ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਬਹੁਤ ਚੁਣੌਤੀਆਂ ਨੇ ਕੈਪਟਨ ਸਰਕਾਰ ਲਈ

Posted On March - 19 - 2017

11903CD _CAPTAINਜੀ.ਐੱਸ. ਗੁਰਦਿੱਤ

ਪੰਜਾਬ ਦੀਆਂ 117 ਵਿੱਚੋਂ 77 ਸੀਟਾਂ ਜਿੱਤ ਕੇ ਕੈਪਟਨ ਅਮਰਿੰਦਰ ਸਿੰਘ ਨੇ, ਆਪਣੇ 75 ਵੇਂ ਜਨਮ ਦਿਨ ਉੱਤੇ, ਕਾਂਗਰਸ ਦਾ ਝੰਡਾ ਬੁਲੰਦ ਕਰ ਦਿੱਤਾ ਹੈ। ਸਾਰੇ ਦੇਸ਼ ਵਿੱਚ ਪੰਜਾਬ ਇੱਕੋ ਇੱਕ ਸੂਬਾ ਹੈ ਜਿੱਥੇ ਕਾਂਗਰਸ ਦਾ ਜਾਦੂ ਚੱਲਿਆ ਹੈ। ਜਿਹੜੀ ਪਾਰਟੀ ਪੂਰੇ ਦੇਸ਼ ਵਿੱਚ ਹਾਸ਼ੀਏ ’ਤੇ ਜਾ ਰਹੀ ਹੈ, ਪੰਜਾਬੀਆਂ ਨੇ ਉਸ ਦੀ ਡੁੱਬਦੀ ਬੇੜੀ ਕਿਨਾਰੇ ਲਗਾ ਦਿੱਤੀ ਹੈ। ਤਿਕੋਣੇ ਅਤੇ ਸਖ਼ਤ ਮੁਕਾਬਲੇ ਵਿੱਚ ਅਕਾਲੀ ਦਲ ਦਾ ਸਫ਼ਾਇਆ ਤਾਂ ਤੈਅ ਹੀ ਸੀ ਪਰ ਆਮ ਆਦਮੀ ਪਾਰਟੀ (ਆਪ) ਵਰਗੀ ਪਾਰਟੀ ਦੀ ਇੰਨੀ ਮਾੜੀ ਕਾਰਗੁਜ਼ਾਰੀ ਨੇ ਸਿਆਸੀ ਅਤੇ ਮੀਡੀਆ ਹਲਕਿਆਂ ਨੂੰ ਬੁਰੀ ਤਰ੍ਹਾਂ ਅਚੰਭੇ ਵਿੱਚ ਪਾਇਆ ਹੈ। ਇਸੇ ਕਰਕੇ ਬਹੁਤੇ ਲੋਕ ਕਹਿ ਰਹੇ ਹਨ ਕਿ ਇਹ ਕਾਂਗਰਸ ਦਾ ਨਹੀਂ ਬਲਕਿ ਕੈਪਟਨ ਦਾ ਜਾਦੂ ਹੈ। ਇੱਕ ਸਾਲ ਪਹਿਲਾਂ ਜਿਸ ਪਾਰਟੀ ਦਾ ਵਜੂਦ ਹੀ ਖ਼ਤਮ ਹੋਣ ਕਿਨਾਰੇ ਸੀ, ਅੱਜ ਉਹ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਈ ਬੈਠੀ ਹੈ।
