ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਪਾਠਕਾਂ ਦੇ ਖ਼ਤ

Posted On March - 20 - 2017

ਖਾਲੀ ਖ਼ਜ਼ਾਨੇ ਦੀ ਸਮੱਸਿਆ
16 ਮਾਰਚ ਦੇ ਸੰਪਾਦਕੀ ‘ਕਪਤਾਨ ਦੀ ਦੂਜੀ ਪਾਰੀ’ ਵਿੱਚ ਨਵੀਂ ਸਰਕਾਰ ਲਈ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਭ ਤੋਂ ਵੱਡੀ ਮੁਸ਼ਕਿਲ ਖ਼ਜ਼ਾਨਾ ਖਾਲੀ ਹੋਣ ਦੀ ਹੈ ਜੋ ਕਿ ਨਵੀਂ ਸਰਕਾਰ ਨੂੰ ਅਕਾਲੀ-ਭਾਜਪਾ ਸਰਕਾਰ ਤੋਂ ਵਿਰਸੇ ਵਿੱਚ ਮਿਲਿਆ ਹੈ। ਦੂਜੀ ਸੰਪਾਦਕੀ ‘ਫੂਲਕਾ ਤੇ ਖਹਿਰਾ ਦੀ ਚੋਣ’ ਨੂੰ ਸਹੀ ਦਰਸਾਉਂਦੀ ਹੈ। ਇਹ ਹੈ ਵੀ ਠੀਕ। ਢੰਗ-ਤਰੀਕਾ ਭਾਵੇਂ ਕੋਈ ਵੀ ਅਪਣਾਇਆ ਗਿਆ ਹੈ, ਪਰੰਤੂ ਚੋਣ ਸਹੀ ਕੀਤੀ ਗਈ ਹੈ।
-ਮਾਸਟਰ ਨਾਜਰ ਸਿੰਘ, ਭੀਖੀ (ਮਾਨਸਾ)
ਧੀਆਂ ਨੂੰ ਪਰਵਾਜ਼ ਭਰਨ ਦਿਉ
15 ਮਾਰਚ ਦੇ ਨਜ਼ਰੀਆ ਪੰਨੇ ’ਤੇ ਮਿਡਲ ‘ਦੇਖ ਧੀਆਂ ਦੇ ਲੇਖ’ ਵਧੀਆ ਲੱਗਾ। ਇੱਕ ਮਾਂ ਹਮੇਸ਼ਾਂ ਆਪਣੇ ਬੱਚਿਆਂ ਲਈ ਹੀ ਸੋਚਦੀ ਹੈ ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ। ਇਹ ਅਫ਼ਸੋਸਨਾਕ ਗੱਲ ਹੈ ਕਿ ਭਰਾ ਜਾਂ ਪਿਤਾ ਹੀ ਕੁੜੀਆਂ ਨੂੰ ਆਪਣੀ ਜ਼ਿੰਦਗੀ ਬਾਰੇ ਫ਼ੈਸਲੇ ਨਹੀਂ ਲੈਣ ਦਿੰਦੇ। ਅੱਜ ਦੇ ਬਦਲਦੇ ਸਮੇਂ ਵਿੱਚ ਕੁੜੀਆਂ, ਮੁੰਡਿਆਂ ਤੋਂ ਘੱਟ ਨਹੀਂ ਹਨ। ਜੇ ਉਹ ਰੁਜ਼ਗਾਰਯਾਫ਼ਤਾ ਹਨ ਅਤੇ ਆਪਣੇ ਭਲੇ-ਬੁਰੇ ਬਾਰੇ ਸੋਚਣ ਦੇ ਸਮਰੱਥ ਹਨ ਤਾਂ ਉਨ੍ਹਾਂ ਨੂੰ ਆਪਣੇ ਫ਼ੈਸਲੇ ਆਪ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
-ਪਰਵਿੰਦਰ ਸਿੰਘ, ਅੰਬਾਲਾ ਸ਼ਹਿਰ
‘ਆਪ’ ਲਈ ਸੰਭਲਣ ਦਾ ਵੇਲਾ
13 ਮਾਰਚ ਦੇ ਅੰਕ ਵਿੱਚ ‘ਆਪ ਨੇ ਆਪਣੇ ਪੈਰ ਆਪ ਕੁਹਾੜਾ ਮਾਰਿਆ’ ਸਿਰਲੇਖ ਹੇਠ ਲੱਗੀ ਖ਼ਬਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਆਪੋ-ਧਾਪੀ ਕਾਰਨ ਜਿੱਤੀ ਬਾਜ਼ੀ ਹਾਰਨ ਦਾ ਜ਼ਿਕਰ ਕੀਤਾ ਗਿਆ ਸੀ। ‘ਆਪ’ ਦੇ ਕੁਝ ਆਗੂਆਂ ਵੱਲੋਂ ਖ਼ੁਦ ਨੂੰ ਮੁੱਖ ਮੰਤਰੀ ਦੀ ਦੌੜ ਵਿੱਚ ਰੱਖਣ ਲਈ ਹੋਰ ਕੱਦਾਵਰ ਨੇਤਾਵਾਂ ਲਈ ਪਾਰਟੀ ਦੇ ਬੂਹੇ ਬੰਦ ਕਰਨਾ, ਦਿੱਲੀ ਦੀ ਟੀਮ ਵੱਲੋਂ ਸਮੁੱਚੀ ਖੇਡ ਆਪਣੀ ਮੁੱਠੀ ਵਿੱਚ ਰੱਖਣੀ ਆਦਿ ਮੁੱਦਿਆਂ ਨੇ ‘ਆਪ’ ਨੂੰ ਨਮੋਸ਼ੀ ਭਰੀ ਹਾਰ ਦਾ ਮੂੰਹ ਦੇਖਣ ਲਈ ਮਜਬੂਰ ਕਰ ਦਿੱਤਾ। ਇਹ ‘ਆਪ’ ਲਈ ਬਹੁਤ ਵੱਡਾ ਸਬਕ ਹੈ। ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ, ਨੇਤਾ ਨਹੀਂ। ਇਸ ਲਈ ‘ਆਪ’ ਨੂੰ ਆਪਣੀ ਇਸ ਹਾਰ ਵਿੱਚੋਂ ਉੱਭਰ ਕੇ ਹੁਣ ਵਿਰੋਧੀ ਧਿਰ ਵਿੱਚ ਬੈਠਕੇ ਲੋਕ ਮੁੱਦਿਆਂ ਦੀ ਗੱਲ ਉਭਾਰਨੀ ਚਾਹੀਦੀ ਹੈ ਅਤੇ ਪਾਰਟੀ ਅੰਦਰ ਨਵੀਂ ਜਾਨ ਭਰਨੀ ਚਾਹੀਦੀ ਹੈ।
-ਇੰਦਰਜੀਤ ਸਿੰਘ ਕੰਗ, ਕੋਟਲਾ ਸਮਸ਼ਪੁਰ (ਲੁਧਿਆਣਾ)
ਦਲਿਤਾਂ ਨੇ ਕਾਂਗਰਸ ਜਿਤਾਈ?
