ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਪੰਜਾਬ ਦੇ ਬੌਧਿਕ ਪ੍ਰਵਚਨ ਦੀ ਨਿਸ਼ਾਨਦੇਹੀ

Posted On March - 11 - 2017

ਯਾਦਵਿੰਦਰ ਸਿੰਘ*

11103cd _TRIBUNEਗੁਰਬਚਨ ਦੀ ਪੁਸਤਕ ‘ਪੰਜਾਬ/ਪੰਜਾਬੀ ਸਾਹਿਤ ਦਸ਼ਾ ਦਿਸ਼ਾ’ ਪੜ੍ਹਦਿਆਂ ਐਡਵਰਡ ਸਈਦ ਵੱਲੋਂ ਬੀ.ਬੀ.ਸੀ. ਲੰਡਨ ਦੀ ਰੇਥ ਭਾਸ਼ਣ ਲੜੀ ਤਹਿਤ ਦਿੱਤੇ ਭਾਸ਼ਣ ਦੀ ਯਾਦ ਵਾਰ-ਵਾਰ ਤਾਜ਼ਾ ਹੁੰਦੀ ਹੈ। ‘ਰਿਪਰਸੈਂਟੇਸ਼ਨ ਆਫ਼ ਦਿ ਇੰਟਲੈਕਚੁਅਲ’ ਸਿਰਲੇਖ ਹੇਠ ਕੀਤੀ ਇਸ ਤਕਰੀਰ ਦਾ ਮੁੱਖ ਮੁੱਦਾ ਲੋਕਪੱਖੀ ਚਿੰਤਕਾਂ ਦੀ ਆਪਣੇ ਸਮਾਜ ਅਤੇ ਸਭਿਆਚਾਰ ਪ੍ਰਤੀ ਬਣਦੀ ਜ਼ਿੰਮੇਵਾਰੀ ਨਾਲ ਜੁੜਿਆ ਹੈ। ਸਈਦ ਦੱਸਦਾ ਹੈ ਕਿ ਹਰ ਦੌਰ ਦੇ ਸੱਚ ਨੂੰ ਉਸ ਸਮੇਂ ਦੇ ਸੱਤਾਧਾਰੀ ਪ੍ਰਵਚਨਾਂ ਰਾਹੀਂ ਘੜਿਆ ਜਾਂਦਾ ਹੈ। ਕਿਸੇ ਵੀ ਲੋਕਪੱਖੀ ਚਿੰਤਕ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਲੋਕਾਈ ਨੂੰ ਪ੍ਰਵਾਨਿਤ ਸੱਚ ਦੀ ਤਹਿ ਹੇਠ ਮੌਜੂਦ ਇਨ੍ਹਾਂ ਪ੍ਰਵਚਨਾਂ ਦੀ ਸਿਆਸਤ ਤੋਂ ਜਾਣੂ ਕਰਵਾਏ।
ਗੁਰਬਚਨ ਦੀ ਇਸ ਕਿਤਾਬ ਦਾ ਸਈਦ ਦੇ ਚਿੰਤਨ ਨਾਲ ਗਹਿਰਾ ਨਾਤਾ ਹੈ। ਇਹ ਕਿਤਾਬ ਪੰਜਾਬ ਦੇ ਸਾਹਿਤਕ, ਸਮਾਜਕ ਅਤੇ ਸਿਆਸੀ ਸਰੋਕਾਰਾਂ ਪਿੱਛੇ ਛੁਪੇ ਸੱਚ ਦੀ ਬਣਤਰ ਨੂੰ ਸੁਆਲਾਂ ਦੇ ਘੇਰੇ ਵਿਚ ਲਿਆਉਂਦੀ ਹੈ। ਸਮਕਾਲੀ ਦੌਰ ਦਾ ਪੰਜਾਬ ਆਰਥਿਕ ਅਤੇ ਸਮਾਜਕ ਹਿੰਸਾ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਸ ਹਿੰਸਾ ਨੇ ਪੰਜਾਬ ਦੀ ਰਹਿਤਲ ਨਾਲ ਜੁੜੇ ਲੋਕਾਂ ਨੂੰ ਇਥੋਂ ਦੀ ਸਥਾਨਕਤਾ ਨਾਲੋਂ ਨਿਖੇੜ ਦਿੱਤਾ ਹੈ। ਪੰਜਾਬ ਵਿਚ ਵਾਪਰ ਰਹੀ ਇਸ ਹਿੰਸਾ ਦਾ ਆਤੰਕ ਇਸ ਕਦਰ ਸ਼ਕਤੀਸ਼ਾਲੀ ਹੈ ਕਿ ਪੰਜਾਬੀ ਬੰਦਾ ਖ਼ੁਦ ਨੂੰ ਪੰਜਾਬ ਅੰਦਰ ਪਰਵਾਸੀ ਮਹਿਸੂਸ ਕਰਦਾ ਹੈ। ਉਸ ਲਈ ਘਰ ਦੇ ਅਰਥ ਪਹਿਲਾਂ ਜਿਹੇ ਨਹੀਂ ਰਹੇ। ਉਹ ਸਰੀਰਕ ਹੀ ਨਹੀਂ ਮਾਨਸਿਕ ਤੌਰ ’ਤੇ ਵੀ ਆਪਣੀ ਜ਼ਮੀਨ ਤੋਂ ਟੁੱਟ ਚੁੱਕਿਆ ਹੈ। ਪੰਜਾਬ ਵਿਚੋਂ ਹੋਏ ਮੁੱਢਲੇ ਦਿਨਾਂ ਦੇ ਪਰਵਾਸ ਦੌਰਾਨ ਪੰਜਾਬੀ ਬੰਦਾ ਘਰ ਵਾਪਸ ਪਰਤਣ ਦੀ ਉਮੀਦ ਰਖਦਾ ਸੀ, ਜਦਕਿ ਅੱਜ ਦੇ ਸਮੇਂ ਪਰਦੇਸ ਵਸਣਾ ਉਸ ਦਾ ਮਕਸਦ ਹੋ ਨਿੱਬੜਿਆ ਹੈ। ਦੂਜੇ ਪਾਸੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਹਤਾਸ਼ ਹੋਏ ਪੰਜਾਬੀਆਂ ਲਈ ਕੋਈ ਮਾਡਲ ਨਹੀਂ ਬਚਿਆ। ਵੱਖ-ਵੱਖ ਵਿਚਾਰਧਾਰਕ ਪੈਂਤੜਿਆਂ ਦੇ ਬਾਵਜੂਦ ਇਨ੍ਹਾਂ ਸਿਆਸੀ ਧਿਰਾਂ ਦੇ ਜਮਾਤੀ ਹਿੱਤ ਇਕੋ ਜਿਹੇ ਹਨ। ਅਜਿਹੇ ਦੌਰ ਵਿਚ ਇਹ ਕਿਤਾਬ ਪੰਜਾਬ ਦੇ ਹੋਣ-ਥੀਣ ਦੇ ਅਰਥਾਂ ਨੂੰ ਮੁਖ਼ਾਤਬ ਹੈ।

ਯਾਦਵਿੰਦਰ ਸਿੰਘ*

ਯਾਦਵਿੰਦਰ ਸਿੰਘ*

ਗੁਰਬਚਨ ਪੰਜਾਬ ਦੇ ਇਸ ਸੰਕਟ ਨੂੰ ਬਦਲਦੀਆਂ ਵਿਸ਼ਵ ਪ੍ਰਸਥਿਤੀਆਂ ਨਾਲ ਜੋੜ ਕੇ ਦੇਖਦਾ ਹੈ। ਵਿਸ਼ਵੀਕਰਨ ਦੇ ਤੇਜ਼ ਰਫ਼ਤਾਰੀ ਦੌਰ ਵਿਚ ਪੰਜਾਬੀ ਬੰਦਾ ਨਿਰੰਤਰ ਪਛੜ ਰਿਹਾ ਹੈ। ਇਹ ਪਛੜੇਵਾਂ ਹਮੇਸ਼ਾ ਤੋਂ ਨਹੀਂ ਸੀ। ਕੋਈ ਸਮਾਂ ਸੀ ਜਦੋਂ ਆਪਣੀ ਸਥਾਨਕਤਾ ਨਾਲ ਜੁੜੇ ਹੋਣ ਦੇ ਬਾਵਜੂਦ ਪੰਜਾਬੀ ਬੰਦਾ ਕਾਇਨਾਤੀ ਸਰੋਕਾਰਾਂ ਨਾਲ ਸੰਵਾਦ ਰਚਾਉਂਦਾ ਸੀ। ਉਦੋਂ ਉਸ ਲਈ ਆਪਣੀ ਭਾਸ਼ਾ ਅਤੇ ਸਾਹਿਤ ਗੌਰਵਸ਼ਾਲੀ ਵਿਰਸਾ ਸੀ। ਕਾਰਪੋਰੇਟ ਕਿਸਮ ਦੀ ਆਰਥਿਕਤਾ ਨੇ ਪੰਜਾਬੀ ਜ਼ੁਬਾਨ ਦੇ ਇਸ ਮਾਣਮੱਤੇ ਅਤੀਤ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਇਹ ਵਰਤਾਰਾ ਨਿਰੋਲ ਆਰਥਿਕ ਮੁਨਾਫ਼ੇ ਨੂੰ ਵਿਕਾਸ ਦਾ ਨਾਂ ਦਿੰਦਾ ਹੈ। ਇਸ ਨੇ ਪੰਜਾਬ ਦੀ ਰਹਿਤਲ ਨੂੰ ਮੰਡੀ ਵਿਚ ਤਬਦੀਲ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬੀ ਬੰਦਾ ਆਪਣੀਆਂ ਜੜ੍ਹਾਂ ਤੋਂ ਟੁੱਟ ਰਿਹਾ ਹੈ। ਉਸ ਲਈ ਆਪਣੀ ਭਾਸ਼ਾ ਅਤੇ ਇਸ ਵਿਚ ਰਚਿਆ ਸਾਹਿਤ ਅਰਥਹੀਣ ਹੋ ਚੁੱਕਿਆ ਹੈ। ਖ਼ਪਤਵਾਦੀ ਦੌਰ ਦੀ ਦੌੜ ਦਾ ਹਿੱਸਾ ਬਣਿਆ ਪੰਜਾਬ ਆਪਣੀ ਉਸ ਬੌਧਿਕ ਰਚਨਾਤਮਕਤਾ ਤੋਂ ਨਿੱਖੜਦਾ ਜਾ ਰਿਹਾ ਹੈ, ਜਿਸ ਨੇ ਇਸ ਦੀ ਹੋਂਦ ਨੂੰ ਅਰਥ ਦੇਣੇ ਸਨ।
ਇਸ ਕਿਤਾਬ ਦਾ ਮੂਲ ਸਰੋਕਾਰ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਨਾ ਹੈ, ਜਨ੍ਹਿਾਂ ਕਰਕੇ ਪੰਜਾਬ ਆਪਣੇ ਕਾਇਨਾਤੀ ਸ਼ਬਦ ਸਭਿਆਚਾਰ ਤੋਂ ਨਿਰੰਤਰ ਟੁੱਟ ਰਿਹਾ ਹੈ। ਗੁਰਬਚਨ ਦਾ ਫ਼ਿਕਰ ਹੈ ਕਿ ਜਿਸ ਕਾਇਨਾਤੀ ਸ਼ਬਦ ਸਭਿਆਚਾਰ ਤੋਂ ਪ੍ਰੇਰਣਾ ਲੈ ਕੇ ਪੰਜਾਬੀ ਬੰਦਾ ਖ਼ੁਦ ਨੂੰ ਅਤੇ ਆਪਣੇ ਆਲੇ-ਦੁਆਲੇ ਨੂੰ ਜਿਉਣਯੋਗ ਬਣਾਉਂਦਾ ਰਿਹਾ ਹੈ, ਉਸ ਸ਼ਬਦ ਦੀ ਕਰਤਾਰੀ ਸ਼ਕਤੀ ਤੋਂ ਵੱਖ ਹੋਣ ਕਾਰਨ ਉਸ ਦੀ ਜ਼ਿੰਦਗੀ ਦਾ ਸਲੀਕਾ ਗੁਆਚ ਰਿਹਾ ਹੈ। ਸ਼ਬਦ ਦੀ ਕਰਤਾਰੀ ਸ਼ਕਤੀ ਤੋਂ ਨਿੱਖੜ ਕੇ ਸਮਕਾਲੀ ਖ਼ਪਤਵਾਦੀ ਦੌਰ ਵਿਚ ਗ੍ਰਿਫ਼ਤ ਹੋਏ ਪੰਜਾਬੀ ਬੰਦੇ ਦੇ ਅਵਚੇਤਨ ’ਤੇ ਉਕਰੀ ਬਸਤੀਵਾਦੀ ਟੈਕਸਟ ਨੂੰ ਗੁਰਬਚਨ ‘ਸਭਿਆਚਾਰਕ ਫਾਸ਼ੀਵਾਦ’ ਕਹਿੰਦਾ ਹੈ। ਆਰਥਿਕ ਵਿਕਾਸ ਦੀ ਧੁਰੀ ਦੁਆਲੇ ਘੁੰਮਦੇ ਇਸ ਫਾਸ਼ੀਵਾਦ ਨੇ ਪੰਜਾਬ ਦੇ ਸਮਾਜਕ, ਆਰਥਿਕ ਅਤੇ ਸਿਆਸੀ ਦ੍ਰਿਸ਼ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਪੰਜਾਬੀ ਬੰਦਾ ਆਪਣੇ ਸ਼ਬਦ ਸਭਿਆਚਾਰ ਤੋਂ ਅਲੱਗ-ਥਲੱਗ ਹੋ ਰਿਹਾ ਹੈ। ਮਨੁੱਖੀ ਹੋਂਦ ਦੇ ਅਰਥਾਂ ਦੀ ਥਾਹ ਪਾਉਣ ਅਤੇ ਮਾਨਵੀ ਵਿਹਾਰ ਦੇ ਰਹੱਸਾਂ ਵਿਚਲੀ ਗਹਿਰਾਈ ਨੂੰ ਪ੍ਰਗਟਾਉਣ ਵਿਚ ਸਾਹਿਤ ਦੀ ਅਹਿਮ ਭੂਮਿਕਾ ਰਹੀ ਹੈ। ਸਮਕਾਲੀ ਪੰਜਾਬ ਦੇ ਸਮਾਜਕ-ਸਿਆਸੀ ਪ੍ਰਸੰਗਾਂ ਦੇ ਅੰਦਰਖਾਤੇ ਮੌਜੂਦ ਹਿੰਸਾ ਦੀ ਸਿਆਸਤ ਨੂੰ ਬੇਪਰਦ ਕਰਨ ਦਾ ਕੰਮ ਸਾਹਿਤ ਦਾ ਹੈ। ਪਰ ਅੱਜ ਦਾ ਪੰਜਾਬੀ ਸਾਹਿਤ ਬਹੁਗਿਣਤੀ ਪੰਜਾਬੀਆਂ ਲਈ ਪ੍ਰਸੰਗਹੀਣ ਹੋ ਚੁੱਕਿਆ ਹੈ। ਇਤਿਹਾਸ ਦੀ ਗਤੀ ਤੋਂ ਟੁੱਟੇ ਪੰਜਾਬੀ ਬੰਦੇ ਲਈ ਹੁਣ ਕਵਿਤਾ ਠਾਹਰ ਨਹੀਂ ਬਣਦੀ। ਮੰਡੀ ਦੀ ਤਾਕਤ ਨੇ ਉਸ ਅੰਦਰਲੀ ਪੰਜਾਬੀਅਤ ਨੂੰ ਅਰਥਹੀਣ ਕਰ ਦਿੱਤਾ ਹੈ। ਇਹ ਆਪਣੀ ਕਿਸਮ ਦਾ ਫਾਸ਼ੀਵਾਦ ਹੈ, ਜਿਸ ਦੀ ਹਨੇਰੀ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਜ਼ਰਜ਼ਰੇ ਰੁੱਖ ਦੇ ਪੱਤਿਆਂ ਵਾਂਗ ਝੜਦੇ ਜਾ ਰਹੇ ਹਨ। ਪੰਜਾਬੀ ਭਾਸ਼ਾ ਵਿਸ਼ਵ ਚਿੰਤਨ ਵਿਚਲੇ ਪ੍ਰਵਚਨ ਨਾਲ ਸੰਵਾਦ ਰਚਾਉਣ ਤੋਂ ਖੁੰਝ ਗਈ ਹੈ, ਹਾਲਾਂਕਿ ਇਸ ਦੇ ਵਿਰਸੇ ਵਿਚ ਅਜਿਹੀਆਂ ਸੰਭਾਵਨਾਵਾਂ ਮੌਜੂਦ ਸਨ।    ਕਿਸੇ ਬੰਦੇ ਦੀ ਹੋਂਦ ਦੇ ਅਰਥ ਉਸ ਦੇ ਸਮੇਂ-ਸਪੇਸ ਨਾਲ ਗਹਿਰੀ ਤਰ੍ਹਾਂ ਜੁੜੇ ਹੁੰਦੇ ਹਨ। ਪੰਜਾਬੀ ਬੰਦਾ ਆਪਣੀ ਸਥਾਨਕਤਾ ਤੋਂ ਟੁੱਟ ਰਿਹਾ ਹੈ। ਇਸ ਕਾਰਨ ਉਸ ਦਾ ਸਮਾਂ/ਸਪੇਸ ਵੀ ਗੁਆਚ ਗਿਆ ਹੈ। ਗੁਰਬਚਨ ਅਜਿਹੇ ਬੰਦੇ ਨੂੰ ਆਰਥਿਕ ਕੀੜਾ ਕਹਿੰਦਾ ਹੈ, ਜਿਸ ਲਈ ਰਚਨਾਤਮਕ ਚਿੰਤਨ ਦੀ ਸਪੇਸ ਨਿੱਤ ਦਿਨ ਲੋਪ ਹੁੰਦੀ ਜਾ ਰਹੀ ਹੈ। ਉਹ ਭਗਵਾਨ ਜੋਸ਼ ਦੇ ਹਵਾਲੇ ਨਾਲ ਲਿਖਦਾ ਹੈ ਕਿ ਪੰਜਾਬ ਅੱਜ ਜਿਉਣ ਲਈ ਨਹੀਂ ਮਰਨ ਲਈ ਵਧੀਆ ਜਗ੍ਹਾ ਬਣ ਚੁੱਕੀ ਹੈ। ਮੌਤ ਸਿਰਫ਼ ਜਿਸਮਾਨੀ ਨਹੀਂ ਹੁੰਦੀ। ਜਿਸ ਬੰਦੇ ਦੀ ਭਾਸ਼ਾ ਫ਼ੌਤ ਹੋ ਗਈ, ਜਿਹਦੇ ਕੋਲ ਆਪਣੀ ਸਥਾਨਕਤਾ ਨੂੰ ਤਕੜਾ ਕਰਨ ਦੀਆਂ ਜੁਗਤਾਂ ਨਹੀਂ ਹਨ, ਜਿਹਦੇ ਕੋਲ ਭਵਿੱਖ ਨਾਲ ਸੰਵਾਦ ਕਰਨ ਲਈ ਸਪੇਸ ਨਹੀਂ, ਜੋ ਮਨੋਵੇਗਾਂ ਦੇ ਭੰਵਰ ’ਚ ਹਜ਼ਮ ਹੋ ਰਿਹਾ ਹੈ, ਉਹਦਾ ਹੋਣਾ ਹੀ ਮੌਤ ਵਰਗਾ ਹੈ। ਪੰਜਾਬ ਵਿਚ ਵਾਪਰੀ ਇਸ ਤਬਦੀਲੀ ਨੇ ਪੰਜਾਬੀ ਸਾਹਿਤ ਨੂੰ ਵੀ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਸਾਹਿਤਕਾਰੀ, ਮੰਚਕਾਰੀ ਵਿਚ ਤਬਦੀਲ ਹੋ ਚੁੱਕੀ ਹੈ। ਨਤੀਜਾ ਇਹ ਨਿਕਲਿਆ ਹੈ ਕਿ ਪੰਜਾਬ ਦੀ ਆਰਥਿਕ, ਸਮਾਜਕ ਅਤੇ ਸਿਆਸੀ ਬਣਤਰ ਦੇ ਅੰਤਰ-ਦਵੰਦਾਂ ਨੂੰ ਪ੍ਰਗਟਾਉਣ ਵਿਚ ਪੰਜਾਬੀ ਸਾਹਿਤਕਾਰ ਆਪਣੀ ਭੂਮਿਕਾ ਨਿਭਾਉਣ ਵਿਚ ਨਾਕਾਮ ਰਿਹਾ ਹੈ। ਪੰਜਾਬ ਦੇ ਸਮਕਾਲੀ ਦ੍ਰਿਸ਼ ਬਾਰੇ ਪੰਜਾਬੀ ਲੇਖਕ ਭਾਵੁਕ ਪ੍ਰਤੀਕਰਮ ਤਾਂ ਸਿਰਜ ਰਿਹਾ ਹੈ, ਪਰ ਜਿਸ ਤਰ੍ਹਾਂ ਦੀ ਬੌਧਿਕ ਰਚਨਾਤਮਕਤਾ ਦੀ ਤਵੱਕੋ ਉਸ ਤੋਂ ਕੀਤੀ ਜਾਂਦੀ ਹੈ, ਉਸ ਤਰ੍ਹਾਂ ਦੀ ਸਿਰਜਣਕਾਰੀ ਤੋਂ ਪੰਜਾਬੀ ਲੇਖਕ ਵਿੱਥ ’ਤੇ ਵਿਚਰ ਰਿਹਾ ਹੈ। ਇਹ ਸੰਕਟ ਸਾਹਿਤਕਾਰੀ ਤੱਕ ਹੀ ਸੀਮਤ ਨਹੀਂ। ਪੰਜਾਬੀ ਅਕਾਦਮਿਕਤਾ ਅਤੇ ਪੰਜਾਬੀ ਸਾਹਿਤ ਨਾਲ ਜੁੜੀਆਂ ਸੰਸਥਾਵਾਂ ਵੀ ਕਿਸੇ ਬੌਧਿਕ ਸੰਵਾਦ ਨੂੰ ਉਸਾਰਨ ਵਿਚ ਅਸਫ਼ਲ ਰਹੀਆਂ ਹਨ। ਮੰਚਕਾਰੀ ਅਤੇ ਮਹਿਫ਼ਿਲੀਅਤ ਨਾਲ ਜੁੜੇ ਨਿੱਜੀ ਮੁਫ਼ਾਦਾਂ ਨੇ ਇਸ ਤਰ੍ਹਾਂ ਦੇ ਸੰਵਾਦ ਦੀ ਸੰਭਾਵਨਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਇਨਾਮਾਂ-ਸਨਮਾਨਾਂ ਦੀ ਤਾਂਘ ਨੇ ਲੇਖਕ/ਚਿੰਤਕ ਕੋਲੋਂ ਉਸ ਦਾ ਉਹ ਸਪੇਸ ਖੋਹ ਲਿਆ ਹੈ, ਜਿਸ ਵਿਚੋਂ ਇਹ ਸੰਵਾਦ ਉਸਰਨਾ ਸੀ। ਅਜਿਹੇ ਸੰਵਾਦਹੀਣ ਦੌਰ ਵਿਚ ਪੰਜਾਬੀ ਸਾਹਿਤ ਸਮਕਾਲੀ ਦੌਰ ਦੀ ਰਾਜਨੀਤੀ ਦਾ ਹੀ ਹਿੱਸਾ ਹੋ ਨਿੱਬੜਿਆ ਹੈ। ਪੰਜਾਬੀ ਭਾਸ਼ਾ ਵਿਚ ਰਚੀਆਂ ਸਾਹਿਤਕ ਲਿਖਤਾਂ ਨੂੰ ਪੜ੍ਹਤ ਵਿਚ ਲਿਆਉਣ ਸਮੇਂ ਗੁਰਬਚਨ ਪੰਜਾਬੀ ਸਾਹਿਤ ਦੀ ਰਚਨਾਕਾਰੀ ਨਾਲ ਜੁੜੀ ਉਸ ਸਿਆਸਤ ਨੂੰ ਵਿਚਾਰਦਾ ਹੈ, ਜਿਸ ਦਾ ਜ਼ਿਕਰ ਉਪਰ ਕੀਤਾ ਗਿਆ ਹੈ। ਅਜਿਹਾ ਕਰਦਿਆਂ ਉਹ ਇਸ ਗੱਲ ਬਾਰੇ ਸੁਚੇਤ ਨਜ਼ਰ ਆਉਂਦਾ ਹੈ ਕਿ ਕਿਸੇ ਵੀ ਰਚਨਾ ਦੇ ਸਿਰਜਣ ਕਾਲ ਸਮੇਂ ਲੇਖਕ ਸਾਹਵੇਂ ਕਈ ਸਮਾਨੰਤਰ ਪ੍ਰਵਚਨ ਮੌਜੂਦ ਹੁੰਦੇ ਹਨ। ਲੇਖਕ ਆਪਣੀ ਬੌਧਿਕ ਸਮਰੱਥਾ ਅਤੇ ਵਿਚਾਰਧਾਰਕ ਪੁਜੀਸ਼ਨ ਮੁਤਾਬਕ ਇਨ੍ਹਾਂ ਵਿਚੋਂ ਕੁਝ ਖ਼ਾਸ ਪ੍ਰਵਚਨਾਂ ਦੀ ਚੋਣ ਕਰਦਾ ਹੈ। ਕਿਸੇ ਰਚਨਾ ਦੀ ਪੜ੍ਹਤ ਉਸਾਰਨ ਸਮੇਂ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਲਿਖਤ ਵਿਚ ਸੰਬੋਧਿਤ ਹੋਣ ਵਾਲਾ ਬੰਦਾ ਕੋਣ ਹੈ? ਕੀ ਇਹ ਲੇਖਕ ਖ਼ੁਦ ਹੈ ਜਾਂ ਉਹ ਪ੍ਰਵਚਨ ਹਨ, ਜਨ੍ਹਿਾਂ ਨੂੰ ਲੇਖਕ ਨੇ ਆਪਣੀ ਮਰਜ਼ੀ ਅਨੁਸਾਰ ਚੁਣਿਆ ਹੈ? ਇਸ ਸਬੰਧੀ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਚੋਣਵੇਂ ਪ੍ਰਵਚਨਾਂ ਕਾਰਨ ਕਿਸੇ ਲਿਖਤ ਵਿਚੋਂ ਲੇਖਕ ਨੂੰ ਵੀ ਇਕ ਵਿਸ਼ੇ ਵਾਂਗ ਪੜ੍ਹਿਆ ਜਾ ਸਕਦਾ ਹੈ, ਕਿਉਂਕਿ ਲਿਖਤ ਦੌਰਾਨ ਖ਼ੁਦ ਲੇਖਕ ਵੀ ਨਿਰਮਾਣਕਾਰੀ ਦੀ ਪ੍ਰਕਿਰਿਆ ਵਿਚੋਂ ਲੰਘਦਾ ਹੈ।
ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਬਾਰੇ ਗੱਲ ਕਰਦਿਆਂ ਗੁਰਬਚਨ ਉਨ੍ਹਾਂ ਪਦਾਰਥਕ ਹਾਲਾਤਾਂ ਨੂੰ ਸੰਵਾਦ ਦੇ ਘੇਰੇ ਵਿਚ ਲਿਆਉਂਦਾ ਹੈ, ਜਨ੍ਹਿਾਂ ਹਾਲਾਤਾਂ ਦਾ ਕਿਸੇ ਲੇਖਕ ਦੀ ਬਣਤਰ ਵਿਚ ਵੱਡਾ ਹਿੱਸਾ ਹੈ। ਪੰਜਾਬੀ ਸਾਹਿਤ ਲੰਬੇ ਸਮੇਂ ਤੱਕ ਪ੍ਰਗਤੀਵਾਦ ਦੇ ਏਜੰਡੇ ਨੂੰ ਅਧਾਰ ਬਣਾ ਕੇ ਇਕ ਨਿਸ਼ਚਤ ਚੌਖਟੇ ਵਿਚ ਵਿਚਰਦਾ ਰਿਹਾ ਹੈ। ਮਾਰਕਸਵਾਦ ਦੀ ਸਤਿਹੀ ਵਿਆਖਿਆ ਨੂੰ ਸਾਹਮਣੇ ਰੱਖ ਕੇ ਪੰਜਾਬੀ ਲੇਖਕ ਅਜਿਹਾ ਸਾਹਿਤ ਰਚਣ ਵਿਚ ਮਸਰੂਫ਼ ਰਹੇ, ਜਿਸ ਦਾ ਮੁੱਲ ਵਿਧਾਨ ਪਹਿਲਾਂ ਤੋਂ ਹੀ ਤੈਅ ਕਰ ਦਿੱਤਾ ਗਿਆ ਸੀ। ਪ੍ਰਗਤੀਵਾਦੀ ਪੰਜਾਬੀ ਸਾਹਿਤ ਬਾਰੇ ਗੱਲ ਕਰਦਿਆਂ ਗੁਰਬਚਨ ਦੱਸਦਾ ਹੈ ਕਿ ਸਮਾਜਕ ਯਥਾਰਥਵਾਦ ਦੇ ਏਜੰਡੇ ਤਹਿਤ ਲਿਖਿਆ ਪ੍ਰਗਤੀਵਾਦੀ ਸਾਹਿਤ ਰਚਨਾਤਮਕ ਭਾਸ਼ਾਕਾਰੀ ਤੋਂ ਵਿੱਥ ’ਤੇ ਵਿਚਰਦਾ ਰਿਹਾ ਹੈ, ਜਦਕਿ ਸਾਹਿਤਕ ਸਿਰਜਣਾ ਨਿਰੋਲ ਸਾਹਮਣੇ ਨਜ਼ਰ ਆਉਂਦੇ ਵਰਤਾਰਿਆ ਦੀ ਹੂ-ਬ-ਹੂ ਪੇਸ਼ਕਾਰੀ ਨਹੀਂ।