11903CD _G S GURDITਅਮਰਿੰਦਰ ਸਿੰਘ ਨੂੰ ਜਿੰਨੀ ਵੱਡੀ ਜਿੱਤ ਮਿਲੀ ਹੈ ਓਨੀਆਂ ਹੀ ਵੱਡੀਆਂ ਚੁਣੌਤੀਆਂ ਵੀ ਮਿਲੀਆਂ ਹਨ। ਉਨ੍ਹਾਂ ਨੂੰ ਵਿਰਾਸਤ ਵਿੱਚ ਭਾਰੀ ਕਰਜ਼ਾ, ਅਮਨ-ਕਾਨੂੰਨ ਦੀ ਮਾੜੀ ਹਾਲਤ, ਕਿਸਾਨਾਂ-ਮਜ਼ਦੂਰਾਂ ਦੀ ਮੰਦਹਾਲੀ ਨਸ਼ਿਆਂ ਦੀ ਪ੍ਰਵਾਹ, ਭ੍ਰਿਸ਼ਟ ਤੰਤਰ ਲੀਹੋਂ ਲੱਥੀ ਸਨਅਤ ਆਦਿ ਅਲਾਮਤਾਂ ਹੀ ਮਿਲੀਆਂ ਹਨ। ਕਿਸੇ ਵੇਲੇ ਭਾਰਤ ਦਾ ਸਭ ਤੋਂ ਅਮੀਰ ਸੂਬਾ ਰਿਹਾ ਪੰਜਾਬ ਅੱਜ ਬੁਰੀ ਤਰ੍ਹਾਂ ਕਰਜ਼ੇ ਦੀ ਮਾਰ ਹੇਠ ਹੈ। ਕਿਸਾਨ ਬਦਹਾਲ ਹਨ, ਉਦਯੋਗ ਤਬਾਹ ਹੋ ਚੁੱਕੇ ਹਨ, ਸਰਕਾਰੀ ਜਾਇਦਾਦਾਂ ਨਿਲਾਮ ਹੋ ਰਹੀਆਂ ਹਨ, ਬੇਰੁਜ਼ਗਾਰੀ ਦਾ ਦੈਂਤ ਮੂੰਹ ਅੱਡੀਂ ਖੜ੍ਹਾ ਹੈ, ਨਸ਼ਿਆਂ ਦਾ ਕਹਿਰ ਜਾਰੀ ਹੈ ਅਤੇ ਖ਼ਜ਼ਾਨਾ ਖਾਲੀ ਹੈ। ਦਸ ਸਾਲ ਪਹਿਲਾਂ ਇਹੀ ਅਮਰਿੰਦਰ ਸਿੰਘ ਪੰਜਾਬ ਉੱਤੇ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਏ ਸਨ ਜੋ ਕਿ ਅੱਜ ਵਧ ਕੇ ਸਵਾ ਲੱਖ ਕਰੋੜ ਰੁਪਏ ਹੋ ਚੁੱਕਾ ਹੈ। ਪਿਛਲੇ ਸਾਲ ਪੰਜਾਬ ਨੇ ਦਸ ਹਜ਼ਾਰ ਕਰੋੜ ਰੁਪਏ ਤਾਂ ਸਿਰਫ਼ ਵਿਆਜ ਵਜੋਂ ਹੀ ਚੁਕਾਏ ਹਨ। ਦੱਸਣਯੋਗ ਹੈ ਕਿ ਇਹ ਰਕਮ ਸੂਬੇ ਦੇ ਕੁੱਲ ਮਾਲੀਏ ਦਾ ਪੰਜਵਾਂ ਹਿੱਸਾ ਹੈ।
ਜੇ ਕਾਂਗਰਸ ਦੀ ਪਿਛਲੇ ਦਸ ਸਾਲਾਂ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਇਸ ਨੇ ਵਿਧਾਨ ਸਭਾ ਵਿੱਚੋਂ ਵਾਕਅਊਟ ਕਰਨ ਤੋਂ ਇਲਾਵਾ ਹੋਰ ਕੁਝ ਵੀ ਖ਼ਾਸ ਨਹੀਂ ਕੀਤਾ। ਕਾਂਗਰਸੀ ਵਿਧਾਇਕ, ਵਿਧਾਨ ਸਭਾ ਜਾ ਕੇ ਹਾਜ਼ਰੀਆਂ ਲਗਾ ਕੇ, ਕਿਸੇ ਗੱਲੋਂ ਖ਼ਫ਼ਾ ਹੋ ਕੇ ਨਾਅਰੇ ਮਾਰਦੇ ਬਾਹਰ ਆ ਜਾਂਦੇ ਸਨ ਅਤੇ ਮੀਡੀਆ ਨੂੰ ਸੰਬੋਧਨ ਕਰਕੇ ਘਰ ਪਹੁੰਚ ਜਾਂਦੇ ਸਨ। ਪਰ ਹੁਣ ਉਨ੍ਹਾਂ ਦਾ ਦੋ ਬਰਾਬਰ ਦੀਆਂ ਵਿਰੋਧੀ ਪਾਰਟੀਆਂ ਨਾਲ ਵਾਹ ਪੈਣਾ ਹੈ। ਦੋਵਾਂ ਵਿਰੋਧੀ ਪਾਰਟੀਆਂ ਵਿੱਚ ਹੀ ਕਈ ਤੇਜ਼ ਤਰਾਰ ਨੇਤਾ ਹਨ ਅਤੇ ਲਗਦਾ ਨਹੀਂ ਕਿ ਉਹ ਕਾਂਗਰਸ ਵਾਂਗੂੰ ਵਾਕਆਊਟ ਕਰਨਗੇ। ਖ਼ਾਸ ਤੌਰ ’ਤੇ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਨੂੰ ਇਸ ਲਈ ਛੱਡਿਆ ਸੀ ਕਿਉਂਕਿ ਉਨ੍ਹਾਂ ਦੀਆਂ ਕਥਿਤ ਸੰਜਮਵਾਦੀ ਨੀਤੀਆਂ ਸੁਖਬੀਰ ਬਾਦਲ ਨੂੰ ਮਨਜ਼ੂਰ ਨਹੀਂ ਸਨ। ਹੁਣ ਦੇਖਣਾ ਹੋਵੇਗਾ ਕਿ ਉਹ ਖ਼ਜ਼ਾਨਾ ਮੰਤਰੀ ਬਣ ਕੇ ਆਪਣੀਆਂ ਉਨ੍ਹਾਂ ਨੀਤੀਆਂ ਨੂੰ ਲਾਗੂ ਕਰ ਸਕਣਗੇ ਜਾਂ ਨਹੀਂ। ਕਾਂਗਰਸ ਨੂੰ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਅਤੇ ਪੰਜਾਬ ਨੂੰ ਪੈਰਾਂ-ਸਿਰ ਕਰਨ ਲਈ ਵਿਸ਼ੇਸ਼ ਨੀਤੀਆਂ ਬਣਾਉਣ ਦੀ ਲੋੜ ਹੈ। ਭਾਵੇਂ ਕਿ ਦੂਜੀਆਂ ਦੋਹਾਂ ਪਾਰਟੀਆਂ ਨੇ ਵੀ ਬਿਨਾਂ ਸੋਚੇ-ਸਮਝੇ ਹੀ ਚੋਣ ਵਾਅਦੇ ਕੀਤੇ ਸਨ। ਜੇਕਰ ਉਨ੍ਹਾਂ ਵਿੱਚੋਂ ਕਿਸੇ ਦੀ ਵੀ ਸਰਕਾਰ ਆ ਜਾਂਦੀ ਤਾਂ ਹਾਲ ਉਨ੍ਹਾਂ ਦਾ ਵੀ ਇਹੀ ਹੋਣਾ ਸੀ ਪਰ ਆਪਣੀਆਂ ਕਮੀਆਂ ਭੁੱਲ ਕੇ ਹੁਣ ਉਹ ਸਰਕਾਰ ਨੂੰ ਘੇਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ।
