀ ਪਾਰੀ’ ਵਿੱਚ ਖ਼ਰੀਆਂ ਗੱਲਾਂ ਕੀਤੀਆਂ ਗਈਆਂ ਹਨ। ਕੈਪਟਨ ਨੂੰ ਆਪਣੀ ਪਿਛਲੀ ਪਾਰੀ ਨਾਲੋਂ ਬਿਹਤਰ ਪਾਰੀ ਖੇਡਣ ਦੀ ਲੋੜ ਹੈ।
-ਰਣਜੀਤ ਸਿੰਘ, ਅੰਮ੍ਰਿਤਸਰ
ਫੂਲਕਾ ਅਤੇ ਖਹਿਰਾ ਦੀ ਚੋਣ
16 ਮਾਰਚ ਦੀ ਸੰਪਾਦਕੀ ਵਿੱਚ ਕੇਜਰੀਵਾਲ ਵੱਲੋਂ ਦਲਿਤ ਵਰਗ ਨੂੰ ਵਿਧਾਇਕ ਦਲ ਵਿੱਚ ਬਣਦਾ ਹੱਕ ਨਾ ਦੇਣ ਬਾਰੇ ਸਹੀ ਲਿਖਿਆ ਹੈ। ਇੰਨਾ ਹੀ ਨਹੀਂ, ਸਗੋਂ ਵਿਧਾਇਕਾਂ ਨੂੰ ਦਿੱਲੀ ਸੱਦ ਕੇ ਆਪ ਸੁਪਰੀਮੋ ਨੇ ਹੈਂਕੜ ਦਾ ਪ੍ਰਗਟਾਵਾ ਕੀਤਾ ਹੈ। ਇਸਦੇ ਬਿਲਕੁਲ ਉਲਟ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪੰਜਾਬ ਆਏ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਹੋਰ ਅਹੁਦੇਦਾਰਾਂ ਨੂੰ ਕੇਜਰੀਵਾਲ ਨੂੰ ਸਵਾਲ ਪੁੱਛਣੇ ਬਣਦੇ ਹਨ ਕਿ ਉਹ ਕਿਉਂ ਤਾਨਾਸ਼ਾਹ ਵਜੋਂ ਵਿਚਰ ਰਿਹਾ ਹੈ?
-ਪ੍ਰਿੰ. ਗੁਰਮੁਖ ਸਿੰਘ ਪੋਹੀੜ, ਪਿੰਡ ਪੋਹੀੜ (ਲੁਧਿਆਣਾ)
ਫਾਹਾ ਵੱਢਣ ਨਾਲ ਜੁੜੀ ਬੇਇਨਸਾਫ਼ੀ
16 ਮਾਰਚ ਦੇ ਅੰਕ ਵਿੱਚ ਤਜਿੰਦਰ ਸਿੰਘ ਦਾ ਮਿਡਲ ‘ਆਖ਼ਿਰ ਪਰਚਾ ਬੋਲ ਪਿਆ’ ਤਲਖ਼ ਸਚਾਈਆਂ ਨਾਲ ਭਰਪੂਰ ਹੈ। ਪ੍ਰੀਖਿਆ ਪਿੱਛੋਂ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਚੈੱਕ ਕਰਨ ਵੇਲੇ ‘ਫਾਹਾ ਵੱਢਣ’ ਦੀ ਮਾਨਸਿਕਤਾ ਵਿਦਿਆਰਥੀਆਂ ਵੱਲੋਂ ਸਾਰਾ ਸਾਲ ਕੀਤੀ ਕਰੜੀ ਮਿਹਨਤ ਨਾਲ ਘੋਰ ਬੇਇਨਸਾਫ਼ੀ ਹੈ। ਇਹੋ ਵਜ੍ਹਾ ਹੈ ਕਿ ਵਿਦਿਆਰਥੀ ਆਪਣੇ ਨਤੀਜਿਆ ਤੋਂ ਕਈ ਵਾਰ ਕਾਫ਼ੀ ਮਾਯੂਸ ਹੋ ਜਾਂਦੇ ਹਨ। ਵਿਸ਼ੇ ਨਾਲ ਸਬੰਧਿਤ ਨਾ ਹੋਣ ’ਤੇ ਹੋਰ ਵਿਸ਼ਿਆਂ ਦੀ ਪੇਪਰ ਮਾਰਕਿੰਗ ਕਰਨਾ ਜਾਂ ਕਰਵਾਉਣਾ ਹੋਰ ਵੀ ਵਧੇਰੇ ਮੰਦਭਾਗੀ ਗੱਲ ਹੈ।
-ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)
(2)
ਤਜਿੰਦਰ ਸਿੰਘ ਦਾ ਮਿਡਲ ਪੜ੍ਹਨ ਤੋਂ ਬਾਅਦ ਨਜ਼ਰ ਅਗਲੇ ਸਫ਼ੇ ਦੇ ਇੱਕ ਲੇਖ ਦੇ ਸਿਰਲੇਖ ‘ਸਿੱਖਿਆ ਪ੍ਰਣਾਲੀ ਵਿੱਚੋਂ ਲੋਪ ਹੋ ਰਿਹਾ ਨੈਤਿਕਤਾ ਦਾ ਸਬਕ’ ਉੱਤੇ ਪਈ ਤਾਂ ਮੈਂ ਉਸ ਨੂੰ ਉੱਥੇ ਹੀ ਛੱਡ ਕੇ ਮਿਡਲ ਦੁਬਾਰਾ ਪੜ੍ਹਿਆ। ਅਜਿਹੇ ਮਾਰਕਿੰਗ ਪ੍ਰਬੰਧ, ਜਿਸ ਵਿੱਚ ‘ਕਿੰਨੇ ਵੱਢਤੇ’ ਵਰਗੇ ਸ਼ਬਦ ਵਰਤੇ ਜਾਂਦੇ ਹੋਣ, ਜਿਸ ਪ੍ਰਬੰਧ ਵਿੱਚ ਪੇਪਰ ਮਾਰਕ ਕਰਨ ਵਾਲੇ ਅਧਿਆਪਕ ਤੇ ਵਿਸ਼ੇ ਦਾ ਕੋਈ ਮੇਲ ਨਾ ਹੋਵੇ, ਜਿੱਥੇ ਹੈੱਡ ਅੇਗਜ਼ਾਮੀਨਰ ਦਾ ਮੁੰਡਾ ਰੀ-ਚੈਕਿੰਗ ਕਰਦਾ ਹੋਵੇ ਅਤੇ ਜਿੱਥੇ ਇੱਕ ਦਿਨ ਵਿੱਚ ਦੋ ਦੋ ਥੈਲੀਆਂ ‘ਵੱਢ’ ਦਿੱਤੀਆਂ ਜਾਂਦੀਆਂ ਹੋਣ, ਉੱਥੇ ਨੈਤਿਕਤਾ ਦਾ ਸਬਕ ਕਿੱਥੇ ਰਹਿ ਜਾਂਦਾ ਹੈ? ਗ਼ਲਤ ਮਾਰਕਿੰਗ ਵਿਦਿਆਰਥੀਆਂ ਨਾਲ ਨਾਮੁਆਫ਼ੀਯੋਗ ਅਪਰਾਧ ਹੈ। ਅਜਿਹਾ ਅਪਰਾਧ ਬੰਦ ਹੋਣਾ ਚਾਹੀਦਾ ਹੈ।
-ਸਤਨਾਮ ਸਿੰਘ ਸ਼ੋਕਰ, ਪਿੰਡ ਹੁਸ਼ਿਆਰਪੁਰ (ਈ-ਮੇਲ)
ਸਿਆਸਤ ਦਾ ਭਗਵਾਕਰਨ
13 ਮਾਰਚ ਦੀ ਸੰਪਾਦਕੀ ‘ਉੱਤਰ ਪ੍ਰਦੇਸ਼ ਦਾ ਭਗਵਾਕਰਨ’ ਵਿੱਚ ਦੇਸ਼ ਦੀ ਸਿਆਸਤ ਵਿੱਚ ਵਧ ਰਹੇ ਭਗਵਾਕਰਨ ਦਾ ਬਾਖ਼ੂਬੀ ਵਰਨਣ ਕੀਤਾ ਗਿਆ ਹੈ। ਦੇਸ਼ ਲਈ ਅਜਿਹਾ ਹੋਣਾ ਖ਼ਤਰੇ ਦੀ ਘੰਟੀ ਹੈ। ਦੇਸ਼ ਨੂੰ ਚੰਗੇ ਬਦਲ ਦੀ ਅਣਸਰਦੀ ਲੋੜ ਹੈ ਜੋ ਅਜੇ ਦੂਰ ਦੂਰ ਤਕ ਵੀ ਨਜ਼ਰ ਨਹੀਂ ਆ ਰਿਹਾ। ਦੂਜੀ ਸੰਪਾਦਕੀ ‘ਪੰਜਾਬ ਚੋਣ ਨਤੀਜਿਆਂ ਦੇ ਸੰਕੇਤ’ ਵਿੱਚ ਸੱਤਾਧਾਰੀਆ ਦੇ ਸਮੇਂ ਵਿੱਚ ਹੋਈਆਂ ਮਨਮਾਨੀਆਂ ਦੀ ਸਹੀ ਵਿਆਖਿਆ ਕੀਤੀ ਗਈ ਹੈ।