ਬੇਸ਼ੱਕ ਕੋਈ ਵੀ ਲਿਖਤ ਵਿਚਾਰਧਾਰਾ ਤੋਂ ਮੁਕਤ ਨਹੀਂ ਹੁੰਦੀ। ਇਸ ਦੇ ਬਾਵਜੂਦ ਕਿਸੇ ਵੀ ਸਿਰਜਣਾਤਮਕ ਲੇਖਕ ਲਈ ਇਹ ਚੁਣੌਤੀ ਹਮੇਸ਼ਾ ਬਣੀ ਰਹਿੰਦੀ ਹੈ ਕਿ ਉਹ ਆਪਣੀ ਵਿਚਾਰਧਾਰਾ ਨੂੰ ਰਚਨਾਤਮਕ ਭਾਸ਼ਾ ਦੇ ਪੱਧਰ ਤੱਕ ਕਿਵੇਂ ਲੈ ਕੇ ਜਾਵੇ? ਵਿਚਾਰਧਾਰਾ ਦੇ ਸਿੱਧ-ਪੱਧਰੇ ਪ੍ਰਚਾਰ ਤੱਕ ਸੀਮਤ ਲਿਖਤ ਆਪਣੀਆਂ ਸੰਭਾਵਨਾਵਾਂ ਦੇ ਬਾਵਜੂਦ ਪੇਤਲੀ ਬਿਆਨਬਾਜ਼ੀ ਤੱਕ ਸੀਮਤ ਹੋ ਜਾਂਦੀ ਹੈ। ਇਸ ਲਈ ਗੁਰਬਚਨ ਦੀ ਟੇਕ ਅਜਿਹੀ ਭਾਸ਼ਾਕਾਰੀ ’ਤੇ ਹੈ, ਜਿਸ ਵਿਚਲੀ ਵਿਚਾਰਧਾਰਾ ਲਿਖਤ ਵਿਚ ਸਪਸ਼ਟ ਪੇਸ਼ ਹੋਣ ਦੀ ਥਾਂ ਇਸ ਦੇ ਖੱਪਿਆਂ ਵਿਚ ਸਮਾਈ ਹੋਵੇ। ਗੁਰਬਚਨ ਦੀ ਰਚਨਾਤਮਕ ਭਾਸ਼ਾਕਾਰੀ ਪੰਜਾਬ ਦੇ ਸਮਾਜਕ-ਸਭਿਆਚਾਰਕ ਸਰੋਕਾਰਾਂ ਦੀ ਵਿਆਖਿਆ ਉਸਾਰਨ ਤੱਕ ਸੀਮਤ ਨਹੀਂ ਰਹਿੰਦੀ। ਇਸ ਦਾ ਖ਼ਾਸਾ ਸਿਰਜਣਾਤਮਕ ਹੈ। ਬਾਖ਼ਤਿਨ ਇਸ ਨੂੰ ਸੰਵਾਦੀ ਭਾਸ਼ਾ ਕਹਿੰਦਾ ਹੈ। ਅਜਿਹੀ ਭਾਸ਼ਾਕਾਰੀ ਲਿਖਤ ਨੂੰ ਵਾਕਾਂ ਦੇ ਸਮੂਹ ਤੋਂ ਅਗਾਂਹ ਪ੍ਰਵਚਨ ਦੇ ਪੱਧਰ ਤੱਕ ਲੈ ਜਾਂਦੀ ਹੈ। ਇਸ ਤਰ੍ਹਾਂ ਦੀ ਸੰਵਾਦੀ ਭਾਸ਼ਾ ਕਾਰਨ ਗੁਰਬਚਨ ਦੀ ਇਹ ਲਿਖਤ ਰਵਾਇਤੀ ਸਮੀਖਿਆ ਤੋਂ ਵੱਖਰੀ ਹੈ।

*ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ
ਸੰਪਰਕ: 094178-68084


Comments Off on ਪੰਜਾਬ ਦੇ ਬੌਧਿਕ ਪ੍ਰਵਚਨ ਦੀ ਨਿਸ਼ਾਨਦੇਹੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.