ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਪਾਠਕਾਂ ਦੇ ਖ਼ਤ

Posted On March - 19 - 2017

ਜ਼ਿੰਮੇਵਾਰੀਆਂ ਦਾ ਤਾਜ
18 ਮਾਰਚ ਦੇ ਅੰਕ ਦੀ ਸੰਪਾਦਕੀ ‘ਜ਼ਿੰਮੇਵਾਰੀਆਂ ਦਾ ਤਾਜ’ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਰਪੇਸ਼ ਚੁਣੌਤੀਆਂ ਦਾ ਸਹੀ ਵਰਨਣ ਕਰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਰਥਿਕ ਮੰਦਹਾਲੀ ਵਿੱਚੋਂ ਲੰਘ ਰਹੇ ਪੰਜਾਬ ਦੀ ਮਾਲੀ ਹਾਲਤ ਨੂੰ ਸੁਧਾਰਨਾ ਅਤੇ ਜ਼ਰੂਰਤਾਂ ਤੋਂ ਵੱਧ ਸਹੂਲਤਾਂ ਲੈਣ ਦੀਆਂ ਜਨਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਕਿਸੇ ਵੀ ਸਰਕਾਰ ਲਈ ਇਕੱਲੇ ਤੌਰ ’ਤੇ ਸੰਭਵ ਨਹੀਂ ਹੋ ਸਕਦਾ। ਆਰਥਿਕ ਪੱਖੋਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਮਾਜ ਦੇ ਹਰ ਵਰਗ ਵੱਲੋਂ ਸਰਕਾਰ ਨੂੰ ਸਹਿਯੋਗ ਮਿਲਣਾ ਜ਼ਰੂਰੀ ਹੈ।
-ਸ਼ੰਮੀ ਸ਼ਰਮਾ, ਪਟਿਆਲਾ
(2)
ਸੰਪਾਦਕੀ ‘ਜ਼ਿੰਮੇਵਾਰੀਆਂ ਦਾ ਤਾਜ’ ਵਕਤ ਦੀ ਨਜ਼ਾਕਤ ਮੁਤਾਬਕ ਹੈ। ਗੱਲ ਤਾਂ ਸਿਰਫ਼ ਇੱਥੇ ਮੁੱਕਦੀ ਹੈ ਕਿ ਨੇਤਾ ਲੋਕ, ਕੁਰਸੀ ’ਤੇ ਬੈਠ ਕੇ ਜਨਤਾ ਬਾਰੇ ਭੁੱਲ ਜਾਂਦੇ ਹਨ। ਪੰਜਾਬ ਵਿੱਚ ਰਿਸ਼ਵਤਖ਼ੋਰੀ ਤੇ ਭ੍ਰਿਸ਼ਟਾਚਾਰ ਰੋਕ ਦਿੱਤਾ ਜਾਵੇ ਤਾਂ ਬਹੁਤ ਮਸਲੇ ਹੱਲ ਹੋ ਜਾਣਗੇ।
-ਪ੍ਰਭਜੋਤ ਕੌਰ, ਮੁਹਾਲੀ
ਸੇਧਗਾਰ ਰਚਨਾ
18 ਮਾਰਚ ਦੇ ਨਜ਼ਰੀਆ ਪੰਨੇ ’ਤੇ ਹਰਦੀਪ ਸਿੰਘ ਜਟਾਣਾ ਦਾ ਮਿਡਲ ‘ਹੱਕ ਦੀ ਕਮਾਈ ਲੱਭਣ ਦੀ ਖੁਸ਼ੀ’, ਜਿਸ ਵਿੱਚ ਇੱਕ ਮਿਹਨਤਕਸ਼ ਵਿਅਕਤੀ ਨਾਲ ਵਾਪਰੀ ਘਟਨਾ ਦੀ ਹਕੀਕਤ ਬਿਆਨ ਕੀਤੀ ਗਈ ਹੈ, ਪਸੰਦ ਆਇਆ। ਅਜਿਹੀਆਂ ਘਟਨਾਵਾਂ ਭਾਵੇਂ ਸਾਡੇ ਜੀਵਨ ਵਿੱਚ ਆਮ ਵਾਪਰਦੀਆਂ ਰਹਿੰਦੀਆਂ ਹਨ ਪਰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ। ‘ਪੰਜਾਬੀ ਟ੍ਰਿਬਿਊਨ’ ਅਜਿਹੀਆਂ ਘਟਨਾਵਾਂ ਨੂੰ ਛਾਪ ਕੇ ਸਮਾਜ ਨੂੰ ਜਾਗਰੂਕ ਕਰਨ ਦਾ ਉਪਰਾਲਾ ਕਰ ਰਿਹਾ ਹੈ।
-ਡੀ.ਪੀ. ਜਿੰਦਲ, ਭੀਖੀ (ਮਾਨਸਾ)
ਗ਼ੈਰਸੰਵਿਧਾਨਕ ਵਿਤਕਰਾ
18 ਮਾਰਚ ਦੀ ਸੰਪਾਦਕੀ ਵਿੱਚ ਮੋਦੀ ਸਰਕਾਰ ਵੱਲੋਂ ਸਿਰਫ਼ ਇੱਕੋ ਹੀ ਰਾਜ (ਯੂ.ਪੀ.) ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਬਾਰੇ ਬਿਲਕੁਲ ਸਹੀ ਤੇ ਗੰਭੀਰ ਗੱਲਾਂ ਕੀਤੀਆਂ ਗਈਆਂ ਹਨ। ਕੇਂਦਰ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਨੂੰ ਛੱਡ ਕੇ ਬਾਕੀ ਸਮੁੱਚੇ ਦੇਸ਼ ਦੇ ਕਿਸਾਨਾਂ ਨਾਲ ਕੀਤਾ ਜਾ ਰਿਹਾ ਵਿਤਕਰਾ ਗ਼ੈਰਸੰਵਿਧਾਨਿਕ ਹੈ।
-ਪ੍ਰੋ. ਗੁਰਪ੍ਰੀਤ ਧਾਲੀਵਾਲ (ਈ-ਮੇਲ)
ਕਾਂਗਰਸ ਦੀ ਨਹੀਂ, ਕੈਪਟਨ ਦੀ ਜਿੱਤ
18 ਮਾਰਚ ਦੇ ਅੰਕ ਵਿੱਚ ਪ੍ਰੋ. ਪ੍ਰੀਤਮ ਸਿੰਘ ਦਾ  ਲੇਖ ‘ਪੰਜਾਬ ਵਿੱਚ ਕਾਂਗਰਸ ਦੀ ਨਹੀਂ ਕੈਪਟਨ ਦੀ ਜਿੱਤ’ ਖ਼ਰੀਆਂ ਗੱਲਾਂ ਕਰਦਾ ਹੈ। ਕੈਪਟਨ ਨੂੰ ਹੁਣ ਕਾਂਗਰਸ ਹਾਈਕਮਾਂਡ ਦੀ ਬੇਲੋੜੀ ਚਾਪਲੂਸੀ ਨਹੀਂ ਕਰਨੀ ਚਾਹੀਦੀ।
-ਰਾਜਿੰਦਰ ਸਿੰਘ ਕਾਂਜਲੀ, ਸਰੀ (ਕੈਨੇਡਾ)
ਲੋਕਗੀਤ ਵੀ ਹੋਏ ਲੋਪ
18 ਮਾਰਚ ਦੇ ‘ਸਤਰੰਗ’ ਅੰਕ ਵਿੱਚ ਬਲਦੇਵ ਸਿੰਘ ਸੜਕਨਾਮਾ ਦਾ ਮਾਲਵੇ ਦੇ ਲੋਕਗੀਤਾਂ ਬਾਰੇ ਖੋਜ ਭਰਪੂਰ ਲੇਖ ਪੜ੍ਹਿਆ। ਪੰਜਾਬੀ ਲੋਕਧਾਰਾ ਦੀ ਅਨਮੋਲ ਵਿਰਾਸਤ ਲੋਕਗੀਤ ਲੰਮੇ ਸਮੇਂ ਤਕ ਲੋਕ ਮਨ ਦਾ ਹਿੱਸਾ ਰਹੇ ਹਨ। ਜਨਮ ਤੋਂ ਲੈ ਕੇ ਮਰਨ ਤਕ ਹਰੇਕ ਰਸਮ-ਰਿਵਾਜ ਲੋਕ ਗੀਤਾਂ ਸੰਗ ਹੀ ਨਿਭਾਇਆ ਜਾਂਦਾ ਸੀ। ਹਾਂ, ਆਧੁਨਿਕਤਾ ਨੇ ਇਸ ਵਿਰਾਸਤ ਨੂੰ ਸੱਟ ਅਵੱਸ਼ ਮਾਰੀ ਹੈ ਤੇ ਲੋਕਗੀਤ ਕਾਲਜਾਂ, ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਤਕ ਮਹਿਦੂਦ ਹੋ ਕੇ ਰਹਿ ਗਏ ਹਨ। ਲੋਕਗੀਤਾਂ ਦੀਆਂ ਕਈ ਵੰਨਗੀਆਂ ਅਣਗੌਲੀਆਂ ਰਹਿਣ ਕਾਰਨ ਲੋਪ ਹੋ ਚੁੱਕੀਆਂ ਹਨ।