-ਸਵਰਨ ਸਿੰਘ ਭੰਗੂ, ਚਮਕੌਰ ਸਾਹਿਬ (ਰੂਪਨਗਰ)
ਛਣਕਾਰ ਦਾ ਭੂਤ
7 ਮਾਰਚ ਦੇ ਨਜ਼ਰੀਆ ਪੰਨੇ ’ਤੇ ਰਸ਼ਪਿੰਦਰਪਾਲ ਕੌਰ ਦਾ ਮਿਡਲ ‘ਛਣਕਾਰ ਦਾ ਭੂਤ’ ਦਿਲਚਸਪ ਲੱਗਾ। ਭੂਤ-ਪ੍ਰੇਤ ਸਿਰਫ਼ ਮਨ ਦਾ ਵਹਿਮ ਅਤੇ ਕੋਰੀ ਮਨੁੱਖੀ ਕਲਪਨਾ ਤੋਂ ਇਲਾਵਾ ਹੋਰ ਕੁਝ ਨਹੀਂ। ਇਨ੍ਹਾਂ ਬਾਰੇ ਵਹਿਮਾਂ-ਭਰਮਾਂ ਨੇ ਅਨੇਕਾਂ ਘਰ ਬਰਬਾਦ ਕਰ ਦਿੱਤੇ ਹਨ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
‘ਆਪ’ ਲਈ ਆਪਾ-ਪੜਚੋਲ ਦਾ ਸਮਾਂ
ਸੋਸ਼ਲ ਮੀਡੀਆ ਉੱਪਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਪੂਰੇ ਜ਼ੋਰ-ਸ਼ੋਰ ਨਾਲ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀ, ਵਿਸ਼ੇਸ਼ ਕਰਕੇ ਨੌਜਵਾਨ ਵਰਗ ਵੱਲੋਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਮਿਲਵੇਂ-ਜੁਲਵੇਂ ਪ੍ਰਤੀਕਰਮ ਦਿੱਤੇ ਜਾ ਰਹੇ ਹਨ। ਕੁਝ ਲੋਕ ਵੱਖ-ਵੱਖ ਸੋਸ਼ਲ ਮੀਡੀਆ ਉੱਪਰ ਜਿੱਥੇ ਕ੍ਰੋਧ ਵਿੱਚ ਆ ਕੇ ਆਮ ਜਨਤਾ ਨੂੰ ਹੀ ਬੇਵਕੂਫ਼, ਬੇਅਕਲ ਜਾਂ ਬੇਸਮਝ ਆਖ ਰਹੇ ਹਨ, ਉੱਥੇ ਕੁਝ ਨੂੰ ਇਨ੍ਹਾਂ ਨਤੀਜਿਆਂ ਨਾਲ ਇੰਨੀ ਠੇਸ ਪਹੁੰਚੀ ਹੈ ਕਿ ਉਹ ਭਵਿੱਖ ਵਿੱਚ ਕਦੇ ਵੀ ਵੋਟ ਨਾ ਪਾਉਣ ਦੀ ਗੱਲ ਆਖ ਰਹੇ ਹਨ।  ਹੋਰ ਤਾਂ ਹੋਰ, ਕੁਝ ਲੋਕਾਂ ਅਨੁਸਾਰ ਉਨ੍ਹਾਂ ਦਾ ਫੇਸਬੁੱਕ ਤੋਂ ਹੀ ਭਰੋਸਾ ਉੱਠ ਗਿਆ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਮੁਕਾਬਲੇ ਵਿੱਚ ਹਾਰ-ਜਿੱਤ ਤਾਂ ਹੁੰਦੀ ਹੀ ਰਹਿੰਦੀ ਹੈ, ਪਰੰਤੂ ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੁੰਦੀ ਹੈ ਕਿ ਉਨ੍ਹਾਂ ਨੇ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਤਿਆਗ ਕੇ ਇੱਕ ਨਵੀਂ ਤੇ ਸਹੀ ਪਾਰਟੀ ਦੀ ਚੋਣ ਕੀਤੀ ਹੈ। ਸਭ ਪਾਰਟੀਆਂ ਦੇ ਸਮਰਥਕਾਂ ਨੂੰ ਪੰਜਾਬ ਦੀ ਸਮੁੱਚੀ ਜਨਤਾ ਦੁਆਰਾ ਸੁਣਾਏ ਗਏ ਫ਼ੈਸਲੇ ਨੂੰ ਬਿਨਾਂ ਨਿਰਾਸ਼ ਜਾਂ ਹਤਾਸ਼ ਹੋਏ ਨਾ ਕੇਵਲ ਖਿੜੇ ਮਿੱਥੇ ਸਵੀਕਾਰ ਕਰਨਾ ਚਾਹੀਦਾ ਹੈ ਬਲਕਿ ਇੱਕ ਦੂਸਰੇ ਦੇ ਸਹਿਯੋਗੀ ਬਣਕੇ ਸਮਾਜ ਵਿੱਚ ਉਸਾਰੂ ਬਦਲਾਅ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
11603CD _PUNJABI UNIVERSITY PHOTO-ਹਰਗੁਣਪ੍ਰੀਤ ਸਿੰਘ, ਪਟਿਆਲਾ

ਸਿੱਖਿਆ ਸੰਸਥਾਵਾਂ ਤੇ ਰਾਜਨੀਤੀ
16 ਮਾਰਚ ਦੇ ਅੰਕ ਦੇ ਮੁੱਖ ਪੰਨੇ ’ਤੇ ਛਪੀ ਖ਼ਬਰ ਪੜ੍ਹਨ ਤੋਂ ਪਤਾ ਲੱਗਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਦੋ ਨਾਮੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਦੁਆਰਾ ਅਸਤੀਫ਼ੇ ਦੇ ਦਿੱਤੇ ਗਏ ਹਨ। ਇਹ ਅਸਤੀਫ਼ੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸੂਬੇ ਦੇ ਸਿੱਖਿਆ ਅਦਾਰੇ ਰਾਜਨੀਤੀ ਦੀ ਭੇਂਟ ਚਾੜ੍ਹੇ ਜਾ ਚੁੱਕੇ ਹਨ। ਸਿੱਖਿਆ ਅਦਾਰਿਆਂ ਦੇ ਮੁਖੀਆਂ ਦੀ ਚੋਣ ਰਾਜਨੀਤੀ ਤੋਂ ਦੂਰ ਰਹਿ ਕੇ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਰਕਾਰ ਬਦਲਣ ’ਤੇ ਉਨ੍ਹਾਂ ਨੂੰ ਅਸਤੀਫ਼ੇ ਨਾ ਦੇਣੇ ਪੈਣ।
-ਪ੍ਰੋ. ਗੁਰਪ੍ਰੀਤ ਧਾਲੀਵਾਲ, ਪਟਿਆਲਾ


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.