13 ਮਾਰਚ ਦੀ ਸੰਪਾਦਕੀ ‘ਪੰਜਾਬ ਦੇ ਚੋਣ ਨਤੀਜਿਆਂ ਦੇ ਸੰਕੇਤ’ ਜਾਣਕਾਰੀ ਭਰਪੂਰ ਹੈ, ਪਰ ਦਲਿਤਾਂ ਵੱਲੋਂ ਕਾਂਗਰਸ ਸਰਕਾਰ ਬਣਾਉਣ ਵਿੱਚ ਪਾਏ ਯੋਗਦਾਨ ਨੂੰ ਅਣਗੌਲਿਆਂ ਕੀਤਾ ਗਿਆ ਹੈ। ਦਲਿਤਾਂ ਨੇ 34 ਰਿਜ਼ਰਵ ਸੀਟਾਂ ਵਿੱਚੋਂ ਕਾਂਗਰਸ ਨੂੰ 21, ਆਮ ਆਦਮੀ ਪਾਰਟੀ ਨੂੰ 9, ਸ਼੍ਰੋਮਣੀ ਅਕਾਲੀ ਦਲ ਨੂੰ 3 ਅਤੇ ਭਾਰਤੀ ਜਨਤਾ ਪਾਰਟੀ  ਇੱਕ ਸੀਟ ਦਿੱਤੀ। ਦਲਿਤਾਂ ਨੇ 10 ਸਾਲ ਆਪਣੇ ਨਾਲ ਹੋਈਆਂ ਬੇਇਨਸਾਫ਼ੀਆਂ ਅਤੇ ਧੱਕਿਆਂ ਕਾਰਨ ਅਕਾਲੀ-ਭਾਜਪਾ ਗੱਠਜੋੜ ਨੂੰ ਨਕਾਰਿਆ ਹੈ।
-ਹਰਨੇਕ ਸਿੰਘ ਭੜੀ, ਮੁਹਾਲੀ
ਵੀਆਈਪੀ ਕਲਚਰ ਦਾ ਖਾਤਮਾ
13 ਮਾਰਚ ਦੇ ਅੰਕ ਵਿੱਚ ਛਪੀ ਮਨਪ੍ਰੀਤ ਸਿੰਘ ਬਾਦਲ ਦੀ ਖ਼ਬਰ ‘ਕਾਂਗਰਸ ਹਕੂਮਤ ਲਾਲ ਬੱਤੀ ਭਾਵ ਵੀਆਈਪੀ ਕਲਚਰ ਖ਼ਤਮ ਕਰਨ ਦੀ ਪਹਿਲ ਕਰੇਗੀ’ ਪੜ੍ਹ ਕੇ ਪੰਜਾਬ ਲਈ ਇੱਕ ਨਵੀਂ ਉਮੀਦ ਦੀ ਕਿਰਨ ਜਾਗੀ ਹੈ। ਇਸ ਦੇ ਨਾਲ ਹੀ ਹੋਰ ਵੀ ਵਧੀਆ ਗੱਲ ਇਹ ਹੈ ਕਿ ਉਦਘਾਟਨੀ ਪੱਥਰ ਵੀ ਨਹੀਂ ਲਗਾਏ ਜਾਣਗੇ। ਇਹ ਪੰਜਾਬ ਅਤੇ ਪੰਜਾਬੀਆਂ ਲਈ ਵਧੀਆ ਵਿਕਾਸ ਕਦਮ ਹੋਵੇਗਾ ਕਿਉਂਕਿ ਜਿਹੜੀ ਰਕਮ ਉਦਘਾਟਨੀ ਸਮਾਰੋਹ ’ਤੇ ਲਗਾਈ ਜਾਂਦੀ ਹੈ, ਜੇਕਰ ਉਸ ਨੂੰ ਵੀ ਵਿਕਾਸ ਕੰਮਾਂ ਵਿੱਚ ਹੀ ਲਗਾ ਦਿੱਤਾ ਜਾਵੇ ਤਾਂ ਇਹ ਹੋਰ ਚੰਗਾ ਹੋਵੇਗਾ।
-ਪ੍ਰੋ. ਸੁਰਿੰਦਰ ਕੁਮਾਰ ਮਿੱਡਾ, ਜਲੰਧਰ
ਲਾਵਾਰਸ ਪਸ਼ੂਆਂ ਦੀ ਮੁਸੀਬਤ
11 ਮਾਰਚ ਦੀ ਸੰਪਾਦਕੀ ‘ਲਾਵਾਰਸ ਪਸ਼ੂਆਂ ਦੀ ਮੁਸੀਬਤ’ ਖ਼ਿਲਾਫ਼ ਆਵਾਜ਼ ਬੁਲੰਦ ਕਰਦੀ ਹੈ। ਵਾਕਿਆ ਹੀ ਕਿਸਾਨੀ ਦਾ ਪਹਿਲੋਂ ਹੀ ਆਰਥਿਕ ਪੱਖੋਂ ਲੱਕ ਟੁੱਟ ਚੁੱਕਾ ਹੈ। ਉੱਪਰੋਂ ਪਸ਼ੂਆਂ ਦੀ ਮੁਸੀਬਤ ਪੇਸ਼ ਆ ਰਹੀ ਹੈ। ਗਊ ਭਗਤ ਤਾਂ ਅਖ਼ਬਾਰੀ ਬਿਆਨ ਦੇ ਕੇ ਰਾਤੀਂ ਆਰਾਮ ਦੀ ਨੀਂਦ ਸੌਂਦੇ ਹਨ, ਪਰ ਕਿਸਾਨ ਸਾਰੀ ਰਾਤ ਪਹਿਰਾ ਦਿੰਦੇ ਹਨ। ਕਈ ਥਾਂ ਆਪਸ ਵਿੱਚ ਝਗੜੇ ਦੀ ਨੌਬਤ ਆ ਜਾਂਦੀ ਹੈ। ਆਵਾਰਾ ਪਸ਼ੂਆਂ ਦੇ ਮਸਲੇ ਦਾ ਸਥਾਈ ਹੱਲ ਹੋਣਾ ਚਾਹੀਦਾ ਹੈ।
-ਸੇਵਕ ਸਿੰਘ ਸ਼ਮੀਰੀਆ, ਬਠਿੰਡਾ
ਖ਼ੁਦਗਰਜ਼ੀ ਭਰੀ ਰਾਜਨੀਤੀ
6 ਮਾਰਚ ਦੇ ਅੰਕ ਦੇ ‘ਪਰਵਾਜ਼’ ਪੰਨੇ ਉੱਤੇ ਲਕਸ਼ਮੀ ਕਾਂਤਾ ਚਾਵਲਾ ਨੇ ਖ਼ੁਦਗਰਜ਼ੀ ਭਰੀ ਰਾਜਨੀਤੀ ਦਾ ਜੋ ਦ੍ਰਿਸ਼ ਪੇਸ਼ ਕੀਤਾ ਹੈ, ਉਹ ਬਿਲਕੁੱਲ ਵਾਜਬ ਹੈ। ਮੌਜੂਦਾ ਰਾਜਨੀਤੀ ਵਿੱਚ ਲੋਕ ਹਿੱਤਾਂ ਨੂੰ ਛਿੱਕੇ ਟੰਗ ਕੇ ਸੱਤਾ ਦੇ ਗਲਿਆਰੇ ’ਚ ਪਹੁੰਚਣ ਲਈ ਜੋ ਲੰੂਬੜ ਚਾਲਾਂ ਚੱਲੀਆਂ ਜਾਂਦੀਆਂ ਹਨ, ਉਨ੍ਹਾਂ ਕਾਰਨ ਮਨੁੱਖਤਾ ਦਾ ਬਹੁਤ ਘਾਣ ਹੋ ਰਿਹਾ ਹੈ।
-ਦੀਪਕ ਕੁਮਾਰ, ਸ਼ਾਮਾ ਖਾਨਕਾ (ਫ਼ਾਜ਼ਿਲਕਾ)
ਅੰਧ ਵਿਸ਼ਵਾਸ ਬਨਾਮ ਆਤਮ ਵਿਸ਼ਵਾਸ
ਹਲਫ਼ਦਾਰੀ ਦਾ ਸਮਾਂ 10.17 ਨਿਸ਼ਚਿਤ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪੈਂਦੀ ਸੱਟੇ ਪੰਜਾਬੀਆਂ ਨੂੰ ਅੰਧ ਵਿਸ਼ਵਾਸ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਘੱਟੋ-ਘੱਟ ਫ਼ੌਜੀ ਬੰਦੇ ਨੂੰ ਅਜਿਹੀ ਹੀਣ ਭਾਵਨਾ ਸ਼ੋਭਦੀ ਨਹੀਂ। ਕੀ ਇਹ ਸਵੈ-ਭਰੋਸੇ ਦੀ ਘਾਟ ਨਹੀਂ? ਜੇ ਸਹੁੰ ਹੀ ਜੋਤਸ਼ੀਆਂ ਨੂੰ ਪੁੱਛ ਕੇ ਚੁੱਕਣੀ ਹੈ ਤਾਂ ਕੀ ਬਾਕੀ ਕੰਮਾਂ ਵਿੱਚ ਵੀ ਟੇਵੇ ਮਿਲਾਏ ਜਾਣਗੇ? ਸਚਮੁੱਚ ਆਤਮ ਵਿਸ਼ਵਾਸ ਦੀ ਘਾਟ ਹੈ ਜਾਂ ਕਿਸੇ ਨੂੰ ਖੁਸ਼ ਕਰਨ ਲਈ ਇਹ ਪਰਪੰਚ/ਅਡੰਬਰ ਕੀਤੇ ਜਾ ਰਹੇ ਹਨ? ਜੋਤਸ਼ੀਆਂ ਨੂੰ ਗੁੰਮਰਾਹ ਕਰਨ ਦੀ ਬਹੁਤ ਜਾਚ ਆਉਂਦੀ ਹੈ। ਉਹ ਸਿਆਣੇ-ਬਿਆਣੇ ਨੂੰ ਮੂਰਖ ਬਣਾ ਕੇ ਅੰਦਰੋਂ ਅੰਦਰ ਬਹੁਤ ਖੁਸ਼ ਹੁੰਦੇ ਹਨ। ਸਮਾਂ ਕੋਈ ਵੀ ਮਨਹੂਸ ਨਹੀਂ ਹੁੰਦਾ। ਧਰਤੀ ਦੇ ਇੱਕ ਪਾਸੇ ਜਦ ‘ਸ਼ੁਭ’ ਸਵੇਰ ਹੋ ਰਹੀ ਹੁੰਦੀ ਹੈ, ਉਸੇ ਪਲ ਦੂਜੇ ਪਾਸੇ ਰਾਤ ਪੈ ਰਹੀ ਹੁੰਦੀ ਹੈ। ਸੋ ਅਜਿਹੇ ਢਕੌਂਸਲੇ ਛੱਡ ਕੇ,  ਅੰਧਕਾਰ ਫੈਲਾਉਣ ਦੀ ਬਜਾਏ ਚਾਨਣ ਫੈਲਾਉਣਾ ਚਾਹੀਦਾ ਹੈ। ਜੇ ਗ੍ਰਹਿਆਂ ਦੀ ਚਾਲ ਦਾ ਜੀਵਾਂ ’ਤੇ ਅਸਰ ਹੋਣ ਲੱਗੇ ਤਾਂ ਇਨ੍ਹਾਂ ਅਰਬਾਂ-ਖ਼ਰਬਾਂ ਤਾਰਿਆਂ ਸਿਤਾਰਿਆਂ ਦੀ ਮੌਜੁੂਦਗੀ ’ਚ ਸਾਡਾ ਕਚੂਮਰ ਨਿਕਲ ਜਾਵੇ।
-ਅੰਮ੍ਰਿਤਪਾਲ ਸਿੰਘ ਅਰੋੜਾ, ਵੁੱਡ ਕ੍ਰੌਫ਼ਟ (ਆਸਟਰੇਲੀਆ)
ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਛੇੜਛਾੜ
ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਸੋਸ਼ਲ ਮੀਡੀਆ ’ਤੇ ਪਾਉਣਾ ਬਹੁਤ ਹੀ ਮੰਦਭਾਗੀ ਗੱਲ ਹੈ। ਸਿੱਖ ਧਰਮ ਜਿੱਥੇ ਸਭਨਾਂ ਦਾ ਸਾਂਝਾ ਧਰਮ ਹੈ, ਉੱਥੇ ਇਹ ਧਰਮ ਬਾਕੀ ਸਭ ਧਰਮਾਂ ਦਾ ਸਤਿਕਾਰ ਕਰਨਾ ਵੀ ਸਿਖਾਉਂਦਾ ਹੈ। ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਗ਼ਲਤ ਢੰਗ ਨਾਲ ਫੇਸਬੁੱਕ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਐਪ ’ਤੇ ਅਪਲੋਡ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਇਸ ਸਬੰਧੀ ਜੋ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾਈ ਗਈ ਹੈ, ਉਸ ਦੇ ਆਧਾਰ ’ਤੇ ਪ੍ਰਸ਼ਾਸਨ ਨੂੰ ਫੌਰੀ ਤੌਰ ’ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਸ਼ਖ਼ਸ ਅਜਿਹੀ ਹਰਕਤ ਦੁਬਾਰਾ ਨਾ ਕਰ ਸਕੇ।