-ਸੁਨੀਲ ਸਰਥਲੀ, ਰੋਪੜ
ਜਾਣਕਾਰੀ ਭਰਪੂਰ ਰਚਨਾਵਾਂ
‘ਸਤਰੰਗ’ ਅੰਕ ਦੀ ‘ਬਾਲ ਫੁਲਵਾੜੀ’ ਵਿੱਚ ਪੁਸ਼ਪਿੰਦਰ ਜੈ ਰੂਪ ਦੀਆਂ ਪੰਛੀਆਂ ਨਾਲ ਸਬੰਧਤ ਦਿਲਚਸਪ ਅਤੇ ਜਾਣਕਾਰੀ ਭਰਪੂਰ ਰਚਨਾਵਾਂ ਮੈਂ ਹਮੇਸ਼ਾ ਹੀ ਚਾਅ ਨਾਲ ਪੜ੍ਹਦਾ ਰਿਹਾ ਹਾਂ। ਇਹ ਹਰ ਪੱਖੋਂ ਕਾਬਿਲ-ਏ-ਤਾਰੀਫ਼ ਹੁੰਦੀਆਂ ਹਨ।
-ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)
ਪੇਪਰ ਚੈਕਿੰਗ ਤੇ ਸੰਜੀਦਗੀ
16 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਮਿਡਲ ‘ਆਖ਼ਿਰ ਪਰਚਾ ਬੋਲ ਪਿਆ’ ਸੱਚਾਈ ਭਰਪੂਰ ਸੀ। ਅਧਿਆਪਕਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਉਣਾ ਚਾਹੀਦਾ ਹੈ ਅਤੇ ਫਿਰ ਪੇਪਰ ਚੈਕਿੰਗ ਵਿੱਚ ਤਾਂ ਜ਼ਰਾ ਵੀ ਕੁਤਾਹੀ ਨਹੀਂ ਕਰਨੀ ਚਾਹੀਦੀ ਕਿਉਂਕਿ ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ ਅਤੇ ਭਵਿੱਖ, ਪੇਪਰਾਂ ’ਤੇ ਹੀ ਟਿਕਿਆ ਹੁੰਦਾ ਹੈ।
-ਸਰਬਜੀਤ ਕੌਰ, ਕਬੀਰ ਪਾਰਕ (ਈ-ਮੇਲ)
ਪੰਜਾਬੀ ਮਾਂ-ਬੋਲੀ ਅਤੇ ਕੈਪਟਨ
ਪੰਜਾਬੀ ਮਾਂ-ਬੋਲੀ ਨੂੰ ਪਟਰਾਣੀ ਦਾ ਦਰਜਾ ਦੇਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੀਆਂ ਇਸ ਭਾਸ਼ਾ ਪ੍ਰਤੀ ਗ਼ਲਤ ਨੀਤੀਆਂ ਕਾਰਨ ਇਸ ਭਾਸ਼ਾ ਦੀ ਹਾਲਤ ਦਾਸੀਆਂ ਤੋਂ ਵੀ ਬਦਤਰ ਬਣੀ ਹੋਈ ਹੈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਆਪਣੇ ਅਹੁਦੇ ਦੀ ਸਹੁੰ ਅੰਗਰੇਜ਼ੀ ਭਾਸ਼ਾ ਵਿੱਚ ਚੁੱਕਣਾ ਪੰਜਾਬੀ ਜ਼ੁਬਾਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਉੱਤੇ ਸਵਾਲੀਆ ਚਿੰਨ੍ਹ ਖੜ੍ਹਾ ਕਰਦਾ ਹੈ। ਕੀ ਉਨ੍ਹਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ।
-ਗੁਰਪ੍ਰੀਤ ਕੌਰ, ਮੁਹਾਲੀ
(2)
ਕੈਪਟਨ  ਅਮਰਿੰਦਰ ਸਿੰਘ ਨੇ ਪੰਜਾਬੀ ਨਾਲ ਧਰੋਹ ਕਮਾਇਆ। ਉਨ੍ਹਾਂ ਨੇ ਦਰਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਲੋਕ ਭਾਵਨਾਵਾਂ ਤੇ ਮਾਂ-ਬੋਲੀ ਦੀ ਕਿੰਨੀ ਕੁ ਕਦਰ ਹੈ।
-ਹਰਸ਼ੇਰ ਸਿੰਘ, ਕੰਗਣਾ ਬੇਟ (ਗੁਰਦਾਸਪੁਰ)
(3)
ਬ੍ਰਹਮ ਮਹਿੰਦਰਾ ਨੂੰ ਪੰਜਾਬੀ-ਵਿਰੋਧੀ ਚਿਹਰਾ ਗਿਣਿਆ ਜਾਂਦਾ ਸੀ, ਪਰ ਉਨ੍ਹਾਂ ਨੇ ਪੰਜਾਬੀ ਵਿੱਚ ਹਲਫ਼ ਲੈ ਕੇ ਸਭ ਭਰਮ ਦੂਰ ਕਰ ਦਿੱਤੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਰਾਣਾ ਗੁਰਜੀਤ ਸਿੰਘ ਨੇ ਅੰਗਰੇਜ਼ੀ ਭਗਤੀ ਦਿਖਾ ਕੇ ਸਾਬਤ ਕਰ ਦਿੱਤਾ ਕਿ ਉਹ ਆਪਣਾ ‘ਕੁਲੀਨ’ ਮੁਖੌਟਾ ਉਤਾਰਨ ਲਈ ਤਿਆਰ ਨਹੀਂ।
-ਬਲਜਿੰਦਰ ਸਿੰਘ ਨਾਮਧਾਰੀ,  ਸੁੰਦਰ ਨਗਰ (ਹਿ. ਪ੍ਰ.)
ਗੁਰਮਿਹਰ ਦੀ ਵਤਨਪ੍ਰਸਤੀ
ਗੁਰਮਿਹਰ ਕੌਰ ਦਾ ਇਹ ਕਹਿਣਾ ਕਿ ਉਸ ਦੇ ‘‘ਫ਼ੌਜੀ ਪਿਤਾ ਦੀ ਜਾਨ ਪਾਕਿਸਤਾਨ ਨੇ ਨਹੀਂ ਸਗੋਂ ਜੰਗ ਨੇ ਲਈ’’ ਸਪੱਸ਼ਟ ਸੋਚ ਤੇ ਇਨਸਾਨਪ੍ਰਸਤੀ ਦੀ ਨਿਸ਼ਾਨੀ ਹੈ। ਇਹ ਕਥਨ ਸੋਲ੍ਹਾਂ ਆਨੇ ਸੱਚ ਆਖਿਆ ਜਾ ਸਕਦਾ ਹੈ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਬਸ਼ਿੰਦੇ ਜੰਗ ਨਹੀਂ, ਸ਼ਾਂਤੀ ਚਾਹੁੰਦੇ ਹਨ, ਪਰ ਦੋਹਾਂ ਦੇਸ਼ਾਂ ਦੇ ਸਿਆਸੀ ਰਹਿਬਰਾਂ ਵੱਲੋਂ ਆਪੋ-ਆਪਣੀਆਂ ਗੱਦੀਆਂ ਨੂੰ ਸਲਾਮਤ ਰੱਖਣ ਲਈ ਦੋਵਾਂ ਦੇਸ਼ਾਂ ਨੂੰ ਜੰਗ ਵੱਲ ਧੱਕਿਆ ਜਾਂਦਾ ਰਿਹਾ ਹੈ।
-ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
(2)
ਅਮਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੀ ਗੁਰਮਿਹਰ ਕੌਰ ਦੀ ਆਵਾਜ਼ ਦੇਸ਼ ਤੇ ਕੌਮ ਦੀ ਆਵਾਜ਼ ਬਣ ਜਾਣੀ ਚਾਹੀਦੀ ਹੈ। ਦੇਸ਼ ਦੀਆਂ ਸਾਰੀਆਂ ਧਰਮ-ਨਿਰਪੱਖ ਤਾਕਤਾਂ ਨੂੰ ਦੇਸ਼ ਦੀ ਇਸ ਬਹਾਦਰ ਬੱਚੀ ਦੇ ਪਿੱਛੇ ਦੀਵਾਰ ਬਣ ਕੇ ਖੜ੍ਹਨਾ ਚਾਹੀਦਾ ਹੈ।
-ਜਗਦੇਵ ਸ਼ਰਮਾ, ਧੂਰੀ (ਸੰਗਰੂਰ)
‘ਆਪ’ ਲਈ ਆਪਾ-ਪੜਚੋਲ ਦਾ ਸਮਾਂ
ਪੰਜਾਬ ਵਿੱਚ ਕਾਂਗਰਸ ਵੱਲੋਂ ਦੋ ਤਿਹਾਈ ਸੀਟਾਂ ਦੇ ਨੇੜੇ ਪੁੱਜਣ ਨੇ ਸਭ ਧਿਰਾਂ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ਵਿੱਚ ਇਹ ਕੈਪਟਨ ਦੀ ਸੂਝ-ਬੂਝ ਦਾ ਨਤੀਜਾ ਹੈ। ਅਕਾਲੀ-ਭਾਜਪਾ ਗੱਠਜੋੜ ਦੀ ਹਾਰ ਤਾਂ ਪਹਿਲਾਂ ਹੀ ਨਿਸ਼ਚਿਤ ਹੋ ਚੁੱਕੀ ਸੀ ਪ੍ਰੰਤੂ ‘ਆਪ’ ਨੂੰ ਮਿਲੀ ਨਮੋਸ਼ੀ ਹੈਰਾਨੀਜਨਕ ਹੈ। ਇਸ ਹਾਰ ਲਈ ਕੇਜਰੀਵਾਲ ਤੇ ਦਿੱਲੀ ਤੋਂ ਭੇਜੀ ਗਈ ਟੀਮ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ।
-ਮਾਸਟਰ ਨਾਜਰ ਸਿੰਘ, ਭੀਖੀ (ਮਾਨਸਾ)

manpreet badaਵਾਈਟ ਪੇਪਰ ਜਾਂ ਕੱਚਾ ਚਿੱਠਾ?
ਨਵੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਿੱਤੀ ਸਥਿਤੀ ਬਾਰੇ ਵਾਈਟ ਪੇਪਰ ਜਾਰੀ ਕਰਨ ਜਾ ਰਹੇ ਹਨ, ਜਿਸ ਤੋਂ ਇਹ ਅੰਦਾਜ਼ਾ ਲੱਗ ਸਕੇਗਾ ਕਿ ਉਹ ਸਰਕਾਰ, ਨਵੀਂ ਸਰਕਾਰ ਲਈ ਕੀ ਵਿੱਤੀ ਸਥਿਤੀ ਛੱਡ ਕੇ ਗਈ ਹੈ। ਲੋਕਾਂ ਨੇ ਕਾਂਗਰਸ ਪਾਰਟੀ ਨੂੰ ਭਰਪੂਰ ਹੁੰਗਾਰਾ ਦਿੱਤਾ ਹੈ। ਵਿੱਤੀ ਸਾਧਨਾਂ ਤੇ ਸਥਿਤੀ ਤੋਂ ਜਾਣੂ ਹੋਣਾ ਤਾਂ ਜ਼ਰੂਰੀ ਹੈ, ਪਰ ਖ਼ਰਚੇ ਘਟਾਉਣੇ ਵੀ ਜ਼ਰੂਰੀ ਹਨ। ਵਾਈਟ ਪੇਪਰ ਬਦਲੇ ਦੀ ਨੀਅਤ ਨਾਲ ਨਹੀਂ ਸਗੋਂ ਸੁਧਾਰ ਦੇ ਇਰਾਦੇ ਨਾਲ ਜਾਰੀ ਹੋਣਾ ਚਾਹੀਦਾ ਹੈ।
-ਪ੍ਰੋ. ਜਤਿੰਦਬੀਰ ਸਿੰਘ ਨੰਦਾ, ਲੁਧਿਆਣਾ


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.