ਕਾਂਗਰਸ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਜਾਂ ਹਰ ਹਾਲਤ ਵਿੱਚ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਹੈ। ਸੂਬੇ ਵਿੱਚ 18 ਤੋਂ 35 ਸਾਲ ਤਕ ਦੀ ਉਮਰ ਵਾਲੇ ਹੀ ਕੋਈ 30 ਲੱਖ ਬੇਰੁਜ਼ਗਾਰ ਹਨ। ਜੇਕਰ ਉਨ੍ਹਾਂ ਨੂੰ ਹਰ ਮਹੀਨੇ ਇੰਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਤਾਂ ਪੂਰੇ ਸਾਲ ਦਾ 9000 ਕਰੋੜ ਰੁਪਏ ਬਣਦਾ ਹੈ। ਖ਼ਜ਼ਾਨੇ ਦੀ ਹਾਲਤ ਮੁਤਾਬਿਕ ਤਾਂ ਇਸ ਰਕਮ ਦਾ ਪ੍ਰਬੰਧ ਕਰਨਾ ਹੀ ਬਹੁਤ ਔਖਾ ਹੈ ਪਰ ਕਾਂਗਰਸ ਨੇ ਤਾਂ ਅਗਲੇ ਪੰਜ ਸਾਲਾਂ ਵਿੱਚ 25 ਲੱਖ ਨੌਕਰੀਆਂ ਦੇਣ ਦਾ ਵਾਅਦਾ ਵੀ ਕਰ ਰੱਖਿਆ ਹੈ। ਇੰਨੀਆਂ ਸਰਕਾਰੀ ਨੌਕਰੀਆਂ ਦੇਣੀਆਂ ਤਾਂ ਬਿਲਕੁਲ ਹੀ ਅਸੰਭਵ ਹਨ ਅਤੇ ਪ੍ਰਾਈਵੇਟ ਨੌਕਰੀਆਂ ਦੇਣ ਵਾਲੀਆਂ ਉਦਯੋਗਿਕ ਇਕਾਈਆਂ ਪਹਿਲਾਂ ਹੀ ਮੁਸ਼ਕਲ ਨਾਲ ਡੰਗ ਟਪਾ ਰਹੀਆਂ ਹਨ। 2007 ਤੋਂ 2014 ਤਕ, ਸੱਤ ਸਾਲਾਂ ਵਿੱਚ ਕਰੀਬ 19 ਹਜ਼ਾਰ ਉਦਯੋਗਿਕ ਇਕਾਈਆਂ ਪੰਜਾਬ ਵਿੱਚ ਬੰਦ ਹੋ ਗਈਆਂ। ਇਸੇ ਤਰ੍ਹਾਂ ਫ਼ਸਲ ਬਰਬਾਦੀ ਦਾ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ, ਢਾਈ ਲੱਖ ਟਰੈਕਟਰ, ਲੜਕੀਆਂ ਨੂੰ ਡਾਕਟਰੇਟ ਤਕ ਮੁਫ਼ਤ ਪੜ੍ਹਾਈ ਅਤੇ ਗ਼ਰੀਬਾਂ ਨੂੰ ਮੁਫ਼ਤ ਮਕਾਨ ਦੇਣ ਲਈ ਪੈਸਾ ਕਿੱਥੋਂ ਆਏਗਾ?  ਅਜੇ ਤਾਂ ਸਮਾਰਟ ਫੋਨਾਂ ਦੇ ਸ਼ੌਕੀਨ ਵੀ ਮੁੱਖ ਮੰਤਰੀ ਦੇ ਮੂੰਹ ਵੱਲ ਵੇਖਦੇ ਹੋਣਗੇ।