-ਬਿਕਰਮਜੀਤ ਸਿੰਘ ਜੀਤ, ਅੰਮ੍ਰਿਤਸਰ
ਕੈਪਟਨ ਦੇ ਹੱਕ ’ਚ ਫਤਵਾ
ਪੰਜਾਬ ਵਾਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨੂੰ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦੇ ਕੇ ਪੂਰੇ ਦੇਸ਼ ਵਿੱਚ ਪੱਛੜ ਚੱੁਕੀ ਕਾਂਗਰਸ ਨੂੰ ਸੁਰਜੀਤ ਕੀਤਾ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਵਿੱਚ ਕਾਂਗਰਸ ਕੀ ਅਜਿਹਾ ਕਰਦੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਹ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਵੀ ਵਾਪਸੀ ਕਰ ਸਕੇ।
12003CD _AAP-ਗੁਰਪ੍ਰੀਤ ਧਾਲੀਵਾਲ, ਪਟਿਆਲਾ
ਦਲਿਤਾਂ ਦਾ ‘ਆਪ’ ਵੱਲ ਝੁਕਾਅ
ਪੰਜਾਬ ਵਿੱਚ 34 ਰਾਖ਼ਵੇਂ ਹਲਕੇ ਹਨ। ਆਮ ਆਦਮੀ ਪਾਰਟੀ (ਆਪ) ਦੇ ਕੁੱਲ ਜਿੱਤੇ 20 ਉਮੀਦਵਾਰਾਂ ਵਿੱਚੋਂ 9 ਦਲਿਤ ਹਨ। ਇਹ ਇਸਦੇ ਕੁਲ ਜਿੱਤੇ ਉਮੀਦਵਾਰਾਂ ਦਾ 45 ਫ਼ੀਸਦੀ ਬਣਦੇ ਹਨ ਹਨ ਜਦੋਂ ਕਿ ਕਾਂਗਰਸ (77-21), ਅਕਾਲੀ ਦਲ (15-3) ਅਤੇ ਭਾਜਪਾ (3-1) ਲਈ ਇਹ ਅੰਕੜੇ 27 ਫ਼ੀਸਦੀ, 20 ਫ਼ੀਸਦੀ ਅਤੇ 33 ਫ਼ੀਸਦੀ ਬਣਦੇ ਹਨ। ਇਸ ਦਾ ਮਤਲਬ ਇਹ ਹੈ ਕਿ ਬਾਕੀ ਪਾਰਟੀਆਂ ਦੀ ਤੁਲਨਾ ਵਿੱਚ ‘ਆਪ’ ਵਿੱਚ ਦਲਿਤਾਂ ਦੀ ਵੱਧ ਵੁੱਕਤ ਹੈ। ਇਹ ਜਾਣੇ ਅਣਜਾਣੇ ਬਣੀ ਸਥਿਤੀ ਦਲਿਤਾਂ ਨੂੰ ‘ਆਪ’ ਦੇ ਹੋਰ ਨੇੜੇ ਲਿਆ ਕੇ ਭਵਿੱਖ ਵਿੱਚ ਇਸ ਲਈ ਸਿਆਸੀ ਤੌਰ ’ਤੇ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।
-ਤਰਸੇਮ ਸਿੰਘ, ਮਾਹਿਲਪੁਰ (ਹੁਸ਼ਿਆਰਪੁਰ)


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.