ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਪਿਆਰ ਦੇ ਰੰਗਾਂ ਦਾ ਤਿਉਹਾਰ ਹੋਲੀ

Posted On March - 11 - 2017

ਡਾ. ਜਗੀਰ ਸਿੰਘ ਨੂਰ
12802cd _celebrating_holi_festival_girlਹੋਲੀ ਅਜਿਹਾ ਤਿਉਹਾਰ ਹੈ ਜਿਸ ਵਿੱਚ ਮਾਨਵੀ ਏਕਤਾ ਅਤੇ ਸਾਂਝਾਂ ਦੇ ਅਮੁੱਕ ਅਤੇ ਨਿਰੰਤਰ ਵਹਿਣ ਵਗਦੇ ਹੋਏ ਪ੍ਰਤੀਤ ਹੁੰਦੇ ਹਨ। ਹੋਲੀ ਦੀ ਸ਼ੁਰੂਆਤ ਕਦੋਂ ਹੋਈ ਇਸਦਾ ਸਮਾਂ-ਸਾਲ ਨਿਰਧਾਰਿਤ ਕਰਨਾ ਭਾਵੇਂ ਨਿਸਚਿਤ ਨਹੀਂ ਹੋ ਸਕਦਾ, ਪਰ ਇਹ ਤਿਉਹਾਰ ਮਨੁੱਖੀ ਚੇਤਨਾ, ਪੜਾਅ ਦੇ ਕਾਲ ਦਾ ਜ਼ਰੂਰ ਆਖਿਆ ਜਾ ਸਕਦਾ ਹੈ। ਭਾਵ ਇਹ ਕਿ ਇਤਿਹਾਸਕ ਸਮਿਆਂ ਤੋਂ ਪਹਿਲਾਂ ‘ਹੋਲੀ’ ਨੇ ਜਨਮ ਲੈ ਲਿਆ ਸੀ ਭਾਵੇਂ ਉਸ ਵੇਲੇ ਇਸ ਤਿਉਹਾਰ ਦਾ ਨਾਮਕਰਨ ਕੁਝ ਹੋਰ ਹੀ ਕੀਤਾ ਗਿਆ ਹੋਵੇ ਜਾਂ ਨਾਮ ਨਾ ਵੀ ਰੱਖਿਆ ਜਾ ਸਕਿਆ ਹੋਵੇ।
ਭਾਰਤ ਵਿੱਚ ਉਪਲੱਬਧ ਪ੍ਰਾਚੀਨ ਗ੍ਰੰਥਾਂ ਤੋਂ ਮਿਥਿਕ ਕਾਲ ਦੇ ਸਮਿਆਂ ਵਿੱਚ ਇਸ ਤਿਉਹਾਰ ਨੂੰ ਮਨਾਉਣ ਆਮ ਪ੍ਰਮਾਣ ਮਿਲਦੇ ਹਨ। ਮਹਾਂਭਾਰਤ ਅਤੇ ਉਸ ਤੋਂ ਵੀ ਪਹਿਲੇ ਸਮਿਆਂ ਵਿੱਚ ਇਹ ਤਿਉਹਾਰ ਪ੍ਰਚਲਿਤ ਹੋ ਚੁੱਕਾ ਸੀ ਅਤੇ ਲੋਕ-ਮਾਨਸਿਕਤਾ ਦਾ ਪ੍ਰਗਟਾਵਾ ਮਹਿਜ਼ ਕੁਦਰਤੀ ਰੰਗਾਂ ਦੀ ਆਪਸੀ ਆਦਾਨ-ਪ੍ਰਦਾਨ ਕਰਨ ਵਾਲੀ ਜੁਗਤ ਰਾਹੀਂ ਪ੍ਰਗਟ ਕਰਨਾ ਸ਼ੁਰੂ ਹੋ ਚੁੱਕਾ ਸੀ। ਇਨ੍ਹਾਂ ਕਾਲ ਖੰਡਾਂ ਤਕ ਇਸ ਤਿਉਹਾਰ ਨੇ ਰੁੱਤਾਂ-ਤਿਉਹਾਰਾਂ ਤੋਂ ਇਲਾਵਾ ਆਪਣਾ ਮਿਥਿਹਾਸਕ, ਇਤਿਹਾਸਕ ਅਤੇ ਧਾਰਮਿਕ ਸਰੂਪ ਵੀ ਲੋਕਤਾ ਦੇ ਰੰਗ ਵਿੱਚ ਪ੍ਰਗਟ ਕਰਨ ਦੇ ਲੱਛਣਾਂ ਨੂੰ ਆਪਣੀ ਦਿੱਖ ਜਾਂ ਮਨਾਉਣ ਦੀ ਪ੍ਰਦਰਸ਼ਨੀ ਵਿੱਚ ਸਮੋਅ ਲਿਆ ਸੀ। ਇਸ ਪ੍ਰਕਾਰ ਹੋਲੀ ਦਾ ਤਿਉਹਾਰ, ਮਾਨਵੀ ਸਾਂਝ ਦੇ ਨਾਲ ਸਮਿਆਂ ਦੇ ਵਿਭਿੰਨ ਕਾਲ ਖੰਡਾਂ ਵਿੱਚੋਂ ਪ੍ਰਵਾਹਮਾਨ ਹੁੰਦਾ ਹੋਇਆ ਵਿਸ਼ਾਲ ਏਕਤਾ ਦੇ ਪ੍ਰਗਟਾਵੇ ਦਾ ਪ੍ਰਤੀਕ ਹੋ ਨਿਬੜਿਆ ਸੀ। ਤਾਂ ਹੀ ਤਾਂ ਕਿਹਾ ਗਿਆ ਹੈ-
ਗ਼ਮ ਅਸਾਡੇ ਦੂਰ ਕਰਕੇ, ਭਰ ਦਈਂ ਖੁਸ਼ੀਆਂ ਦੀ ਝੋਲੀ।
ਦੂਈ, ਦਵੈਤ ਸਭ ਦੂਰ ਕਰਕੇ, ਸਭ ਨੂੰ ਗਲ਼ੇ ਲਗਾਉਂਦੀ ਹੋਲੀ।
ਬਸੰਤ ਰੁੱਤ ਦਾ ਇਹ ਪ੍ਮੁੱਖ ਤਿਉਹਾਰ ਪ੍ਰਾਚੀਨ ਸਮਿਆਂ ਵਿੱਚ ਚਾਲੀ ਦਿਨ ਤਕ ਮਨਾਇਆ ਜਾਂਦਾ ਸੀ। ਅੱਜਕੱਲ੍ਹ ਕੁਝ ਖੇਤਰਾਂ ਵਿੱਚ ਹਫ਼ਤਾ ਦਸ ਦਿਨ ਤਕ ਅਤੇ ਅਤਿ-ਆਧੁਨਿਕ ਦੌਰ ਵਿੱਚ ਤਾਂ ਇਕ-ਦੋ ਦਿਨਾਂ ਵਿੱਚ ਹੀ ਇਸ ਨੂੰ ਮਨਾਉਣ ਦੀ ਰੁਚੀ ਵੇਖੀ ਜਾ ਸਕਦੀ ਹੈ। ਮਨੁੱਖਤਾ ਦੀ ਮਾਨਸਿਕਤਾ ਜਦੋਂ ਕੁਦਰਤੀ ਖ਼ੁਸ਼ੀ ਨੂੰ ਆਧਾਰ-ਭੂਮੀ ਮੰਨ ਕੇ ਖ਼ਿੜ ਉੱਠਦੀ ਹੈ ਤਾਂ ਸਭਨੀਂ ਪਾਸੀਂ ਖੇੜਾ ਛਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਕਣਕਾਂ ਦੇ ਸਿੱਟੇ ਅਥਵਾ ਬੱਲੀਆਂ ਭਰਪੂਰ ਜੋਬਨ ’ਤੇ ਹੁੰਦੀਆਂ ਹਨ। ਹੋਲੀ ਦੇ ਦਿਨਾਂ ਮਗਰੋਂ ਹੀ ਉਨ੍ਹਾਂ ਨੇ ਹਰਿਆਵਲ ਨੂੰ ਛੱਡ ਕੇ ਸੁਨਹਿਰੀ ਰੰਗ ਵੱਲ ਪਲਸੇਟਾ ਮਾਰਨਾ ਹੁੰਦਾ ਹੈ। ਸਰੋਂ ਦੇ ਖੇਤ ਪੀਲੀ ਪੁਸ਼ਾਕ ਪਾਈਂ ਦੂਰੋਂ ਅਨੋਖੀ ਝਲਕ ਪ੍ਰਦਾਨ ਕਰਕੇ ਲੋਕਰੰਗ ਵਿੱਚ ਹੋਰ ਇਜ਼ਾਫਾ ਕਰ ਰਹੇ ਹੁੰਦੇ ਹਨ। ਇਸ ਸਬੰਧੀ ਲੋਕ ਗੀਤ ਦੇ ਬੋਲ ਹਨ-
ਫੱਗਣ ਦੇ ਮਹੀਨੇ ਸਰੋਂ ਖੇਤੀਂ ਫੁੱਲੀ ਏ,
ਹੋਲੀ ਦੀ ਬਹਾਰ ਧਰਤੀ ’ਤੇ ਡੁੱਲ੍ਹੀ ਏ।
ਫੁੱਲਾਂ ਦਾ ਖਿੜਨਾ ਤੇ ਉਨ੍ਹਾਂ ਦਾ ਪੀਲਾ, ਲਾਲ, ਗੁਲਾਬੀ, ਉਨ੍ਹਾਬੀ, ਚਿੱਟਾ ਆਦਿ ਰੰਗ ਵਿਸ਼ੇਸ਼ ਕਰਕੇ ਮਾਨਵੀ ਅਨੇਕਤਾ ਵਿੱਚ ਏਕਤਾ ਦਾ ਬਿੰਬ ਉਭਾਰਦਾ ਪ੍ਰਤੀਤ ਹੁੰਦਾ ਹੈ। ਅੰਬ, ਜਾਮਣਾਂ ਅਤੇ ਸ਼ਹਿਤੂਤ ਆਦਿ ਰੁੱਖਾਂ ’ਤੇ ਪੋਂਗਰ ਭਾਵ ਨਵੀਆਂ ਕਰੂੰਬਲਾਂ ਦੀ ਫੁਟਾਰ ਦੇ ਨਾਲ ਫਲ਼ ਪੈਣ ਦੀ ਮੁੱਢਲੀ ਨਿਸ਼ਾਨੀ-ਬੂਰ ਦਾ ਨਜ਼ਾਰਾ ਆਪਣੇ ਦਿਲ ਖਿੱਚਵੇਂ ਅੰਦਾਜ਼ ਦਾ ਸੰਦੇਸ਼ ਅਤੇ ਸੁਹੱਪਣ ਦਾ ਦ੍ਰਿਸ਼ ਪ੍ਰਦਾਨ ਕਰ ਰਿਹਾ ਹੁੰਦਾ ਹੈ। ਇਹ ਸਾਰਾ ਕੁਦਰਤੀ ਦ੍ਰਿਸ਼ ਅਤੇ ਵਾਤਾਵਰਨ ਮਨੁੱਖਤਾ ਨੂੰ ਉਸ ਕਿਸਮ ਦਾ ਖੇੜਾ, ਉਲਾਸ ਅਤੇ ਖ਼ੁਸ਼ੀਆਂ ਅਰਪਿਤ ਕਰਦਾ ਹੈ।
ਹੋਲੀ ਦੇ ਤਿਉਹਾਰ ਨੂੰ ਮਨਾਉਣ ਦੀ ਪ੍ਰਸੰਗਕਤਾ ਵਿੱਚ ਬਹੁਤ ਸਾਰੇ ਮਿਥਿਹਾਸਕ ਅਤੇ ਇਤਿਹਾਸਕ ਹਵਾਲੇ ਉਪਲੱਬਧ ਹਨ। ਇਸੇ ਪ੍ਰਸੰਗ ਵਿੱਚ ਪ੍ਰਹਲਾਦ ਭਗਤ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਉਸ ਦਾ ਪਿਤਾ ਰਾਜਾ ਹਰਨਾਕਸ਼ ਈਸ਼ਵਰ ਭਗਤੀ ਦਾ ਵਿਰੋਧੀ ਅਰਥਾਤ ਨਾਸਤਿਕ ਸੀ। ਉਸਨੇ ਆਪਣੀ ਹਊਮੈ ਇੰਨੀ ਵਧਾ ਲਈ ਸੀ ਕਿ ਉਹ ਪ੍ਰਹਲਾਦ ਨੂੰ ਰੱਬ ਦੀ ਭਗਤੀ ਤੋਂ ਹਟਾ ਕੇ ਖ਼ਤਮ ਕਰਨਾ ਚਾਹੁੰਦਾ ਸੀ। ਉਸਨੇ ਪੁੱਤਰ ਪ੍ਰਹਲਾਦ ਨੂੰ ਮਾਰਨ ਦੇ ਕਈ ਉਪਰਾਲੇ ਕੀਤੇ, ਅਨੇਕ ਕਸ਼ਟ ਦਿੱਤੇ, ਪਰ ਮਾਰੂ ਚਾਲਾਂ ਦੇ ਬਾਵਜੂਦ ਪ੍ਰਹਲਾਦ ਬਚ ਜਾਂਦਾ। ਅੰਤ ਵਿੱਚ ਹਰਨਾਕਸ਼ ਨੇ ਆਪਣੀ ਭੈਣ ਜਿਸਦਾ ਨਾਮ ‘ਹੋਲਿਕਾ’ ਸੀ ਅਤੇ ਜਿਸ ਨੂੰ ਵਰਦਾਨ ਸੀ ਕਿ ਉਹ ਅੱਗ ਵਿੱਚ ਸੜ ਨਹੀਂ ਸਕਦੀ, ਉਸ ਦੀ ਗੋਦ ਵਿੱਚ ਪ੍ਰਹਲਾਦ ਨੂੰ ਦੇ ਕੇ ਲੱਕੜਾਂ ਦੇ ਢੇਰ ਨੂੰ ਅੱਗ ਲਗਾ ਦਿੱਤੀ, ਪਰ ਭਾਣਾ ਉਲਟ ਵਾਪਰਦਾ ਹੈ, ਭਾਵ ਹੋਲਿਕਾ ਤਾਂ ਸੜ ਜਾਂਦੀ ਹੈ ਪਰ ਪ੍ਰਹਲਾਦ ਬਚ ਜਾਂਦਾ ਹੈ। ਇਸ ਕਥਾ ਤੋਂ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਲੋਕ-ਮਾਨਸਿਕਤਾ ਨੇ ਇਹ ਭਾਵ ਕਬੂਲਿਆ ਹੈ ਕਿ ਭਗਤੀ ਭਾਵ ਸ਼ਿਰੋਮਣੀ ਹੈ ਅਤੇ ਸੱਚ ਨੂੰ ਆਂਚ ਨਹੀਂ। ਇਸ ਅਨੁਸਾਰ ਜਿਸ ਦਿਨ ਹੋਲਿਕਾ ਸੜ ਗਈ, ਹਰਨਾਕਸ਼ ਦਾ ਹੰਕਾਰ ਟੁੱਟ ਗਿਆ ਅਤੇ ਪ੍ਰਹਲਾਦ ਬਚ ਗਿਆ, ਉਸੇ ਦਿਨ ਤੋਂ ਹੋਲੀ ਦੇ ਤਿਉਹਾਰ ਦਾ ਮਨਾਉਣਾ ਆਰੰਭ ਹੋਇਆ। ਅੱਜ ਕੱਲ੍ਹ ਵੀ ਭਾਰਤ ਦੇ ਕਈ ਰਾਜਾਂ ਦੇ ਲੋਕ ਇਨ੍ਹੀਂ ਦਿਨੀਂ ਅੱਗ ਬਾਲ ਕੇ ਹੋਲਿਕਾ ਸਾੜਦੇ ਹਨ ਅਤੇ ਇਸ ਉਪਰੰਤ ਇੱਕ ਦੂਜੇ ਉੱਤੇ ਰੰਗ ਸੁੱਟਦੇ ਹੋਏ ਹੋਲੀ ਮਨਾਉਂਦੇ ਹਨ।