ਪੰਜਾਬ ਦੀ ਕਿਸਾਨੀ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਹੈ। ਜੇਕਰ ਦੇਸ਼ ਉੱਤੇ ਆਈਆਂ ਹਰ ਤਰ੍ਹਾਂ ਦੀਆਂ ਮੁਸੀਬਤਾਂ ਵੇਲੇ ਪੰਜਾਬ, ਹਮੇਸ਼ਾਂ ਹੀ ਦੇਸ਼ ਦੀ ਖੜਗ ਭੁਜਾ ਬਣ ਕੇ ਖੜ੍ਹਾ ਰਿਹਾ ਹੈ ਤਾਂ ਇਸ ਦਾ ਕਾਰਨ ਇਹੀ ਰਿਹਾ ਹੈ ਕਿ ਇੱਥੋਂ ਦੇ ਬਾਸ਼ਿੰਦਿਆਂ ਨੂੰ ਰੋਟੀ ਦਾ ਕਦੇ ਵੀ ਬਹੁਤਾ ਫ਼ਿਕਰ ਨਹੀਂ ਰਿਹਾ। ਭੁੱਖੇ ਪੇਟ ਸੌਣ ਵਾਲੀਆਂ ਕਹਾਣੀਆਂ ਸਾਰੇ ਦੇਸ਼ ਵਿੱਚ ਮਿਲ ਜਾਣਗੀਆਂ ਪਰ ਪੰਜਾਬ ਵਿੱਚ ਇਸ ਤਰ੍ਹਾਂ ਦੀ ਨੌਬਤ ਬਹੁਤ ਘੱਟ ਆਈ ਹੈ ਕਿ ਇੱਥੇ ਰਹਿਣ ਵਾਲਿਆਂ ਨੂੰ ਕਦੇ ਰੋਟੀ ਵੀ ਨਾ ਜੁੜੀ ਹੋਵੇ। ਇਸ ਦਾ ਵੱਡਾ ਕਾਰਨ ਰਿਹਾ ਹੈ ਇੱਥੋਂ ਦੀ ਉਪਜਾਊ ਜ਼ਮੀਨ ਅਤੇ ਮਿਹਨਤੀ ਸੱਭਿਆਚਾਰ। ਅੱਜ ਹਾਲਤ ਇਹ ਪੰਜਾਬ ਦੇ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਵਿੱਚ ਮੋਹਰੀ ਬਣਨ ਵੱਲ ਵਧ ਰਹੇ ਹਨ। ਇਹ ਕੋਈ ਕੁਦਰਤੀ ਕਹਿਰ ਨਹੀਂ ਬਲਕਿ ਪ੍ਰਬੰਧ ਦੀ ਨਾਲਾਇਕੀ ਹੈ।
ਉਪਰੋਕਤ ਸਾਰੇ ਮਸਲਿਆਂ ਦੇ ਹੱਲ ਦਾ ਇੱਕ ਹੀ ਤਰੀਕਾ ਨਜ਼ਰ ਆਉਂਦਾ ਹੈ ਕਿ ਮਾਲੀਏ ਵਿੱਚ ਸੁਧਾਰ ਕਰਕੇ ਟੈਕਸਾਂ ਦੀ ਚੋਰੀ ਨੂੰ ਰੋਕਿਆ ਜਾਵੇ। ਮਾਫ਼ੀਆ ਰਾਜ ਨੂੰ ਨੱਥ ਪਾ ਕੇ ਸੂਬੇ ਦੇ ਜਨਤਕ ਸਾਧਨਾਂ ਦੀ ਲੁੱਟ ਘਟਾਈ ਜਾਵੇ। ਪੰਜਾਬ ਦਾ ਰੈਵੇਨਿਊ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਚੰਗਾ ਹੈ ਅਤੇ ਕੇਂਦਰ ਸਰਕਾਰ ਦੇ ਵਿਤਕਰੇ ਦੇ ਬਾਵਜੂਦ ਪੰਜਾਬ ਆਪਣੇ ਦਮ ਉੱਤੇ ਕਾਫ਼ੀ ਆਰਥਿਕ ਵਸੀਲੇ ਪੈਦਾ ਕਰ ਸਕਦਾ ਹੈ। ਪੰਜਾਬ ਵਿੱਚ ਜਾਇਦਾਦਾਂ ਦੇ ਭਾਅ ਆਮ ਕਰਕੇ ਵੱਧ ਰਹਿਣ ਕਾਰਨ ਇਨ੍ਹਾਂ ਦੀ ਖ਼ਰੀਦੋ-ਫ਼ਰੋਖ਼ਤ ਆਦਿ ਤੋਂ ਬਹੁਤ ਸਾਰਾ ਟੈਕਸ ਸਰਕਾਰ ਨੂੰ ਮਿਲਦਾ ਰਹਿੰਦਾ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਅਤੇ ਕਣਕ ਅਤੇ ਝੋਨੇ ਦੀ ਰਿਕਾਰਡ ਫ਼ਸਲ ਹੋਣ ਕਰਕੇ ਵੀ ਸਰਕਾਰ ਨੂੰ ਬਹੁਤ ਸਾਰੇ ਟੈਕਸ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ। ਇਸ ਦੀ ਇੱਕ ਵੱਡੀ ਮਿਸਾਲ ਮੰਡੀ ਬੋਰਡ ਦੀ ਕਮਾਈ ਪ੍ਰਮੁੱਖ ਤੌਰ ਉੱਤੇ ਜ਼ਿਕਰਯੋਗ ਹੈ। ਪੈਟਰੋਲ ਅਤੇ ਡੀਜ਼ਲ ਦੀ ਖ਼ਪਤ ਵੀ ਇੱਥੇ ਬਹੁਤ ਜ਼ਿਆਦਾ ਹੋਣ ਕਰਕੇ ਰਾਜ ਸਰਕਾਰ ਨੂੰ ਇਸ ਉੱਤੇ ਟੈਕਸ ਲਗਾ ਕੇ ਕਾਫ਼ੀ ਕਮਾਈ ਹੋ ਜਾਂਦੀ ਹੈ। ਪਰ ਹਾਲਤ ਇਹ ਹੈ ਕਿ ਰੇਤਾ-ਬਜਰੀ, ਸ਼ਰਾਬ ਅਤੇ  ਬੱਸ ਟਰਾਂਸਪੋਰਟ ਹਰ ਖੇਤਰ ਵਿੱਚ ਮਾਫ਼ੀਆ ਗਰੋਹਾਂ ਦਾ ਕਬਜ਼ਾ ਹੈ।
ਇਸ ਤਰ੍ਹਾਂ ਪੰਜਾਬ ਕੋਲ ਆਰਥਿਕ ਵਸੀਲੇ ਕਾਫ਼ੀ ਚੰਗੇ ਹਨ ਅਤੇ ਜੇਕਰ ਭ੍ਰਿਸ਼ਟਾਚਾਰ ਨੂੰ ਨੱਥ ਪੈ ਜਾਵੇ ਅਤੇ ਫ਼ਾਲਤੂ ਖ਼ਰਚਿਆਂ ਉੱਤੇ ਰੋਕ ਲੱਗ ਜਾਵੇ ਤਾਂ ਸਰਕਾਰ ਦੀ ਕਮਾਈ ਵਿੱਚ ਬਹੁਤ ਵਾਧਾ ਹੋ ਸਕਦਾ ਹੈ। ਜੇ ਰੇਤੇ-ਬਜਰੀ ਦੇ ਗ਼ੈਰਕਾਨੂੰਨੀ ਖਨਣ ਉੱਤੇ ਰੋਕ ਲਗਾ ਕੇ ਇਸ ਨੂੰ ਸੁਚਾਰੂ ਢੰਗ ਨਾਲ ਚਲਾ ਲਿਆ ਜਾਵੇ ਤਾਂ ਨਿੱਜੀ ਜੇਬਾਂ ਵਿੱਚ ਜਾਣ ਵਾਲਾ ਬਹੁਤ ਸਾਰਾ ਪੈਸਾ ਸਰਕਾਰੀ ਖ਼ਜ਼ਾਨੇ ਵਿੱਚ ਜਾ ਸਕਦਾ ਹੈ। ਨਕਲੀ ਸ਼ਰਾਬ ਦੀ ਵਿਕਰੀ ਨੂੰ ਨੱਥ ਪਾ ਕੇ ਪੂਰਾ ਠੇਕਾ ਤੰਤਰ ਸੁਧਾਰ ਲਿਆ ਜਾਵੇ ਤਾਂ ਪਿਆਕੜਾਂ ਦੀ ਸਿਹਤ ਦੇ ਨਾਲ ਨਾਲ ਖ਼ਜ਼ਾਨੇ ਦੀ ਸਿਹਤ ਵੀ ਬਣਾਈ ਜਾ ਸਕਦੀ ਹੈ। ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ਦੇ ਰੂਟਾਂ ਵੱਲ ਸਰਸਰੀ ਨਜ਼ਰ ਮਾਰ ਕੇ ਹੀ  ਪਤਾ ਲੱਗ ਜਾਂਦਾ ਹੈ ਕਿ ਸਰਕਾਰੀ ਬੱਸਾਂ ਨੂੰ ਪੀਪੇ ਵਾਂਗ ਖੜਕਾਉਣ ਲਈ ਕੌਣ ਜ਼ਿੰਮੇਵਾਰ ਹੈ। ਇਸ ਤਰ੍ਹਾਂ ਦੇ ਹੋਰ ਵੀ ਕਈ ਖੇਤਰ ਹਨ ਜਿੱਥੇ ਜਨਤਕ ਖ਼ਜ਼ਾਨੇ ਨੂੰ ਸੰਨ੍ਹ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਇਮਾਨਦਾਰੀ ਨਾਲ ਅਤੇ ਪੂਰੀ ਤਰ੍ਹਾਂ ਚੌਕੰਨੇ ਹੋ ਕੇ ਰਾਜ ਭਾਗ ਚਲਾ ਲਿਆ ਜਾਵੇ ਤਾਂ ਪੰਜਾਬ ਦੀ ਕਾਇਆ ਕਲਪ ਹੋ   ਸਕਦੀ ਹੈ। ਭਾਵੇਂ ਕਿ ਮੁੱਖ ਮੰਤਰੀ ਨੇ ਆਪਣਾ ਸਹੁੰ-ਚੁੱਕ ਸਮਾਗਮ ਕਾਫ਼ੀ ਸਾਦ-ਮੁਰਾਦਾ ਜਿਹਾ ਰੱਖ ਕੇ ਇਹ ਸੰਕੇਤ ਦਿੱਤੇ ਹਨ ਕਿ ਉਹ ਫ਼ਾਲਤੂ ਖ਼ਰਚਿਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹਨ। ਪਰ ਫਿਰ ਵੀ ਇਸ ਮਾਮਲੇ ਵਿੱਚ ਉਨ੍ਹਾਂ ਤੋਂ ਬਹੁਤ ਠੋਸ ਕਦਮਾਂ ਦੀ ਮੰਗ ਕੀਤੀ ਜਾਂਦੀ ਹੈ। ਇੱਕ-ਦੋ ਤੰਦਾਂ ਉਲਝੀਆਂ ਹੋਣ ਤਾਂ ਸੁਲਝਾਉਣਾ ਸੌਖਾ ਹੁੰਦਾ ਹੈ ਪਰ ਇੱਥੇ ਤਾਂ ਤਾਣੀ ਹੀ ਪੂਰੀ ਤਰ੍ਹਾਂ ਉਲਝੀ ਪਈ ਹੈ।

* ਸੰਪਰਕ: 94171-93193


Comments Off on ਬਹੁਤ ਚੁਣੌਤੀਆਂ ਨੇ ਕੈਪਟਨ ਸਰਕਾਰ ਲਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.