ਇਸੇ ਕਥਾ ਵਾਂਗ ਮਹਾਂਭਾਰਤ ਦੇ ਕਾਲ-ਖੰਡ ਸਮੇਂ ਭਗਵਾਨ ਕ੍ਰਿਸ਼ਨ ਅਤੇ ਗੋਪੀਆਂ ਦੇ ਆਪਸੀ ਹੋਲੀ ਖੇਡਣ ਦੇ ਅਨੇਕ ਪ੍ਰਸੰਗ ਪ੍ਰਚਲਿਤ ਹਨ। ਲੋਕ ਨਾਚ ‘ਫਾਗ’ ਦਾ ਮੁੱਢ ਫੱਗਣ ਮਹੀਨੇ ਵਿੱਚ ਹੋਲੀ ਖੇਡਣ ਦੇ ਤਿਉਹਾਰ ਤੋਂ ਹੀ ਹੋਇਆ ਮੰਨਿਆ ਜਾਂਦਾ ਹੈ। ਉਂਜ ਤਾਂ ਸਾਰੇ ਭਾਰਤ ਵਿੱਚ ‘ਹੋਲੀ’ ਬੜੇ ਜੋਸ਼ ਨਾਲ ਮਨਾਈ ਜਾਂਦੀ ਹੈ, ਪਰ ‘ਬ੍ਰਿਜ’ ਖੇਤਰ ਦੀ ਹੋਲੀ ਦਾ ਕੋਈ ਮੁਕਾਬਲਾ ਨਹੀਂ। ਉਥੇ ਹਰ ਉਮਰ ਵਰਗ ਦਾ ਇਨਸਾਨ ਜਸ਼ਨਾਂ ਭਰੇ ਸਮਾਰੋਹ ਨੂੰ ਕਈ ਕਈ ਦਿਨਾਂ ਰੰਗ-ਗੁਲਾਲ ਇੱਕ ਦੂਸਰੇ ਨੂੰ ਲਾਉਂਦੇ ਹਨ। ਇਸ ਸਬੰਧੀ ਲੋਕ ਗੀਤ ਹੈ-
‘ਓ ਰੰਗੀਲਾ ਛੈਲ ਖੇਲੋ ਹੋਰੀ,
ਓ ਮਹਾਰਾਜਾ ਰੰਗੀਲਾ ਛੈਲ ਖੇਲੋ ਹੋਰੀ।  
10403cd _dr_ jagir singh noorਪੰਜਾਬ ਵਿੱਚ ਗੁਰੂ ਸਾਹਿਬਾਨ ਦੇ ਕਾਲ ਵਿੱਚ ਵੀ ਇਸ ਤਿਉਹਾਰ ਨੂੰ ਮਨਾਉਣ ਦੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਅਧਿਆਤਮਕ ਰੰਗਣ ਵਿੱਚ ਆਪੇ ਨੂੰ ਰੰਗ ਕੇ ਹੋਲੀ ਮਨਾਉਣ ਦਾ ਸੁਨੇਹਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੋਲੀ ਆਮ ਪ੍ਰਚਲਿਤ ਤਿਉਹਾਰ ਸੀ। ਉਨ੍ਹਾਂ ਨੇ ਹੋਲੀ ਦੇ ਤਿਉਹਾਰ ਤੋਂ ਇੱਕ ਦਿਨ ਉਪਰੰਤ ਇਸ ਨੂੰ ਮਨਾਉਂਦਿਆਂ ਹੋਇਆਂ ‘ਹੋਲਾ-ਮਹੱਲਾ’ ਯਾਨਿ ‘ਹੋਲੇ’ ਦਾ ਨਾਮ ਦਿੱਤਾ। ਹੋਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਪਹਿਲਾਂ ਇਸ ਤਿਉਹਾਰ ਵਿੱਚ ਪਿਆਰ, ਲਗਨ, ਸਾਂਝ ਆਦਿ ਦੀ ਭਾਵਨਾ ਹੀ ਭਾਰੂ ਸੀ, ਉੱਥੇ ਗੁਰੂ ਸਾਹਿਬ ਨੇ ਉਸ ਸਭ ਕਾਸੇ ਦੇ ਨਾਲ- ਨਾਲ ਬੀਰ ਰਸ ਭਰ ਕੇ ਸੂਰਮਗਤੀ ਦੀਆਂ ਖੇਡਾਂ ਜਿਵੇਂ ਗਤਕਾਬਾਜ਼ੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ ਆਦਿ ਦੀ ਸ਼ਮੂਲੀਅਤ ਕਰਕੇ ਇਸਦੇ ਸਰੂਪ ਨੂੰ ਹੋਰ ਵੀ ਨਿਖਾਰ ਦਿੱਤਾ। ਹੋਲਾ ਮਨਾਉਂਦੇ ਸਮੇਂ ਪੰਜਾਬੀ ਲੋਕ ਅਤੇ ਖ਼ਾਸ ਕਰਕੇ ਸਿੱਖ ਕੌਮ ਬੀਰਤਾ ਭਰਪੂਰ, ਜੋਸ਼ ਭਰਪੂਰ ਅਤੇ ਜੰਗਜੂ ਪੱਧਰ ਦੀਆਂ ਖੇਡਾਂ ਅਤੇ ਕਰਤੱਬਾਂ ਆਦਿ ਦਾ ਪ੍ਰਦਰਸ਼ਨ ਵੀ ਕਰਦੇ ਹਨ ਅਤੇ ਆਪਣੇ ਪੂਰਵਜਾਂ ਦੀਆਂ ਕੁਰਬਾਨੀਆਂ ਦੀਆਂ ਗਾਥਾਂਵਾਂ ਵੀ ਗਾਉਂਦੇ ਹਨ। ਇਸੇ ਤਰ੍ਹਾਂ ਹੋਰ ਵੀ ਕਈ ਧਾਰਮਿਕ, ਮਿਥਿਹਾਸਕ ਅਤੇ ਇਤਿਹਾਸਕ ਪ੍ਰਸੰਗ ਹਨ ਜਿਨ੍ਹਾਂ ਤੋਂ ਭਾਰਤੀ ਏਕਤਾ, ਲੋਕਾਂ ਦੀਆਂ ਖੁਸ਼ੀਆਂ, ਖੁਸ਼ਹਾਲੀਆਂ, ਖੇੜੇ ਦੀ ਰੁੱਤ ਦਾ ਸਵਾਦ ਤੇ ਸੁਹਜ ਦਾ ਪਤਾ ਲੱਗਦਾ ਹੈ।
ਸੰਪਰਕ: 98142-09732  


Comments Off on ਪਿਆਰ ਦੇ ਰੰਗਾਂ ਦਾ ਤਿਉਹਾਰ ਹੋਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.